ਕਿੰਨੂੰ ਦੀ ਕਟਾਈ ਛਟਾਈ ਕਾਰਨ ਦਾ ਸਹੀ ਤਰੀਕਾ

ਕਿੰਨੂ ਪੰਜਾਬ ਦਾ ਅਹਿਮ ਫ਼ਲ ਹੈ ਅਤੇ ਪੰਜਾਬ ਦੀ ਖੇਤੀ ਆਰਥਿਕਤਾ ਵਿੱਚ ਇਸ ਦਾ ਬਹੁਤ ਵੱਡਾ ਯੋਗਦਾਨ ਹੈ। ਪਰ ਕਿੰਨੂ ਦਾ ਝਾੜ ਅਤੇ ਗੁਣਵੱਤਾ ਤੂੜਾਈ ੳਪਰੰਤ ਸੁਚੱਜੀ ਕਾਂਟ-ਛਾਂਟ ‘ਤੇ ਨਿਰਭਰ ਕਰਦਾ ਹੈ। ਕਾਂਟ-ਛਾਂਟ ਦਾ ਮੁੱਖ ਮਕਸਦ ਬੂਟੇ ਨੂੰ ਹਵਾਦਾਰ ਅਤੇ ਰੋਸ਼ਨੀਦਾਰ ਬਣਾੳਣਾ ਹੈ। ਇਸ ਵਿੱਚ ਅਗਲੇ ਸਾਲ਼ ਫ਼ਲ ਦੇਣ ਵਾਲੀਆਂ ਕੁੱਝ ਟਾਹਣੀਆਂ ਅਤੇ ਬੇਲੋੜੀਆਂ ਟਾਹਣੀਆਂ ਕੱਟੀਆਂ ਜਾਂਦੀਆ ਹਨ।

ਕਾਂਟ-ਛਾਂਟ ਦੀ ਲੋੜ:- ਕਿੰਨੂ ਤੋਂ ਸਾਲ ਦਰ ਸਾਲ ਚੰਗਾ ਝਾੜ ਅਤੇ ਗੁਣਵੱਤਾ ਵਾਲਾ ਫ਼ਲ ਲੈਣ ਲਈ ਕਾਂਟ-ਛਾਂਟ ਬਹੁਤ ਜ਼ਰੂਰੀ ਹੈ। ਕਿੰਨੂ ਵਿੱਚ ਦੋ ਮੁੱਖ ਫੁਟਾਰੇ ਆੳਂਦੇ ਹਨ। ਇਹ ਫੁਟਾਰੇ ਬਹਾਰ (ਫਰਵਰੀ-ਮਾਰਚ) ਅਤੇ ਬਰਸਾਤੀ (ਜੁਲਾਈ-ਅਗਸਤ) ਰੁੱਤ ਵਿੱਚ ਆੳਂਦੇ ਹਨ। ਮੌਸਮ ਅਨੁਕੂਲ ਰਹਿਣ ਤੇ ਫੁਟਾਰਾ ਤਿੰਨ ਤੋਂ ਚਾਰ ਵਾਰ ਵੀ ਆ ਸਕਦਾ ਹੈ। ਕਾਂਟ-ਛਾਂਟ ਨਾ ਕਰਨ ਤੇ ਬੂਟੇ ਬਹੁਤ ਸੰਘਣੇ ਹੋ ਜਾਂਦੇ ਹਨ ਜਿਸ ਕਾਰਨ ਧੁੱਪ ਅਤੇ ਹਵਾ ਅੰਦਰ ਤੱਕ ਨਹੀਂ ਪਹੁੰਚ ਪਾਉਂਦੀ। ਇਸ ਕਾਰਨ ਬੂਟੇ ਦੀ ਅੰਦਰਲੀ ਛੱਤਰੀ ਵਿੱਚ ਫ਼ਲ ਨਹੀਂ ਲੱਗਦਾ।

ਫ਼ਲ ਦਾ ਝਾੜ ਬਹੁਤ ਘੱਟ ਜਾਂਦਾ ਹੈ ਅਤੇ ਇਸ ਦੀ ਗੁਣਵੱਤਾ ਵੀ ਪ੍ਰਭਾਵਿਤ ਹੂੰਦੀ ਹੈ। ਛੱਤਰੀ ਦੇ ਬਾਹਰਲੇ ਫ਼ਲ ਹਨੇਰੀ ਝੱਖੜ ਅਤੇ ਗਰਮੀ ਨਾਲ ਨੁਕਸਾਨੇ ਜਾਂਦੇ ਹਨ। ਇਸ ਕਾਰਨ ਕਿੰਨੂ ਵਿੱਚ ਹਰ ਸਾਲ ਕਾਂਟ-ਛਾਂਟ ਦੀ ਲੋੜ ਪੈਂਦੀ ਹੈ। ਕਾਂਟ-ਛਾਂਟ ਨਾਲ ਕੀੜੇ ਅਤੇ ਬਿਮਾਰੀਆਂ ਦੇ ਵਾਧੇ ‘ਤੇ ਵੀ ਠੱਲ੍ਹ ਪੈਂਦੀ ਹੈ।

ਕਾਂਟ-ਛਾਂਟ ਦਾ ਸਹੀ ਸਮਾਂ:- ਸਰਦੀ ਦਾ ਅੰਤ ਜਾਂ ਬਹਾਰ ਦੀ ਸ਼ੁਰੂਆਤ ਕਿੰਨੂ ਦੇ ਬੂਟਿਆਂ ਦੀ ਕਾਂਟ-ਛਾਂਟ ਕਰਨ ਦਾ ਸਭ ਤੋਂ ਢੁੱਕਵਾਂ ਸਮਾਂ ਹੈ। ਕਿੰਨੂ ਦੇ ਬੂਟਿਆਂ ਦੀ ਕਾਂਟ-ਛਾਂਟ ਤੇਜ਼ ਵਾਧੇ ਸਮੇਂ ਨਹੀਂ ਕਰਨੀ ਚਾਹੀਦੀ।

ਕਾਂਟ-ਛਾਂਟ ਦਾ ਢੰਗ ਅਤੇ ਤਰੀਕਾ:- 1-2 ਸਾਲ ਦੇ ਛੋਟੇ ਬੂਟਿਆਂ ਵਿੱਚ ਜੜ-ਮੁੱਢ ਤੋਂ ਨਿਕਲਣ ਵਾਲੇ ਫੁਟਾਰੇ ਨੂੰ ਲਗਾਤਾਰ ਤੋੜਦੇ ਜਾਂ ਕੱਟਦੇ ਰਹੋ। 3-4 ਸਾਲ ਦੇ ਬੂਟਿਆਂ ਵਿੱਚ ਤਿਕੋਨੀਆਂ, ਸਿੱਧੀਆਂ ਅਤੇ ਕੰਡੇਦਾਰ ਅਤੇ ਜ਼ਮੀਨ ਨੂੰ ਛੂੰਹਦੀਆਂ ਟਾਹਣੀਆਂ ਦੀ ਕਟਾਈ ਜ਼ਰੂਰ ਕਰ ਦੇਣੀ ਚਾਹੀਦੀ ਹੈ। ਕਈ ਬਾਗਬਾਨ ਕਿੰਨੂ ਦੀਆਂ ਬਹੁਤ ਜ਼ਿਆਦਾ ਟਾਹਣੀਆਂ (ਗੁੱਲੇ) ਕੱਟਦੇ ਹਨ ਪਰ ਇਸ ਦੇ ਨਾਲ ਬੂਟਿਆਂ ਦੀ ਬਣਾਈ ਹੋਈ ਸਿਹਤ ਵਿਗੜ ਜਾਂਦੀ ਹੈ ਤੇ ਬਹੁਤ ਸਾਰੇ ਗੁੱਲੇ ਬਣ ਜਾਂਦੇ ਹਨ। ਇਸ ਲਈ ਉਹੀ ਟਾਹਣੀ ਕੱਟੀ ਜਾਵੇ ਜੋ ਬੂਟੇ ਦੇ ਆਕਾਰ ਤੋਂ ਬਾਹਰ ਜਾਂਦੀ ਹੈ ਜਾਂ ਅਸਲੀ ਟਾਹਣੀਆਂ ਵਿੱਚੋਂ ਨਿਕਲ ਕੇ ਖੁਰਾਕ ਖਿੱਚਦੀ ਹੈ।

ਪੰਜ ਸਾਲ ਦੇ ਬੂਟੇ ਫ਼ਲ ਦੇਣਾ ਸ਼ੁਰੂ ਕਰ ਦਿੰਦੇ ਹਨ ਅਤੇ ਜਿਸ ਵਿੱਚ ਹਰ ਸਾਲ ਵਾਧਾ ਹੁੰਦਾ ਰਹਿੰਦਾ ਹੈ। ਫ਼ਲ ਹਮੇਸ਼ਾ ਇੱਕ ਸਾਲਾਂ ਟਾਹਣੀਆਂ ਉੱਤੇ ਲੱਗਦਾ ਹੈ। ਇਸ ਕਾਰਨ 5-10 ਸਾਲ ਦੇ ਬੂਟਿਆਂ ਵਿੱਚੋਂ ਬਰੀਕ ਸੋਕ, ਬਿਮਾਰ ਅਤੇ ਬੇਲੋੜੀਆਂ ਟਾਹਣੀਆਂ ਹੀ ਕੱਟੋ। ਬਿਮਾਰ ਅਤੇ ਸੁੱਕੀਆਂ ਟਾਹਣੀਆਂ ਦੇ ਕੱਟਣ ਨਾਲ ਕੈਂਕਰ ਰੋਗ ਅਤੇ ਫ਼ਲ ਦੇ ਕੇਰੇ ਤੇ ਠੱਲ ਪੈਂਦੀ ਹੈ। 10 ਸਾਲ ਦੇ ਬੂਟਿਆਂ ਵਿੱਚ ਛੱਤਰੀ ਦਾ ਪੂਰਾ ਵਿਕਾਸ ਹੋ ਚੁੱਕਾ ਹੁੰਦਾ ਹੈ। ਇਹਨਾਂ ਬੂਟਿਆਂ ਵਿੱਚੋਂ 10-15% ਹੋਰ ਇੱਕ ਸਾਲ ਟਾਹਣੀਆਂ ਵੀ ਕੱਟੋ। ਇਸ ਦੇ ਨਾਲ ਬੂਟੇ ਦੀ ਛੱਤਰੀ ਅੰਦਰ ਹਵਾ, ਧੁੱਪ ਜਾਣ ਦਾ ਪ੍ਰਬੰਧ ਰਹਿੰਦਾ ਹੈ ਅਤੇ ਬੂਟੇ ਦੀ ਛੱਤਰੀ ਦੇ ਅੰਦਰ ਵਾਲੀਆਂ ਟਾਹਣੀਆਂ ‘ਤੇ ਵੀ ਫ਼ਲ ਆੳਂਦਾ ਹੈ। 20-25 ਸਾਲ ਦੇ ਵੱਡੇ ਅਤੇ ਸੰਘਣੇ ਬਾਗਾਂ ਵਿੱਚ ਕੁਦਰਤੀ ਕਾਂਟ-ਛਾਂਟ ਤੋਂ ਇਲਾਵਾ ਧੁੱਪ ਵਾਲੇ ਪਾਸੇ ਤੋਂ 1-2 ਵੱਡੀਆਂ ਟਹਿਣੀਆਂ ਕੱਟ ਕੇ ਰੋਸ਼ਨਦਾਨ ਬਣਾਏ ਜਾ ਸਕਦੇ ਹਨ।

ਵਧੇਰੇ ਸੰਘਣਤਾ ਵਾਲੇ (20’×10′) ਬਾਗਾਂ ਵਿੱਚ ਕਟਾਈ ਦਾ ਪੱਧਰ ਜ਼ਿਆਦਾ ਰੱਖੋ। ਇਹਨਾਂ ਬਾਗਾਂ ਵਿੱਚ ਬੂਟੇ 10 ਸਾਲ ਤੋਂ ਬਾਅਦ ਆਪਸ ਵਿੱਚ ਮਿਲ ਜਾਂਦੇ ਹਨ ਜਿਸ ਕਾਰਨ ਕੀੜੇ ਅਤੇ ਬਿਮਾਰੀਆਂ ਦਾ ਵੀ ਵਾਧਾ ਹੁੰਦਾ ਹੈ। ਅਜਿਹੇ ਬਾਗਾਂ ਵਿੱਚੋਂ ਕੁਦਰਤੀ ਕਾਂਟ-ਛਾਂਟ ਤੋਂ ਇਲਾਵਾ ਬੂਟੇ ਦੀਆਂ ਫਸਵੀਆਂ ਟਹਿਣੀਆਂ ਦੀ ਛੰਗਾਈ 1-1.5 ਫੁੱਟ ਲ਼ੰਬਾਈ ਤੱਕ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਬੂਟੇ ਦੇ ਅੰਦਰ ਹਵਾ ਅਤੇ ਧੁੱਪ ਪਹੁੰਚ ਜਾਂਦੀ ਹੈ ਅਤੇ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਵੀ ਘੱਟਦਾ ਹੈ। ਪਰ ਇਸ ਵਿਧੀ ਦੇ ਨਾਲ ਕਟਾਈ ਤੋਂ ਅਗਲੇ ਸਾਲ ਕੱਟ ਵਾਲੇ ਹਰ ਸਿਰੇ ਤੋਂ ਬਹੁਤ ਜ਼ਿਆਦਾ ਟਾਹਣੀਆਂ ਨਿਕਲਦੀਆਂ ਹਨ ਜਿਹਨਾਂ ਵਿੱਚੋਂ, ਸਹੀ ਟਾਹਣੀ ਨੂੰ ਛੱਡ ਕੇ ਬਾਕੀ ਮੁੱਢੋਂ ਹੀ ਕੱਟ ਦੇਣੀਆਂ ਚਾਹੀਦੀਆਂ ਹਨ।

ਕਈ ਵਾਰ ਇੱਕ ਸਾਲ ਵਿੱਚ ਬਹੁਤ ਜ਼ਿਆਦਾ ਫ਼ਲ ਲਗਦਾ ਹੈ ਜਿਸ ਕਾਰਨ ਅਗਲੇ ਸਾਲ ਘੱਟ ਝਾੜ ਰਹਿਂਦਾ ਹੈ। ਇਸ ਚੱਕਰ ਨੂੰ ਤੋੜਨ ਲਈ ਘੱਟ ਝਾੜ ਵਾਲੇ ਸਾਲ ਵਿੱਚ ਕਟਾਈ ਜ਼ਿਆਦਾ ਕੀਤੀ ਜਾਵੇ ਤਾਂ ਕਿ ਅਗਲੇ ਸਾਲ ਫ਼ਲ ਬਹੁਤ ਜ਼ਿਆਦਾ ਦੀ ਬਜਾਏ ਸੰਤੁਲਿਤ ਮਾਤਰਾ ਵਿੱਚ ਆਏ।

ਕਟਾਈ ਦੇ ਢੰਗ ਦੇ ਨਾਲ-ਨਾਲ, ਇਸ ਲਈ ਵਰਤੇ ਜਾਣ ਵਾਲੇ ਔਜ਼ਾਰਾਂ ਦੀ ਚੋਣ ਵੀ ਬਹੁਤ ਜ਼ਰੂਰੀ ਹੈ। ਇੱਕ ਇੰਚ ਤੱਕ ਦੀਆਂ ਮੋਟੀਆਂ ਟਾਹਣੀਆਂ ਛੋਟੀ ਕੈਂਚੀ ਰਾਹੀਂ, 1-2 ਇੰਚ ਮੋਟਾਈ ਦੀਆਂ ਟਾਹਣੀਆਂ ਹੈਂਡਲ ਵਾਲੀ ਵੱਡੀ ਕੈਂਚੀ ਰਾਹੀਂ ਅਤੇ ਇਸ ਤੋਂ ਵੱਧ ਮੋਟਾਈ ਦੀਆਂ ਟਾਹਣੀਆਂ ਆਰੀ ਰਾਹੀਂ ਕੱਟੀਆਂ ਜਾ ਸਕਦੀਆਂ ਹਨ। ਸੰਘਣੇ ਅਤੇ ਵੱਡੇ ਬਾਗਾਂ ਵਿਚ ਕਟਾਈ ਕਾਂਤ-ਛਾਂਟ ਮਸ਼ੀਨ ਰਾਹੀਂ ਵੀ ਕੀਤੀ ਜਾ ਸਕਦੀ ਹੈ।

ਤੁਸੀ ਜਾਣਿਆ ਕਿਵੇਂ ਕਰੀਏ ਕਿੰਨੂ ਦੀ ਸਹੀ ਸਮੇਂ ਕਾਂਟ-ਛਾਂਟ ਜੇਕਰ ਤੁਹਾਡਾ ਇਸ ਤੋਂ ਇਲਾਵਾ ਕੋਈ ਹੋਰ ਸਵਾਲ ਹੈ ਜਾਂ ਤੁਸੀਂ ਮਾਹਿਰਾਂ ਦੀ ਹੋਰ ਕੋਈ ਰਾਏ ਲੈਣਾ ਚਾਹੁੰਦੇ ਹੋ ਤਾਂ ਤੁਸੀ ਹੁਣੇ ਡਾਊਨਲੋਡ ਕਰੋ ਆਪਣੀ ਖੇਤੀ ਮੋਬਾਈਲ ਐੱਪ

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ