ਮਹੱਤਵਪੂਰਨ ਫਸਲੀ ਚੱਕਰਾਂ ਦੀ ਬਿਜਾਈ ਦਾ ਸਮਾਂ

ਮਹੱਤਵਪੂਰਨ ਫ਼ਸਲੀ ਚੱਕਰਾਂ ਦੀ ਬਿਜਾਈ ਦਾ ਸਮਾਂ

1. ਮੱਕੀ/ਝੋਨਾ- ਆਲੂ-ਕਣਕ: ਜੂਨ ਦੇ ਅੰਤ ਵਿੱਚ ਥੋੜ੍ਹੇ ਸਮੇਂ ਵਿੱਚ ਪੱਕਣ ਵਾਲੀ ਫ਼ਸਲ ਮੱਕੀ ਜਾਂ ਝੋਨੇ ਦੀ ਕਿਸਮ ਬੀਜੋ। ਆਲੂਆਂ ਨੂੰ ਸਤੰਬਰ ਦੇ ਅੰਤ ਵਿੱਚ ਬੀਜੋ। ਆਲੂਆਂ ਨੂੰ ਪੁੱਟ ਕੇ ਪਛੇਤੀ ਕਣਕ ਦੀ ਬਿਜਾਈ ਕਰੋ।

2.ਝੋਨਾ-ਆਲੂ/ਤੋਰੀਆ-ਸੂਰਜਮੁਖੀ: ਜੂਨ ਦੇ ਸ਼ੁਰੂ ਵਿੱਚ ਝੋਨੇ ਦੀ ਥੋੜ੍ਹੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਲਾਓ, ਆਲੂਆਂ ਨੂੰ ਸਤੰਬਰ ਤੀਜੇ ਹਫ਼ਤੇ ਵਿੱਚ ਬੀਜ ਕੇ ਦਸੰਬਰ ਅਖੀਰ ਵਿੱਚ ਪੁੱਟ ਲਓ। ਆਲੂਆਂ ਦੇ ਬਦਲੇ ਝੋਨੇ ਪਿੱਛੋਂ ਤੋਰੀਆ ਵੀ ਬੀਜਿਆ ਜਾ ਸਕਦਾ ਹੈ। ਸੂਰਜਮੁਖੀ ਦੀ ਬਿਜਾਈ ਜਨਵਰੀ ਦੇ ਪਹਿਲੇ ਪੰਦਰਵਾੜੇ ਵਿੱਚ ਪੂਰਬ-ਪੱਛਮ ਦਿਸ਼ਾ ਵਿੱਚ ਦੱਖਣ ਵਾਲੇ ਪਾਸੇ ਕਰੋ।

3.ਮੱਕੀ-ਆਲੂ/ਤੋਰੀਆ-ਸੂਰਜਮੁਖੀ: ਮੱਕੀ ਦੀ ਬਿਜਾਈ ਜੂਨ ਦੇ ਸ਼ੁਰੂ ਵਿੱਚ ਕਰੋ ਅਤੇ ਸਤੰਬਰ ਦੇ ਦੂਜੇ ਪੰਦਰ੍ਹਵਾੜੇ ਵਿੱਚ ਆਲੂਆਂ ਦੀ ਬਿਜਾਈ ਕਰੋ। ਮੱਕੀ ਪਿੱਛੋਂ ਤੋਰੀਏ ਦੀ ਥੋੜ੍ਹੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਵੀ ਬੀਜੀ ਜਾ ਸਕਦੀ ਹੈ। ਜਨਵਰੀ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਪੂਰਬ-ਪੱਛਮ ਦਿਸ਼ਾ ਵਿੱਚ ਵੱਟਾਂ ਪਾ ਕੇ ਦੱਖਣ ਵਾਲੇ ਪਾਸੇ ਸੂਰਜਮੁਖੀ ਦੀ ਬਿਜਾਈ ਕਰੋ।

4.ਮੱਕੀ-ਆਲੂ-ਪਿਆਜ਼: ਮੱਕੀ ਦੀ ਬਿਜਾਈ ਅੱਧ ਜੂਨ ਤੱਕ, ਆਲੂਆਂ ਦੀ ਬਿਜਾਈ ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਅਤੇ ਪਿਆਜ਼ ਦੀ ਬਿਜਾਈ 15 ਜਨਵਰੀ ਤੱਕ।

5.ਮੱਕੀ-ਆਲੂ-ਮੈਂਥਾ: ਮੱਕੀ ਨੂੰ ਅੱਧ ਜੂਨ ਵਿੱਚ ਬੀਜੋ। ਇਸ ਤੋਂ ਬਾਅਦ ਆਲੂ ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਬੀਜੋ। ਜਨਵਰੀ ਦੇ ਦੂਜੇ ਪੰਦਰ੍ਹਵਾੜੇ ਵਿੱਚ ਮੈਂਥਾ ਲਾਓ।

6.ਮੱਕੀ/ਝੋਨਾ-ਗੋਭੀ-ਸਰ੍ਹੋਂ-ਗਰਮ ਰੁੱਤ ਦੀ ਮੂੰਗੀ: ਮੱਕੀ/ਝੋਨੇ ਦੀ ਬਿਜਾਈ ਜੂਨ ਦੇ ਪਹਿਲੇ ਪੰਦਰ੍ਹਵਾੜੇ, ਗੋਭੀ ਸਰ੍ਹੋਂ ਦੀ 10-30 ਅਕਤੂਬਰ ਅਤੇ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਅਪ੍ਰੈਲ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਕਰੋ।

7.ਝੋਨਾ-ਛੋਲੇ: ਝੋਨੇ ਦੀ ਪਨੀਰੀ ਦੀ ਲੁਆਈ ਜੂਨ ਦੇ ਦੂਜੇ ਪੰਦਰ੍ਹਵਾੜੇ ਵਿੱਚ ਕਰੋ। ਝੋਨੇ ਤੋਂ ਬਾਅਦ ਛੋਲਿਆਂ ਨੂੰ ਅਕਤੂਬਰ ਤੋਂ ਨਵੰਬਰ ਤੱਕ ਬੀਜੋ।

8.ਬਾਸਮਤੀ-ਬਰਸੀਮ (ਚਾਰਾ ਅਤੇ ਬੀਜ): ਬਾਸਮਤੀ ਦੀ ਪਨੀਰੀ ਅੱਧ ਜੁਲਾਈ ਵਿੱਚ ਲਗਾਓ। ਬਰਸੀਮ ਨੂੰ ਬੀਜ ਲਈ ਅਖੀਰ ਨਵੰਬਰ ਵਿੱਚ ਬੀਜੋ। ਇਸ ਤੋਂ ਚਾਰੇ ਲਈ ਤਿੰਨ ਕਟਾਈਆਂ ਲੈਣ ਉਪਰੰਤ ਫਸਲ ਨੂੰ ਬੀਜ ਲਈ ਛੱਡੋ।

9.ਹਰੀ ਖਾਦ (ਢੈਂਚਾ/ਰਵਾਂਹ/ਸਣ) – ਝੋਨਾ-ਕਣਕ: ਕਣਕ ਵੱਢਣ ਤੋਂ ਪਿੱਛੋਂ ਰੌਣੀ ਕਰਕੇ ਢੈਂਚਾ ਜਾਂ ਸਣ 20 ਕਿਲੋ ਪ੍ਰਤੀ ਏਕੜ ਅਤੇ ਰਵਾਂਹ 12 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਅਪ੍ਰੈਲ ਦੇ ਆਖ਼ੀਰ ਵਿਚ ਬੀਜ ਦਿਉ। ਢੈਂਚਾ/ਸਣ/ਰਵਾਂਹ ਨੂੰ 6-7 ਹਫ਼ਤੇ ਪਿੱਛੋਂ (ਝੋਨੇ ਲਾਉਣ ਤੋਂ ਇਕ ਜਾਂ ਦੋ ਦਿਨ ਪਹਿਲਾਂ), ਜੂਨ ਦੇ ਦੂਜੇ ਹਫ਼ਤੇ ਖੇਤ ਵਿੱਚ ਵਾਹ ਦਿਓ।

10.ਰਵਾਂਹ/ਬਾਜਰਾ/ਮੱਕੀ (ਚਾਰਾ) – ਮੱਕੀ/ਝੋਨਾ-ਕਣਕ: ਗਰਮੀ ਰੁੱਤ ਦੇ ਚਾਰੇ, ਕਣਕ ਵੱਢਣ ਤੋਂ ਬਾਅਦ ਸਿਫ਼ਾਰਸ਼ ਕੀਤੇ ਬੀਜ ਅਤੇ ਦੂਸਰੀਆਂ ਸਿਫ਼ਾਰਸ਼ਾਂ ਅਪਣਾ ਕੇ ਅਪ੍ਰੈਲ ਦੇ ਆਖ਼ਰੀ ਹਫ਼ਤੇ ਬੀਜੋ।

11.ਹਰੀ ਖਾਦ-ਮੱਕੀ-ਕਣਕ: ਕਣਕ ਵੱਢਣ ਤੋਂ ਪਿੱਛੋਂ ਅਪ੍ਰੈਲ ਦੇ ਅਖੀਰ ਵਿੱਚ ਢੈਂਚਾ/ਸਣ/ਰਵਾਂਹ ਬੀਜੋ ਅਤੇ ਹਫਤੇ ਬਾਅਦ ਖੇਤ ਵਿੱਚ ਦੱਬੋ ਅਤੇ ਦਿਨਾਂ ਬਾਅਦ ਜੂਨ ਦੇ ਅੰਤ ਵਿੱਚ ਮੱਕੀ ਬੀਜੋ।

12.ਗਰਮ ਰੁੱਤ ਦੀ ਮੂੰਗਫ਼ਲੀ-ਆਲੂ/ਤੋਰੀਆ/ਮਟਰ/ਪਛੇਤਾ ਸਾਉਣੀ ਦਾ ਚਾਰਾ-ਕਣਕ: ਮੂੰਗਫ਼ਲੀ ਨੂੰ ਅਖ਼ੀਰ ਅਪ੍ਰੈਲ ਜਾਂ ਸ਼ੁਰੂ ਮਈ ਵਿੱਚ ਕਣਕ ਤੋਂ ਪਿਛੋਂ ਬੀਜੋ। ਆਲੂ ਜਾਂ ਅਗੇਤੇ ਮਟਰ ਜਾਂ ਤੋਰੀਆ ਜਾਂ ਪਛੇਤਾ ਮੱਕੀ ਦਾ ਚਾਰਾ ਸਤੰਬਰ ਦੇ ਦੂਸਰੇ ਪੰਦਰ੍ਹਵਾੜੇ ਵਿਚ ਬੀਜੋ। ਇਸ ਤੋਂ ਪਿਛੋਂ ਕਣਕ ਦੀ ਪਛੇਤੀ ਕਿਸਮ ਬੀਜੀ ਜਾ ਸਕਦੀ ਹੈ।

13.ਗਰਮ ਰੁੱਤ ਦੀ ਮੂੰਗਫ਼ਲੀ-ਆਲੂ-ਬਾਜਰਾ (ਚਾਰਾ): ਮੂੰਗਫ਼ਲੀ ਦੀ ਬਿਜਾਈ ਮਈ ਦੇ ਪਹਿਲੇ ਹਫ਼ਤੇ ਵਿਚ, ਆਲੂਆਂ ਦੀ ਬਿਜਾਈ ਅਕਤੂਬਰ ਦੇ ਪਹਿਲੇ ਹਫ਼ਤੇ ਅਤੇ ਚਾਰੇ ਵਾਲੇ ਬਾਜਰੇ ਦੀ ਬਿਜਾਈ ਮਾਰਚ ਦੇ ਪਹਿਲੇ ਪੰਦਰ੍ਹਵਾੜੇ ਵਿਚ ਕਰੋ।

14.ਮੱਕੀ/ਝੋਨਾ-ਆਲੂ-ਗਰਮੀ ਰੁੱਤ ਦੀ ਮੂੰਗੀ: ਮੂੰਗੀ ਦੀ ਬਿਜਾਈ ਅੱਧ ਮਾਰਚ ਤੋਂ ਆਖੀਰ ਮਾਰਚ ਵਿੱਚ ਕਰ ਲੈਣੀ ਚਾਹੀਦੀ ਹੈ। ਮੱਕੀ ਜਾਂ ਝੋਨੇ ਦੀ ਬਿਜਾਈ ਜੂਨ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਕਰ ਦਿਓ ਤਾਂ ਜੋ ਆਲੂ ਦੀ ਬਿਜਾਈ ਸਮੇਂ ਸਿਰ ਸੰਬਰ ਦੇ ਦੂਜੇ ਪੰਦਰ੍ਹਵਾੜੇ ਵਿੱਚ ਹੋ ਸਕੇ।

15.ਬਾਸਮਤੀ-ਕਰਨੌਲੀ-ਬਾਜਰਾ (ਚਾਰਾ): ਬਾਸਮਤੀ ਦੀ ਪਨੀਰੀ ਅੱਧ ਜੁਲਾਈ ਵਿਚ ਲਗਾਓ, ਦਸੰਬਰ ਮਹੀਨੇ ਵਿਚ ਕਰਨੌਲੀ ਦੀ ਪਨੀਰੀ ਲਗਾਓ ਅਤੇ ਇਸ ਤੋਂ ਬਾਅਦ ਬਾਜਰੇ ਦੀ ਚਾਰੇ ਲਈ ਫ਼ਸਲ ਲਓ।

16.ਮੱਕੀ (ਅਗਸਤ)-ਕਣਕ/ਕਰਨੌਲੀ-ਬਾਜਰਾ (ਚਾਰਾ): ਮੱਕੀ ਨੂੰ ਅਗਸਤ ਦੇ ਦੂਜੇ ਪੰਦਰ੍ਹਵਾੜੇ ਵਿੱਚ ਬੀਜੋ। ਦਸੰਬਰ ਦੇ ਦੂਜੇ ਪੰਦਰ੍ਹਵਾੜੇ ਵਿੱਚ ਕਣਕ ਦੀ ਪਛੇਤੀ ਕਿਸਮ ਜਾਂ ਕਰਨੌਲੀ ਦੀ ਪਨੀਰੀ ਰਾਹੀਂ ਬਿਜਾਈ ਕਰੋ। ਮਈ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਬਾਜਰੇ (ਚਾਰਾ) ਦੀ ਬਿਜਾਈ ਕਰੋ।

ਚਾਰੇ ਦੇ ਫ਼ਸਲ ਚੱਕਰ

1.ਮੱਕੀ-ਬਰਸੀਮ-ਬਾਜਰਾ: ਸਾਰਾ ਸਾਲ ਹਰਾ ਚਾਰਾ ਲੈਣ ਲਈ ਮੱਕੀ ਨੂੰ ਅਗਸਤ ਦੇ ਦੂਜੇ ਹਫ਼ਤੇ ਬੀਜੋ, ਬਿਜਾਈ ਤੋਂ 50-60 ਦਿਨਾਂ ਬਾਅਦ ਕੱਟੋ ਅਤੇ ਅਕਤੂਬਰ ਦੇ ਪਹਿਲੇ ਜਾਂ ਦੂਜੇ ਹਫ਼ਤੇ ਬਰਸੀਮ ਬੀਜੋ ਜਿਸ ਤੋਂ 4-5 ਕਟਾਈਆਂ ਲਈ ਜਾ ਸਕਦੀਆਂ ਹਨ। ਜੂਨ ਦੇ ਦੂਜੇ ਹਫ਼ਤੇ ਬਾਜਰਾ ਬੀਜ ਕੇ, ਬਿਜਾਈ ਤੋਂ 45-55 ਦਿਨਾਂ ਬਾਅਦ ਕੱਟੋ।

2.ਮੱਕੀ-ਬਰਸੀਮ-ਮੱਕੀ+ਰਵਾਂਹ: ਮੱਕੀ ਨੂੰ ਅਗਸਤ ਦੇ ਦੂਜੇ ਹਫ਼ਤੇ ਬੀਜ ਕੇ ਬਿਜਾਈ ਤੋਂ 50-60 ਦਿਨਾਂ ਬਾਅਦ ਕੱਟੋ ਅਤੇ ਅਕਤੂਬਰ ਦੇ ਪਹਿਲੇ ਜਾਂ ਦੂਜੇ ਹਫ਼ਤੇ ਬਰਸੀਮ ਬੀਜੋ ਜਿਸ ਤੋਂ 4-5 ਕਟਾਈਆਂ ਲਈਆਂ ਜਾ ਸਕਦੀਆਂ ਹਨ। ਜੂਨ ਦੇ ਦੂਜੇ ਹਫ਼ਤੇ ਮੱਕੀ+ਰਵਾਂਹ ਨੂੰ ਰਲਾ ਕੇ ਬੀਜੋ ਅਤੇ ਬਿਜਾਈ ਤੋਂ 50-60 ਦਿਨਾਂ ਬਾਅਦ ਕੱਟੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ