ਤੇਜ ਹਵਾ ਦੇ ਨਾਲ ਹੋਣ ਵਾਲੇ ਨੁਕਸਾਨ ਅਤੇ ਉਹਨਾਂ ਤੋਂ ਕੁਦਰਤੀ ਬਚਾਵ

ਅਪ੍ਰੈਲ ਮਈ ਦੇ ਮਹੀਨੇ ਵਿਚ ਪੰਜਾਬ ਵਿਚ ਮਿੱਟੀ ਧੂੜ ਨਾਲ ਭਰੀਆਂ ਤੇਜ ਹਵਾਵਾਂ ਆਮ ਚਲਦੀਆਂ ਹਨ| ਇਸ ਸਮੇ ਪੰਜਾਬ ਦੇ ਮੁਖ ਫਲ ਜਿਵੇ ਅੰਬ ਅਤੇ ਲੀਚੀ ਦੇ ਬੂਟਿਆਂ ਉਪਰ ਵੱਧ ਰਹੇ ਹੁੰਦੇ ਹਨ| ਇਸ ਸਮੇ ਤੇਜ਼ ਹਵਾ ਚੱਲਣ ਦੇ ਨਾਲ ਬਾਗਬਾਨਾ ਨੂੰ ਭਾਰੀ ਨੁਕਸਾਨ ਉਠਾਉਣਾ ਪੈਂਦਾ ਹੈ|ਤੇਜ਼ ਹਵਾਵਾਂ ਨਾਲ ਹੋਣ ਵਾਲੇ ਨੁਕਸਾਨ ਹੇਠ ਲਿਖੇ ਅਨੁਸਾਰ ਹਨ:-

ਤੇਜ਼ ਹਵਾ ਦੇ ਨਾਲ ਫ਼ਲ ਦਾ ਕੇਰਾ ਜ਼ਿਆਦਾ ਹੁੰਦਾ ਹੈ ਜੋ ਝਾੜ ਘਟਣ ਦਾ ਕਾਰਨ ਬਣਦਾ ਹੈ| ਫ਼ਲ ਦੀ ਗੁਣਵੱਤਾ ਉਤੇ ਅਸਰ ਪੈਂਦਾ ਹੈ, ਫ਼ਲ ਫਟ ਜਾਂਦਾ ਹੈ, ਸੁੰਗੜ ਜਾਂਦਾ ਹੈ ਅਤੇ ਉਸ ਉਪਰ ਨਿਸ਼ਾਨ ਪੈ ਜਾਂਦੇ ਹਨ| ਛੋਟੇ ਬੂਟਿਆਂ ਦੀਆਂ ਜੜਾਂ ਹਿਲ ਜਾਂਦੀਆਂ ਹਨ| ਜ਼ਮੀਨ ਦੇ ਬਰਾਬਰ ਤੋਂ ਬੂਟਿਆਂ ਦੀ ਛਿੱਲ ਫਟ ਜਾਂਦੀ ਹੈ, ਜਿਸ ਕਾਰਨ ਕਈ ਵਾਰ ਬੂਟਿਆਂ ਨੂੰ ਬਿਮਾਰੀ ਲੱਗ ਜਾਂਦੀ ਹੈ| ਤੇਜ਼ ਹਵਾ ਦੇ ਨਾਲ ਬੂਟੇ ਝੁੱਕ ਜਾਂਦੇ ਹਨ ਅਤੇ ਜੜ੍ਹ ਤੋਂ ਪੁੱਟੇ ਜਾਂਦੇ ਹਨ ਅਤੇ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ|

ਹਵਾ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਦੇ ਲਈ ਹਵਾ ਰੋਕੂ ਬੂਟੇ ਲਾਉਣਾ ਬਹੁਤ ਜਰੂਰੀ ਹੈ| ਹਵਾ ਰੋਕੂ ਵਾੜ ਉਹ ਰੋਕ ਹੈ ਜੋ ਕੁਦਰਤੀ ਤੌਰ ਤੇ ਨਕਲੀ ਤੌਰ ਤੇ ਹਵਾ ਨੂੰ ਰੋਕਣ ਤੇ ਉਸਦੀ ਗਤੀ ਘੱਟ ਕਰਨ ਲਈ ਬਾਗਾਂ ਦੇ ਹਵਾ ਵਾਲੇ ਪਾਸੇ ਬਣਾਈ ਜਾਂਦੀ ਹੈ| ਉਹ ਇਲਾਕੇ ਜਿਹਨਾਂ ਵਿਚ ਤੇਜ਼ ਹਵਾ ਅਕਸਰ ਚਲਦੀ ਹੈ ਓਥੇ ਹਵਾ ਰੋਕੂ ਵਾੜ ਹੋਰ ਵੀ ਜਰੂਰੀ ਬਣ ਜਾਂਦੀ ਹੈ|ਹਵਾ ਰੋਕੂ ਵਾੜ ਆਪਣੀ ਉਚਾਈ ਦੇ ਹਿਸਾਬ ਨਾਲ 4 ਗੁਣਾਂ ਫਾਸਲੇ ਤਕ ਅਕਸਰ ਹੁੰਦੀ ਹੈ| ਹਵਾ ਰੋਕੂ ਵਾੜ ਦਾ ਮੁੱਖ ਉਦੇਸ਼ ਹਵਾ ਦੀ ਗਤੀ ਨੂੰ 60 -80 ਪ੍ਰਤੀਸ਼ਤ ਤਕ ਘਟਾਉਣਾ ਹੁੰਦਾ ਹੈ|

ਹਵਾ ਰੋਕੂ ਵਾੜ ਦੇ ਫਾਇਦੇ :-

1 ਫ਼ਲ ਦਾ ਕੇਰਾ ਘਟਦਾ ਹੈ ਜਿਸ ਨਾਲ ਝਾੜ ਵੱਧਦਾ ਹੈ|

2 ਫਲਾਂ ਦੇ ਉਪਰ ਤੇਜ਼ ਹਵਾ ਨਾਲ ਹੋਣ ਵਾਲੇ ਚਟਾਕ ਨਹੀਂ ਪੈਂਦੇ|

3 ਬੂਟਿਆਂ ਦੇ ਪੱਤਿਆ ਉਪਰ ਮਿੱਟੀ ਧੂੜ ਘੱਟ ਜੰਮਦੀ ਹੈ|

4 ਸਪਰੇ ਕਰਦੇ ਸਮੇ ਹਵਾ ਨਾਲ ਦਵਾਈ ਘੱਟ ਉੱਡਦੀ ਹੈ|

5 ਫ਼ਸਲ ਅਤੇ ਜ਼ਮੀਨ ਤੋਂ ਪਾਣੀ ਦਾ ਵਾਸ਼ਪੀਕਰਨ 30 ਪ੍ਰਤੀਸ਼ਤ ਤਕ ਘੱਟਦਾ ਹੈ|

6 ਮਿੱਟੀ ਦਾ ਹਵਾ ਨਾਲ ਉੱਡ ਜਾਣਾ ਘੱਟ ਜਾਂਦਾ ਹੈ|

7 ਤੇਜ਼ ਧੁੱਪ ਤੋਂ ਫਲਾਂ ਨੂੰ ਬਚਾਉਂਦਾ ਹੈ|

ਹਵਾ ਰੋਕੂ ਵਾੜ ਲਈ ਬੂਟਿਆਂ ਦੀ ਚੋਣ :-

ਹਵਾ ਰੋਕੂ ਵਾੜ ਦੀ ਕਾਮਯਾਬੀ ਮੁੱਖ ਤੌਰ ਤੇ ਬੂਟਿਆਂ ਦੀ ਚੋਣ ਤੇ ਨਿਰਭਰ ਕਰਦੀ ਹੈ ਬੂਟੇ ਚੁਨਣ ਵੇਲੇ ਤੇਜ਼ ਅਤੇ ਸਿਧੇ ਵਧਣ ਅਤੇ ਸੰਘਣੀ ਛਤ੍ਰੀ ਵਾਲੇ ਬੂਟੇ ਚੁਣਨੇ ਚਾਹੀਦੇ ਹਨ ਜਿਵੇ ਸਫੈਦਾ , ਪੋਪਲਰ , ਸਿਲਵਰ ਓਕ, ਨਿਮ,ਜੋੜ ਤੋੜ,ਜਾਮਣ,ਅੰਬ ਆਦਿ| ਕੋਈ ਵੀ ਬੂਟਾ ਹਾਲਾਂਕਿ ਪੂਰੀ ਤਰਾਂ ਰੋਕਣ ਦੇ ਸਮਰੱਥ ਨਹੀਂ ਹੁੰਦਾ ਪਰ ਸਹੀ ਢੰਗ ਨਾਲ ਕੀਤੀ ਵਿਉਂਤਬੰਦੀ ਵਾੜ ਨਾਲ ਲਗਾਏ ਬੂਟਿਆਂ ਦਾ ਬਾਗ਼ ਵਿਚ ਲਗਾਏ ਬੂਟਿਆਂ ਨਾਲ ਮੁਕਾਬਲਾ ਘਟਾਉਂਦੀ ਹੈ ਅਤੇ ਲੰਬੇ ਸਮੇ ਲਈ ਕੀਤਾ ਗਿਆ ਨਿਵੇਸ਼ ਹੁੰਦੀ ਹੈ|

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ