Carrot farming

ਗਾਜਰ ਦੀ ਖੇਤੀ ਕਿਵੇਂ ਹੈ ਫਾਇਦੇਮੰਦ

ਗਾਜਰ ਦੀ ਵਰਤੋਂ ਸਲਾਦ ਅਤੇ ਸਬਜ਼ੀ ਦੋਵਾਂ ਢੰਗਾਂ ਨਾਲ ਕੀਤੀ ਜਾਂਦੀ ਹੈ। ਇਸ ਵਿਚ ਭਰਪੂਰ ਮਾਤਰਾ ‘ਚ ਐਟੀਂਆਕਸੀਡੈਂਟਸ ਤੇ ਖ਼ੁਰਾਕੀ ਤੱਤ ਹੁੰਦੇ ਹਨ। ਲਾਲ ਗਾਜਰ ਵਿਚ ‘ਲਾਈਕੋਪੀਨ’ ਅਤੇ ਕਾਲੀਆਂ ਗਾਜਰਾਂ ‘ਚ ‘ਐਂਥੋਸਾਇਨਿਨ’ ਨਾਂ ਦਾ ਤੱਤ ਹੁੰਦਾ ਹੈ, ਜੋ ਸ਼ਕਤੀਸ਼ਾਲੀ ਐਂਟੀਆਕਸੀਡੈਂਟਸ ਹਨ ਅਤੇ ਮਨੁੱਖ ਨੂੰ ਦਿਲ ਦੀਆਂ ਬਿਮਾਰੀਆਂ, ਮੋਟਾਪਾ, ਕੈਂਸਰ ਆਦਿ ਤੋਂ ਬਚਾਉਂਦੇ ਹਨ। ਕਾਲੀਆਂ ਗਾਜਰਾਂ ਵਿਚ ਲੋਹੇ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ, ਜੋ ਖ਼ੂਨ ਦੀ ਕਮੀ ਪੂਰੀ ਕਰ ਕੇ ਅਨੀਮੀਆ ਤੋਂ ਬਚਾਉਂਦੀ ਹੈ। ਇਸ ਤੋਂ ਇਲਾਵਾ ਕਾਲੀਆਂ ਗਾਜਰਾਂ ਤੋਂ ਕਾਂਜੀ ਬਣਾਈ ਜਾਂਦੀ ਹੈ ਜੋ ਪੇਟ ਦੀਆਂ ਬਿਮਾਰੀਆਂ ਨੂੰ ਠੀਕ ਕਰਦੀ ਹੈ।

ਜਲਵਾਯੂ ਤੇ ਮਿੱਟੀ

ਗਾਜਰਾਂ ਦੇ ਉੱਗਣ ਲਈ 7 ਤੋਂ 24 ਅਤੇ ਵਾਧੇ ਲਈ 18 ਤੋਂ 24 ਡਿਗਰੀ ਸੈਂਟੀਗਰੇਡ ਤਾਪਮਾਨ ਦੀ ਲੋੜ ਹੁੰਦੀ ਹੈ। ਗਾਜਰਾਂ ਦਾ ਵਧੀਆ ਰੰਗ 15 ਤੋਂ 20 ਡਿਗਰੀ ਸੈਂਟੀਗਰੇਡ ‘ਤੇ ਬਣਦਾ ਹੈ। ਜੇਕਰ ਤਾਪਮਾਨ 30 ਡਿਗਰੀ ਤੋਂ ਉੱਪਰ ਹੋ ਜਾਵੇ ਤਾਂ ਗਾਜਰਾਂ ‘ਚ ਕੁੜੱਤਣ ਪੈਦਾ ਹੋ ਜਾਂਦੀ ਹੈ ਤੇ ਜੜ੍ਹਾਂ ਸਖਤ ਹੋ ਜਾਂਦੀਆਂ ਹਨ। ਗਾਜਰਾਂ ਵਾਸਤੇ ਡੂੰਘੀ, ਨਰਮ, ਚੀਕਣੀ ਮੈਰਾ ਜ਼ਮੀਨ ਵਧੇਰੇ ਚੰਗੀ ਹੈ। ਭਾਰੀ ਜ਼ਮੀਨ ਜੜ੍ਹਾਂ ਦੇ ਵਾਧੇ ਨੂੰ ਰੋਕਦੀ ਹੈ ਤੇ ਜੜ੍ਹਾਂ ਨੂੰ ਦੁਸਾਂਗੜ ਬਣਾ ਦਿੰਦੀ ਹੈ। ਜਿਸ ਜ਼ਮੀਨ ਦੀ ਪੀਐੱਚ 6.5 ਹੋਵੇ, ਉਹ ਫ਼ਸਲ ਦੀ ਵਧੀਆ ਪੈਦਾਵਾਰ ਲਈ ਠੀਕ ਮੰਨੀ ਜਾਂਦੀ ਹੈ।

ਬਿਜਾਈ

ਗਾਜਰ ਦੀਆਂ ਦੇਸੀ ਕਿਸਮਾਂ ਦੀ ਬਿਜਾਈ ਲਈ ਸਤੰਬਰ ਮਹੀਨਾ ਢੁੱਕਵਾਂ ਹੈ। ਅੰਗਰੇਜ਼ੀ ਕਿਸਮਾਂ ਦੀ ਬਿਜਾਈ ਅਕਤੂਬਰ-ਨਵੰਬਰ ‘ਚ ਕੀਤੀ ਜਾਂਦੀ ਹੈ। ਬਿਜਾਈ ਲਈ 4-5 ਕਿੱਲੋ ਪ੍ਰਤੀ ਏਕੜ ਬੀਜ ਵਰਤੋ। ਕਤਾਰ ਤੋਂ ਕਤਾਰ ਦਾ ਫ਼ਾਸਲਾ 45 ਸੈਂਟੀਮੀਟਰ ਤੇ ਬੂਟਿਆਂ ਦਾ ਫਾਸਲਾ 7.5 ਸੈਂਟੀਮੀਟਰ ਰੱਖੋ। ਮਿਆਰੀ ਗਾਜਰ ਤਿਆਰ ਕਰਨ ਲਈ ਬੂਟਿਆਂ ਨੂੰ ਇੱਕ ਮਹੀਨੇ ਬਾਅਦ ਵਿਰਲੇ ਕਰ ਦੇਵੋ। ਵਪਾਰਕ ਪੱਧਰ ‘ਤੇ ਫ਼ਸਲ ਦੀ ਬਿਜਾਈ ਮਸ਼ੀਨ ਨਾਲ ਕਰੋ। ਇਹ ਮਸ਼ੀਨ 67.5 ਸੈਂਟੀਮੀਟਰ ਫ਼ਾਸਲੇ ‘ਤੇ ਇੱਕੋ ਵਾਰ 3 ਬੈੱਡ ਬਣਾ ਕੇ ਇੱਕ ਬੈੱਡ ‘ਤੇ 4 ਲਾਈਨਾਂ ‘ਚ ਗਾਜਰਾਂ ਦੀ ਬਿਜਾਈ ਕਰਦੀ ਹੈ।

ਖਾਦਾਂ

ਗਾਜਰਾਂ ਦੀ ਫ਼ਸਲ ਵਾਸਤੇ ਇੱਕ ਏਕੜ ਪਿੱਛੇ 15 ਟਨ ਗਲੀ ਸੜੀ ਰੂੜੀ ਪਾ ਕੇ ਚੰਗੀ ਤਰ੍ਹਾਂ ਮਿੱਟੀ ‘ਚ ਮਿਲਾ ਦੇਵੋ। ਇਸ ਤੋਂ ਇਲਾਵਾ 25 ਕਿੱਲੋ ਨਾਈਟਰੋਜਨ (55 ਕਿੱਲੋ ਯੂਰੀਆ), 12 ਕਿੱਲੋ ਫਾਸਫੋਰਸ (75 ਕਿੱਲੋ ਸੁਪਰਫਾਸਫੇਟ) ਤੇ 30 ਕਿੱਲੋ ਪੋਟਾਸ਼ (50 ਕਿੱਲੋ ਮਿਉਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਓ। ਗਾਜਰਾਂ ਦਾ ਵਧੀਆ ਰੰਗ ਬਣਾਉਣ ਲਈ ਪੋਟਾਸ਼ ਤੱਤ ਪਾਉਣਾ ਬੇਹੱਦ ਜ਼ਰੂਰੀ ਹੈ। ਸਾਰੀ ਖਾਦ ਬਿਜਾਈ ਸਮੇਂ ਪਾ ਦੇਵੋ।

ਪਾਣੀ

ਬਿਜਾਈ ਤੋਂ ਫੌਰਨ ਬਾਅਦ ਪਹਿਲਾ ਪਾਣੀ ਲਗਾਓ। ਗਾਜਰਾਂ ਦੀ ਫ਼ਸਲ ਨੂੰ ਵੱਧ ਤੋਂ ਵੱਧ 3-4 ਪਾਣੀਆਂ ਦੀ ਲੋੜ ਹੁੰਦੀ ਹੈ। ਫ਼ਸਲ ਨੂੰ ਜ਼ਿਆਦਾ ਪਾਣੀ ਦੇਣ ਤੋਂ ਸੰਕੋਚ ਕਰੋ ਨਹੀਂ ਤਾਂ ਗਾਜਰਾਂ ਦਾ ਆਕਾਰ ਵਿਗੜ ਜਾਂਦਾ ਹੈ। ਇਸ ਤੋਂ ਇਲਾਵਾ ਗਾਜਰਾਂ ਦਾ ਰੰਗ ਵੀ ਨਹੀਂ ਬਣਦਾ ਤੇ ਪੱਤੇ ਵੀ ਜ਼ਿਆਦਾ ਆ ਜਾਂਦੇ ਹਨ।

ਨਦੀਨਾਂ ਦੀ ਰੋਕਥਾਮ

ਗਾਜਰਾਂ ਦੀ ਫ਼ਸਲ ਸ਼ੁਰੂ ‘ਚ ਹੌਲੀ-ਹੌਲੀ ਵੱਧਦੀ ਹੈ, ਜਿਸ ਕਾਰਨ ਸ਼ੁਰੂ ਵਿਚ ਨਦੀਨਾਂ ਦੀ ਸਮੱਸਿਆ ਬਹੁਤ ਆ ਜਾਂਦੀ ਹੈ। ਨਦੀਨਾਂ ਦੀ ਰੋਕਥਾਮ ਲਈ ਫ਼ਸਲ ਦੀ ਸਮੇਂ ਸਿਰ ਗੋਡੀ ਕਰਦੇ ਰਹੋ ਤਾਂ ਕਿ ਉਸ ਵਿੱਚ ਹਵਾ ਦਾ ਸੰਚਾਰ ਹੁੰਦਾ ਰਹੇ। ਜੇਕਰ ਗਾਜਰ ਦਾ ਉਤਲਾ ਹਿੱਸਾ ਸੂਰਜ ਦੀ ਰੌਸ਼ਨੀ ਦੇ ਸੰਪਰਕ ‘ਚ ਆ ਜਾਂਦਾ ਹੈ ਤਾਂ ਉਹ ਹਰਾ ਹੋ ਜਾਂਦਾ ਹੈ ਅਤੇ ਗਾਜਰਾਂ ਦੀ ਕੁਆਲਿਟੀ ਖ਼ਰਾਬ ਹੋ ਜਾਂਦੀ ਹੈ। ਇਸ ਲਈ ਗਾਜਰਾਂ ਬਣਨ ਸਮੇਂ ਮਿੱਟੀ ਚੜਾਉਣੀ ਬਹੁਤ ਜ਼ਰੂਰੀ ਹੈ।

ਪੁਟਾਈ

ਕਿਸਮ ਅਨੁਸਾਰ ਗਾਜਰਾਂ 85 ਤੋਂ 100 ਦਿਨਾਂ ਵਿੱਚ ਪੁਟਾਈ ਦੇ ਯੋਗ ਹੋ ਜਾਂਦੀਆਂ ਹਨ। ਗਾਜਰਾਂ ਗੂੜ੍ਹੇ ਲਾਲ ਰੰਗ ਦੀਆਂ ਤੇ ਆਕਾਰ ਪੱਖੋਂ ਮੰਡੀਕਰਨ ਦੇ ਯੋਗ ਹੋਣ ਤਾਂ ਪੁੱਟੀਆਂ ਜਾ ਸਕਦੀਆਂ ਹਨ। ਲੇਬਰ ਨਾਲ ਪੁਟਾਈ ਤੇ ਚੁਗਾਈ ਦਾ ਖ਼ਰਚਾ ਜ਼ਿਆਦਾ ਹੁੰਦਾ ਹੈ, ਜਿਸ ਕਰਕੇ ਵੱਡੇ ਪੱਧਰ ‘ਤੇ ਗਾਜਰਾਂ ਦੀ ਪੁਟਾਈ ਮਸ਼ੀਨ ਨਾਲ ਕਰਨੀ ਚਾਹੀਦੀ ਹੈ। ਇਹ ਮਸ਼ੀਨ 67.5 ਸੈਂਟੀਮੀਟਰ ਦੀ ਵਿੱਥ ਉੱਪਰ ਵੱਟਾਂ ‘ਤੇ ਲੱਗੀਆਂ ਗਾਜਰਾਂ ਦੀ ਪੁਟਾਈ 0.62 ਏਕੜ ਪ੍ਰਤੀ ਘੰਟੇ ਵਿਚ ਕਰ ਸਕਦੀ ਹੈ।

ਦੁਸਾਂਗੜਾਂ ਨਿਕਲਣਾ

ਦੁਸਾਂਗੜਾਂ ਨਿਕਲਣ ਨਾਲ ਗਾਜਰਾਂ ਦੀ ਕੁਆਲਟੀ ਮਾੜੀ ਪੈ ਜਾਂਦੀ ਹੈ ਤੇ ਇਹ ਮੰਡੀਕਰਨ ਯੋਗ ਨਹੀਂ ਰਹਿੰਦੀਆਂ। ਤਾਜ਼ੀ ਰੂੜੀ ਪਾਉਣ ਕਰਕੇ ਭਾਰੀਆਂ ਜ਼ਮੀਨਾਂ ‘ਚ ਇਹ ਸਮੱਸਿਆ ਵਧੇਰੇ ਆਉਂਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਵਧੀਆ ਕਿਸਮ ਦੀ ਚੋਣ ਕਰੋ ਅਤੇ ਗਾਜਰ ਦੀ ਬਿਜਾਈ ਡੂੰਘੀ, ਨਰਮ ਤੇ ਰੇਤਲੀ ਮੈਰਾ ਜ਼ਮੀਨ ਵਿਚ ਹੀ ਕਰਨੀ ਚਾਹੀਦੀ ਹੈ।

ਪ੍ਰੋਸੈਸਿੰਗ

ਇੱਕ ਅਜਿਹੀ ਤਕਨੀਕ ਤਿਆਰ ਕੀਤੀ ਗਈ ਹੈ, ਜਿਸ ਅਨੁਸਾਰ ਮੌਸਮੀ ਗਾਜਰਾਂ ਤੇ ਆਂਵਲੇ ਦੇ ਸੁਮੇਲ ਤੋਂ ਖਮੀਰ ਨਾਲ ਤਿਆਰ ਕੀਤੀ ਬੈਵਰੇਜ (ਪੀਣਯੋਗ ਪਦਾਰਥ) ਬਣਾਇਆ ਜਾਂਦਾ ਹੈ। ਇਸ ਨੂੰ ਤਿਆਰ ਕਰਨ ਦੀ ਵਿਧੀ ਛੋਟੇ ਅਤੇ ਵੱਡੇ ਪੱਧਰ ‘ਤੇ ਹੋ ਸਕਦੀ ਹੈ। ਇਹ ਪੀਣਯੋਗ ਪਦਾਰਥ 3 ਮਹੀਨਿਆਂ ਤਕ ਰੱਖਿਆ ਜਾ ਸਕਦਾ ਹੈ ਅਤੇ ਇਸ ਵਿੱਚ ਖ਼ੁਰਾਕੀ ਤੱਤ ਵੀ ਪੂਰੇ ਰਹਿੰਦੇ ਹਨ। ਇਸ ਤਕਨੀਕ ਨਾਲ ਗਾਜਰਾਂ ਦੇ ਸੀਜ਼ਨ ਦੌਰਾਨ ਮੰਡੀ ਵਿੱਚ ਵਧੇਰੇ ਮਾਤਰਾ ‘ਚ ਆਈਆਂ ਗਾਜਰਾਂ ਨੂੰ ਪੀਣਯੋਗ ਪਦਾਰਥ ਵਜੋਂ ਵਰਤ ਕੇ ਉਤਪਾਦ ਦੀ ਸਹੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਖ਼ੁਰਾਕੀ ਤੱਤ ਵੀ ਲੰਬੇ ਸਮੇਂ ਤਕ ਪ੍ਰਾਪਤ ਕੀਤੇ ਜਾ ਸਕਦੇ ਹਨ। ਗਾਜਰਾਂ ਦੀ ਫ਼ਸਲ ਉੱਤੇ ਭਿਆਨਕ ਕੀੜੇ-ਮਕੌੜੇ ਤੇ ਬਿਮਾਰੀ ਦਾ ਹਮਲਾ ਨਹੀਂ ਹੁੰਦਾ ਅਤੇ ਖੇਤੀ ਰਸਾਇਣਾਂ ਤੋਂ ਬਗ਼ੈਰ ਇਸ ਦੀ ਪੈਦਾਵਾਰ ਕੀਤੀ ਜਾਂਦੀ ਹੈ।

ਗਾਜਰ ਦੀ ਖੇਤੀ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀ ਮਾਹਿਰਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਅਤੇ ਸੰਪਰਕ ਕਰਨ ਲਈ ਡਾਊਨਲੋਡ ਕਰੋ ਆਪਣੀ ਖੇਤੀ ਐੱਪ

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ