ਝੋਨੇ

ਸਿੱਧੀ ਬਿਜਾਈ ਵਾਲੇ ਝੋਨੇ ਬਾਰੇ ਧਿਆਨ ਰੱਖਣਯੋਗ ਗੱਲਾਂ!

ਪਾਣੀ ਦੀ ਵਰਤੋਂ ਅਤੇ ਫਸਲਾਂ ਦੀ ਕਾਸ਼ਤ ਨਾਲ-ਨਾਲ ਚੱਲਦੀ ਹੈ। ਉਹ ਤਰੀਕਾ ਜਿਸ ਵਿੱਚ ਪਾਣੀ ਦੀ ਬੱਚਤ ਹੁੰਦੀ ਹੈ, ਉਸ ਨੂੰ ਤਰਜੀਹ ਦੇਣੀ ਚਾਹੀਦੀ ਹੈ, ਬਸ ਉਸ ਵਿੱਚ ਉਪਜ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕਰਨਾ ਪਵੇ। ਜੇਕਰ ਅਸੀਂ ਝੋਨੇ ਦੀ ਫਸਲ ਦੀ ਗੱਲ ਕਰੀਏ ਤਾਂ ਝੋਨੇ ਦੇ ਰੋਪਣ ਕਾਰਨ ਜ਼ਮੀਨ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ, ਜਿਸਦੇ ਨਤੀਜੇ ਵਜੋਂ ਉੱਪਰੀ ਜ਼ਮੀਨ ਅਤੇ ਕਣਕ ਦੀ ਫਸਲ ਨੂੰ ਨੁਕਸਾਨ ਹੁੰਦਾ ਹੈ। ਝੋਨੇ ਦੀ ਸਿੱਧੀ ਬਿਜਾਈ ਨਾਲ ਪਨੀਰੀ ਅਤੇ ਕੱਦੂ ਕਰਨ ਦਾ ਕੰਮ ਅਤੇ ਮਿੱਟੀ ਦਾ ਨੁਕਸਾਨ ਘੱਟ ਜਾਂਦਾ ਹੈ ।

ਕੱਦੂ ਕਰਨ ਲਈ ਬਹੁਤ ਸਾਰੇ ਪਾਣੀ ਦੀ ਲੋੜ ਪੈਂਦੀ ਹੈ , ਪਰ ਜਦਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਪਾਣੀ ਦੀ ਬੱਚਤ ਦੇ ਨਾਲ  ਨਾਲ  ਪਨੀਰੀ ਬੀਜਣ ਅਤੇ ਪੁੱਟਣ ਆਦਿ ਕੰਮਾਂ ਵਿੱਚ ਮੌਸਮ ਅਨੁਸਾਰ ਲੇਬਰ ਦੀ ਸਮੱਸਿਆ ਵੀ ਨਹੀਂ ਆਉਂਦੀ। ਸਿੱਧੀ ਬਿਜਾਈੇ ਨਾਲ ਵਾਧੂ ਦੀਆਂ ਖਾਂਦਾਂ ਅਤੇ ਜ਼ਹਿਰੀਲੀਆ ਦਵਾਈਆਂ ਤੋਂ ਬਚਾਅ ਅਤੇ ਬੱਚਤ ਹੋਵੇਗੀ । ਕੱਦੂ ਅਤੇ ਹੁੰਮਸ ਨਾ ਹੋਣ ਕਰਕੇ ਜ਼ਮੀਨ ਭੁਰਭੁਰੀ ਅਤੇ ਹਵਾਦਾਰ ਰਹਿੰਦੀ ਹੈ । ਜੜ ਜ਼ਿਆਦਾ ਫੈਲਦੀ ਹੈ।

ਸਿੱਧੀ ਬਿਜਾਈ ਵਾਲਾ ਤਰੀਕਾ ਝੋਨੇ ਅਤੇ ਹੋਰ ਸਰਦੀਆਂ ਵਾਲੀਆਂ ਫਸਲਾਂ ਨੂੰ ਸਫਲਤਾਪੂਰਵਕ ਉਗਾਉਣ ਵਿੱਚ ਸਹਾਇਕ ਹੈ। ਕੱਦੂ ਵਾਲੇ ਖੇਤ ਦੇ ਮੁਕਾਬਲੇ ਸਿੱਧੀ ਬਿਜਾਈ ਵਾਲੇ ਖੇਤ ਵਧੇਰੇ ਪਾਣੀ ਬਚਾਉਂਦੇ ਹਨ, ਕਿਉਂਕਿ ਇਸ ਨਾਲ ਕੋਈ ਤ੍ਰੇੜ ਨਹੀਂ ਬਣਦੀ। ਇਸ ਨਾਲ ਜ਼ਮੀਨ ਦੀ ਸਤਹਿ ‘ਤੇ ਬਚੀ ਰਹਿੰਦ-ਖੂੰਹਦ ਮਿੱਟੀ ਦੀ ਨਮੀ ਨੂੰ ਬਰਕਰਾਰ ਰਹਿੰਦੀ ਹੈ, ਸਰਦੀਆਂ ਅਤੇ ਗਰਮੀਆਂ ਵਿੱਚ ਅਨੁਕੂਲ ਤਾਪਮਾਨ ਨਦੀਨਾਂ ਦੀ ਪੈਦਾਵਾਰ ‘ਤੇ ਰੋਕ ਲੱਗਦੀ ਹੈ ਅਤੇ ਮਿੱਟੀ ਵਿੱਚ ਜੈਵਿਕ ਤੱਤਾਂ ਦੀ ਮਾਤਰਾ ਵੱਧਦੀ ਹੈ।

ਸਿੱਧੀ ਬਿਜਾਈ  ਦੇ ਦੋ ਮੁੱਖ ਤਰੀਕੇ

 

ਲੱਕੀ ਸੀਡ ਡਰਿੱਲ ਨਾਲ ਝੋਨੇ ਦੀ ਸਿੱਧੀ ਬਿਜਾਈ

  • ਝੋਨੇ ਦੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਆਖਰੀ ਹਫਤੇ ਤੱਕ ਹੋ ਸਕਦੀ ਹੈ।
  • ਸਿੱਧੀ ਬਿਜਾਈ ਲਈ ਝੋਨੇ ਦੀਆਂ ਘੱਟ ਸਮੇ ਵਾਲੀਆਂ ਕਿਸਮਾਂ ਨੂੰ  ਤਰਜੀਹ ਦਿਓ. ਜਿਵੇ PR 126,128,129 ਅਤੇ ਬਾਸਮਤੀ ਚ 1509,1121,1718 ਆਦਿ।
  • ਡਰਿਲ ਚ ਪਾੳਣ ਲਈ ਬੀਜ ਦੀ ਮਾਤਰਾ 8-10 ਕਿਲੋ ਹੈ ।
  • ਮਿੱਟੀ ਦੀ ਕਿਸਮ- ਭਾਰੀਆਂ ਅਤੇ ਦਰਮਿਆਨੀਆਂ ਚੀਕਣੀਆਂ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ
  • ਕਣਕ ਕੱਟਣ ਤੋਂ ਬਾਦ ਪਾਣੀ ਦੇਕੇ ਪਿਛਲੇ ਸਾਲ ਵਾਲਾ ਝੋਨਾ ਬੀਜ/ਨਦੀਨ ਉੱਗ ਜਾਣ ਦਿਓ ਤਾਂ ਕਿ ਰਲਾ ਨਾ ਆਵੇ । ਫਿਰ ਜ਼ਮੀਨ ਨੂੰ ਵਾਹ ਕੇ, ਧੁੱਪ ਲਗਵਾ ਕੇ ਲੇਜ਼ਰ ਲੈਵਲ ਕਰਕੇ  ਕਿਆਰੇ ਪਾਕੇ ਪਾਣੀ ਲਾਓ । ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉੱਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ । ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਈਨ ਤੋਂ ਲਾਈਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਆਓ ।
  • ਲੱਕੀ ਸੀਡ ਡਰਿੱਲ ਚ ਲੱਗੇ ਹੋਏ 200 ਲੀਟਰ  ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆ 1 ਲੀਟਰ ਸਟੌਂਪ ਅਤੇ 100 ਗ੍ਰਾਮ ਸਾਥੀ ਪ੍ਰਤੀ ਕਿੱਲਾ ਵਰਤਣੀਆ ਹਨ।
  • ਬੀਜ ਬੀਜਣ ਤੋਂ ਪਹਿਲਾਂ 8-10 ਘੰਟੇ ਦਵਾਈ (ਕਾਰਬੈਂਡਿਜ਼ਮ+ਸਟਰੈਪਟੋਸਾਕਈਲਿਨ) ਵਾਲੇ ਪਾਣੀ ਚ ਡਬਾਉਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ । 
  • ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ
  • ਖਾਦ ਚਾਰ ਕਿਸ਼ਤਾਂ ਚ 130 ਕਿਲੋ ਪਾਉਣੀ ਹੈ , ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ ।
 

DSR ਡਰਿਲ ਨਾਲ ਝੋਨੇ ਦੀ ਸਿੱਧੀ ਬਿਜਾਈ

DSR ਡਰਿਲ ਨਾਲ ਬਿਜਾਈ  ਦਾ ਤਰੀਕਾ ਉੱਪਰ ਦੱਸੇ ਹੋਏ ਤਰੀਕੇ ਵਾਂਗ ਹੀ ਹੈ ਫਰਕ ਸਿਰਫ ਇੰਨਾ ਹੀ ਹੈ ਕਿ ਇਸ ਪ੍ਰਕਿਰਿਆ ਵਿੱਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ.ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ ।

ਸਿੱਧੀ ਬਿਜਾਈ ਦੇ ਫਾਇਦੇ:

  • ਇਸ ਨਾਲ ਖੇਤ ਵਿੱਚ ਕੱਦੂ ਕਰਨ ਅਤੇ ਪਲੋਅ ਦੀ ਲੋੜ ਨਹੀਂ ਪੈਂਦੀ ਅਤੇ ਮਿੱਟੀ ਦੀ ਗੁਣਵੱਤਾ ਵੀ ਬਣੀ ਰਹਿੰਦੀ ਹੈ।
  • ਇਸ ਨਾਲ ਫਸਲ ਜਲਦੀ ਤਿਆਰ ਹੋਣ ਵਿੱਚ ਮਦਦ ਮਿਲਦੀ ਹੈ ਜਿਸ ਨਾਲ ਅਗਲੀਆਂ ਫਸਲਾਂ ਵਿੱਚ ਵੀ ਮਦਦ ਮਿਲਦੀ ਹੈ ਅਤੇ ਸਿੱਧੀ ਬਿਜਾਈ ਨਾਲ ਫਸਲ ਲਗਭਗ 10-15 ਦਿਨ ਪਹਿਲਾਂ ਤਿਆਰ ਹੋ ਜਾਂਦੀ ਹੈ।
  • ਇਸ ਨਾਲ ਪਾਣੀ ਦੀ 35-40% ਬੱਚਤ ਹੁੰਦੀ ਹੈ, ਲਾਗਤ 3000 ਰੁਪਏ ਪ੍ਰਤੀ ਹੈਕਟੇਅਰ ਘੱਟ ਜਾਂਦੀ ਹੈ ਅਤੇ ਝਾੜ 10% ਵੱਧ ਜਾਂਦਾ ਹੈ।
  • ਇਹ ਊਰਜਾ  ਬੀਜ, ਤੇਲ ਅਤੇ ਲੇਬਰ ਦੀ ਬੱਚਤ ਕਰਦਾ ਹੈ।
  • ਲੇਬਰ ਦੀ ਕਮੀ ਅਤੇ ਮਿਹਨਤ ਨੂੰ ਘਟਾਉਂਦਾ ਹੈ।

ਸਮੱਸਿਆਂਵਾਂ ਤੇ ਹੱਲ

ਫਸਲ ਨੂੰ ਜਰੂਰਤ ਪੈਣ ਤੇ ਕਿਸੇ ਵੀ ਕਮੀ ਦਾ ਹੱਲ ਸਪਰੇਅ ਦੁਆਰਾ ਕੀਤਾ ਜਾ ਸਕਦੀ ਹੈ । ਇਸ ਤੋ ਬਿਨਾਂ ਕਈ ਜੈਵਿਕ ਤਰੀਕੇ ਵੀ ਹਨ ਜਿਵੇ  ਜ਼ਮੀਨ ਦੀ ਉੱਲੀ, ਫਸਲ ਦੀ ਦੀ ਉੱਲੀ, ਰਸ ਚੂਸਕ ਕੀੜੇ ਅਤੇ ਗਰੋਥ ਲਈ ਵੇਸਟ ਡੀਕੰਪੋਜ਼ਰ, ਟਰਾਈਕੋਡਰਮਾ ਕਲਚਰ, ਸੂਡੋ , ਫਟਕੜੀ,ਹਿੰਗ,ਨਿੰਮ,ਗੁੜ ਜਲ ਅੰਮ੍ਰਿਤ,ਕਾਲਾ ਲੂਣ,  ਦਾ ਵਧੀਆ ਇਸਤੇਮਾਲ ਹੋ ਸਕਦਾ ਹੈ ਅਤੇ ਫਾਲਤੂ ਦੇ ਉੱਲੀਨਾਸ਼ਕ, ਕੀਟਨਾਸ਼ਕ ਜਹਿਰਾਂ ਅਤੇ ਗਰੋਥ ਪ੍ਰਮੋਟਰਾਂ ਦੀ ਮਹਿੰਗੀ ਵਰਤੋਂ ਤੋਂ ਬਚਿਆ ਜਾ ਸਕਦਾ ਹੈ ।

 

ਸਿੱਟਾ

ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿੱਖ ਲਿਆ ਉਸ ਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ ਅਤੇ ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ ਪਵੇਗੀ ।

ਆਪਣਾ ਪਾਣੀ ਅਤੇ ਸਾਧਨ ਬਚਾਉਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ ।

ਹਾਲੇ ਤੱਕ ਵੀ ਬਹੁਤ ਸਾਰੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਵਾਲੇ ਤਰੀਕੇ ਨੂੰ ਕੁੱਝ ਸ਼ੱਕ, ਜਾਣਕਾਰੀ ਵਿੱਚ ਕਮੀ ਅਤੇ ਪੁਰਾਣੀਆਂ ਧਾਰਨਾਵਾਂ ਕਾਰਨ ਨਹੀਂ ਅਪਣਾ ਰਹੇ। ਜੇਕਰ ਤੁਹਾਡੇ ਦਿਮਾਗ ਵਿੱਚ ਵੀ ਝੋਨੇ ਦੀ ਸਿੱਧੀ ਬਿਜਾਈ ਜਾਂ ਹੋਰ ਖੇਤੀ ਸੰਬੰਧੀ ਕੋਈ ਸਵਾਲ ਹੈ ਤਾਂ ਆਪਣੀ ਖੇਤੀ ਵੈੱਬਸਾਈਟ ‘ਤੇ ਲਾੱਗ-ਆੱਨ ਕਰੋ ਜਾਂ ਐਪ ਡਾਊਨਲੋਡ ਕਰੋ। ਆਪਣੀ ਖੇਤੀ ਦੇ ਪਲੇਟਫਾਰਮ ਰਾਹੀਂ ਤੁਸੀਂ ਤਜ਼ਰਬੇਕਾਰ ਅਤੇ ਪੜ੍ਹੇ-ਲਿਖੇ ਮਾਹਿਰਾਂ ਦੀ ਮਦਦ ਨਾਲ ਆਪਣੇ ਸਵਾਲਾਂ ਦੇ ਜਵਾਬ ਹਾਸਲ ਕਰ ਸਕਦੇ ਹੋ ਅਤੇ ਖੇਤੀਬਾੜੀ ਵਿੱਚ ਸਹੀ ਰਸਤੇ ਦੀ ਚੋਣ ਕਰ ਸਕਦੇ ਹੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ