piggery business pa

ਸੂਰ ਪਾਲਣ ਨੂੰ ਸਫਲ ਕਿੱਤਾ ਬਣਾਉਣ ਲਈ ਅਹਿਮ ਕਦਮ

ਮੀਟ ਅਤੇ ਪੋਲਟਰੀ ਉਦਯੋਗ ਦੁਨੀਆਂ ਦੇ ਵੱਡਿਆਂ ਅਤੇ ਮੁਨਾਫੇ ਵਾਲਿਆਂ ਉਦਯੋਗਾਂ ਵਿੱਚੋ ਇੱਕ ਹੈ, ਕਿਉਂਕਿ ਇਸ ਦੀ ਮੰਗ ਹਮੇਸ਼ਾ ਜਿਆਦਾ ਹੁੰਦੀ ਹੈ। ਹੁਣ ਜੇਕਰ ਗੱਲ ਕਰੀਏ ਦੁਨੀਆਂ ਵਿੱਚ ਸਭ ਤੋਂ ਵੱਧ ਖਾਧੇ ਜਾਣ ਵਾਲੇ ਮੀਟ ਬਾਰੇ ਤਾਂ ਪੋਰਕ ਜਾਂ ਸੂਰ ਦਾ ਮੀਟ ਪਹਿਲੇ ਨੰਬਰ ਤੇ ਆਂਉਦਾ ਹੈ। ਇਸੇ ਕਾਰਨ ਜੋ ਲੋਕ ਪਸ਼ੂ ਵਪਾਰ ਵਿੱਚ ਆਉਣਾ ਚਾਹੁੰਦੇ ਹਨ, ਉਹ ਸੂਰ ਪਾਲਨ ਨੂੰ ਜਿਆਦਾ ਤਰਜੀਹ ਦਿੰਦੇ ਹਨ।

ਇਸ ਕੰਮ ਵਿੱਚ ਮੁੱਖ ਤੌਂਰ ਤੇ ਸੂਰਾਂ ਦੇ ਪਾਲਣ, ਪ੍ਰਜਨਣ ਅਤੇ ਵੇਚਣ ਵੱਲ ਖਾਸ ਧਿਆਨ ਦਿੱਤਾ ਜਾਂਦਾ ਹੈ। ਚੂਚਿਆਂ ਤੋਂ ਬਾਅਦ ਸੂਰਾਂ ਨੂੰ ਸਭ ਤੋ ਚੰਗੇ ਫੀਡ ਕਨਵਰਟਰ ਮੰਨਿਆਂ ਜਾਂਦਾ ਹੈ। ਭਾਰਤ ਵਿੱਚ ਸੂਰ ਪਾਲਣ ਜਿਆਦਾਤਰ ਪੁਰਾਤਨ ਸਮੇਂ ਤੋਂ ਪੱਛੜੇ ਵਰਗਾਂ ਦੁਆਰਾ ਕੀਤਾ ਜਾਂਦਾ ਹੈ, ਕਿਉਂਕਿ ਉਨ੍ਹਾਂ ਕੋਲ ਇਸ ਬਰਾਬਰ ਮੁਨਾਫਾ ਲੈਣ ਲਈ ਕੋਈ ਹੋਰ ਵਿਕਲਪ ਜਾਂ ਰੋਜ਼ਗਾਰ ਨਹੀਂ ਹੁੰਦਾ।

ਸੂਰ ਪਾਲਣ ਨੂੰ ਮੁਨਾਫੇ ਵਾਲੇ ਵਪਾਰ ਕਿਵੇ ਬਣਾ ਸਕਦੇ ਹਾਂ?

ਹੇਠ ਲਿਖੀ ਜਾਣਕਾਰੀ ਸਾਨੂੰ ਸਾਫ-ਸਾਫ ਇਹ ਦੱਸੇਗੀ ਕਿ ਕਿਉਂ ਇਹ ਵਪਾਰ ਮੁਨਾਫੇ ਵਾਲਾ ਹੈ ਅਤੇ ਕਿਉਂ ਸਭ ਇਸ ਧੰਦੇ ਨੂੰ ਬਾਕੀ ਧੰਦਿਆਂ ਨਾਲੋਂ ਵੱਧ ਤਰਜੀਹ ਦਿੰਦੇ ਹਨ :

  • ਸੂਰ ਦੂਜੇ ਪਸ਼ੂਆਂ ਨਾਲੋਂ ਛੇਤੀ ਵਿਕਸਿਤ ਹੁੰਦੇ ਹਨ ਅਤੇ ਵੱਡੇ ਸੂਰਾਂ ਨੂੰ ਮਾਰਕਿਟ ਵਿੱਚ ਵੇਚਣ ਲਈ ਜਿਆਦਾ ਸਮਾਂ ਉਡੀਕ ਨਹੀਂ ਕਰਨੀ ਪੈਂਦੀ।
  • ਸੂਰ ਦਾ ਮੀਟ ਸੰਸਾਰ ਭਰ ਵਿੱਚ ਪੋਸ਼ਟਿਕ ਅਤੇ ਸੁਆਦਲਾ ਮੰਨਿਆਂ ਜਾਂਦਾ ਹੈ, ਜਿਸ ਕਾਰਨ ਇਸ ਦੀ ਮੰਗ ਵੱਧਦੀ ਰਹਿੰਦੀ ਹੈ।
  • ਇਹ ਧੰਦਾ ਸੂਰ ਤਿਆਰ ਕਰਨ ਅਤੇ ਤਾਜ਼ੇ ਮੀਟ ਦੇ ਤੌਂਰ ਤੇ ਵਿਦੇਸ਼ਾਂ ਵਿੱਚ ਭੇਜਣ ਤੱਕ ਹੀ ਸੀਮਿਤ ਨਹੀਂ, ਸਗੋਂ ਇਸ ਵਿੱਚ ਹੈਮ, ਲਾਰਡ, ਪੋਰਕ, ਬੈਕਨ, ਸੌਸੇਜਸ ਆਦਿ ਵੀ ਵਿਦੇਸ਼ਾਂ ਵਿੱਚ ਭੇਜੀਆਂ ਜਾਂ ਸਕਦੀਆਂ ਹਨ।
  • ਸੂਰਾਂ ਨੂੰ ਭੋਜਨ ਦੇਣਾ ਵੀ ਕੋਈ ਖਾਸ ਚਿੰਤਾ ਦਾ ਵਿਸ਼ਾ ਨਹੀਂ ਹੈ, ਕਿਉਂਕਿ ਸੂਰ ਹਰ ਤਰ੍ਹਾਂ ਦੀ ਫੀਡ ਜਿਵੇਂ ਕਿ ਕੂੜਾ, ਅਨਾਜ, ਚਾਰਾ, ਫਲ, ਗੰਨਾ, ਸਬਜ਼ੀਆਂ, ਵਿਅਰਥ ਭੋਜਨ ਆਦਿ ਖਾ ਲੈਂਦੇ ਹਨ।
  • ਇਸ ਧੰਦੇ ਵਿੱਚ ਆਮ ਤੌਂਰ ਤੇ ਨਿਵੇਸ਼ ਵੀ ਘੱਟ ਕਰਨਾ ਪੈਂਦਾ ਹੈ ਅਤੇ ਜਿਆਦਾਤਰ ਖਰਚਾ ਉਪਕਰਣ ਖਰੀਦਣ ਅਤੇ ਆਵਾਸ ਬਣਾਉਣ ਵਿੱਚ ਲੱਗਦਾ ਹੈ।
  • ਸੂਰਾਂ ਵਿੱਚ ਫੀਡ ਨੂੰ ਮੀਟ ਵਿੱਚ ਤਬਦੀਲ ਕਰਨ ਦੀ ਸਮਰੱਥਾ ਕਾਫੀ ਜ਼ਿਆਦਾ ਹੁੰਦੀ ਹੈ।
  • ਕੈਮੀਕਲ ਅਤੇ ਸਾਬਣ ਉਦਯੋਗ, ਪੇਂਟ ਅਤੇ ਪੋਲਟਰੀ ਫੀਡ ਦੇ ਕੰਮਾਂ ਵਿੱਚ ਸੂਰ ਦੀ ਫੈਟ ਦੀ ਮੰਗ ਜ਼ਿਆਦਾ ਹੁੰਦੀ ਹੈ।
  • ਅੰਤ ਵਿੱਚ ਸੂਰ ਪਾਲਣ ਵਪਾਰ ਨਿਵੇਸ਼ ‘ਤੇ ਮੁਨਾਫਾ ਅਨੁਪਾਤ ਵਿੱਚ ਕਾਫੀ ਵਧੀਆ ਹੈ।

ਸੂਰ ਪਾਲਣ ਦੀ ਜਾਣਕਾਰੀ ਲਈ 8 ਸਟੈਪ:

1. ਸੂਰ ਪਾਲਣ ਲਈ ਟ੍ਰੇਨਿੰਗ ਹਾਸਲ ਕਰਨਾ

ਵਪਾਰਕ ਪੱਧਰ ‘ਤੇ ਸੂਰ ਪਾਲਣ ਸ਼ੁਰੂ ਕਰਨ ਲਈ, ਸਥਾਪਿਤ ਟ੍ਰੇਨਿੰਗ ਕੇਂਦਰਾਂ ਅਤੇ ਯੁਨੀਵਰਸਿਟੀਆਂ ਤੋਂ ਟ੍ਰੈਨਿੰਗ ਲੈਣਾ ਬਹੁਤ ਜ਼ਰੂਰੀ ਹੈ। ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਹੈ:

  • ਇਸ ਨਾਲ ਤੁਹਾਨੂੰ ਇਸ ਵਪਾਰ ਦੀਆਂ ਬਾਰੀਕੀਆਂ ਸਮਝਣ ਵਿੱਚ ਮਦਦ ਮਿਲੇਗੀ।
  • ਤੁਹਾਨੂੰ ਪਤਾ ਚੱਲੇਗਾ ਕਿ ਸੂਰਾਂ ਦੇ ਚੰਗੇ ਵਿਕਾਸ ਲਈ ਉਨ੍ਹਾਂ ਨੂੰ ਕਿਹੋ-ਜਿਹੇ ਵਾਤਾਵਰਨ ਵਿੱਚ ਰੱਖਣਾ ਚਾਹੀਦਾ ਹੈ।
  • ਇਸ ਨਾਲ ਤੁਹਾਨੂੰ ਮੈਨੇਜਰਾਂ ਅਤੇ ਉਦਯੋਗੀ ਲੋਕਾਂ ਨਾਲ ਕਾਰੋਬਾਰੀ ਰਿਸ਼ਤੇ ਬਣਾਉਣ ਵਿੱਚ ਆਸਾਨੀ ਹੋਵੇਗੀ।
  • ਤੁਹਾਡੀ ਫਰਮ ਦੀ ਆਰਥਿਕ ਵਿਵਹਾਰਿਕਤਾ ਦੇ ਨਾਲ ਉਤਪਾਦਨ ਦੀ ਸਿਹਤ ਅਤੇ ਕੁਸ਼ਲਤਾ ਨੂੰ ਵਧਾਉਣ ਵਿਚ ਤੁਹਾਨੂੰ ਸਹਾਇਤਾ ਮਿਲੇਗੀ।

2. ਉਚਿੱਤ ਜਗ੍ਹਾ ਦੀ ਚੋਣ

ਸੂਰ ਪਾਲਣ ਬਾਰੇ ਲੋੜੀਂਦੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ, ਅਗਲਾ ਕਦਮ ਸਹੀ ਜ਼ਮੀਨ ਦੀ ਚੋਣ ਕਰਨਾ ਹੈ। ਇਸਦੀ ਚੋਣ ਸਮੇਂ ਜ਼ਰੂਰੀ ਸਹੂਲਤਾਂ ਦੀ ਉਪਲੱਬਧਤਾ ਦਾ ਧਿਆਨ ਰੱਖੋ, ਜੋ ਹੇਠ ਲਿਖੇ ਅਨੁਸਾਰ ਹਨ:

  • ਲੋੜੀਂਦੀ ਮਾਤਰਾ ਵਿੱਚ ਤਾਜ਼ਾ ਅਤੇ ਸਾਫ ਪਾਣੀ
  • ਸ਼ੋਰ ਰਹਿਤ ਅਤੇ ਸ਼ਾਂਤ ਖੇਤਰ
  • ਦਵਾਈਆਂ, ਟੀਕੇ, ਵਸਤੂਆਂ ਆਦਿ ਖਰੀਦਣ ਅਤੇ ਫਾਰਮ ਦੇ ਉਤਪਾਦ ਵੇਚਣ ਲਈ ਮੰਡੀ ਨੇੜੇ ਹੋਣੀ ਚਾਹੀਦੀ ਹੈ।
  • ਦਿਹਾਤੀ ਖੇਤਰ ਵਿੱਚ ਜ਼ਮੀਨ ਨੂੰ ਜ਼ਿਆਦਾ ਤਰਜੀਹ ਦਿਓ, ਤਾਂ ਜੋ ਮਜ਼ਦੂਰ ਆਸਾਨੀ ਨਾਲ ਅਤੇ ਸਸਤੇ ਵਿੱਚ ਮਿਲ ਜਾਣ।
  • ਅਜਿਹੀ ਜ਼ਮੀਨ, ਜਿਸ ਤੱਕ ਪਹੁੰਚਣਾ ਆਸਾਨ ਹੋਵੇ
  • ਜਿੱਥੇ ਮੰਡੀਕਰਨ ਅਤੇ ਆਵਾਜਾਈ ਪ੍ਰਣਾਲੀ ਚੰਗੀ ਹੋਵੇ
  • ਵੈਟਨਰੀ ਸਹੂਲਤਾਂ ਉਪਲੱਬਧ ਹੋਣ।

3. ਸੂਰਾਂ ਦੀਆਂ ਉਦਪਾਦਨ ਵਿੱਚ ਚੰਗੀਆਂ ਨਸਲਾਂ ਰੱਖਣਾ

ਸਫਲਤਾਪੂਰਵਕ ਫਾਰਮ ਤਿਆਰ ਕਰਨ ਤੋਂ ਬਾਅਦ ਸਮਾਂ ਆਉਂਦਾ ਹੈ ਨਸਲਾਂ ਦੀ ਚੋਣ ਦਾ। ਸੰਸਾਰ ਭਰ ਦੀਆਂ ਮੰਡੀਆਂ ਵਿੱਚ ਸੂਰਾਂ ਦੀਆਂ ਬਹੁਤ ਸਾਰੀਆਂ ਨਸਲਾਂ ਉਪਲੱਬਧ ਹਨ, ਪਰ ਤੁਸੀਂ ਉਨ੍ਹਾਂ ਨਸਲਾਂ ਦੀ ਚੋਣ ਕਰਨੀ ਹੈ, ਜੋ ਵਪਾਰਕ ਪੱਧਰ ‘ਤੇ ਮੁਨਾਫੇ ਵਿੱਚ ਚੰਗੀਆਂ ਹੋਣ।

ਵਪਾਰਕ ਸੂਰ ਉਤਪਾਦਨ ਲਈ ਜ਼ਿਆਦਾਤਰ ਵਰਤੀਆਂ ਜਾਂਦੀਆਂ ਸੂਰਾਂ ਦੀਆਂ ਨਸਲਾਂ ਹਨ: ਹੈਂਪਸ਼ਾਇਰ, ਲੈਂਡਰੇਸ, ਡਿਊਰੋਕ, ਯਾਰਕਸ਼ਾਇਰ ਅਤੇ ਇਨ੍ਹਾਂ ਦੀਆਂ ਦੋਗਲੀਆਂ ਕਿਸਮਾਂ। ਇਹ ਨਸਲਾਂ ਉੱਚ-ਮਾਤਰਾ ਵਿੱਚ ਮੀਟ ਉਤਪਾਦਨ ਅਤੇ ਫੀਡ ਨੂੰ ਮੀਟ ਵਿੱਚ ਬਦਲਣ ਵਿੱਚ ਕਾਫੀ ਸਮਰੱਥ ਹਨ। ਇਸ ਤੋਂ ਇਲਾਵਾ ਇਹ ਵਪਾਰਕ ਨਸਲਾਂ, ਸਥਾਨਕ ਨਸਲਾਂ ਦੇ ਮੁਕਾਬਲੇ ਬਿਮਾਰ ਘੱਟ ਹੁੰਦੀਆਂ ਹਨ ਅਤੇ ਮਾੜੀ ਕੁਆਲਿਟੀ ਦੀ ਫੀਡ ਅਤੇ ਗਰਮ ਪਾਣੀ ਨਾਲ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਹਨ।

4. ਸੂਰਾਂ ਲਈ ਘਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਨਾ

ਇਹ ਜ਼ਰੂਰੀ ਹੈ ਕਿ ਸੂਰਾਂ ਲਈ ਆਰਾਮਦਾਇਕ ਮਕਾਨ ਉਸਾਰੇ ਜਾਣ, ਜਿਨ੍ਹਾਂ ਵਿੱਚ ਜ਼ਰੂਰੀ ਉਪਕਰਣ ਹੋਣ, ਕਿਉਂਕਿ ਇਹ ਤੁਹਾਡੇ ਸੂਰ ਪਾਲਣ ਦੇ ਕਾਰੋਬਾਰ ਨੂੰ ਅਸਲ ਵਿੱਚ ਸਫਲ ਬਣਾਉਣ ਵਿੱਚ ਵੱਡੀ ਭੂਮਿਕਾ ਅਦਾ ਕਰਦਾ ਹੈ। ਇਹ ਘਰ ਨਾ-ਕੇਵਲ ਸੂਰਾਂ ਨੂੰ ਆਵਾਸ ਪ੍ਰਦਾਨ ਕਰਨਗੇ, ਬਲਕਿ ਅਣ-ਗਿਣਿਤ ਬਿਮਾਰੀਆਂ, ਪਰਜੀਵੀਆਂ ਅਤੇ ਸ਼ਿਕਾਰੀਆਂ ਤੋਂ ਵੀ ਬਚਾਉਣਗੇ।

ਜ਼ਰੂਰੀ ਲੋੜਾਂ ਤੋਂ ਇਲਾਵਾ ਇਹ ਨਿਸ਼ਚਿਤ ਕਰੋ ਕਿ ਇਨ੍ਹਾਂ ਘਰਾਂ ਵਿੱਚ ਹਵਾ ਪ੍ਰਣਾਲੀ ਸਹੀ ਹੋਵੇ ਅਤੇ ਗਰਭਵਤੀ, ਮੀਟ ਵਾਲੇ, ਨਸਲਕਸ਼ੀ ਵਾਲੇ ਆਦਿ ਸੂਰਾਂ ਨੂੰ ਵੱਖ-ਵੱਖ ਰੱਖੋ। ਇਹ ਇਸ ਲਈ ਕਿਉਂਕਿ ਹਰ ਕਿਸਮ ਦੇ ਸੂਰ ਨੂੰ ਅਲੱਗ ਤਰ੍ਹਾਂ ਦੀ ਜਗ੍ਹਾ ਦੀ ਲੋੜ ਹੁੰਦੀ ਹੈ।

5. ਸੂਰਾਂ ਨੂੰ ਸਹੀ ਤਰੀਕੇ ਨਾਲ ਫੀਡ ਦੇਣਾ

ਵਪਾਰਕ ਸੂਰ ਪਾਲਣ ਲਈ ਸੂਰਾਂ ਨੂੰ ਫੀਡ ਦੇਣਾ ਖਾਸ ਕੰਮ ਹੈ। ਸੂਰਾਂ ਦਾ ਪੂਰਨ ਵਿਕਾਸ ਅਤੇ ਸਿਹਤ ਭੋਜਨ ਦੇ ਪੌਸ਼ਟਿਕ ਪੱਧਰ ‘ਤੇ ਬਹੁਤ ਜ਼ਿਆਦਾ ਨਿਰਭਰ ਹੈ। ਸੂਰਾਂ ਦੀ ਬੁਨਿਆਦੀ ਫੀਡ ਵਿੱਚ ਜਵੀਂ, ਕਣਕ, ਚਾਣਲ, ਅਨਾਜ, ਜਵਾਰ, ਮੱਕੀ ਅਤੇ ਬਾਜਰਾ ਆਦਿ ਹੁੰਦਾ ਹੈ।

ਇਹ ਯਕੀਨੀ ਬਣਾਓ ਇਸ ਵਿੱਚ ਕੁੱਝ ਪ੍ਰੋਟੀਨ ਸਪਲੀਮੈਂਟ ਜਿਵੇਂ ਕਿ ਮੀਟ ਅਤੇ ਫਿਸ਼ ਮੀਲ, ਤੇਲ ਕੇਕ ਆਦਿ ਹੋਣ। ਇਸ ਤੋਂ ਇਲਾਵਾ ਪਾਣੀ ਨੂੰ ਭਰਪੂਰ ਮਾਤਰਾ ਵਿੱਚ ਉਪਲੱਬਧ ਕਰਾਓ ਕਿਉਂਕਿ ਸੂਰਾਂ ਨੂੰ ਹਰ ਰੋਜ਼ ਇਸਦੀ ਲੋੜ ਹੁੰਦੀ ਹੈ, ਜਿਸਦੀ ਮਾਤਰਾ ਲਗਭਗ 1.5-2 ਗੈਲਨ ਪਾਣੀ ਪ੍ਰਤੀ 6 ਮਹੀਨੇ ਹੁੰਦੀ ਹੈ।

6. ਬ੍ਰੀਡਿੰਗ ਪ੍ਰਕਿਰਿਆ ਸ਼ੁਰੂ ਕਰੋ

ਸੂਰਾਂ ਵਿੱਚ ਪ੍ਰਜਣਨ ਕਿਰਿਆ ਬਹੁਤ ਸਧਾਰਨ ਅਤੇ ਆਸਾਨ ਹੁੰਦੀ ਹੈ। ਸਧਾਰਨ ਹਾਲਾਤਾਂ ਵਿੱਚ, 8 ਮਹੀਨੇ ਦੀ ਉਮਰ ਵਿੱਚ ਅਤੇ 100-120 ਕਿਲੋ ਭਾਰ ਹੋਣ ‘ਤੇ ਨਰ ਅਤੇ ਮਾਦਾ ਪ੍ਰਜਨਣ ਲਈ ਤਿਆਰ ਹੋ ਜਾਂਦੇ ਹਨ।

ਮਾਦਾ ਸੂਰਾਂ ਵਿੱਚ ਹੀਟ ਦਾ ਸਮਾਂ 2-3 ਦਿਨਾਂ ਤੱਕ ਹੁੰਦਾ ਹੈ, ਪਰ ਪਹਿਲਾ ਅਤੇ ਦੂਜਾ ਦਿਨ ਪ੍ਰਜਨਣ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਬੱਚੇ ਨੂੰ ਮਾਂ ਤੋਂ ਵੱਖ ਕਰਨ ਤੋਂ 2-10 ਦਿਨ ਬਾਅਦ ਮਾਦਾ ਸੂਰ ਪ੍ਰਜਨਣ ਲਈ ਦੋਬਾਰਾ ਤਿਆਰ ਹੋ ਜਾਂਦੀ ਹੈ।

115 ਦਿਨ ਸੂਰਾਂ ਦੇ ਗਰਭ ਅਵਸਥਾ ਲਈ ਉਪਰਲੀ ਸੀਮਾ ਮੰਨੇ ਜਾਂਦੇ ਹਨ। ਮਾਦਾ ਸੂਰ ਇੱਕ ਸਾਲ ਵਿੱਚ ਦੋ ਵਾਰ ਬੱਚਿਆਂ ਨੂੰ ਜਨਮ ਦੇ ਸਕਦੀ ਹੈ ਅਤੇ ਹਰ ਵਾਰ 8-12 ਸੂਰਾਂ ਨੂੰ ਜਨਮ ਦਿੰਦੀ ਹੈ।

7. ਉਚਿੱਤ ਸੰਭਾਲ ਅਤੇ ਪ੍ਰਬੰਧਨ ਨੂੰ ਯਕੀਨੀ ਬਣਾਓ

ਇਹ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਤੁਹਾਡੇ ਸੂਰਾਂ ਦੀ ਸਹੀ ਤਰੀਕੇ ਨਾਲ ਸੰਭਾਲ ਕਰੋ ਅਤੇ ਉਨ੍ਹਾਂ ਨੂੰ ਵੱਖ-ਵੱਖ ਬਿਮਾਰੀਆਂ ਅਤੇ ਸਿਹਤ ਸਮੱਸਿਆਵਾਂ ਤੋਂ ਬਚਾਓ। ਇਸਦੇ ਨਾਲ ਹੀ ਕੁੱਝ ਨਰ ਸੂਰਾਂ ਨੂੰ 3-4 ਹਫਤੇ ਦੀ ਉਮਰ ਵਿੱਚ ਨਪੁੰਸਕ ਬਣਾਇਆ ਜਾ ਸਕਦਾ ਹੈ। ਮਾਦਾ ਸੂਰ ਦੀ ਫੀਡ ਵੱਲ ਖਾਸ ਧਿਆਨ ਦੇਣਾ ਬਹੁਤ ਜ਼ਰੂਰੀ ਹੈ, ਖਾਸ ਕਰਕੇ ਜਦੋਂ ਉਹ ਗਰਭ ਅਵਸਥਾ ਵਿੱਚ ਹੋਵੇ। ਇਸ ਤੋਂ ਇਲਾਵਾ ਛੋਟੇ ਸੂਰਾਂ, ਸਾਨ੍ਹ ਸੂਰਾਂ ਅਤੇ ਹੋਰਨਾਂ ਗਰਭਵਤੀ ਮਾਦਾ ਸੂਰਾਂ ਦਾ ਖਾਸ ਖਿਆਲ ਰੱਖੋ।

ਸਵਾਈਨ ਬੁਖਾਰ ਤੋਂ ਬਚਾਅ ਲਈ ਇਹ ਯਕੀਨੀ ਬਣਾਓ ਕਿ 2-4 ਹਫਤੇ ਦੀ ਉਮਰ ਵਿੱਚ ਛੋਟੇ ਸੂਰਾਂ ਦੇ ਟੀਕਾਕਰਣ ਕਰਵਾਓ। ਇਸ ਤੋਂ ਇਲਾਵਾ ਸੂਰਾਂ ਦੀ ਸੁਰੱਖਿਆ ਲਈ ਲੋਕਾਂ ਨੂੰ ਬਿਨਾਂ ਕੰਮ ਤੋਂ ਫਾਰਮ ਦੇ ਆਸ-ਪਾਸ ਨਾ ਘੁੰਮਣ ਦਿਓ।

8. ਆਪਣੇ ਉਤਪਾਦਾਂ ਦੇ ਮੰਡੀਕਰਨ ਵੱਲ ਧਿਆਨ ਦਿਓ

ਇਹ ਕੇਵਲ ਸੂਰ ਪਾਲਣ ਲਈ ਹੀ ਨਹੀਂ, ਸਾਰੇ ਵਪਾਰਾਂ ਲਈ ਜ਼ਰੂਰੀ ਸਟੈਪ ਹੈ। ਜਦੋਂ ਸੂਰ ਵੇਚਣ ਦੀ ਉਮਰ ਵਿੱਚ ਆਉਣ ਤਾਂ ਇਨ੍ਹਾਂ ਨੂੰ ਆਸਾਨੀ ਨਾਲ ਸਥਾਨਕ ਅਤੇ ਅੰਤਰ-ਰਾਸ਼ਟਰੀ ਮੰਡੀਆਂ ਵਿੱਚ ਵੇਚ ਦਿਓ, ਕਿਉਂਕਿ ਇਸਦੀ ਮੰਗ ਬਹੁਤ ਜ਼ਿਆਦਾ ਹੈ। ਹਾਲਾਂਕਿ ਦੂਜੇ ਪਸ਼ੂ-ਵਪਾਰਾਂ ਦੇ ਮੁਕਾਬਲੇ ਇਸ ਵਿੱਚ ਕੁਝ ਸਮੱਸਿਆਵਾਂ ਆਉਂਦੀਆਂ ਹਨ।

ਜੇਕਰ ਤੁਸੀਂ ਸਹੀ ਮੰਡੀਕਰਨ ਕਰਨਾ ਹੈ ਤਾਂ ਤੁਸੀਂ ਆਪਣੇ ਉਤਪਾਦ ਦੀ ਗੁਣਵੱਤਾ ਅਤੇ ਸੂਰ ਪਾਲਣ ਸਮੇਂ ਅਪਣਾਏ ਸਿਹਤ ਸੰਬੰਧੀ ਮਾਪਦੰਡਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਓ, ਇਸ ਨਾਲ ਸਥਾਨਕ ਅਤੇ ਰਾਸ਼ਟਰੀ ਮੰਡੀਆਂ ਹੀ ਨਹੀਂ ਸਗੋਂ ਅੰਤਰ-ਰਾਸ਼ਟਰੀ ਮੰਡੀਆਂ ਵਿੱਚ ਵੀ ਗ੍ਰਾਹਕ ਮਿਲਣਗੇ।

ਸਿੱਟਾ

ਸਾਨੂੰ ਉਮੀਦ ਹੈ ਕਿ ਤੁਸੀਂ ਸੂਰ ਪਾਲਣ ਦੇ ਧੰਦੇ ਬਾਰੇ ਗਹਿਰਾਈ ਤੱਕ ਜਾਣ ਚੁੱਕੇ ਹੋ ਅਤੇ ਜਾਣ ਚੁੱਕੇ ਹੋ ਕਿ ਭਾਰਤ ਵਿੱਚ ਇਹ ਵਪਾਰ ਵਧੀਆ ਤਰੀਕੇ ਨਾਲ ਕਿਵੇਂ ਸਥਾਪਿਤ ਕੀਤਾ ਜਾ ਸਕਦਾ ਹੈ। ਉੱਪਰ ਦੱਸੇ ਅੱਠ ਸਟੈਪ ਵਪਾਰ ਨੂੰ ਸਫਲ ਬਣਾਉਣ ਲਈ ਬਹੁਤ ਜ਼ਰੂਰੀ ਹਨ। ਹਾਲਾਂਕਿ ਇਸ ਧੰਦੇ ਵਿੱਚ ਨਵੇਂ ਬੰਦੇ ਲਈ ਨਸਲਾਂ ਅਤੇ ਪਸ਼ੂ-ਪਾਲਣ ਸੰਬੰਧੀ ਕੁੱਝ ਸਮੱਸਿਆਵਾਂ ਆ ਸਕਦੀਆਂ ਹਨ।

ਪਰ ਚਿੰਤਾ ਕਰਨ ਦੀ ਲੋੜ ਨਹੀਂ ਹੈ! ਤੁਹਾਡੇ ਲਈ ਹਲ ਸਾਡੇ ਕੋਲ ਹੈ। ਸੂਰ ਪਾਲਣ ਸੰਬੰਧੀ ਜ਼ਰੂਰੀ ਜਾਣਕਾਰੀ ਲੈਣ ਲਈ ਆਪਣੀ ਖੇਤੀ ਦੀ ਵੈਬਸਾਈਟ ‘ਤੇ ਜਾਓ ਜਾਂ ਐਪ ਡਾਊਨਲੋਡ ਕਰੋ। ਆਪਣੀ ਖੇਤੀ ਮਾਹਿਰ ਤੁਹਾਡੀਆਂ ਸਮੱਸਿਆਵਾਂ ਦੇ ਹਲ ਦੇਣਗੇ, ਕਿਉਂਕਿ ਇਹ ਪਲੇਟਫਾਰਮ ਦਿਹਾਤੀ ਅਤੇ ਕਿਸਾਨੀ ਸਮਾਜ ਲਈ ਤਿਆਰ ਕੀਤਾ ਗਿਆ ਹੈ। ਅੱਜ ਹੀ ਮਾਹਿਰਾਂ ਨਾਲ ਜੁੜੋ!

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ