Pumpkin Crop

ਕਿਵੇਂ ਕੀਤੀ ਜਾਏ ਕੱਦੂ ਜਾਤੀ ਦੀਆਂ ਫ਼ਸਲਾਂ ਵਿਚ ਕੀੜਿਆਂ ਦੀ ਰੋਕਥਾਮ

ਕੱਦੂ ਜਾਤੀ ਦੀਆਂ ਫ਼ਸਲਾਂ ਦੇ ਵਿੱਚ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਫ਼ਸਲ ਦੇ ਝਾੜ ਦਾ ਨੁਕਸਾਨ ਕਰਦੇ ਹਨ ਅਤੇ ਜੇਕਰ ਸਮੇਂ ਸਿਰ ਇਹਨਾਂ ਦਾ ਇਲਾਜ ਨਾ ਕੀਤਾ ਜਾਏ ਤਾਂ ਇਹ ਨੁਕਸਾਨ ਕਰ ਸਕਦੀਆਂ ਹਨ।

ਇਸ ਪ੍ਰਜਾਤੀ ਦੀ ਫ਼ਸਲ ਨੂੰ ਹੋਣ ਵਾਲੇ ਕੀਟ ਅਤੇ ਬਿਮਾਰੀਆਂ ਅਤੇ ਉਹਨਾਂ ਦੇ ਇਲਾਜ ਹੇਠਾਂ ਦਿੱਤੇ ਅਨੁਸਾਰ ਹੈ:-

1. ਕੱਦੂ ਦੀ ਲਾਲ ਭੂੰਡੀ: ਜਦੋਂ ਪੌਦੇ ਛੋਟੇ ਹੀ ਹੁੰਦੇ ਹਨ ਤਾਂ ਲਾਲ ਭੂੰਡੀ ਇਨ੍ਹਾਂ ‘ਤੇ ਹਮਲਾ ਕਰਦੀ ਹੈ। ਜ਼ਿਆਦਾ ਹਮਲਾ ਹੋਣ ‘ਤੇ ਫ਼ਸਲ ਬਿਲਕੁਲ ਤਬਾਹ ਹੋ ਜਾਂਦੀ ਹੈ। ਇਸ ਤੋਂ ਬਚਣ ਲਈ ਫ਼ਸਲ ਨਵੰਬਰ ਵਿੱਚ ਬੀਜਣੀ ਚਾਹੀਦੀ ਹੈ। ਭੂੰਡੀ ਦੇ ਹਮਲੇ ਸਮੇਂ 75-150 ਗ੍ਰਾਮ ਸੇਵਿਨ ਜਾਂ ਹੈਕਸਾਵਿਨ 50 ਘੁਲਣਸ਼ੀਲ (ਕਾਰਬਰਿਲ) ਨੂੰ 50-100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨਾਂ ਦੇ ਫ਼ਰਕ ‘ਤੇ ਛਿੜਕਾਓ ਜਾਂ ਉੱਗਣ ਤੋਂ ਤੁਰੰਤ ਬਾਅਦ ਇੱਕ ਵਾਰ 2.75 ਕਿੱਲੋ ਫਿਊਰਾਡਾਨ 3 ਜੀ (ਕਾਰਬੋਫੁਰਾਨ) ਪ੍ਰਤੀ ਏਕੜ ਦੇ ਹਿਸਾਬ ਨਾਲ 3-4 ਸੈਂਟੀਮੀਟਰ ਡੂੰਘੀ ਪੌਦਿਆਂ ਦੇ ਨੇੜੇ ਪਾਉਣ ਪਿੱਛੋਂ ਪਾਣੀ ਦਿਓ।

2. ਤੇਲਾ: ਇਸ ਦਾ ਹਮਲਾ ਫ਼ਰਵਰੀ ਤੋਂ ਮਾਰਚ ਤੱਕ ਹੁੰਦਾ ਹੈ। ਇਹ ਪੱਤਿਆਂ ਤੋਂ ਰਸ ਚੂਸ ਲੈਂਦੇ ਹਨ। ਤੇਲਾ ਕਈ ਵਿਸ਼ਾਣੂ ਰੋਗ ਫੈਲਾਉਂਦਾ ਹੈ। ਹਮਲਾ ਹੋਣਸਾਰ 250 ਮਿਲੀਲੀਟਰ ਮੈਲਾਥੀਆਨ 50 ਈ ਸੀ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ। ਲੋੜ ਪੈਣ ‘ਤੇ ਇਹ ਛਿੜਕਾਅ 10 ਦਿਨਾਂ ਬਾਅਦ ਦੁਹਰਾਓ।

3. ਲਾਲ ਮਕੌੜਾ ਜੂੰ: ਇਸ ਦਾ ਹਮਲਾ ਪੱਤਿਆਂ ‘ਤੇ ਹੁੰਦਾ ਹੈ ਅਤੇ ਬੂਟਿਆਂ ਦਾ ਰਸ ਚੂਸਦਾ ਹੈ। ਪੱਤਿਆਂ ‘ਤੇ ਜਾਲੇ ਬਣ ਜਾਂਦੇ ਹਨ ਅਤੇ ਪੱਤੇ ਸੁੱਕ ਕੇ ਝੜ ਜਾਂਦੇ ਹਨ। ਇਸ ਦੀ ਰੋਕਥਾਮ ਲਈ 200 ਮਿਲੀਲੀਟਰ ਰੋਗਰ 30 ਈ ਸੀ (ਡਾਈਮੈਥੋਏਟ) ਜਾਂ ਮੈਟਾਸਿਸਟਾਕਸ 25 ਈ ਸੀ (ਔਕਸੀਡੈਮੇਟੋਨ ਮੀਥਾਈਲ) ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

4. ਫ਼ਲ ਦੀ ਮੱਖੀ: ਇਹ ਨਰਮ ਫ਼ਲ ਵਿੱਚ ਮੋਰੀਆਂ ਕਰਕੇ ਉਸਨੂੰ ਖ਼ਰਾਬ ਕਰ ਦਿੰਦੀ ਹੈ। ਇਸ ਮੱਖੀ ਦਾ ਵਧੇਰੇ ਹਮਲਾ ਤਰ, ਕਾਲੀ ਤੋਰੀ, ਕਰੇਲਾ, ਘੀਆ ਕੱਦੂ, ਟੀਂਡਾ ਅਤੇ ਖਰਬੂਜ਼ੇ ‘ਤੇ ਹੁੰਦਾ ਹੈ। ਇਸ ਦੀ ਰੋਕਥਾਮ ਲਈ ਹਮਲੇ ਵਾਲੇ ਫ਼ਲ ਤੋੜ ਕੇ ਜ਼ਮੀਨ ਵਿੱਚ ਡੂੰਘੇ ਦਬਾਅ ਦਿਓ ਅਤੇ ਮੈਲਾਥੀਆਨ 0.05% + 1% ਗੁੜ ਜਾਂ ਖੰਡ ਦਾ ਘੋਲ (20 ਮਿਲੀਲੀਟਰ ਮੈਲਾਥੀਅਨ 50 ਈ ਸੀ ਤੇ 200 ਗ੍ਰਾਮ ਗੁੜ ਜਾਂ ਖੰਡ 20 ਲੀਟਰ ਪਾਣੀ ਵਿੱਚ) ਮਿਲਾ ਕੇ ਛਿੜਕਾਅ ਕਰੋ। ਜੇਕਰ ਇਸ ਦਾ ਹਮਲਾ ਵਧੇਰੇ ਹੋਵੇ ਤਾਂ ਇਹ ਛਿੜਕਾਅ ਹਫ਼ਤੇ-ਹਫ਼ਤੇ ਬਾਅਦ ਦੁਹਰਾਓ। ਇਹ ਹੀ ਛਿੜਕਾਅ ਮੱਕੀ ਦੇ ਬੂਟਿਆਂ ਉੱਪਰ, ਜੋ ਇਸ ਖੇਤ ਵਿੱਚ 8 ਤੋਂ 10 ਮੀਟਰ ਦੀ ਵਿੱਥ ਅਤੇ ਲਾਈਨਾਂ ਵਿੱਚ ਬੀਜੇ ਹੋਣ, ਕਰ ਦੇਣਾ ਚਾਹੀਦਾ ਹੈ ਕਿਉਂਕਿ ਇਹਨਾਂ ਮੱਖੀਆਂ ਨੂੰ ਅਜਿਹੇ ਉੱਚੇ ਪੌਦਿਆਂ ‘ਤੇ ਆਰਾਮ ਕਰਨ ਦੀ ਆਦਤ ਹੁੰਦੀ ਹੈ।

 

ਬਿਮਾਰੀਆਂ

1. ਚਿੱਟਾ ਰੋਗ: ਇਸ ਰੋਗ ਦੇ ਕਾਰਨ ਪੌਦੇ ਦੇ ਪੱਤਿਆਂ, ਤਣਿਆਂ ਅਤੇ ਪੌਦੇ ਦੇ ਗੁੱਦੇਦਾਰ ਹਿੱਸਿਆਂ ਉੱਤੇ ਚਿੱਟਾ ਅਤੇ ਵਰਗਾ ਧੂੜਾ ਦਿਸਦਾ ਹੈ। ਜਦੋਂ ਮੌਸਮ ਖੁਸ਼ਕ ਹੋਵੇ ਤਾਂ ਇਹ ਰੋਗ ਜ਼ਿਆਦਾ ਵੱਧਦਾ ਹੈ। ਸਿੱਟੇ ਵਜੋਂ ਫ਼ਲ ਮਾੜੇ ਅਤੇ ਫਿੱਕੇ ਹੁੰਦੇ ਹਨ। ਇਸ ਦੀ ਰੋਕਥਾਮ ਲਈ 50 ਤੋਂ 80 ਮਿਲੀਲੀਟਰ ਕੈਰਾਥੇਨ 25 ਈ ਸੀ ਦਾ ਛਿੜਕਾਅ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ ਅਤੇ ਹਰ 14 ਦਿਨਾਂ ਪਿੱਛੋਂ ਫਿਰ ਛਿੜਕਾਅ ਕਰ ਦਿਓ। ਪਹਿਲਾ ਛਿੜਕਾਅ ਬਿਮਾਰੀ ਜ਼ਾਹਰ ਹੋਣ ‘ਤੇ ਕਰੋ।

2. ਪੀਲੇ ਧੱਬਿਆਂ ਦਾ ਰੋਗ: ਇਸ ਦੇ ਹਮਲੇ ਕਾਰਨ ਸਭ ਤੋਂ ਪਹਿਲਾਂ ਪੱਤੇ ਦੇ ਹੇਠ ਪਾਣੀ ਭਿੱਜੇ ਧੱਬੇ ਦਿਖਾਈ ਦਿੰਦੇ ਹਨ। ਪੱਤੇ ਦੇ ਉੱਪਰੋਂ ਦੇਖਣ ਨਾਲ ਇਹ ਧੱਬੇ ਪੀਲੇ ਰੰਗ ਦੇ ਨਜ਼ਰ ਆਉਂਦੇ ਹਨ। ਪੱਤੇ ਦੇ ਹੇਠਾਂ ਸਲੇਟੀ ਰੰਗ ਦਾ ਮਾਦਾ ਪੈਦਾ ਹੋ ਜਾਂਦਾ ਹੈ। ਇਹ ਧੱਬੇ ਵਿਚਕਾਰੋਂ ਭੂਰੇ ਰੰਗ ਵਿੱਚ ਬਦਲ ਜਾਂਦੇ ਹਨ ਅਤੇ ਇੱਕ ਦੂਜੇ ਨਾਲ ਮਿਲ ਜਾਂਦੇ ਹਨ। ਪੱਤਾ ਉੱਪਰ ਵੱਲ ਮੁੜ ਜਾਂਦਾ ਹੈ। ਵੇਲਾਂ ਝੁਲਸੀਆਂ ਹੋਈਆਂ ਲੱਗਦੀਆਂ ਹਨ। ਇਸ ਦੀ ਰੋਕਥਾਮ ਲਈ:

  • ਫ਼ਸਲ ‘ਤੇ 300-600 ਗ੍ਰਾਮ ਇੰਡੋਫਿਲ ਐੱਮ-45/ਕਵੱਚ ਦਾ ਛਿੜਕਾਅ 100-200 ਲੀਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਫ਼ਸਲ ਦੇ ਵਾਧੇ ਮੁਤਾਬਿਕ ਕਰੋ। ਪਹਿਲਾ ਛਿੜਕਾਅ ਅਪ੍ਰੈਲ ਦੇ ਦੂਜੇ ਹਫ਼ਤੇ ਬਿਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਕਰੋ। ਇਸ ਤੋਂ ਬਾਅਦ ਹਫ਼ਤੇ-ਹਫ਼ਤੇ ਦੇ ਅੰਤਰ ‘ਤੇ ਛੇ ਛਿੜਕਾਅ ਕਰੋ। ਬਾਰਸ਼ ਹੋਣ ਤੋਂ ਤੁਰੰਤ ਬਾਅਦ ਛਿੜਕਾਅ ਕਰੋ। ਬਿਮਾਰੀ ਦੇ ਜ਼ਿਆਦਾ ਖ਼ਤਰੇ ਦੀ ਹਾਲਤ ਵਿੱਚ ਤੀਜਾ ਅਤੇ ਚੌਥਾ ਛਿੜਕਾਅ ਇੰਡੋਫਿਲ ਐੱਮ-45/ਕਵੱਚ ਦੀ ਬਜਾਏ ਰਿਡੋਮਿਲ ਐਮ ਜੈੱਡ 500 ਗ੍ਰਾਮ ਜਾਂ ਏਲੀਐਟ 600 ਗ੍ਰਾਮ ਪ੍ਰਤੀ ਏਕੜ 200 ਲੀਟਰ ਪਾਣੀ ਵਿੱਚ ਘੋਲ ਕੇ 10 ਦਿਨਾਂ ਦੇ ਅੰਤਰ ਨਾਲ ਕਰੋ। ਬਾਅਦ ਵਿੱਚ ਇੱਕ ਛਿੜਕਾਅ ਇੰਡੋਫਿਲ ਐਮ-45/ਕਵੱਚ ਦਾ 600 ਗ੍ਰਾਮ ਪ੍ਰਤੀ ਏਕੜ ਕਰੋ।
  • ਸਰਦੀਆਂ ਵਾਲੀਆਂ ਕੱਦੂ ਜਾਤੀ ਦੀਆਂ ਵੇਲਾਂ ਬਾਅਦ ਵਿੱਚ ਨਸ਼ਟ ਕਰ ਦਿਓ।
  • ਭਰਵੀਂ ਸਿੰਚਾਈ ਨਾ ਕਰੋ।

3. ਗਿੱਚੀ ਗਲਣੀ: ਜ਼ਮੀਨ ਦੀ ਪੱਧਰ ‘ਤੇ ਤਣੇ ਦੇ ਥੱਲਵੇਂ ਹਿੱਸੇ ਉੱਤੇ ਭੂਰੇ ਅਤੇ ਗਹਿਰੇ ਭੂਰੇ ਰੰਗ ਦੇ ਚਟਾਖ਼ ਪੈ ਜਾਂਦੇ ਹਨ। ਪੌਦਾ ਅੰਤ ਨੂੰ ਮਰ ਜਾਂਦਾ ਹੈ ਜਾਂ ਉਖੇੜਾ ਰੋਗ ਪੌਦੇ ਨੂੰ ਹੋ ਜਾਂਦਾ ਹੈ। ਇਸ ਦੀ ਰੋਕਥਾਮ ਲਈ ਇੱਕ ਕਿਲੋ ਬੀਜ ਨੂੰ 3 ਗ੍ਰਾਮ ਥੀਰਮ ਨਾਲ ਸੋਧ ਕੇ ਬੀਜੋ।

4. ਤਣਾ ਗਲਣਾ: ਪਾਣੀ ਭਰੇ ਧੱਬੇ ਤਣੇ ਦੇ ਦੁਆਲੇ ਹੋ ਜਾਂਦੇ ਹਨ ਅਤੇ ਹੇਠਾਂ ਅਤੇ ਉੱਪਰ ਵੱਲ ਵੱਧ ਕੇ ਤਣੇ ਨੂੰ ਗਾਲ ਦਿੰਦੇ ਹਨ। ਇਸ ਨਾਲ ਵੱਡੇ ਬੂਟੇ ਵੀ ਗਲ ਕੇ ਮਰ ਜਾਂਦੇ ਹਨ ਅਤੇ ਫ਼ਲ ਵੀ ਗਲ ਜਾਂਦਾ ਹੈ, ਜਿਸ ਤਰ੍ਹਾਂ ਗਿੱਚੀ ਗਲਣ ਰੋਗ ਵਿੱਚ ਦਿੱਤਾ ਗਿਆ ਹੈ। ਬੀਜ ਨੂੰ ਸੋਧ ਕੇ ਬੀਜੋ ਅਤੇ ਖੁੱਲ੍ਹਾ ਪਾਣੀ ਲਾਉਣ ਤੋਂ ਪ੍ਰਹੇਜ਼ ਕਰੋ।

5. ਝੁਲਸ ਰੋਗ: ਪੱਤਿਆਂ ਉੱਪਰ ਪੀਲੇ ਚਟਾਖ਼ ਦਿਸਦੇ ਹਨ ਜਿਹੜੇ ਗਹਿਰੇ ਭੂਰੇ ਹੋ ਕੇ ਫਿਰ ਕਾਲੇ ਪੈ ਜਾਂਦੇ ਹਨ। ਇਹ ਪੱਤਿਆਂ ਦੇ ਕੰਢਿਆਂ ਵੱਲੋਂ ਸ਼ੁਰੂ ਹੋ ਕੇ ਗੋਲ ਦਾਇਰੇ ਬਣਾਉਂਦੇ ਹਨ। ਜੇ ਬਿਮਾਰੀ ਦਾ ਹਮਲਾ ਬਹੁਤ ਹੋਵੇ ਤਾਂ ਫ਼ਸਲ ਸੜੀ ਹੋਈ ਲੱਗਦੀ ਹੈ। ਇਹ ਬਿਮਾਰੀ ਤਰਬੂਜ਼ ‘ਤੇ ਵਧੇਰੇ ਹੁੰਦੀ ਹੈ। ਇਸ ਬਿਮਾਰੀ ਨੂੰ ਰੋਕਣ ਲਈ 300 ਗ੍ਰਾਮ ਇੰਡੋਫਿਲ ਐਮ 45 ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਹਰ 10 ਤੋਂ 15 ਦਿਨਾਂ ਪਿੱਛੋਂ ਛਿੜਕੋ।

6. ਵਿਸ਼ਾਣੂ ਰੋਗ: ਪੱਤਿਆਂ ‘ਤੇ ਗੂੜੇ ਹਾਰੇ ਅਤੇ ਹਲਕੇ ਹਾਰੇ ਚਟਾਖ਼ ਪੈ ਜਾਂਦੇ ਹਨ, ਆਕਾਰ ਛੋਟਾ ਹੋ ਜਾਂਦਾ ਹੈ ਅਤੇ ਕਈ ਵਾਰ ਸੁੰਗੜ ਕੇ ਉਂਗਲੀਆਂ ਵਾਂਗ ਹੋ ਜਾਂਦੇ ਹਨ। ਫ਼ਲ ਬੇਢਵੇਂ ਅਤੇ ਘੱਟ ਲੱਗਦੇ ਹਨ। ਇਸ ਦੀ ਰੋਕਥਾਮ ਲਈ:

  • ਬਿਮਾਰੀ ਰਹਿਤ ਫ਼ਸਲ ਦਾ ਬੀਜ ਵਰਤਣਾ ਚਾਹੀਦਾ ਹੈ।
  • ਬਿਮਾਰ ਵੇਲਾਂ ਨੂੰ ਪੁੱਟ ਕੇ ਨਸ਼ਟ ਕਰ ਦਿਓ।
  • ਤੇਲੇ ਦੀ ਰੋਕਥਾਮ ਲਈ ਸਿਫ਼ਾਰਸ਼ ਕੀਤੀਆਂ ਦਵਾਈਆਂ ਦਾ ਛਿੜਕਾਅ ਕਰੋ।

7. ਜੜ੍ਹਾਂ ਵਿੱਚ ਗੰਢਾਂ ਪੈਣਾ: ਫ਼ਸਲ ਵਿਰਲੀ ਅਤੇ ਮਾੜੀ ਰਹਿੰਦੀ ਹੈ, ਪੱਤੇ ਪੀਲੇ ਅਤੇ ਛੋਟੇ ਰਹਿੰਦੇ ਹਨ। ਜੜ੍ਹਾਂ ਉੱਤੇ ਗੰਢਾਂ ਬਣ ਜਾਂਦੀਆਂ ਹਨ। ਹਮਲੇ ਵਾਲੀਆਂ ਵੇਲਾਂ ਛੇਤੀ ਮਰ ਜਾਂਦੀਆਂ ਹਨ ਅਤੇ ਦਿਨ ਵੇਲੇ ਛੇਤੀ ਮੁਰਝਾ ਜਾਂਦੀਆਂ ਹਨ। ਇਹ ਬਿਮਾਰੀ ਜ਼ਮੀਨ ਵਿੱਚੋਂ ਲੱਗਦੀ ਹੈ। ਇਸ ਬਿਮਾਰੀ ਤੋਂ ਬਚਾਅ ਲਈ-

  • ਜ਼ਮੀਨ ਨੂੰ ਮਈ-ਜੂਨ ਦੇ ਮਹੀਨੇ ਵਾਹ ਕੇ ਚੰਗੀ ਤਰ੍ਹਾਂ ਧੁੱਪ ਲੁਆਓ।
  • ਬਿਮਾਰੀ ਵਾਲੀਆਂ ਜ਼ਮੀਨਾਂ ਵਿੱਚ ਝੋਨਾ, ਜਵੀਂ, ਕਣਕ ਅਤੇ ਤਾਰਾ ਮੀਰੇ ਨੂੰ ਫ਼ਸਲੀ ਚੱਕਰ ਵਿੱਚ ਲਿਆਓ।

ਕੱਦੂ ਜਾਤੀ ਦੀ ਫ਼ਸਲ ਵਿਚ ਹੋਰ ਬਿਮਾਰੀਆਂ ਦੀ ਰੋਕਥਾਮ ਦੀ ਜਾਣਕਾਰੀ ਲੈਣ ਲਈ ਮਾਹਿਰਾਂ ਨਾਲ ਸੰਪਰਕ ਕਰਨ ਲਈ ਡਾਊਨਲੋਡ ਕਰੋ ਆਪਣੀ ਖੇਤੀ ਐੱਪ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ