ਅਨੀਮੀਆ – ਇਸਦੇ ਲੱਛਣ, ਕਾਰਨ ਅਤੇ ਇਸਦੀ ਰੋਕਥਾਮ

ਅੱਜ-ਕੱਲ੍ਹ ਅਨੀਮੀਆ ਇੱਕ ਆਮ ਬਿਮਾਰੀ ਹੈ, ਜੋ ਕਿ ਜ਼ਿਆਦਾਤਰ ਨੌਜਵਾਨ ਕੁੜੀਆਂ, ਛੋਟੇ ਬੱਚਿਆਂ, ਗਰਭਵਤੀ ਔਰਤਾਂ ਅਤੇ ਲੰਬੇ ਸਮੇਂ ਤੋਂ ਬਿਮਾਰ ਲੋਕਾਂ ਵਿੱਚ ਪਾਈ ਜਾਂਦੀ ਹੈ। ਸਾਡੇ ਸਰੀਰ ਵਿੱਚ 3 ਤਰ੍ਹਾਂ ਦੇ ਕਣ ਹੁੰਦੇ ਹਨ: ਲਾਲ ਰਕਤ ਕਣ, ਸਫੇ਼ਦ ਰਕਤ ਕਣ ਅਤੇ ਪਲੇਟਲੇੱਟਸ। ਲਾਲ ਰਕਤ ਕਣਾਂ ਵਿੱਚ ਹੀਮੋਗਲੋਬਿਨ ਨਾਮਕ ਤੱਤ ਪਾਇਆ ਜਾਂਦਾ ਹੈ, ਜਿਸ ਕਾਰਨ ਖੂਨ ਦਾ ਰੰਗ ਲਾਲ ਹੁੰਦਾ ਹੈ ਅਤੇ ਇਹ ਫੇਫੜਿਆਂ ਵਿੱਚੋਂ ਆੱਕਸੀਜਨ ਗ੍ਰਹਿਣ ਕਰਕੇ ਸਰੀਰ ਦੀਆਂ ਸਾਰੀਆਂ ਕੋਸ਼ਿਕਾਵਾਂ ਤੱਕ ਲਿਜਾਂਦਾ ਹੈ। ਜੇਕਰ ਸਾਡੇ ਸਰੀਰ ਨੂੰ ਲੋੜ ਅਨੁਸਾਰ ਆਇਰਨ(ਲੋਹ-ਤੱਤ) ਜਾਂ ਪ੍ਰੋਟੀਨ ਨਾ ਮਿਲੇ ਤਾਂ ਹੀਮੋਗਲੋਬਿਨ ਲੋੜੀਂਦੀ ਮਾਤਰਾ ਵਿੱਚ ਨਹੀਂ ਬਣਦਾ ਅਤੇ ਇਸ ਕਾਰਨ ਖੂਨ ਵਿੱਚ ਫਿੱਕਾ-ਪਨ ਆ ਜਾਂਦਾ ਹੈ। ਜਦੋਂ ਖੂਨ ਸਾਰੇ ਅੰਗਾਂ ਨੂੰ ਘੱਟ ਮਾਤਰਾ ਵਿੱਚ ਆੱਕਸੀਜਨ ਪਹੁੰਚਾ ਪਾਉਂਦਾ ਹੈ, ਤਾਂ ਕੰਮ ਕਰਨ ਵਿੱਚ ਥਕਾਵਟ ਮਹਿਸੂਸ ਹੁੰਦੀ ਹੈ। ਇਸ ਅਵਸਥਾ ਨੂੰ ਅਨੀਮੀਆ(ਖੂਨ ਦੀ ਕਮੀ) ਕਿਹਾ ਜਾਂਦਾ ਹੈ।

ਲੱਛਣ:

• ਧੜਕਨ ਦਾ ਤੇਜ਼ ਅਤੇ ਅਸਧਾਰਨ ਹੋਣਾ

• ਮਾਂਹਵਾਰੀ ਦਾ ਘੱਟਣਾ ਜਾਂ ਮਾਂਹਵਾਰੀ ਦੌਰਾਨ ਜ਼ਿਆਦਾ ਖੂਨ ਆਉਣਾ

• ਹੱਥਾਂ-ਪੈਰਾਂ ਦਾ ਠੰਡਾ ਹੋਣਾ

• ਚੱਕਰ ਆਉਣਾ ਜਾਂ ਬੇਹੋਸ਼ੀ

• ਸਾਹ ਫੁੱਲਣਾ ਜਾਂ ਛਾਤੀ ਵਿੱਚ ਦਰਦ

• ਸਿਰ ਦਰਦ

• ਕਮਜ਼ੋਰੀ/ਥਕਾਵਟ ਮਹਿਸੂਸ ਕਰਨਾ

• ਭੁੱਖ ਘੱਟ ਲੱਗਣਾ

• ਧਿਆਨ ਲਗਾਉਣ ‘ਚ ਮੁਸ਼ਕਿਲ

• ਚਮੜੀ, ਅੱਖਾਂ, ਨਹੁੰਆਂ ਅਤੇ ਜੀਭ ‘ਤੇ ਪੀਲਾ-ਪਨ

• ਬਾਰ-ਬਾਰ ਬਿਮਾਰ ਹੋਣਾ

ਕਾਰਨ:

• ਸਰੀਰ ਦੁਆਰਾ ਲੋਹ-ਤੱਤਾਂ(ਆਇਰਨ) ਦੀ ਵਰਤੋਂ ਵਿੱਚ ਸਮੱਸਿਆ

• ਲੋਹ-ਤੱਤਾਂ ਨਾਲ ਭਰਪੂਰ ਭੋਜਨ ਲੋੜੀਂਦੀ ਮਾਤਰਾ ਵਿੱਚ ਨਾ ਖਾਣਾ

• ਬਹੁਤ ਅਧਿਕ ਮਾਤਰਾ ਵਿੱਚ ਖੂਨ ਦਾ ਵਗਣਾ ਜਿਵੇਂ ਕਿ ਮਾਂਹਵਾਰੀ ਦੌਰਾਨ ਵਧੇਰੇ ਖੂਨ ਆਉਣਾ

• ਛੇਤੀ ਜਾਂ ਲਗਾਤਾਰ ਗਰਭਧਾਰਨ

• ਸਰੀਰ ਵਿੱਚ ਫੋਲੇਟ ਜਾਂ B-12 ਵਿਟਾਮਿਨ ਦੀ ਕਮੀ

• ਕੈਂਸਰ ਵਰਗੀਆਂ ਕੁੱਝ ਬਿਮਾਰੀਆਂ ਦਾ ਇਲਾਜ਼, ਜੋ ਸਰੀਰ ਦੁਆਰਾ ਨਵੇਂ ਲਾਲ ਰਕਤ ਸੈੱਲ ਦੇ ਨਿਰਮਾਣ ਨੂੰ ਬਹੁਤ ਮੁਸ਼ਕਿਲ ਬਣਾ ਦਿੰਦਾ ਹੈ।

• ਸਿੱਕਲ ਸੈੱਲ ਅਨੀਮੀਆ ਬਿਮਾਰੀ, ਜਿਸ ਵਿੱਚ ਸਰੀਰ ਦੇ ਬਹੁਤ ਸਾਰੇ ਲਾਲ ਰਕਤ ਸੈੱਲ ਨਸ਼ਟ ਹੋ ਜਾਂਦੇ ਹਨ

ਰੋਕਥਾਮ ਅਤੇ ਇਲਾਜ਼:

• ਜੇਕਰ ਉੱਪਰ ਦੱਸੇ ਲੱਛਣਾਂ ਵਿੱਚ ਇੱਕ ਵੀ ਜਾਂ ਵੱਧ ਦਿਖਾਈ ਦੇਣ ਤਾਂ ਸਭ ਤੋਂ ਪਹਿਲਾਂ ਨਜ਼ਦੀਕੀ ਡਾਕਟਰ ਨੂੰ ਮਿਲੋ ਜਾਂ ਡਿਸਪੈਂਸਰੀ/ਹਸਪਤਾਲ ਜਾਓ।

• ਆਹਾਰ ਵਿੱਚ ਸੁਧਾਰ ਕਰੋ ਅਤੇ ਹੇਠ ਲਿਖੇ ਅਨੁਸਾਰ ਖੁਰਾਕ ਲਓ।

• ਲੋਹ-ਤੱਤਾਂ ਨਾਲ ਭਰਪੂਰ ਭੋਜਨ ਜਿਵੇਂ ਕਿ ਹਰੀਆਂ ਪੱਤੇਦਾਰ ਸਬਜ਼ੀਆਂ, ਖਾਸ ਕਰਕੇ ਪਾਲਕ, ਬਾਥੂ, ਸਰੋਂ, ਮੇਥੀ, ਚੋਲਾਈ, ਗੋਭੀ ਅਤੇ ਮੂਲੀ ਦੇ ਪੱਤੇ, ਭੁੰਨੇ ਚਨੇ, ਮੂੰਗਫਲੀ, ਪੋਹਾ, ਗੁੜ ਅਤੇ ਤਿਲ ਆਦਿ ਦਾ ਸੇਵਨ ਕਰੋ।

• ਪੁੰਗਰਿਆ ਅਨਾਜ ਅਤੇ ਪੁੰਗਰੀ ਦਾਲ ਖਾਓ, ਇਸ ਨਾਲ ਉਨ੍ਹਾਂ ਵਿੱਚ ਪੋਸ਼ਕ ਤੱਤਾਂ ਦੇ ਨਾਲ-ਨਾਲ ਵਿਟਾਮਿਨ ਸੀ ਦੀ ਮਾਤਰਾ ਵੀ ਵੱਧ ਜਾਂਦੀ ਹੈ।

• ਤਿਲ ਤੋਂ ਬਣੇ ਖਾਣਯੋਗ ਪਦਾਰਥਾਂ ਦਾ ਸੇਵਨ ਕਰੋ।

• ਡਾਕਟਰ ਦੀ ਸਲਾਹ ਨਾਲ ਵਿਟਾਮਿਨ ਜਾਂ ਲੋਹ-ਪੂਰਕ ਲਓ।

• ਲੋਹ-ਤੱਤਾਂ ਤੋਂ ਇਲਾਵਾ ਹੋਰ ਪੋਸ਼ਕ ਤੱਤ ਜਿਵੇਂ ਕਿ ਫੋਲਿਕ ਐਸਿਡ, ਵਿਟਾਮਿਨ ਬੀ-12, ਵਿਟਾਮਿਨ ਏ, ਜ਼ਿੰਕ ਆਦਿ ਦਾ ਸੇਵਨ ਵੀ ਅਨੀਮੀਆ ਤੋਂ ਬਚਾਉਂਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ