mustard farming pa

ਜਾਣੋ ਕਿਵੇਂ ਕੀਤੀ ਜਾਂਦੀ ਹੈ ਪਨੀਰੀ ਰਾਹੀਂ ਸਰੋਂ ਦੀ ਖੇਤੀ

ਸਰੋਂ ਪੰਜਾਬ ਦੀਆਂ ਮੁੱਖ ਤੇਲ ਬੀਜ ਫਸਲਾਂ ਵਿੱਚੋਂ ਇੱਕ ਹੈ। ਸਰੋਂ ਜਾਤੀ ਦੀਆਂ ਫ਼ਸਲਾਂ ਜਿਵੇਂ ਕਿ ਤੋਰੀਆ, ਗੋਭੀ ਸਰੋਂ ਅਤੇ ਤਾਰਾਮੀਰਾ ਨੂੰ ਵਪਾਰਕ ਆਧਾਰ ‘ਤੇ ਰੇਪਸੀਡ ਮੰਨਿਆ ਜਾਂਦਾ ਹੈ, ਜਦੋਂ ਕਿ ਰਾਇਆ ਅਤੇ ਅਫ਼ਰੀਕਨ ਸਰੋਂ ਨੂੰ ਮਸਟਰਡ ਵਿੱਚ ਗਿਣਿਆ ਜਾਂਦਾ ਹੈ। ਸਰੋਂ ਤੋਂ ਬਣੀ ਖਲ ਦੁਧਾਰੂ ਪਸ਼ੂਆਂ ਲਈ ਬਹੁਤ ਹੀ ਲਾਹੇਵੰਦ ਹੈ।ਸਰੋਂ ਇਕ ਤੇਲਬੀਜ ਫ਼ਸਲ ਹੈ ਇਸਦੀ ਬਿਜਾਈ ਕਈ ਢੰਗਾਂ ਨਾਲ ਕੀਤੀ ਜਾ ਸਕਦੀ ਹੈ ਜਾਣੋ ਇਸ ਬਲੌਗ ਦੇ ਜ਼ਰੀਏ ਕਿਹੜਾ ਢੰਗ ਦਏਗਾ ਵੱਧ ਮੁਨਾਫ਼ਾ।

ਖੇਤ ਦੀ ਤਿਆਰੀ

ਫ਼ਸਲ ਨੂੰ ਚੰਗੀ ਤਰ੍ਹਾਂ ਉਗਾਉਣ ਦੇ ਲਈ ਖੇਤ ਨੂੰ ਵਧੀਆ ਤਿਆਰ ਕਰਨਾ ਜ਼ਰੂਰੀ ਹੈ। ਖੇਤ ਨੂੰ 2-4 ਵਾਰ ਵਾਹੋ ਅਤੇ ਹਰ ਵਹਾਈ ਬਾਅਦ ਸੁਹਾਗਾ ਜ਼ਰੂਰ ਫੇਰੋ। ਬਰਾਨੀ ਇਲਾਕਿਆਂ ਵਿੱਚ ਖੇਤ ਨੂੰ ਇੱਕ ਤੋਂ ਦੋ ਵਾਰ ਦੇਸੀ ਹਲ ਨਾਲ ਵਾਹ ਕੇ ਹਰ ਵਾਰ ਸੁਹਾਗਾ ਫੇਰੋ। ਤੋਰੀਏ ਦੇ ਚੰਗੇ ਜੰਮ ਲਈ ਵੱਤਰ ਵਾਲੀ ਜ਼ਮੀਨ ਦੀ ਲੋੜ ਹੈ, ਪਰ ਬਹੁਤ ਜ਼ਿਆਦਾ ਗਿੱਲ ਵੀ ਤੋਰੀਏ ਦੇ ਜੰਮ ਲਈ ਚੰਗੀ ਨਹੀਂ ਹੈ।

ਪਨੀਰੀ ਰਾਹੀਂ ਗੋਭੀ ਸਰੋਂ ਅਤੇ ਅਫ਼ਰੀਕਨ ਸਰੋਂ ਦੀ ਕਾਸ਼ਤ

ਗੋਭੀ ਸਰੋਂ ਅਤੇ ਅਫ਼ਰੀਕਨ ਸਰੋਂ ਦੀ ਕਾਸ਼ਤ ਪਨੀਰੀ ਰਾਹੀਂ ਵੀ ਕਾਮਯਾਬੀ ਨਾਲ ਕੀਤੀ ਜਾ ਸਕਦੀ ਹੈ। ਜਿੱਥੇ ਬਿਜਾਈ ਪਛੇਤੀ (ਨਵੰਬਰ ਤੋਂ ਅੱਧ ਦਸੰਬਰ) ਕਰਨੀ ਹੋਵੇ ਤਾਂ ਇਸ ਤਰੀਕੇ ਨੂੰ ਪਹਿਲ ਦਿਉ। ਵਧੇਰੇ ਝਾੜ ਲੈਣ ਲਈ ਨਵੰਬਰ ਵਿੱਚ ਪਨੀਰੀ ਪੁੱਟ ਕੇ ਖੇਤ ਵਿੱਚ ਲਾ ਦਿਉ।

ਪਨੀਰੀ ਤਿਆਰ ਕਰਨਾ

ਪਨੀਰੀ ਪੁੱਟ ਕੇ ਖੇਤ ਵਿੱਚ ਲਾਉਣ ਤੋਂ 60 ਦਿਨ ਪਹਿਲਾਂ ਗੋਭੀ ਸਰੋਂ (ਜੀ ਐੱਸ ਐੱਲ 1) ਅਤੇ 30 ਦਿਨ ਪਹਿਲਾਂ ਕਨੋਲਾ ਗੋਭੀ ਸਰੋਂ ਅਤੇ ਅਫ਼ਰੀਕਨ ਸਰੋਂ ਦੀ ਪਨੀਰੀ ਬੀਜ ਦਿਉ। ਇੱਕ ਏਕੜ ਲਈ ਲਗਭਗ ਅੱਠ ਮਰਲੇ (200 ਵਰਗ ਮੀਟਰ) ਥਾਂ ਵਿੱਚ ਬੀਜੀ ਪਨੀਰੀ ਕਾਫ਼ੀ ਹੈ।

ਚੰਗੀ ਨਰੋਈ ਪਨੀਰੀ ਤਿਆਰ ਕਰਨ ਲਈ ਖੇਤ, ਜਿਸ ਵਿੱਚ ਕਾਫ਼ੀ ਸਿੱਲ੍ਹ ਹੋਵੇ, ਦੀ ਵਧੀਆ ਤਿਆਰੀ ਬਹੁਤ ਜ਼ਰੂਰੀ ਹੈ। 4.5 ਕਿਲੋ ਯੂਰੀਆ ਅਤੇ 4 ਕਿਲੋ ਸਿੰਗਲ ਸੁਪਰਫਾਸਫੇਟ ਆਖਰੀ ਵਾਹੀ ਸਮੇਂ ਪਾ ਦਿਉ ਅਤੇ ਜ਼ਮੀਨ ਪੱਧਰ ਕਰ ਲਵੋ। ਉਪਰੰਤ ਗੋਭੀ ਸਰੋਂ ਲਈ 400 ਗ੍ਰਾਮ ਅਤੇ ਅਫ਼ਰੀਕਨ ਸਰੋਂ ਲਈ 600 ਗ੍ਰਾਮ ਬੀਜ ਦਾ ਇੱਕਸਾਰ ਛਿੱਟਾ ਦਿਉ ਅਤੇ ਬੀਜ ਨੂੰ ਤੰਗਲੀ ਜਾਂ ਦੰਦਿਆਂ ਵਾਲੀ ਹੈਰੋ ਨਾਲ ਚੰਗੀ ਤਰ੍ਹਾਂ ਮਿਲਾ ਦਿਉ। ਬੀਜ ਉੱਗਣ ਤੋਂ 10 ਦਿਨਾਂ ਪਿੱਛੋਂ ਇੱਕ ਹਲਕਾ ਜਿਹਾ ਪਾਣੀ ਲਾ ਦਿਉ। ਇਸ ਤੋਂ ਪਿੱਛੋਂ ਇੱਕ ਜਾਂ ਦੋ ਪਾਣੀ ਲੋੜ ਅਨੁਸਾਰ ਦਿਉ।

ਧਿਆਨ ਦੇਣ ਯੋਗ ਗੱਲਾਂ:- ਫ਼ਾਸਫ਼ੋਰਸ ਲਈ ਸੁਪਰਫ਼ਾਸਫ਼ੇਟ ਖਾਦ ਨੂੰ ਪਹਿਲ ਦਿਉ ਜਿਸ ਵਿੱਚ ਫ਼ਾਸਫ਼ੋਰਸ ਦੇ ਨਾਲ-ਨਾਲ ਗੰਧਕ ਤੱਤ ਵੀ ਹੁੰਦਾ ਹੈ।

  • ਵੱਧ ਮੁਨਾਫ਼ੇ ਲਈ ਤੋਰੀਆ ਅਤੇ ਗੋਭੀ ਸਰੋਂ ਜਾਂ ਜਵੀ ਚਾਰੇ ਦੀ ਰਲਵੀਂ ਖੇਤੀ ਕਰੋ।
  • ਫੁੱਲ ਪੈਣ ਦੀ ਸ਼ੁਰੂਆਤੀ ਅਵਸਥਾ, ਫ਼ਲੀਆਂ ਬਣਨ ਅਤੇ ਦਾਣੇ ਬਣਨ ਸਮੇਂ ਸਿੰਚਾਈ ਦਾ ਖ਼ਾਸ ਖ਼ਿਆਲ ਰੱਖੋ।

ਗੋਭੀ ਸਰੋਂ ਅਤੇ ਅਫ਼ਰੀਕਨ ਸਰੋਂ ਦੀ ਪਨੀਰੀ ਪੁੱਟ ਕੇ ਲਾਉਣਾ

ਰਾਉਣੀ ਕਰਨ ਪਿੱਛੋਂ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰੋ। ਗੋਭੀ ਸਰੋਂ ਲਈ 45 ਸੈਂਟੀਮੀਟਰ ਅਤੇ ਅਫਰੀਕਨ ਸਰੋਂ ਲਈ 30 ਸੈਂਟੀਮੀਟਰ ਦੀ ਵਿੱਥ ‘ਤੇ ਸਿਆੜ ਕੱਢੋ ਅਤੇ ਪਨੀਰੀ ਦੇ ਬੂਟੇ 10 ਤੋਂ 15 ਸੈਂਟੀਮੀਟਰ ਦੀ ਵਿੱਥ ‘ਤੇ ਲਾਉਂਦੇ ਜਾਓ। ਇਸ ਪਿੱਛੋਂ ਸਿਆੜ ਭਰ ਦਿਓ ਅਤੇ ਤੁਰੰਤ ਪਾਣੀ ਦੇ ਦਿਉ।

ਬੈੱਡ ਪਲਾਂਟਿੰਗ

ਗੋਭੀ ਸਰੋਂ ਦੀ ਪਨੀਰੀ ਰਾਹੀਂ ਸਫ਼ਲ ਕਾਸ਼ਤ ਬੈੱਡਾਂ ਉੱਪਰ ਵੀ ਕੀਤੀ ਜਾ ਸਕਦੀ ਹੈ। ਇਸ ਤਰੀਕੇ ਨਾਲ 10-15% ਝਾੜ ਵਿੱਚ ਵਾਧਾ ਹੁੰਦਾ ਹੈ ਅਤੇ 20-25% ਸਿੰਚਾਈ ਵਾਲੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਖੇਤ ਤਿਆਰ ਕਰਨ ਤੋਂ ਬਾਅਦ ਪੂਰੀ ਫ਼ਾਸਫ਼ੋਰਸ ਅਤੇ ਅੱਧੀ ਨਾਈਟ੍ਰੋਜਨ ਦੀ ਖਾਦ ਦਾ ਛੱਟਾ ਆਖਰੀ ਵਾਹੀ ਤੋਂ ਪਹਿਲਾਂ ਦਿਓ। ਬੈੱਡਾਂ ਨੂੰ ਸਿਫ਼ਾਰਸ਼ ਕੀਤੇ ਗਏ ਕਣਕ ਬੈੱਡ ਪਲਾਂਟਰ ਨਾਲ ਬਣਾਉ। ਗੋਭੀ ਸਰੋਂ ਦੇ ਬੂਟਿਆਂ ਦੀਆਂ ਦੋ ਲਾਈਨਾਂ ਨੂੰ ਬੈੱਡ ਦੇ ਉੱਪਰ ਕਤਾਰ ਤੋਂ ਕਤਾਰ 30 ਸੈਂਟੀਮੀਟਰ ਅਤੇ ਬੂਟੇ ਤੋਂ ਬੂਟਾ 10 ਸੈਂਟੀਮੀਟਰ ਦੇ ਫ਼ਾਸਲੇ ਉੱਪਰ ਲਗਾਓ। ਪਨੀਰੀ ਲਾਉਣ ਤੋਂ ਇਕਦਮ ਬਾਅਦ ਖੇਤ ਨੂੰ ਪਾਣੀ ਲਾ ਦਿਓ। ਨਾਈਟ੍ਰੋਜਨ ਦੀ ਅੱਧੀ ਰਹਿੰਦੀ ਖਾਦ 3-4 ਹਫ਼ਤਿਆਂ ਬਾਅਦ ਪਹਿਲਾਂ ਪਾਣੀ ਲਾਉਣ ਤੋਂ ਬਾਅਦ ਪਾ ਦਿਓ ਅਤੇ ਬੈੱਡ ਪਲਾਂਟਰ ਦੇ ਪਿਛਲੇ ਪਾਸੇ ਲੱਗਿਆ ਤਖਤਾ (ਸ਼ੇਪਰ) ਹਟਾ ਕੇ ਪਲਾਂਟਰ ਨੂੰ ਖਾਲੀਆਂ ਵਿੱਚ ਫੇਰ ਕੇ ਇਨ੍ਹਾਂ ਨੂੰ ਸਹੀ ਆਕਾਰ ਦੇ ਦੇਵੋ।

ਸਿੰਚਾਈ

ਤੋਰੀਆ ਦੀ ਬਿਜਾਈ ਭਰਵੀਂ ਰਾਉਣੀ ਤੋਂ ਬਾਅਦ ਕੀਤੀ ਜਾਵੇ। ਤੋਰੀਆ ਨੂੰ ਜ਼ਰੂਰਤ ਅਨੁਸਾਰ ਫੁੱਲ ਪੈਣ ਸਮੇਂ ਇੱਕ ਸਿੰਚਾਈ ਕੀਤੀ ਜਾ ਸਕਦੀ ਹੈ। ਜੇ ਰਾਇਆ, ਗੋਭੀ ਸਰੋਂ ਅਤੇ ਅਫ਼ਰੀਕਨ ਸਰੋਂ ਦੀ ਬਿਜਾਈ ਭਾਰੀ ਰਾਉਣੀ (10-12 ਸੈਂਟੀਮੀਟਰ) ਤੋਂ ਬਾਅਦ ਕੀਤੀ ਗਈ ਹੋਵੇ ਤਾਂ ਪਹਿਲੀ ਸਿੰਚਾਈ ਤਿੰਨ ਤੋਂ ਚਾਰ ਹਫ਼ਤੇ ਬਾਅਦ ਕਰਨੀ ਚਾਹੀਦੀ ਹੈ। ਇਸ ਨਾਲ ਪੌਦਿਆਂ ਦੀਆਂ ਜੜ੍ਹਾਂ ਡੂੰਘੀਆਂ ਜਾਣਗੀਆਂ ਜੋ ਕਿ ਖਾਦ ਦੀ ਯੋਗ ਵਰਤੋਂ ਲਈ ਜ਼ਰੂਰੀ ਹਨ। ਰਾਇਆ ਅਤੇ ਅਫ਼ਰੀਕਨ ਸਰੋਂ ਦੀ ਫ਼ਸਲ ਨੂੰ ਜੇ ਜ਼ਰੂਰਤ ਹੋਵੇ ਤਾਂ ਦੂਸਰਾ ਪਾਣੀ ਫੁੱਲ ਪੈਣ ‘ਤੇ ਦਿਉ। ਜੇ ਕੋਰਾ ਪੈਣ ਦਾ ਡਰ ਹੋਵੇ ਤਾਂ ਦੂਸਰਾ ਪਾਣੀ ਪਹਿਲਾਂ ਵੀ ਦਿੱਤਾ ਜਾ ਸਕਦਾ ਹੈ। ਗੋਭੀ ਸਰੋਂ ਦੀ ਫ਼ਸਲ ਨੂੰ ਦੂਸਰਾ ਪਾਣੀ ਦਸੰਬਰ ਅਖੀਰ ਜਾਂ ਜਨਵਰੀ ਦੇ ਸ਼ੁਰੂ ਵਿੱਚ ਦਿਉ। ਤੀਜੀ ਅਤੇ ਆਖਰੀ ਸਿੰਚਾਈ ਫਰਵਰੀ ਦੇ ਦੂਜੇ ਪੰਦਰਵਾੜੇ ਵਿੱਚ ਦਿੱਤੀ ਜਾ ਸਕਦੀ ਹੈ। ਇਸ ਤੋਂ ਬਾਅਦ ਪਾਣੀ ਨਹੀਂ ਦੇਣਾ ਚਾਹੀਦਾ, ਕਿਉਂਕਿ ਫ਼ਸਲ ਦੇ ਡਿੱਗਣ ਦਾ ਡਰ ਰਹਿੰਦਾ ਹੈ।

ਇਹ ਸੀ ਸਰੋਂ ਦੀ ਖੇਤੀ ਬਾਰੇ ਖ਼ਾਸ ਜਾਣਕਾਰੀ ਜੇਕਰ ਤੁਸੀ ਮਾਹਿਰਾਂ ਤੋਂ ਸਰੋਂ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੁਣੇ ਡਾਊਨਲੋਡ ਕਰੋ ਆਪਣੀ ਖੇਤੀ ਐੱਪ

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ