agriculture problems pa

ਕਿਸਾਨ ਦਾ ਸਵਾਲ – ਭਾਰਤੀ ਖੇਤੀ ਦੀਆਂ ਮੁੱਖ ਸਮੱਸਿਆਵਾਂ ਅਤੇ ਇਨ੍ਹਾਂ ਨੂੰ ਸੁਲਝਾਉਣ ਲਈ ਹੱਲ

ਭਾਰਤ ਦਾ ਇਤਿਹਾਸ ਇਸਦੀ ਖੇਤੀ ਕੁਸ਼ਲਤਾ, ਉੱਤਮ ਜਲਵਾਯੂ ਸਥਿਤੀਆਂ ਅਤੇ ਕੁਦਰਤੀ ਸ੍ਰੋਤਾਂ ਦੀ ਉਪਲੱਬਧਤਾ ਬਾਰੇ ਦੱਸਦਾ ਹੈ। ਭਾਰਤ (ਜੋ ਆਪਣੀ ਧਰਤੀ ਦਾ ਸਭ ਤੋਂ ਵੱਧ ਭਾਗ ਕਣਕ, ਝੋਨਾ, ਕਪਾਹ ਉਗਾਉਣ ਲਈ ਵਰਤਦਾ ਹੈ) ਵਿਦੇਸ਼ੀ ਮੰਡੀ ਵਿੱਚ ਮਸਾਲੇ, ਦਾਲਾਂ ਅਤੇ ਦੁੱਧ ਉਤਪਾਦਨ ਵਿੱਚ ਵੀ ਮੁੱਖ ਦੇਸ਼ ਹੈ।

ਕੁੱਝ ਦਹਾਕੇ ਪਹਿਲਾਂ, ਖੇਤੀ ਖੇਤਰ ਨੇ ਭਾਰਤ ਦੀ GDP ਵਿੱਚ 75% ਯੋਗਦਾਨ ਪਾਇਆ, ਜੋ ਘੱਟ ਹੋ ਕੇ 14%(ਵਰਤਮਾਨ) ਹੋ ਗਿਆ ਹੈ। CIA ਦੀ ਵਿਸ਼ਵ ਫੈਕਟਬੁੱਕ 2014 ਅਨੁਸਾਰ, ਹਾਲਾਂਕਿ ਚਾਰ ਦੇਸ਼ਾਂ ਵਿੱਚੋਂ ਚੀਨ ($ 1,005 ਬਿਲੀਅਨ) ਤੋਂ ਬਾਅਦ ਭਾਰਤ ਦੂਜਾ ਵੱਡਾ ਉਤਪਾਦਕ ($ 367 ਬਿਲੀਅਨ) ਹੈ, ਜੋ ਵਿਸ਼ਵ ਖੇਤੀਬਾੜੀ ਆਊਟਪੁਟ ਦਾ 42% – $ 4,771 ਬਿਲੀਅਨ ਰੱਖਦਾ ਹੈ।  ਸ੍ਰੋਤ

ਸੰਖੇਪ ਵਿੱਚ, ਭਾਰਤ ਵਿਸ਼ਵ-ਪੱਧਰੀ ਪ੍ਰਭਾਵਸ਼ਾਲੀ ਖੇਤੀ ਕਾਰੋਬਾਰ ਹੈ, ਜਿਸਦੀ ਰੀੜ੍ਹ ਦੀ ਹੱਡੀ ਇਸਦੇ ਕਿਸਾਨ ਅਤੇ ਸੰਬੰਧਿਤ ਕਾਮੇ ਹਨ। ਹੋਰ ਖੇਤਰਾਂ ਦੀ ਤਰ੍ਹਾਂ, ਖੇਤੀਬਾੜੀ ਵੀ ਕਈ ਦਹਾਕਿਆਂ ਤੋਂ ਲੰਬੀਆਂ ਚੱਲਦੀਆਂ ਆ ਰਹੀਆਂ ਸਮੱਸਿਆਵਾਂ ਅਤੇ ਕਦੇ ਨਾ ਸੋਚੀਆਂ ਚੁਣੌਤੀਆਂ ਦਾ ਸਾਹਮਣਾ ਕਰਦੀ ਹੈ, ਜਿਨ੍ਹਾਂ ਨੂੰ ਸੁਧਾਰਨਾ ਜ਼ਰੂਰੀ ਹੈ। ਆਓ ਭਾਰਤੀ ਕਿਸਾਨਾਂ ਨੂੰ ਪੇਸ਼ ਆਉਂਦੀਆਂ ਮੁੱਖ ਸਮੱਸਿਆਵਾਂ ਅਤੇ ਸੰਭਾਵੀ ਹੱਲ ‘ਤੇ ਚਰਚਾ ਕਰੀਏ।

ਭਾਰਤੀ ਕਿਸਾਨਾਂ ਨੂੰ ਅਕਸਰ ਪੇਸ਼ ਆਉਂਦੀਆਂ ਮੁੱਖ ਸਮੱਸਿਆਵਾਂ

 

1. ਪਾਣੀ ਦੀ ਸਪਲਾਈ ਦੀ ਕਮੀ

water shortage

ਖੇਤੀ ਖੇਤਰ ਵਿੱਚ ਸਿੰਚਾਈ ਲਈ ਭਾਰਤ ਵਿੱਚ ਪਾਣੀ ਦੀ ਉਪਲੱਬਧਤਾ ਲੋੜ ਤੋਂ ਵੱਧ ਹੈ; ਪਰ ਸਮੱਸਿਆ ਇਹ ਹੈ ਕਿ ਸਾਨੂੰ ਅਜੇ ਵੀ ਪਾਣੀ ਦੀ ਉਚਿੱਤ ਸਪਲਾਈ ਅਤੇ ਵਰਤੋਂ ਲਈ ਸਸਤੇ ਅਤੇ ਅਨੁਕੂਲ ਹੱਲ ਲੱਭਣੇ ਪੈਣਗੇ। ਕਈ ਕਾਰਨਾਂ ਕਰਕੇ, ਜਾਂ ਤਾਂ ਕਿਸਾਨਾਂ ਨੂੰ ਸਹੀ ਮਾਤਰਾ ਵਿੱਚ ਪਾਣੀ ਨਹੀਂ ਮਿਲਦਾ ਜਾਂ ਉਨ੍ਹਾਂ ਨੂੰ ਸਹੀ ਸਮੇਂ ‘ਤੇ ਸਪਲਾਈ ਨਹੀਂ ਮਿਲਦੀ; ਜ਼ਿਆਦਾਤਰ ਕਿਸਾਨ ਮੀਂਹ ਦੇ ਪਾਣੀ ‘ਤੇ ਨਿਰਭਰ ਹਨ।

 

2. ਆਧੁਨਿਕ ਖੇਤੀ ਸੰਦਾਂ ਦੀ ਘੱਟ ਵਰਤੋਂ

ਜ਼ਿਆਦਾਤਰ ਇਲਾਕਿਆਂ ਵਿੱਚ, ਅੱਜ ਵੀ, ਕਿਸਾਨ ਪ੍ਰਾਚੀਨ ਖੇਤੀ ਢੰਗ ਅਪਨਾਉਂਦੇ ਹਨ; ਪ੍ਰੰਪਰਾਗਤ ਤਰੀਕੇ ਨਾਲ ਵਰਤੇ ਜਾਂਦੇ ਹਲ਼ ਅਤੇ ਮੂਲ ਸੰਦਾਂ ਜਾਂ ਔਜ਼ਾਰਾਂ ਦੀ ਵਰਤੋਂ ਕਰਨਾ ਜ਼ਿਆਦਾ ਪਸੰਦ ਕਰਦੇ ਹਨ। ਕੁਸ਼ਲ ਉਪਕਰਣਾਂ ਅਤੇ ਮਸ਼ਿਨਰੀ ਦੀ ਕੋਈ ਕਮੀ ਨਾ ਹੋਣ ਦੇ ਬਾਵਜੂਦ ਆਧੁਨਿਕ ਉਪਕਰਣਾਂ ਦੀ ਵਰਤੋਂ ਬਹੁਤ ਘੱਟ ਹੈ, ਕਿਉਂਕਿ ਜ਼ਿਆਦਾਤਰ ਕਿਸਾਨਾਂ ਕੋਲ ਉੱਨਤ ਉਪਕਰਣ, ਭਾਰੀ ਮਸ਼ੀਨਰੀ ਦੀ ਵਰਤੋਂ ਕਰਨ ਲਈ ਅਨੁਕੂਲ ਜ਼ਮੀਨ ਨਹੀਂ ਹੈ।

 

3. ਰਵਾਇਤੀ ਫਸਲਾਂ ਤੇ ਨਿਰਭਰਤਾ

ਭਾਰਤੀ ਕਿਸਾਨ ਕਈ ਖੇਤਰਾਂ ਵਿੱਚ ਸਦੀਆਂ ਤੋਂ ਅਜੇ ਤੱਕ ਝੋਨਾ ਅਤੇ ਕਣਕ ਉਗਾ ਰਹੇ ਹਨ। ਇਨ੍ਹਾਂ ਦੋ ਅਨਾਜਾਂ ਦਾ ਲੋੜ ਤੋਂ ਵੱਧ ਉਤਪਾਦਨ ਅਕਸਰ ਭੰਡਾਰਣ ਅਤੇ ਵਿਕਰੀ ਸਮੱਸਿਆਵਾਂ ਵਧਾਉਂਦਾ ਹੈ ਅਤੇ ਹੋਰਨਾਂ ਖੇਤੀ ਉਤਪਾਦਾਂ ਵਿੱਚ ਕਮੀ ਲਿਆਉਂਦਾ ਹੈ।

“ਭਾਰਤ ਸਾਲ 2020-21 ਲਈ ਕਣਕ ਕਟਾਈ ਅਤੇ ਝੋਨਾ ਉਤਪਾਦਨ ਵਿੱਚ ਚੌਥਾ ਰਿਕਾਰਡ ਬਣਾਉਣ ਵੱਲ ਵੱਧ ਰਿਹਾ ਹੈ” – ਯੂ ਐਸ ਦਾ ਖੇਤੀਬਾੜੀ ਵਿਭਾਗ।  ਸ੍ਰੋਤ

ਜ਼ਿਆਦਾਤਰ ਕਿਸਾਨਾਂ ਦਾ ਇਨ੍ਹਾਂ ਰਵਾਇਤੀ ਫਸਲਾਂ ‘ਤੇ ਨਿਰਭਰ ਹੋਣਾ, ਦੇਸ਼-ਪੱਧਰੀ ਖੇਤੀ ਯੋਜਨਾ ਦੀ ਪ੍ਰਭਾਵਸ਼ਾਲੀ ਕਮੀ ਵੱਲ ਸੰਕੇਤ ਕਰਦਾ ਹੈ।

 

4. ਮਾੜੀਆਂ ਭੰਡਾਰਣ ਸਹੂਲਤਾਂ

ਪੇਂਡੂ ਇਲਾਕਿਆਂ ਵਿੱਚ, ਭੰਡਾਰਣ ਸਹੂਲਤਾਂ ਜਾਂ ਤਾਂ ਬਹੁਤ ਘੱਟ ਹਨ ਜਾਂ ਬਿਲਕੁਲ ਹੀ ਨਹੀਂ ਹਨ। ਅਜਿਹੇ ਹਾਲਾਤਾਂ ਵਿੱਚ, ਜ਼ਿਆਦਾਤਰ ਕਿਸਾਨਾਂ ਕੋਲ ਫਸਲ ਤਿਆਰ ਹੋਣ ‘ਤੇ ਮੰਡੀ ਰੇਟ, ਜੋ ਅਕਸਰ ਬਹੁਤ ਘੱਟ ਹੁੰਦਾ ਹੈ, ‘ਤੇ ਉਪਜ ਵੇਚਣ ਤੋਂ ਇਲਾਵਾ ਹੋਰ ਵਿਕਲਪ ਨਹੀਂ ਹੁੰਦਾ। ਉਹ ਜਾਇਜ਼ ਆਮਦਨ ਤੋਂ ਬਹੁਤ ਦੂਰ ਹਨ।

 

5. ਆਵਾਜਾਈ ਸਮੱਸਿਆਵਾਂ

supply issues

ਭਾਰਤੀ ਖੇਤਰ ਵਿੱਚ ਸਸਤੇ ਅਤੇ ਕੁਸ਼ਲ ਆਵਾਜਾਈ ਸਾਧਨਾਂ ਦੀ ਕਮੀ ਦੇਖੀ ਗਈ ਹੈ, ਜੋ ਕਿ ਬਹੁਤ ਵੱਡੀ ਸਮੱਸਿਆ ਹੈ; ਛੋਟੇ ਕਿਸਾਨ ਅਜੇ ਵੀ ਆਪਣੀ ਉਪਜ ਦੀ ਢੋਆ-ਢੁਆਈ ਲਈ ਪਸ਼ੂ-ਗੱਡੀਆਂ ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ, ਲੱਖਾਂ ਪਿੰਡ, ਜੋ ਅਸਥਾਈ (ਕੱਚੀ) ਸੜਕ ਨਾਲ ਹਾਈਵੇਅ ਅਤੇ ਮੰਡੀ ਕੇਂਦਰਾਂ ਨਾਲ ਜੁੜੇ ਹਨ, ਉਹ ਵਰਖਾ ਹੋਣ ‘ਤੇ ਚਿੱਕੜ ਵਾਲੇ ਅਤੇ ਨਾ-ਵਰਤਣਯੋਗ ਹੋ ਜਾਂਦੇ ਹਨ। ਸਿੱਟੇ ਵਜੋਂ, ਕਿਸਾਨ ਆਪਣੀ ਉਪਜ ਕੇਂਦਰੀ ਮੰਡੀ ਤੱਕ ਨਹੀਂ ਪਹੁੰਚਾ ਪਾਉਂਦੇ ਅਤੇ ਨਾ ਚਾਹੁੰਦੇ ਹੋਏ ਵੀ ਉਨ੍ਹਾਂ ਨੂੰ ਸਥਾਨਕ ਮੰਡੀ ਵਿੱਚ ਘੱਟ ਮੁੱਲ ‘ਤੇ ਇਸਨੂੰ ਵੇਚਣਾ ਪੈਂਦਾ ਹੈ।

 

6. ਵਧੇਰੇ ਵਿਆਜ ਦਰ 

ਹਜ਼ਾਰਾਂ ਕਿਸਾਨ ਕਰਜ਼ੇ ਦੇ ਬੋਝ (ਜਿਸ ਵਿੱਚ ਹੋਰ ਅਸਿੱਧੇ ਕਾਰਨ ਵੀ ਜੁੜੇ ਹੁੰਦੇ ਹਨ) ਕਾਰਨ ਆਪਣੀ ਜਾਨ ਲੈ ਲੈਂਦੇ ਹਨ। ਅਣ-ਉਚਿੱਤ ਤਰੀਕੇ ਨਾਲ ਵਧੇਰੇ ਵਿਆਜ ਦਰਾਂ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰਨਾ ਚਾਹੀਦਾ ਹੈ ਅਤੇ ਸਰਕਾਰ ਨੂੰ ਲਾਲਚੀ ਲੋਨ ਦੇਣ ਵਾਲਿਆਂ ਦੇ ਖਿਲਾਫ਼ ਤੁਰੰਤ, ਸਖ਼ਤ ਅਤੇ ਉਚਿੱਤ ਕਾਰਵਾਈ ਕਰਨੀ ਚਾਹੀਦੀ ਹੈ। ਇੱਕ ਹੋਰ ਸਮੱਸਿਆ, ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਸੰਸਥਾਗਤ ਕਰਜ਼ਾ ਲੈਣ ਲਈ ਔਖੀਆਂ ਪ੍ਰਕਿਰਿਆਵਾਂ (ਜਿਨ੍ਹਾਂ ਬਾਰੇ ਉਨ੍ਹਾਂ ਨੂੰ ਪਤਾ ਵੀ ਨਹੀਂ ਹੁੰਦਾ) ‘ਚੋਂ ਲੰਘਣਾ ਪੈਂਦਾ ਹੈ।

 

7. ਸਰਕਾਰੀ ਸਕੀਮਾਂ ਅਜੇ ਤੱਕ ਛੋਟੇ ਕਿਸਾਨਾਂ ਤੱਕ ਨਹੀਂ ਪਹੁੰਚੀਆਂ

2008 ਵਿੱਚ ਸਰਕਾਰ ਨੇ 36 ਮਿਲੀਅਨ ਕਿਸਾਨਾਂ ਨੂੰ ਲਾਭ ਦੇਣ ਲਈ ਕਰਜ਼ ਮਾਫੀ ਅਤੇ ਕਰਜ਼ ਰਾਹਤ ਸਕੀਮ ਲਿਆਂਦੀ। ਇਸ ਯੋਜਨਾ ਵਿੱਚ ਤਣਾਅ-ਗ੍ਰਸਤ ਕਿਸਾਨਾਂ ਨੂੰ ਸਿੱਧਾ ਖੇਤੀ ਕਰਜ਼ਾ ਵੀ ਦਿੱਤਾ ਗਿਆ। ਹਾਲਾਂਕਿ ਅਜਿਹੇ ਪ੍ਰੋਗਰਾਮ ਅਤੇ ਸਬਸਿਡੀਆਂ ਕੇਂਦਰ ਅਤੇ ਰਾਜ ਦੋਨਾਂ ਸਰਕਾਰਾਂ ਵੱਲੋਂ ਘੋਸ਼ਿਤ ਕੀਤੀਆਂ ਗਈਆਂ, ਪਰ ਅਜੇ ਤੱਕ ਵੀ ਛੋਟੇ ਕਿਸਾਨਾਂ ਤੱਕ ਨਹੀਂ ਪਹੁੰਚੀਆਂ, ਜਦਕਿ ਵੱਡੇ ਅਤੇ ਅਮੀਰ ਜ਼ਿਮੀਂਦਾਰਾਂ ਨੇ ਇਸਦਾ ਭਾਰੀ ਫਾਇਆ ਚੁੱਕਿਆ।

 

ਇਨ੍ਹਾਂ ਸਮੱਸਿਆਵਾਂ ਦੇ ਸੰਭਾਵਿਤ ਹੱਲ:

 

1. ਇੱਕ ਤੋਂ ਵੱਧ ਫ਼ਸਲਾਂ

ਚੰਗੀ ਪੈਦਾਵਾਰ ਅਤੇ ਮੁਨਾਫ਼ੇ ਵਾਲੇ ਨਤੀਜਿਆਂ ਲਈ ਕਿਸਾਨਾਂ ਨੂੰ ਵਧੇਰੇ ਫ਼ਸਲਾਂ ਜਿਵੇਂ ਕਿ ਸੇਬ, ਅਨਾਨਾਸ, ਕੇਲਾ, ਨਾਰੀਅਲ, ਅਦਰਕ, ਹਲਦੀ ਅਤੇ ਹੋਰ ਫਸਲਾਂ ਉਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

 

2. ਖੇਤੀਬਾੜੀ ਵਿੱਚ ਆਧੁਨਿਕਤਾ

agriculture app

ਜੇਕਰ ਅਸੀਂ ਨੌਜਵਾਨਾਂ ਨੂੰ ਖੇਤੀ ਅਤੇ ਸੰਬੰਧਿਤ ਕੰਮਾਂ ਬਾਰੇ ਉਤਸ਼ਾਹਿਤ ਕਰੀਏ ਤਾਂ ਇਹ ਖੇਤਰ ਤੇਜ਼ੀ ਨਾਲ ਅੱਗੇ ਵੱਧ ਸਕਦਾ ਹੈ। ਉਨ੍ਹਾਂ ਕੋਲ ਬੁਨਿਆਦੀ ਸੰਸਥਾਗਤ ਸਿੱਖਿਆ ਅਤੇ ਗਿਆਨ ਹੈ; ਉਹ ਤੇਜ਼ੀ ਨਾਲ ਸਿੱਖਣ ਦੇ ਨਾਲ-ਨਾਲ ਵਿਕਾਸ ਕਰ ਸਕਦੇ ਹਨ। ਜਿਵੇਂ ਕਿ ਉਨ੍ਹਾਂ ਸਾਰਿਆਂ ਕੋਲ ਸਮਾਰਟਫੋਨ ਹਨ; ਜਿਸ ਵਿੱਚ ਉਹ ਆਧੁਨਿਕ ਖੇਤੀ ਐਪ ਵਰਤ ਕੇ ਆਪਣੇ ਖੇਤਾਂ ਵਿੱਚ ਹੋਰ ਵਧੀਆ ਕੰਮ ਕਰ ਸਕਦੇ ਹਨ।

ਇਸ ਤੋਂ ਇਲਾਵਾ, ਛੋਟੇ ਕਿਸਾਨਾਂ ਨੂੰ ਆਧੁਨਿਕ ਤਕਨੀਕਾਂ ਅਤੇ ਉੱਨਤ ਉਪਕਰਣਾਂ ਬਾਰੇ ਦੱਸਣ ਨਾਲ ਕੁਸ਼ਲਤਾ, ਉਤਪਾਦਨ ਅਤੇ ਕੁਅਲਿਟੀ ਵਧਾਉਣ ਵਿੱਚ ਮਦਦ ਮਿਲੇਗੀ।

 

3. ਕਿਸਾਨਾਂ ਦੀ ਸਿੱਖਿਆ ਮਹੱਤਵਪੂਰਨ ਹੈ

ਜ਼ਿਆਦਾਤਰ ਕਿਸਾਨ ਫਸਲੀ-ਚੱਕਰ ਬਾਰੇ ਜਾਗਰੂਕ ਨਹੀਂ ਹਨ। ਸੰਪੂਰਨ ਖੇਤੀ ਖੇਤਰ ਵਿੱਚੋਂ ਸ਼ਹਿਰੀ ਖੇਤਰਾਂ ਵਿੱਚ ਸਿੱਖਿਆ ਵਿੱਚ ਬਹੁਤ ਸੁਧਾਰ ਆਇਆ ਹੈ, ਪਰ ਸਰਕਾਰ ਨੇ ਦਿਹਾਤੀ ਖੇਤਰਾਂ ਵਿੱਚ ਇਸਦੀ ਕਮੀ ਨੂੰ ਅਣਦੇਖਿਆ ਕੀਤਾ ਹੈ। ਇਹੀ ਕਾਰਨ ਹੈ ਕਿ ਕਿਸਾਨ ਕਈ ਸਰਕਾਰੀ ਸਕੀਮਾਂ ਅਤੇ ਫਾਇਦਿਆਂ ਤੋਂ ਵਾਂਝੇ ਰਹਿ ਜਾਂਦੇ ਹਨ।

 

4. ਫਸਲ ਬੀਮਾ ਦੀ ਲੋੜ

ਫਸਲ ਬੀਮਾ ਜ਼ਰੂਰੀ ਹੈ, ਪਰ ਆਸਾਨ ਅਤੇ ਤੁਰੰਤ ਭੁਗਤਾਨ ਮਹੱਤਵਪੂਰਨ ਹੈ। ਇਸ ਵਿੱਚ ਪਾਰਦਰਸ਼ੀ ਸੂਚਕਾਂਕ-ਅਧਾਰਿਤ ਬੀਮੇ ਦੀ ਲੋੜ ਹੈ, ਜੋ ਪਾੱਲਿਸੀ ਧਾਰਕਾਂ ਨੂੰ ਇੱਕ ਪਰਿਭਾਸ਼ਿਤ ਭੂਗੋਲਿਕ ਖੇਤਰ ਵਿੱਚ ਇੱਕੋ ਜਿਹਾ ਰੱਖਦਾ ਹੈ। ਸੂਚਕਾਂਕ-ਅਧਾਰਿਤ ਬੀਮਾ ਪ੍ਰਣਾਲੀ ਵਿੱਚ ਪਰਿਚਾਲਨ ਅਤੇ ਅੰਤਰ-ਰਾਸ਼ਟਰੀ ਲਾਗਤ ਘੱਟ ਆਉਂਦੀ ਹੈ ਅਤੇ ਤੁਰੰਤ ਭੁਗਤਾਨ ਨਿਸ਼ਚਿਤ ਹੁੰਦਾ ਹੈ।

 

5. ਉਚਿੱਤ ਪਾਣੀ ਪ੍ਰਬੰਧਨ

ਪਾਣੀ ਪ੍ਰਬੰਧਨ ‘ਤੇ ਅੰਤਰ-ਰਾਜੀ ਕੋ-ਆਰਡੀਨੇਸ਼ਨ ਨਾਲ ਪਾਣੀ ਦੇ ਸ੍ਰੋਤਾਂ ਨੂੰ ਸਹੀ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ; ਜਿਨ੍ਹਾਂ ਖੇਤਰਾਂ ਵਿੱਚ ਪਾਣੀ ਦੀ ਜ਼ਿਆਦਾ ਜ਼ਰੂਰਤ ਹੈ, ਉੱਥੇ ਪਾਣੀ ਅਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ। ਮਾਨਸੂਨ ਵਿੱਚ ਵਰਖਾ ਨਾ ਹੋਣ ‘ਤੇ ਨਦੀਆਂ ਅਤੇ ਰਾਸ਼ਟਰੀ ਵਾਟਰਵੇਅ/ਚੈਨਲ ਬਣਾ ਕੇ ਪਾਣੀ ਸਪਲਾਈ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ ਅਤੇ ਸਿੰਚਾਈ ਸਹੂਲਤਾਂ ਨੂੰ ਸੁਧਾਰਿਆ ਜਾ ਸਕਦਾ ਹੈ।

 

ਸਿੱਟਾ

ਜਦੋਂ ਪਾਣੀ ਦੀ ਭਰੋਸੇਯੋਗ ਸਪਲਾਈ ਦਿੱਤੀ ਜਾਵੇਗੀ, ਸਧਾਰਨ ਬੀਜਾਂ ਦੀ ਥਾਂ ਚੰਗੀਆਂ ਕਿਸਮਾਂ ਵਰਤੀਆਂ ਜਾਣਗੀਆਂ; ਇਸੇ ਤਰ੍ਹਾਂ ਕਣਕ ਅਤੇ ਝੋਨੇ ਦੀ ਥਾਂ ਜ਼ਿਆਦਾ ਕਿਸਾਨ ਹੋਰਨਾਂ ਵੱਲ ਵਧਣਗੇ। ਤਿਲਹਨੀ ਫਸਲਾਂ ਦੀ ਖੇਤੀ ਲਈ ਅਨੁਕੂਲ ਜਲਵਾਯੂ ਹੋਣ ਦੇ ਬਾਵਜੂਦ, ਅਸੀਂ ਵਿਦੇਸ਼ ਤੋਂ ਪਕਾਉਣ ਵਾਲਾ ਤੇਲ ਆਯਾਤ ਕਰਦੇ ਹਾਂ। ਕਿਸਾਨ ਅਜਿਹੀਆਂ ਕਈ ਫਸਲਾਂ ਉਗਾ ਸਕਦੇ ਹਨ।

ਖੇਤੀ ਮਾਹਿਰਾਂ ਵੱਲੋਂ ਦੱਸੇ ਹਲ ਇਸ ਪ੍ਰਕਾਰ ਹਨ, ਜਿਨ੍ਹਾਂ ਨੂੰ ਅਸੀਂ ਕੇਵਲ ਅਪਨਾਉਣਾ ਹੈ। ਭਾਰਤ ਦੇ ਕਿਸਾਨ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਅਜਿਹੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ ਅਤੇ ਹਾਂ ਅਸੀਂ ਉਨ੍ਹਾਂ ਨੂੰ ਠੀਕ ਕਰ ਸਕਦੇ ਹਾਂ। ਕਿਸਾਨ ਹੋਣ ਨਾਤੇ ਜੇਕਰ ਤੁਹਾਨੂੰ ਬੀਜ ਚੋਣ, ਸਿੰਚਾਈ, ਪਾਣੀ ਦੀ ਮਾਤਰਾ, ਸੰਦ-ਔਜ਼ਾਰ ਜਾਂ ਕੀਟਨਾਸ਼ਕ ਦੀ ਵਰਤੋਂ  ਅਤੇ ਖੇਤੀਬਾੜੀ ਆਦਿ ਸੰਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਆਪਣੀ ਖੇਤੀ ਐਪ ‘ਤੇ ਆਓ, ਆਪਣਾ ਸਵਾਲ ਪੁੱਛੋ ਅਤੇ ਹੱਲ ਪਾਓ। ਹੁਣੇ ਐਪ ਡਾਊਨਲੋਡ ਕਰੋ!

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ