ਬਾਸਮਤੀ ਵਿੱਚ ਕਿਵੇਂ ਕਰੀਏ ਘੰਢੀ(ਭੁਰੜ) ਰੋਗ ਦੀ ਰੋਕਥਾਮ

ਬਾਸਮਤੀ ਦੀ ਫ਼ਸਲ ਵਿੱਚ ਘੰਢੀ (ਭੁਰੜ) ਰੋਗ ਇੱਕ ਗੰਭੀਰ ਸਮੱਸਿਆ ਹੋ ਸਕਦਾ ਹੈ। ਜੇਕਰ ਵਾਤਾਵਰਣ ਇਸ ਰੋਗ ਦੇ ਅਨੁਕੂਲ ਹੋਵੇ ਤਾਂ ਇਹ ਰੋਗ ਫ਼ਸਲ ਦਾ ਭਾਰੀ ਨੁਕਸਾਨ ਕਰ ਦਿੰਦਾ ਹੈ । ਇਸ ਬਿਮਾਰੀ ਨੂੰ ਕਿਸਾਨ ਗਰਦਨ ਮਰੌੜ ਵੀ ਆਖਦੇ ਹਨ । ਇਹ ਜਾਣਕਾਰੀ ਦਿੰਦਿਆ ਪੀਏਯੂ ਦੇ ਮੁਖੀ ਪੌਦਾ ਰੋਗ ਵਿਭਾਗ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਕੁ ਦਿਨਾਂ ਤੋਂ ਮੌਸਮ ਵਿੱਚ ਬੱਦਲਵਾਈ ਅਤੇ ਨਮੀ ਦੀ ਜ਼ਿਆਦਾ ਮਾਤਰਾ ਅਤੇ ਰੁੱਕ-ਰੁੱਕ ਕੇ ਬਾਰਿਸ਼ ਦਾ ਹੋਣਾ ਬਾਸਮਤੀ ਦੇ ਘੰਢੀ ਰੋਗ ਲਈ ਬਹੁਤ ਹੀ ਅਨੁਕੂਲ ਆਬੋ ਹਵਾ ਹੈ । ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੁਰੜ ਰੋਗ ਨਾਲ ਪਹਿਲਾਂ ਹੇਠਲੇ ਪੱਤਿਆਂ ਉਤੇ ਸਲੇਟੀ ਰੰਗ ਦੇ ਲੰਬੂਤਰੇ ਜਿਹੇ ਧੱਬੇ ਪੈ ਜਾਂਦੇ ਹਨ ਜੋ ਕਿ ਬਾਅਦ ਵਿੱਚ ਆਪਸ ਵਿੱਚ ਮਿਲ ਕੇ ਪੱਤਿਆਂ ਨੂੰ ਸਾੜ ਦਿੰਦੇ ਹਨ। ਗੰਭੀਰ ਹਾਲਤਾਂ ਵਿੱਚ ਇਸ ਬਿਮਾਰੀ ਦਾ ਹੱਲਾ ਮੁੰਜਰਾਂ ਦੀ ਡੰਡੀ ਤੇ ਵੀ ਹੋ ਜਾਂਦਾ ਹੈ ਜਿਸ ਨਾਲ ਮੁੰਜਰਾਂ ਹੇਠਾਂ ਵੱਲ ਝੁੱਕ ਕੇ ਸੁੱਕ ਜਾਂਦੀਆਂ ਹਨ ਅਤੇ ਝਾੜ ਦਾ ਕਾਫੀ ਨੁਕਸਾਨ ਹੋ ਸਕਦਾ ਹੈ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਬਾਸਮਤੀ ਦੀ ਫ਼ਸਲ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਇਸ ਦੀ ਰੋਕਥਾਮ ਲਈ ਸਿੱਟੇ ਨਿਕਲਣ ਵੇਲੇ (ਗੋਭ ਵੇਲੇ) ਫ਼ਸਲ ਤੇ ਐਮੀਸਟਾਰ ਟੋਪ 325 ਐਸ ਸੀ @200 ਮਿ.ਲਿ. ਜਾਂ ਇੰਡੋਫਿਲ ਜ਼ੈਡ-78 @500 ਗ੍ਰਾਮ ਨੂੰ 200 ਲਿਟਰ ਪਾਣੀ ਵਿੱਚ ਪਾ ਕੇ ਇਕ ਛਿੜਕਾਅ ਕਰਨ ਤਾਂ ਜੋ ਬਿਮਾਰੀ ਤੇ ਕਾਬੂ ਪਾਇਆ ਜਾ ਸਕੇ । ਦੂਸਰਾ ਛਿੜਕਾਅ 15 ਦਿਨਾਂ ਦੇ ਵਕਫੇ ‘ਤੇ ਫਿਰ ਦੁਹਰਾਇਆ ਜਾ ਸਕਦਾ ਹੈ। ਗੈਰ ਸਿਫਾਰਿਸ਼ੀ ਉਲੀਨਾਸ਼ਕ ਜਿਵੇਂ ਕਿ ਟ੍ਰਾਈਸਾਈਕਲਾਜੋਲ ਅਤੇ ਆਈਸੋਪ੍ਰਥਾਇਓਲੇਨ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਸਾਨ ਵੀਰਾਂ ਨੂੰ ਹਦਾਇਤ ਕੀਤੀ ਕਿ ਉਲੀਨਾਸ਼ਕਾਂ ਦਾ ਛਿੜਕਾਅ ਫਸਲ ਪੱਕਣ ਤੋਂ ਮਹੀਨਾ ਪਹਿਲਾਂ ਬੰਦ ਕਰ ਦੇਣ ਜਿਸ ਨਾਲ ਦਾਣਿਆਂ ਵਿੱਚ ਉਲੀਨਾਸ਼ਕਾਂ ਦੇ ਅੰਸ਼ ਨਹੀਂ ਆਉਣਗੇ ਅਤੇ ਬਾਸਮਤੀ ਦੇ ਨਿਰਯਾਤ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ