ਇਸ ਤਰ੍ਹਾਂ ਕਰੋ ਗਰਮੀਆਂ ਵਿੱਚ ਲਾਅਨ ਦੀ ਸਾਂਭ ਸੰਭਾਲ

ਇੱਕ ਸਮਾਂ ਅਜਿਹਾ ਹੁੰਦਾ ਸੀ ਕਿ ਲੋਕ ਆਪਣੇ ਲਾਅਨ ਦੀ ਸਫ਼ਾਈ ਤੇ ਕਟਾਈ ਲਈ ਕੋਈ ਸਾਮਾਨ ਮੌਜੂਦ ਨਾ ਹੋਣ ਕਰਕੇ ਭੇਡਾਂ, ਘੋੜਿਆਂ ਤੇ ਖ਼ਰਗੋਸ਼ਾ ਆਦਿ ਹੋਰ ਜਾਨਵਰਾਂ ਤੋਂ ਕੰਮ ਲੈਂਦੇ ਸਨ। ਪਰੰਤੂ ਸੰਨ 1830 ਵਿੱਚ ਘਾਹ ਕੱਟਣ ਵਾਲੀ ਮਸ਼ੀਨ ਦੀ ਖੋਜ ਨੇ ਲੋਕਾਂ ਵਿੱਚ ਲਾਅਨ ਦੀ ਸਾਂਭ-ਸੰਭਾਲ ਦਾ ਮਸ਼ੀਨੀਕਰਨ ਸ਼ੁਰੂ ਕੀਤਾ ਅਤੇ ਸਮੇਂ ਦੇ ਚਲਦਿਆਂ-ਚਲਦਿਆਂ ਅੱਜ ਅਸੀਂ ਇਸ ਸਥਿਤੀ ‘ਤੇ ਪੁੱਜ ਗਏ ਹਾਂ ਕਿ ਬਗ਼ੀਚੀ ਦੇ ਲਾਅਨ ਦੀ ਸਾਂਭ-ਸੰਭਾਲ ਖਾਤਿਰ ਅਨੇਕਾਂ ਮਸ਼ੀਨਾਂ ਆਪਣਾ ਯੋਗਦਾਨ ਪਾਉਂਦੀਆਂ ਹਨ ਅਤੇ ਖੂਬਸੂਰਤ ਲਾਅਨ ਬਿਨਾਂ ਬਗ਼ੀਚੀ ਅਧੂਰੀ ਸਮਝੀ ਜਾਂਦੀ ਹੈ।

ਲਾਅਨ ਵਿੱਚ ਬੈਠ ਕੇ ਆਨੰਦ ਲੈਣਾ ਬੜਾ ਹੀ ਸੁਖਾਲਾ ਕੰਮ ਹੈ ਪ੍ਰੰਤੂ ਜੇਕਰ ਖੁਦ ਤਿਆਰ ਕਰਕੇ ਫਿਰ ਉਸਦੀ ਸਾਂਭ-ਸੰਭਾਲ ਕਰਨੀ ਹੋਵੇ ਤਾਂ ਕਰਨ ਵਾਲਾ ਹੀ ਜਾਣਦਾ ਹੈ। ਵੈਸੇ ਤਾਂ ਲਾਅਨ ਦੀ ਸਾਂਭ-ਸੰਭਾਲ ਪੂਰਾ ਸਾਲ ਲੋੜੀਂਦੀ ਹੁੰਦੀ ਹੈ ਪ੍ਰੰਤੂ ਜਦ ਗਰਮ ਰੁੱਤ ਦੌਰਾਨ ਤਾਪਮਾਨ 45°C ਤੇ ਆਸ-ਪਾਸ ਪੁੱਜ ਜਾਂਦਾ ਹੈ ਤਾਂ ਸਾਡੀਆਂ ਮੁਸ਼ਕਿਲਾਂ ਤੇ ਫਰਜ਼ ਹੋਰ ਵੀ ਵੱਧ ਜਾਂਦੇ ਹਨ।

ਗਰਮੀ ਦੇ ਸ਼ੁਰੂ ਹੁੰਦਿਆਂ ਹੀ ਅਪ੍ਰੈਲ ਦੇ ਦਿਨੀਂ ਪਹਿਲਾਂ ਸਾਨੂੰ ਪੁਰਾਣੀਆਂ ਤਿੜਾਂ ਅਤੇ ਜੜ੍ਹਾਂ ਦੇ ਸੰਘਣੇ ਜਾਲ (Thatching) ਦੀ ਡੂੰਘਾਈ ਦੇਖ ਲੈਣੀ ਚਾਹੀਦੀ ਹੈ। ਜੇਕਰ ਪਰਤ ਸੰਘਣਾ ਜਾਲ 1/2 ਇੰਚ ਤੋਂ ਵੱਧ ਜਾਵੇ ਤਾਂ ਇਸਨੂੰ ਰੇਕਿੰਗ ਨਾਲ ਤੋੜ ਦੇਣਾ ਚਾਹੀਦਾ ਹੈ ਤਾਂ ਜੋ ਪਾਣੀ ਜ਼ਮੀਨ ਵਿੱਚ ਚੰਗੀ ਤਰ੍ਹਾਂ ਸਮਾ ਸਕੇ ਅਤੇ ਲਾਅਨ ਹਰਿਆ-ਭਰਿਆ ਬਣਿਆ। ਇਸਦੇ ਨਾਲ-ਨਾਲ ਸਾਨੂੰ ਜ਼ਮੀਨ ਦੀ ਸਖ਼ਤ-ਨਸ (Compactness) ਜਾਂਚ ਲੈਣੀ ਚਾਹੀਦੀ ਹੈ। ਖਾਸ ਕਰ ਬਗ਼ੀਚੀ ਦੇ ਉਹਨਾਂ ਹਿੱਸਿਆਂ ਵਿੱਚ ਜਿੱਥੇ ਆਵਾਜਾਈ ਜ਼ਿਆਦਾ ਰਹਿੰਦੀ ਹੋਵੇ ਕਿਉਂਕਿ ਮਿੱਟੀ ਦੀ ਉਸ ਪਰਤ ਸਖ਼ਤ ਹੋਣ ਕਰਕੇ ਜ਼ਮੀਨ ਅਤੇ ਘਾਹ ਦੀਆਂ ਜੜ੍ਹਾਂ ਵਿੱਚ ਹਵਾ ਦੀ ਆਵਾਜਾਈ ਘੱਟ ਹੋਣ ਕਰਕੇ ਲਾਅਨ ਦੀ ਦਿੱਖ ਮਾੜੀ ਹੋਣੀ ਸ਼ੁਰੂ ਹੋ ਜਾਂਦੀ ਹੈ। ਹਵਾ ਦੇ ਅਦਾਨ-ਪ੍ਰਦਾਨ ਨੂੰ ਵਧਾਉਣ ਦਾ ਕੰਮ ਗਰਮੀ ਦੇ ਸਮੇਂ ਅਤੇ ਬਰਸਾਤਾਂ ਤੋਂ ਪਹਿਲਾਂ ਕਰ ਲਿਆ ਜਾਵੇ ਤਾਂ ਜ਼ਿਆਦਾ ਲਾਭਦਾਇਕ ਹੁੰਦਾ ਹੈ। ਸਖ਼ਤ ਪਰਤ ਤੋੜਨ ਸਮੇਂ ਜ਼ਮੀਨ ਵਿੱਚ ਥੋੜ੍ਹੀ ਸਿੱਲ੍ਹ ਹੋਣੀ ਲਾਜ਼ਮੀ ਹੈ। ਇਸ ਕੰਮ ਦੇ ਨਾਲ ਹੀ ਸਾਨੂੰ ਜਿਹੜੀਆਂ ਥਾਵਾਂ ਤੇ ਘਾਹ ਕਿਸੇ ਵਜ੍ਹਾ ਕਾਰਨ ਘੱਟ ਹੋਇਆ ਹੋਵੇ ਜਾਂ ਮਰ ਗਿਆ ਹੋਵੇ ਉਹ ਖਾਲੀ ਥਾਵਾਂ ਵੀ ਭਰ ਦੇਣੀਆਂ ਚਾਹੀਦੀਆਂ ਹਨ। ਇਸ ਨਾਲ ਬਰਸਾਤਾਂ ਵਿੱਚ ਉੱਗਣ ਜਾਂ ਵਧਣ ਵਾਲੇ ਨਦੀਨਾਂ ਦੀ ਗਿਣਤੀ ਵੀ ਘੱਟ ਜਾਂਦੀ ਹੈ ਅਤੇ ਲਾਅਨ ਇਕਸਾਰ ਤਿਆਰ ਹੋ ਜਾਂਦਾ ਹੈ। ਘਰਾਂ ਵਿੱਚ ਨਦੀਨ ਨਾਸ਼ਕਾਂ ਦੀ ਜਿੰਨੀ ਹੋ ਸਕੇ ਘੱਟ ਵਰਤੋਂ ਕਰਨੀ ਚਾਹੀਦੀ ਹੈ। ਚੌੜੇ ਪੱਤੇ ਵਾਲੇ ਨਦੀਨਾਂ ਨੂੰ ਖ਼ਤਮ ਕਰਨ ਕਰਨ ਖ਼ਾਤਿਰ 2-4D ਦਵਾਈ ਦੀ ਵਰਤੋਂ ਕੀਤੀ ਜਾ ਸਕਦੀ ਹੈ ਪ੍ਰੰਤੂ ਮੋਥਾ/ਡੀਲਾ ਬਗ਼ੀਚੀ ਦੇ ਸ਼ੌਕੀਨਾਂ ਲਈ ਅਜੇ ਵੀ ਮੁਸੀਬਤ ਹੀ ਹੈ। ਸੋ ਇਸਦਾ ਹੱਲ ਹੱਥਾਂ ਨਾਲ ਹੀ ਮਾਲੀ ਤੋਂ ਕਰਵਾਉਣਾ ਪੈਂਦਾ ਹੈ।

ਗਰਮੀ ਵਿੱਚ ਇਨਸਾਨਾਂ ਦੀ ਤਰ੍ਹਾਂ ਲਾਅਨ ਨੂੰ ਵੀ ਪਾਣੀ ਦੀ ਖੂਬ ਜ਼ਰੂਰਤ ਹੁੰਦੀ ਹੈ। ਪਾਣੀ ਹਮੇਸ਼ਾਂ ਸਵੇਰੇ ਜਿੰਨਾ ਜਲਦੀ ਹੋ ਸਕੇ (ਸੂਰਜ ਨਿਕਲਣ ਤੋਂ ਪਹਿਲਾਂ) ਦੇਣਾ ਚਾਹੀਦਾ ਹੈ, ਜੇਕਰ ਸਵੇਰੇ ਨਾ ਸੰਭਵ ਹੋ ਸਕੇ ਤਾਂ ਸ਼ਾਮ ਨੂੰ ਦੇ ਦੇਵੋ ਪ੍ਰੰਤੂ ਦੁਪਹਿਰ ਵੇਲੇ ਪਾਣੀ ਲਾਉਣ ਤੋਂ ਬਿਲਕੁਲ ਗੁਰੇਜ ਕਰਨਾ ਚਾਹੀਦਾ ਹੈ। ਸਵੇਰ ਵੇਲੇ ਲਾਏ ਹੋਏ ਪਾਣੀ ਨਾਲ ਘਾਹ ਦੀਆਂ ਜੜ੍ਹਾਂ ਵਿੱਚ ਮਜ਼ਬੂਤੀ ਤੇ ਪਕੜ ਜ਼ਿਆਦਾ ਹੁੰਦੀ ਹੈ। ਖੁੱਲ੍ਹਾ ਛੱਡ ਕੇ ਲਾਇਆ ਹੋਇਆ ਜ਼ਿਆਦਾ ਪਾਣੀ ਘਾਹ ਲਈ ਜ਼ਿਆਦਾ ਲਾਭਕਾਰੀ ਨਹੀਂ ਹੁੰਦਾ ਹੈ। ਦਰਅਸਲ ਜ਼ਿਆਦਾ ਦੇਰ ਪਾਣੀ ਖੜ੍ਹਾ ਰਹਿਣ ਨਾਲ ਘਾਹ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਅਤੇ ਲਈ ਉੱਲੀ ਰੋਗਾਂ ਦੇ ਵਾਸੇ ਦਾ ਖਤਰਾ ਬਣਿਆ ਰਹਿੰਦਾ ਹੈ। ਗਰਮ ਰੁੱਤ ਦੌਰਾਨ ਖੜ੍ਹਾ ਪਾਣੀ ਮੱਛਰ ਦੇ ਘਰ ਦਾ ਰੂਪ ਅਖਤਿਆਰ ਕਰ ਲੈਂਦਾ ਹੈ। ਸਮੇਂ ਸਿਰ ਘਾਹ ਦੀ ਕਟਾਈ ਅਤੇ ਲਾਅਨ ਦੇ ਕਿਸੇ ਵੀ ਕੋਨੇ ਵਿੱਚ ਪਾਣੀ ਨਾ ਖੜ੍ਹਨ ਦਿਉ ਤਾਂ ਮੱਛਰ ਤੋਂ ਛੁਟਕਾਰਾ ਪਾਇਆ ਜਾ ਸਕਦਾ ਦਾ ਹੈ।

ਸਹੀ ਤਰੀਕੇ ਅਤੇ ਸਹੀ ਸਮੇਂ ‘ਤੇ ਕੀਤੀ ਕਟਾਈ ਨਾਲ ਲਾਅਨ ਦੀ ਦਿੱਖ ਖ਼ੂਬਸੂਰਤ ਬਣਦੀ। ਗਰਮੀ ਦੇ ਦਿਨਾਂ ਵਿੱਚ ਘਾਹ ਦੀ ਕਟਾਈ ਆਮ ਦਿਨਾਂ ਨਾਲੋਂ ਮਸ਼ੀਨ ਦੇ ਬਲੇਡ ਉੱਪਰ ਚੁੱਕ ਕੇ ਕਰਨੀ ਚਾਹੀਦੀ ਹੈ। ਇਸ ਨਾਲ ਘਾਹ ਵਿਚਲਾ ਮਾਹੌਲ ਠੰਡਾ ਅਤੇ ਸਿੱਲ੍ਹਾਂ ਰਹਿੰਦਾ ਹੈ। ਘਾਹ ਦੀ ਕਟਾਈ ਹਮੇਸ਼ਾ ਥੋੜ੍ਹੇ ਦਿਨਾਂ ਦੇ ਵਕਫ਼ੇ ਮਗਰੋਂ ਕਰਨੀ ਬਿਹਤਰ ਹੁੰਦੀ ਹੈ, ਜਿਸ ਨਾਲ ਘਾਹ ਦੀਆਂ ਕੱਟੀਆਂ ਹੋਈਆਂ ਪੱਤੀਆਂ ਨੂੰ ਚੁੱਕਣਾ ਨਹੀਂ ਪੈਂਦਾ ਅਤੇ ਉਹ ਖਾਦ ਦਾ ਰੂਪ ਅਖਤਿਆਰ ਕਰ ਲੈਂਦੀਆਂ ਹਨ ਅਤੇ ਨਾਲ ਹੀ ਉਹ ਪਾਣੀ ਦੇ ਵਾਸ਼ਪੀਕਰਨ ‘ਤੇ ਵੀ ਰੋਕ ਲਾਉਂਦੀਆਂ ਹਨ। ਘਾਹ ਦੀ ਕਟਾਈ ਵੇਲੇ ਮਸ਼ੀਨ ਹਮੇਸ਼ਾ ਇੱਕੋ ਦਿਸ਼ਾ ਵਿੱਚ ਨਹੀਂ ਚਲਾਉਣੀ ਚਾਹੀਦੀ।

ਦਿਸ਼ਾ ਬਦਲ ਕੇ ਚਲਾਉਣ ਨਾਲ ਟਾਇਰਾਂ ਦੇ ਨਿਸ਼ਾਨ ਵੀ ਪੱਕੇ ਨਹੀਂ ਹੁੰਦੇ। ਇੱਕ ਹੋਰ ਅਹਿਮ ਗੱਲ ਇਹ ਕਿ ਲਾਅਨ ਦੇ ਨਾਲ-ਨਾਲ ਘਾਹ ਕੱਟਣ ਵਾਲੀ ਮਸ਼ੀਨ ਦੀ ਸਾਂਭ-ਸੰਭਾਲ ਵੀ ਅਤਿਅੰਤ ਜ਼ਰੂਰੀ ਹੈ। ਮਸ਼ੀਨ ਨੂੰ ਢੁੱਕਵੇਂ ਸਮੇਂ ‘ਤੇ ਰਿਪੇਅਰ ਕਰਵਾਉਣਾ ਚਾਹੀਦਾ ਹੈ।

ਤਿੰਨ-ਚਾਰ ਸਾਲ ਪੁਰਾਣੇ ਹੋ ਚੁੱਕੇ ਲਾਅਨ ਨੂੰ ਇੱਕ ਵਾਰ ਖੁਰਚਨਾ ਚਾਹੀਦਾ ਹੈ, ਇਹ ਕੰਮ ਵੀ ਬਰਸਾਤਾਂ ਤੋਂ ਪਹਿਲਾਂ ਨਬੇੜ ਲੈਣਾ ਚਾਹੀਦਾ ਹੈ। ਘਾਹ ਖੁਰਚਣ ਉਪਰੰਤ ਮਿੱਟੀ, ਰੂੜੀ(ਗਲੀ ਹੋਈ) ਅਤੇ ਕੁੱਝ ਦਿਨਾਂ ਦੇ ਵਕਫ਼ੇ ਮਗਰੋਂ ਰਸਾਇਣਿਕ ਖਾਦਾਂ, ਯੂਰੀਆ, ਡੀ.ਏ.ਪੀ. ਆਦਿ ਪਾਉਣ ਨਾਲ ਬਰਸਾਤਾਂ ਵਿੱਚ ਲਾਅਨ ਪੂਰੀ ਰੰਗਤ ਫੜ੍ਹ ਜਾਂਦਾ ਹੈ। ਆਮ ਹਾਲਾਤਾਂ ਵਿੱਚ ਖਾਦਾਂ ਹਮੇਸ਼ਾ ਮੌਸਮ ਖੁੱਲ੍ਹਣ ਤੋਂ ਪਹਿਲਾਂ ਪਾਉਣੀਆਂ ਚਾਹੀਦੀਆਂ ਹਨ। ਯੂਰੀਆ ਦਾ ਛਿੱਟਾ ਜੇਕਰ ਸੰਭਵ ਹੋ ਸਕੇ ਤਾਂ ਸਾਲ ਵਿੱਚ ਰੋਲਿੰਗ ਜ਼ਰੂਰ ਕਰਨੀ ਚਾਹੀਦੀ ਹੈ। ਇਸ ਨਾਲ ਘਾਹ ਦੀ ਜ਼ਮੀਨ ਵਿੱਚ ਪਕੜ ਮਜ਼ਬੂਤ ਹੋ ਜਾਂਦੀ ਹੈ।

ਅਖ਼ੀਰ ਵਿੱਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਖ਼ੂਬਸੂਰਤ ਲਾਅਨ ਪ੍ਰਾਪਤ ਕਰਨ ਲਈ ਹਰ ਖਾਦ ਤੋਂ ਖਾਸ ਤੁਹਾਡਾ ਪਸੀਨਾ ਯਾਨੀ ਮਿਹਨਤ ਤੇ ਲਗਨ ਹੈ। ਮਿਹਨਤ ਤੇ ਲਗਨ ਦੇ ਨਾਲ-ਨਾਲ ਜੇਕਰ ਤੁਹਾਡੇ ਕੋਲ ਤਕਨੀਕੀ ਜਾਣਕਾਰੀ ਹੋਵੇ ਤਾਂ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ।

ਡਾ. ਬਲਵਿੰਦਰ ਸਿੰਘ ਲੱਖੇਵਾਲੀ
+91-98-142-39041

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ