ਪਸ਼ੂਆਂ ਵਿੱਚ ਥਣਾਂ ਦੀ ਸੋਜ ਤੋਂ ਪਾਓ ਰਾਹਤ

ਆਮ ਤੌਰ ਤੇ ਪਸ਼ੂਆਂ ਵਿੱਚ ਥਣਾਂ ਦੀ ਸੋਜ ਵਰਗੀਆਂ ਕਈ ਬਿਮਾਰੀਆਂ ਪਹਿਲਾਂ ਨਾਲੋ ਜ਼ਿਆਦਾ ਹੋ ਰਹੀਆਂ ਹਨ । ਡਾਕਟਰੀ ਇਲਾਜ਼ ਤੋ ਪਹਿਲਾਂ ਸਾਨੂੰ ਕੁੱਝ ਘਰੇਲੂ ਇਲਾਜ਼ ਜਰੂਰ ਵਰਤਣੇ ਚਾਹੀਦੇ ਹਨ । ਆਉ ਜਾਣਦੇ ਹਾਂ ਅਜਿਹੇ ਕੁੱਝ ਘਰੇਲੂ ਨੁਸਖਿਆਂ ਬਾਰੇ।

1. ਸਰ੍ਹੋਂ ਦੇ ਤੇਲ ਨਾਲ ਹਵਾਨੇ ਦੀ ਮਾਲਿਸ਼ ਕਰਨਾ- ਥਣਾਂ ਦੀ ਬਿਮਾਰੀ ਹੋਣ ਦੀ ਸੂਰਤ ਵਿੱਚ ਪਸ਼ੂ ਪਾਲਕਾਂ ਦੁਆਰਾ ਥੋੜਾ ਜਿਹਾ ਸਰ੍ਹੋਂ ਦਾ ਤੇਲ (ਕੋੜਾਂ ਤੇਲ) ਗਰਮ ਪਾਣੀ ਵਿੱਚ ਪਾ ਲਿਆ ਜਾਂਦਾ ਹੈ ਤੇ ਇਸ ਘੋਲ ਦੀ ਹਵਾਨੇ ਤੇ ਮਾਲਿਸ਼ ਕੀਤੀ ਜਾਂਦੀ ਹੈ । ਸਰ੍ਹੋਂ ਦੇ ਤੇਲ ਵਿੱਚ ਸੋਜ ਨੂੰ ਘਟਾਉਣ ਦੇ ਗੁਣ ਪਾਏ ਜਾਂਦੇ ਹਨ ਅਤੇ ਇਹ ਖੂਨ ਦੇ ਦੌਰੇ ਨੂੰ ਵਧਾ ਕੇ ਜਖਮ ਦੇ ਜਲਦੀ ਠੀਕ ਹੋਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਸਰੋਂ ਦਾ ਤੇਲ ਰੋਗਾਣੂ ਨਾਸ਼ਕ ਵੀ ਹੁੰਦਾ ਹੈ।

2. ਹਲਦੀ ਅਤੇ ਸਰ੍ਹੋਂ ਦੇ ਤੇਲ ਦੀ ਪੇਸਟ ਨਾਲ ਹਵਾਨੇ ਦੀ ਮਾਲਿਸ਼ ਕਰਨਾ: ਪੀਸੀ ਹੋਈ ਹਲਦੀ ਨੂੰ ਸਰ੍ਹੋਂ ਦੇ ਤੇਲ ਵਿੱਚ ਮਿਲਾ ਕੇ ਪੇਸਟ ਬਣਾ ਲਿਆ ਜਾਂਦਾ ਹੈ, ਸੋਜ ਹੋਣ ਦੀ ਸੂਰਤ ਵਿੱਚ ਹਵਾਨੇ ਤੇ ਇਸ ਦੀ ਮਾਲਿਸ਼ ਕੀਤੀ ਜਾਂਦੀ ਹੈ । ਹਲਦੀ ਅਤੇ ਸਰ੍ਹੋਂ ਦੇ ਤੇਲ ਵਿੱਚ ਰੋਗਾਣੂ ਨਾਸ਼ਕ ਹੋਣ ਦੇ ਨਾਲ ਨਾਲ ਸੋਜ ਘੱਟ ਕਰਨ ਦੀ ਵੀ ਸ਼ਕਤੀ ਹੁੰਦੀ ਹੈ, ਇਹਨਾਂ ਦਾ ਪੇਸਟ ਹਵਾਨੇ ਦੀ ਸੋਜ ਨੂੰ ਹਟਾਉਂਦਾ ਹੈ, ਜਖਮ ਨੂੰ ਠੀਕ ਕਰਦਾ ਹੈ ਅਤੇ ਰੋਗਾਣੂਆਂ ਨੂੰ ਨਸ਼ਟ ਕਰਦਾ ਹੈ।

3. ਕਾਲੀ ਮਿਰਚ ਗਲੋ ਅਤੇ ਗੁੜ ਖਵਾਉਣਾ: ਕਾਲੀ ਮਿਰਚ ਨੂੰ ਪੀਸ ਕੇ ਉਸ ਵਿੱਚ ਗਲੋਂ ਮਿਲਾ ਕੇ – ਗੁੜ ਵਿੱਚ ਪਾ ਕੇ ਜਾਨਵਰ ਨੂੰ ਖੁਆ ਦਿਤੀ ਜਾਂਦੀ ਹੈ। ਗਲੋ ਅਤੇ ਕਾਲੀ ਮਿਰਚ ਵਿੱਚ ਸੋਜ ਹਟਾਉਣ ਦੇ ਗੁਣ ਹੁੰਦੇ ਹਨ ਇਸ ਲਈ ਇਹਨਾਂ ਦਾ ਮਿਸ਼ਰਣ ਲੇਵੇ ਦੀ ਸੋਜ ਵਿੱਚ ਸਹਾਈ ਹੁੰਦਾ ਹੈ।

4. ਲਸਣ ਖਵਾਉਣਾ: ਪਸ਼ੂਆਂ ਨੂੰ ਸਮੇਂ ਸਮੇਂ ਸਿਰ ਲਸਣ ਖੁਆਇਆ ਜਾ ਸਕਦਾ ਹੈ। ਲਸਣ ਵਿੱਚ ਜੀਵਾਣੂ ਨਾਸ਼ਕ, ਕੀਟਾਣੂ ਨਾਸ਼ਕ, ਰੋਗਾਣੂ ਨਾਸ਼ਕ ਗੁਣ ਹੁੰਦੇ ਹਨ ਜਿਸ ਕਾਰਣ ਲੇਵੇ ਦੀ ਸੋਜ ਹੋਣ ਤੋਂ ਰੋਕਦਾ ਹੈ।

5. ਇਕ ਹੋਰ ਨੁਕਤੇ ਅਨੁਸਾਰ 100 ਗ੍ਰਾਮ ਮਿੱਠਾ ਸੋਡਾ, 100 ਗ੍ਰਾਮ ਨਿੰਬੂ ਦਾ ਸਤ, 100 ਗ੍ਰਾਮ ਜੌਂ ਖ਼ਾਰ, ਇਕ ਛਟਾਂਕ ਕਾਲੀ ਮਿਰਚ, 250 ਗ੍ਰਾਮ ਦੇਸੀ ਘਿਓ, 1 ਕਿੱਲੋ ਰਾਬ ਖੰਡ ਤੇ 100 ਗ੍ਰਾਮ ਕਲਮੀ ਸ਼ੋਰਾ ਲੈ ਕੇ ਸਾਰਿਆਂ ਨੂੰ ਰਲਾ ਕੇ 2 ਡੰਗ ਪਸ਼ੂ ਨੂੰ ਦਿੱਤਾ ਜਾਂਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ