dog-care-pa

ਕੁੱਤਿਆਂ ਨੂੰ ਵੀ ਗਰਮੀਆਂ ਵਿਚ ਠੰਡਾ ਵਾਤਾਵਰਣ ਦੇਣਾ ਬਹੁਤ ਜਰੂਰੀ – ਵੈਟਨਰੀ ਮਾਹਿਰ

ਗਰਮੀਆਂ ਦਾ ਮੌਸਮ ਕੁੱਤੇ ਅਤੇ ਉਸਦੇ ਪਾਲਕ ਲਈ ਇਕੱਠਿਆਂ ਬਾਹਰ ਵਕਤ ਬਿਤਾਉਣ ਜਾਂ ਕਸਰਤ ਕਰਨ ਲਈ ਬੜਾ ਢੁੱਕਵਾਂ ਹੈ ਪਰ ਇਥੇ ਇਸ ਗੱਲ ਦਾ ਖਿਆਲ ਰੱਖਣ ਦੀ ਲੋੜ ਹੈ ਕਿ ਜ਼ਿਆਦਾ ਗਰਮੀ ਵਿਚ ਕੁੱਤੇ ਦੇ ਤਾਪਮਾਨ ਨੂੰ ਸੰਤੁਲਿਤ ਰੱਖਣ ਦੀ ਲੋੜ ਪੈਂਦੀ ਹੈ।ਇਹ ਵਿਚਾਰ ਡਾ. ਚਰਨਜੀਤ ਸਿੰਘ ਰੰਧਾਵਾ, ਮੁਖੀ, ਵੈਟਨਰੀ ਮੈਡੀਸਨ ਵਿਭਾਗ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਗਰਮੀ ਦੇ ਵੱਧਦੇ ਪ੍ਰਭਾਵ ਵਿਚ ਕੁੱਤਿਆਂ ਨੂੰ ਸਿਹਤਮੰਦ ਰੱਖਣ ਲਈ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਇਸ ਮੌਸਮ ਵਿਚ ਗਰਮੀ ਦਾ ਦੌਰਾ ਪੈਣਾ ਜਾਂ ਪਾਣੀ ਦੀ ਕਮੀ ਹੋ ਸਕਦੀ ਹੈ। ਕਈ ਵਾਰ ਅਸੀਂ ਕੁੱਤਿਆਂ ਨੂੰ ਗਰਮ ਮੌਸਮ ਵਿਚ ਕਾਰ ਵਿਚ ਛੱਡ ਜਾਂਦੇ ਹਾਂ।ਕਾਰ ਦਾ ਤਾਪਮਾਨ ਬਹੁਤ ਤੇਜ਼ੀ ਨਾਲ ਵੱਧਣ ਲਗਦਾ ਹੈ ਅਤੇ ਭੱਠੀ ਵਾਂਗ ਹੋ ਜਾਂਦਾ ਹੈ।ਇਸ ਲਈ ਕੁੱਤੇ ਨੂੰ ਕਦੀ ਵੀ ਬੰਦ ਕਾਰ ਜਾਂ ਥੋੜ੍ਹੇ ਖੁੱਲੇ ਸ਼ੀਸ਼ਿਆਂ ਵਾਲੀ ਕਾਰ ਵਿਚ ਵੀ ਨਹੀਂ ਛੱਡਣਾ ਚਾਹੀਦਾ।

ਕੁੱਤੇ ਦਾ ਸਰੀਰਕ ਤਾਪਮਾਨ 100.5 ਡਿਗਰੀ ਤੋਂ 102.5 ਫਾਰਨਹੀਟ ਤੱਕ ਰਹਿੰਦਾ ਹੈ।ਇਸ ਤੋਂ ਵੱਧ ਤਾਪਮਾਨ ਗਰਮੀ ਦੇ ਦੌਰੇ ਵਿਚ ਤਬਦੀਲ ਹੋ ਜਾਂਦਾ ਹੈ।ਕੁੱਤਿਆਂ ਨੂੰ ਮਨੁੱਖਾਂ ਵਾਂਗ ਪਸੀਨਾ ਨਹੀਂ ਆਉਂਦਾ ਇਸ ਲਈ ਉਹ ਆਪਣਾ ਤਾਪਮਾਨ ਸਥਿਰ ਰੱਖਣ ਲਈ ਹੌਂਕਣਾ ਸ਼ੁਰੂ ਕਰ ਦਿੰਦੇ ਹਨ।ਜਦੋਂ ਕੁੱਤਾ ਵਧੇਰੇ ਮੂੰਹ ਖੋਲ ਕੇ ਅਤੇ ਤੇਜ਼ ਸਾਹ ਨਾਲ ਕਿਰਿਆ ਕਰ ਰਿਹਾ ਹੋਵੇ ਤਾਂ ਮਾਲਕ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਸਨੂੰ ਠੰਡਿਆਂ ਕਰਨ ਦੀ ਜਾਂ ਪਾਣੀ ਦੇਣ ਦੀ ਜ਼ਰੂਰਤ ਹੈ।ਜ਼ਿਆਦਾ ਬੁਖਾਰ ਹੋਣ ਦੀ ਸੂਰਤ ਵਿਚ ਕੁੱਤੇ ਦੇ ਅੰਗਾਂ ਨੂੰ ਪੱਕੇ ਤੌਰ ’ਤੇ ਨੁਕਸਾਨ ਹੋ ਸਕਦਾ ਹੈ ਅਤੇ ਮੌਤ ਵੀ ਹੋ ਸਕਦੀ ਹੈ।ਗੰਭੀਰ ਹਾਲਤ ਹੋਣ ਤੋਂ ਪਹਿਲਾਂ ਵੈਟਨਰੀ ਡਾਕਟਰ ਦਾ ਮਸ਼ਵਰਾ ਲੈਣਾ ਜ਼ਰੂਰੀ ਬਣ ਜਾਂਦਾ ਹੈ।

ਡਾ. ਰੰਧਾਵਾ ਨੇ ਸੁਝਾਅ ਦਿੱਤਾ ਕਿ ਕਾਰ ਵਿਚ ਕਦੇ ਵੀ ਕੁੱਤੇ ਨੂੰ ਨਾ ਛੱਡੋ।ਬਹੁਤ ਭੱਜ ਦੌੜ ਵਾਲੀ ਕਸਰਤ ਜ਼ਿਆਦਾ ਗਰਮੀ ਵਿਚ ਨਾ ਕਰਵਾਈ ਜਾਏ।ਕੋਸ਼ਿਸ਼ ਕੀਤੀ ਜਾਏ ਕਿ ਛਾਂ ਵਿਚ ਰੁੱਖ ਥੱਲੇ ਰਿਹਾ ਜਾਏ।ਠੰਡਾ ਤਾਜ਼ਾ ਪਾਣੀ ਹਰ ਵੇਲੇ ਕੁੱਤੇ ਦੇ ਕੋਲ ਹੋਣਾ ਚਾਹੀਦਾ ਹੈ।ਗਰਮੀ ਦਾ ਦੌਰਾ ਪੈਣ ’ਤੇ ਉਸਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।ਜੇ ਕੁੱਤਾ ਆਨੰਦ ਮਹਿਸੂਸ ਕਰਦਾ ਹੋਵੇ ਤਾਂ ਕਿਸੇ ਟੱਬ ਵਿਚ ਪਾਣੀ ਭਰ ਕੇ ਉਸ ਵਿਚ ਵੀ ਛੱਡਿਆ ਜਾ ਸਕਦਾ ਹੈ।

water-tub

ਮਾਲਕ ਕੋਸ਼ਿਸ਼ ਕਰਨ ਕਿ ਉਨ੍ਹਾਂ ਦਾ ਕੁੱਤਾ ਉਨ੍ਹਾਂ ਦੀ ਨਜ਼ਰ ਦੇ ਸਾਹਮਣੇ ਹੀ ਰਹੇ।ਇੰਝ ਗਰਮੀਆਂ ਵਿਚ ਅਸੀਂ ਆਪਣੇ ਕੁੱਤੇ  ਨੂੰ ਖੁਸ਼ੀ ਅਤੇ ਆਨੰਦ ਵਾਲਾ ਮਾਹੌਲ ਦੇ ਸਕਦੇ ਹਾਂ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ