ਕਣਕ, ਝੋਨੇ ਦੀ ਫ਼ਸਲ ਤੋਂ ਇਲਾਵਾ ਜਿਹੜੀ ਫ਼ਸਲ ਪਾਣੀ ਦੀ ਬੱਚਤ ਕਰੇ ਅਤੇ ਮਿੱਟੀ ਦੀ ਗੁਣਵੱਤਾ ਨੂੰ ਵਧਾਏ ਜਿਵੇਂ ਦਾਲਾਂ ਇਹਨਾਂ ਨੂੰ ਤਰਜੀਹ ਦੇਣ ਦੀ ਬਹੁਤ ਲੋੜ ਹੈ, ਜਾਣੋ ਇਸ ਬਲਾਗ ਦੇ ਜਰੀਏ ਕਿਵੇਂ ਕੀਤੀ ਜਾਂਦੀ ਹੈ ਦਾਲਾਂ ਦੀ ਖੇਤੀ।
ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਤੋਂ ਇਲਾਵਾ ਕਿਸਾਨਾਂ ਨੂੰ ਦਾਲਾਂ ਦੀ ਬਿਜਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਕਿਸਾਨ ਹਰ ਸਾਲ ਫਰਵਰੀ ਤੋਂ ਜੂਨ ਮਹੀਨਿਆਂ ਦਰਮਿਆਨ ਆਲੂ ਤੇ ਮਟਰ ਦੀ ਫ਼ਸਲ ਤੋਂ ਬਾਅਦ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਨੂੰ ਤਰਜੀਹ ਦੇ ਰਹੇ ਹਨ, ਜਿਸਦੇ ਵਿਚ ਪਾਣੀ ਦੀ ਵੀ ਬਹੁਤ ਖ਼ਪਤ ਹੁੰਦੀ ਹੈ। ਇਸ ਲਈ ਕਿਸਾਨਾਂ ਨੂੰ ਸਹੀ ਫ਼ਸਲ ਦੀ ਬਿਜਾਈ ਵੱਲ ਧਿਆਨ ਦੇਣ ਦੀ ਲੋੜ ਹੈ। ਜਿਸਦੇ ਨਾਲ ਆਮਦਨ ਅਤੇ ਮਿੱਟੀ ਦੀ ਗੁਣਵੱਤਾ ਦੋਨੋਂ ਵੱਧਣ। ਅਜਿਹੇ ਸਮੇਂ ਵਿੱਚ ਦਾਲਾਂ ਦੀ ਬਿਜਾਈ ਦਾ ਫ਼ੈਸਲਾ ਸਲਾਘਾਯੋਗ ਹੈ। ਇਹਨਾਂ ਫ਼ਸਲਾਂ ਦੀ ਖੇਤ ਵਿੱਚ ਬਿਜਾਈ ਅਤੇ ਖੇਤ ਦੀ ਤਿਆਰੀ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਹੇਠਾਂ ਵਿਸਥਾਰ ਪੂਰਵਕ ਦਿੱਤਾ ਗਿਆ ਹੈ:-
ਖੇਤ ਦੀ ਤਿਆਰੀ
ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਹਰ ਵਾਰ ਸੁਹਾਗਾ ਮਾਰ ਕੇ ਤਿਆਰ ਕਰੋ। ਖੇਤ ਪੱਧਰਾ ਅਤੇ ਘਾਹ-ਫੂਸ ਤੋਂ ਰਹਿਤ ਹੋਣਾ ਜ਼ਰੂਰੀ ਹੈ। ਕਣਕ ਦੀ ਵਾਢੀ ਉਪਰੰਤ ਗਰਮ ਰੁੱਤ ਦੀ ਮੂੰਗੀ ਖੇਤ ਨੂੰ ਵਾਹੇ ਬਿਨਾਂ ਬੀਜੀ ਜਾ ਸਕਦੀ ਹੈ। ਜੇਕਰ ਖੇਤ ਵਿੱਚ ਕਣਕ ਦਾ ਨਾੜ ਨਹੀਂ ਹੈ ਤਾਂ ਮੂੰਗੀ ਦੀ ਬਿਜਾਈ ਜ਼ੀਰੋ-ਟਿਲ ਡਰਿੱਲ ਨਾਲ ਕਰੋ। ਜੇਕਰ ਕਣਕ ਦੀ ਕਟਾਈ ਕੰਬਾਈਨ ਨਾਲ ਕੀਤੀ ਹੋਵੇ ਅਤੇ ਕਣਕ ਦਾ ਨਾੜ ਖੇਤ ਵਿੱਚ ਹੋਵੇ ਤਾਂ ਬਿਜਾਈ ਪੀਏਯੂ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ।
ਉੱਨਤ ਕਿਸਮਾਂ
ਗਰਮ ਰੁੱਤ ਦੀ ਮੂੰਗੀ ਅਤੇ ਮਾਂਹ ਦੀ ਬਿਜਾਈ ਲਈ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਹੀ ਚੋਣ ਕਰੋ।
ਮੂੰਗੀ:- ਮੂੰਗੀ ਦੀ ਐੱਸ ਐੱਮ ਐੱਲ-1827 ਕਿਸਮ ਪੱਕਣ ਲਈ 62 ਦਿਨ ਲੈਂਦੀ ਹੈ, ਇਸ ਦਾ ਝਾੜ 5 ਕੁਇੰਟਲ ਪ੍ਰਤੀ ਏਕੜ ਮਿਲਦਾ ਹੈ। ਇਸੇ ਤਰ੍ਹਾਂ ਬਿਜਾਈ ਲਈ ਟੀ ਐੱਨ ਬੀ-37 ਕਿਸਮ ਦੀ ਬਿਜਾਈ ਲਈ ਸਿਫ਼ਾਰਸ਼ ਕੀਤੀ ਗਈ ਹੈ। ਇਹ ਪੱਕਣ ਲਈ 60 ਦਿਨ ਲੈਂਦੀ ਹੈ ਤੇ ਝਾੜ 4.9 ਕੁਇੰਟਲ ਹੈ। ਮੂੰਗੀ ਦੀ ਐੱਸ ਐੱਮ ਐਲ-832 ਕਿਸਮ ਪੱਕਣ ਲਈ 61 ਦਿਨ ਲੈਂਦੀ ਹੈ, ਇਸ ਦਾ ਝਾੜ 4.6 ਕੁਇੰਟਲ ਪ੍ਰਤੀ ਏਕੜ ਹੈ। ਇਨ੍ਹਾਂ ਤਿੰਨਾਂ ਕਿਸਮਾਂ ਲਈ 12 ਕਿੱਲੋ ਬੀਜ ਪ੍ਰਤੀ ਏਕੜ ਵਰਤੋਂ। ਮੂੰਗੀ ਦੀ ਐੱਸ ਐੱਮ ਐੱਲ-668 ਕਿਸਮ ਪੱਕਣ ਲਈ 60 ਦਿਨ ਲੈਂਦੀ ਹੈ ਤੇ ਇਸ ਤੋਂ 4.5 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਹੁੰਦਾ ਹੈ। ਇਸ ਕਿਸਮ ਦੀ ਬਿਜਾਈ ਲਈ 15 ਕਿੱਲੋ ਬੀਜ ਪ੍ਰਤੀ ਏਕੜ ਵਰਤਣ ਦੀ ਲੋੜ ਪੈਂਦੀ ਹੈ। ਮੂੰਗੀ ਦੀਆਂ ਇਨ੍ਹਾਂ ਸਾਰੀਆਂ ਕਿਸਮਾਂ ਦੀ ਬਿਜਾਈ 20 ਮਾਰਚ ਤੋਂ 10 ਅਪ੍ਰੈਲ ਤਕ ਕਰ ਲੈਣੀ ਚਾਹੀਦੀ ਹੈ।
ਮਾਂਹ:- ਮਾਂਹ-1137 ਕਿਸਮ ਪੱਕਣ ਲਈ 74 ਦਿਨ ਲੈਂਦੀ ਹੈ। ਇਸ ਕਿਸਮ ਤੋਂ 4.5 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਹੁੰਦਾ ਹੈ ਜਦ ਕਿ ਮਾਂਹ-1008 ਕਿਸਮ 72 ਦਿਨ ’ਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਅਤੇ ਇਸ ਤੋਂ 4.2 ਕੁਇੰਟਲ ਝਾੜ ਪ੍ਰਾਪਤ ਹੁੰਦਾ ਹੈ। ਮਾਂਹ ਦੀ ਫ਼ਸਲ ਲਈ 20 ਕਿੱਲੋ ਬੀਜ ਪ੍ਰਤੀ ਏਕੜ ਵਰਤੋਂ ਅਤੇ ਬਿਜਾਈ 15 ਮਾਰਚ ਤੋਂ ਅਪ੍ਰੈਲ ਦੇ ਪਹਿਲੇ ਹਫ਼ਤੇ ਤੱਕ ਕਰ ਲੈਣੀ ਚਾਹੀਦੀ ਹੈ।
ਬੀਜ ਦੀ ਸੋਧ
ਬੀਜ ਨੂੰ ਜੀਵਾਣੂ ਖਾਦ ਦਾ ਟੀਕਾ ਲਗਾਉਣ ਨਾਲ ਝਾੜ ਵੱਧਦਾ ਹੈ। ਇੱਕ ਏਕੜ ਦੇ ਬੀਜ ਨੂੰ ਤਕਰੀਬਨ 300 ਮਿਲੀਲਿਟਰ ਪਾਣੀ ਨਾਲ ਗਿੱਲਾ ਕਰ ਕੇ ਬੀਜ ਨੂੰ ਜੀਵਾਣੂ ਖਾਦ ਦੇ ਟੀਕੇ ਦੇ ਇੱਕ ਪੈਕੇਟ (ਮੂੰਗੀ ਲਈ ਰਾਈਜ਼ੋਬੀਅਮ ਐੱਲ ਐੱਸ ਐੱਮ ਆਰ-1 ਅਤੇ ਰਾਈਜ਼ੋਬੈਕਟੀਰੀਅਮ ਆਰ ਬੀ-3 ਅਤੇ ਮਾਂਹ ਲਈ ਰਾਈਜ਼ੋਬੀਅਮ ਐੱਲ ਯੂ ਆਰ-6) ਚੰਗੀ ਤਰ੍ਹਾਂ ਰਲਾਉਣ ਤੋਂ ਬਾਅਦ ਬੀਜ ਨੂੰ ਛਾਵੇਂ ਸੁਕਾ ਲਵੋ। ਇੱਕ ਘੰਟੇ ਦੇ ਅੰਦਰ ਇਸ ਬੀਜ ਦੀ ਬਿਜਾਈ ਕਰੋ।
ਖਾਦਾਂ
ਮੂੰਗੀ ਦੀ ਬਿਜਾਈ ਸਮੇਂ ਪ੍ਰਤੀ ਏਕੜ 5 ਕਿੱਲੋ ਨਾਈਟ੍ਰੋਜਨ ਤੱਤ (11 ਕਿੱਲੋ ਯੂਰੀਆ) ਤੇ 16 ਕਿੱਲੋ ਫਾਸਫੋਰਸ ਤੱਤ (100 ਕਿੱਲੋ ਸਿੰਗਲ ਸੁਪਰਫਾਸਫੇਟ) ਡਰਿੱਲ ਕਰੋ। ਆਲੂ ਦੀ ਫ਼ਸਲ ਤੋਂ ਪਿੱਛੋਂ (ਝੋਨਾ/ਮੱਕੀ-ਆਲੂ-ਗਰਮ ਰੁੱਤ ਦੀ ਮੂੰਗੀ ਦੇ ਫ਼ਸਲੀ ਚੱਕਰ ’ਚ) ਗਰਮ ਰੁੱਤ ਦੀ ਮੂੰਗੀ ਨੂੰ ਕੋਈ ਖਾਦ ਪਾਉਣ ਦੀ ਲੋੜ ਨਹੀਂ। ਮਾਂਹ ਦੀ ਬਿਜਾਈ ਸਮੇਂ ਪ੍ਰਤੀ ਏਕੜ 5 ਕਿੱਲੋ ਨਾਈਟ੍ਰੋਜਨ ਤੱਤ ਅਤੇ 10 ਕਿੱਲੋ ਫਾਸਫੋਰਸ ਤੱਤ ਡਰਿੱਲ ਕਰੋ।
ਨਦੀਨਾਂ ਦੀ ਰੋਕਥਾਮ
ਨਦੀਨਾਂ ਦੀ ਰੋਕਥਾਮ ਲਈ ਇੱਕ ਜਾਂ ਦੋ ਗੋਡੀਆਂ ਕਰੋ। ਪਹਿਲੀ ਗੋਡੀ ਬਿਜਾਈ ਤੋਂ 4 ਹਫ਼ਤੇ ਬਾਅਦ ਅਤੇ ਦੂਜੀ ਗੋਡੀ, ਜੇ ਲੋੜ ਪਵੇ ਤਾਂ ਉਸ ਤੋਂ ਦੋ ਹਫ਼ਤੇ ਬਾਅਦ ਕਰੋ।
ਸਿੰਚਾਈ
ਮੌਸਮ ਤੇ ਜ਼ਮੀਨ ਦੀ ਪਾਣੀ ਸੰਭਾਲਣ ਦੀ ਸਮਰੱਥਾ ਅਨੁਸਾਰ ਫ਼ਸਲ ਨੂੰ 3 ਤੋਂ 5 ਪਾਣੀ ਲਗਾਓ। ਪਹਿਲਾ ਪਾਣੀ ਬਿਜਾਈ ਤੋਂ 25 ਦਿਨਾਂ ਬਾਅਦ ਲਗਾਓ। ਮੂੰਗੀ ਨੂੰ ਆਖ਼ਰੀ ਸਿੰਚਾਈ ਬਿਜਾਈ ਤੋਂ ਤਕਰੀਬਨ 55 ਅਤੇ ਮਾਂਹ ਨੂੰ 60 ਦਿਨਾਂ ਤੱਕ ਕਰੋ। ਇਸ ਨਾਲ ਝਾੜ ਵਧੇਗਾ ਤੇ ਫਲੀਆਂ ਇਕਸਾਰ ਪੱਕਣਗੀਆਂ। ਪਾਣੀ ਦੀ ਬੱਚਤ ਲਈ ਮੂੰਗੀ ਦੀ ਫ਼ਸਲ ਵਿੱਚ ਤੁਪਕਾ ਸਿੰਚਾਈ ਪ੍ਰਣਾਲੀ ਵਰਤੋ ਜਾਂ ਬੈੱਡਾਂ ਉੱਪਰ ਬਿਜਾਈ ਕਰੋ।
ਬਿਜਾਈ ਦਾ ਢੰਗ
ਮੂੰਗੀ ਦੀ ਬਿਜਾਈ ਲਈ ਸਿਆੜਾਂ ਵਿਚਕਾਰ ਫ਼ਾਸਲਾ 22.5 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 7 ਸੈਂਟੀਮੀਟਰ ਰੱਖੋ। ਬੀਜ ਡਰਿੱਲ, ਜ਼ੀਰੋ-ਟਿਲ ਡਰਿੱਲ ਜਾਂ ਹੈਪੀ ਸੀਡਰ ਨਾਲ 4 ਤੋਂ 6 ਸੈਂਟੀਮੀਟਰ ਡੂੰਘਾ ਬੀਜੋ। ਮਾਂਹ ਦੀ ਬਿਜਾਈ ਲਈ ਕਤਾਰਾਂ ਵਿਚਕਾਰ 22.5 ਸੈਂਟੀਮੀਟਰ ਤੇ ਬੂਟਿਆਂ ਦਰਮਿਆਨ 4-5 ਸੈਂਟੀਮੀਟਰ ਫ਼ਾਸਲਾ ਰੱਖੋ ਅਤੇ ਬੀਜ 4 ਤੋਂ 6 ਸੈਂਟੀਮੀਟਰ ਡੂੰਘਾ ਬੀਜੋ। ਬੀਜ ਡਰਿੱਲ, ਕੇਰੇ ਜਾਂ ਪੋਰੇ ਨਾਲ ਬੀਜਿਆ ਜਾ ਸਕਦਾ ਹੈ। ਦਰਮਿਆਨੀਆਂ ਤੇ ਭਾਰੀਆਂ ਜ਼ਮੀਨਾਂ ’ਤੇ ਮੂੰਗੀ ਦੀ ਬਿਜਾਈ ਕਣਕ ਲਈ ਵਰਤੇ ਜਾਂਦੇ ਬੈੱਡ ਪਲਾਂਟਰ ਨਾਲ 67.5 ਸੈਂਟੀਮੀਟਰ ਦੀ ਵਿੱਥ ’ਤੇ ਤਿਆਰ ਕੀਤੇ ਬੈੱਡਾਂ (37.5 ਸੈਂਟੀਮੀਟਰ ਬੈੱਡ ਤੇ 30 ਸੈਂਟੀਮੀਟਰ ਖਾਲ਼ੀ) ਉੱਤੇ ਕੀਤੀ ਜਾ ਸਕਦੀ ਹੈ।
ਕਟਾਈ
ਫ਼ਸਲ ਉਸ ਵੇਲੇ ਵੱਢ ਲਵੋ ਜਦੋਂ ਤਕਰੀਬਨ 80 ਫ਼ੀਸਦੀ ਫਲੀਆਂ ਪੱਕ ਜਾਣ। ਗਹਾਈ ਲਈ ਕਿੱਲੀਆਂ ਵਾਲਾ ਕਣਕ ਦਾ ਥਰੈਸ਼ਰ ਕੁਝ ਤਬਦੀਲੀਆਂ ਕਰ ਕੇ ਵਰਤਿਆ ਜਾ ਸਕਦਾ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ