diabetes-symptoms prevention

ਸ਼ੱਕਰ ਰੋਗ (ਡਾਇਬਟੀਜ਼) ਦੇ ਲੱਛਣ ਅਤੇ ਘਰੇਲੂ ਉਪਚਾਰ

ਅੱਜ ਦੇ ਦੌਰ ਵਿੱਚ ਬਦਲਦੀ ਜੀਵਨ ਸ਼ੈਲੀ ਦੇ ਕਾਰਨ ਸਾਡਾ ਸ਼ਰੀਰ ਕਈ ਬਿਮਾਰੀਆਂ ਨਾਲ ਘਿਰ ਰਿਹਾ ਹੈ ਜਿਨ੍ਹਾਂ ਵਿੱਚੋ ਸ਼ੱਕਰ ਰੋਗ (ਡਾਇਬਟੀਜ਼) ਇੱਕ ਅਜਿਹਾ ਰੋਗ ਹੈ, ਜੋ ਇੱਕ ਵਾਰ ਕਿਸੇ ਇਨਸਾਨ ਨੂੰ ਹੋ ਜਾਵੇ ਤਾਂ ਉਸ ਨੂੰ ਪੂਰੀ ਤਰ੍ਹਾਂ ਠੀਕ ਕਰਨਾ ਔਖਾ ਹੈ।ਇਹ ਰੋਗ ਦੁਨੀਆਂ ਦੇ ਹਰ ਕੋਨੇ ਵਿੱਚ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਸੰਸਾਰ ਸਿਹਤ ਸੰਸਥਾ ਦੇ ਅਨੁਸਾਰ ਸ਼ੱਕਰ ਰੋਗ ਨਾਲ ਪੀੜਤ ਰੋਗੀਆਂ ਦੀ ਸੰਖਿਆ ਭਾਰਤ ਵਿੱਚ 6 ਕਰੋੜ ਹੈ ਜੋ ਕਿ ਸੰਨ 2030 ਵਿੱਚ ਵੱਧ ਕੇ 8 ਕਰੋੜ ਹੋਣ ਦਾ ਅਨੁਮਾਨ ਹੈ।

ਸ਼ੱਕਰ ਰੋਗ ਤੋਂ ਭਾਵ ਹੈ ਖੂਨ ਵਿੱਚ ਸ਼ੱਕਰ ਦੀ ਮਾਤਰਾ ਦਾ ਵੱਧ ਜਾਣਾ। ਇਸ ਰੋਗ ਦੇ ਮੁੱਖ ਕਾਰਨ; ਰਹਿਣ-ਸਹਿਣ ਵਿੱਚ ਤਬਦੀਲੀਆਂ, ਖਾਣ-ਪੀਣ ਦੀਆਂ ਗਲਤ ਆਦਤਾਂ, ਖੂਨ ਦਾ ਤੇਜ਼ ਦਬਾਅ, ਕੋਲੈਸਟਰੋਲ ਦਾ ਵੱਧਣਾ, ਨਾੜੀਆਂ ਦਾ ਪਤਲਾ ਹੋਣਾ, ਇਨਸੁਲੀਨ ਹਾਰਮੋਨਜ਼ ਦਾ ਘੱਟ ਹੋਣਾ ਜਾਂ ਠੀਕ ਤਰੀਕੇ ਨਾਲ ਕੰਮ ਨਾ ਕਰਨਾ, ਚਰਬੀ ਦਾ ਜ਼ਿਆਦਾ ਹੋਣਾ ਅਤੇ ਦਿਮਾਗੀ ਚਿੰਤਾ ਆਦਿ। ਖੋਜ ਤੋਂ ਸਿੱਧ ਹੁੰਦਾ ਹੈ ਕਿ ਭਾਰਤੀਆਂ ਵਿੱਚ ਅਜਿਹੇ ਅੰਸ਼ਾਂ ਦੀ ਬਹੁਤਾਤ ਹੈ, ਜਿਹੜੇ ਕਿ ਪੇਟ ਵਿੱਚ ਵਸਾਂ ਜਮ੍ਹਾਂ ਕਰਨ ਵਿੱਚ ਮਦਦ ਕਰਦੇ ਹਨ ਜਿਨ੍ਹਾਂ ਨੂੰ ਅਸੀਂ ਥਰੀਫਟੀ ਜ਼ੀਨਸ (thrifty genes) ਕਹਿੰਦੇ ਹਾਂ। ਪੇਟ ਵਿਚਲੀ ਜਮ੍ਹਾਂ ਚਰਬੀ ਸ਼ੱਕਰ ਰੋਗ ਦਾ ਮੁੱਖ ਕਾਰਨ ਬਣਦੀ ਹੈ।ਬਹੁਤ ਸਾਰੇ ਲੋਕ ਇਸ ਰੋਗ ਦੇ ਇਲਾਜ ਤੋਂ ਅਨਜਾਣ ਹਨ, ਇਸ ਬਿਮਾਰੀ ਉੱਪਰ ਕਾਬੂ ਜੀਵਨ ਸ਼ੈਲੀ ਵਿੱਚ ਬਦਲਾਵ ਲਿਆਉਣ ਨਾਲ, ਖੁਰਾਕ ਵਿੱਚ ਤਬਦੀਲੀ ਨਾਲ, ਦਵਾਈ ਅਤੇ ਕਸਰਤ ਆਦਿ ਕਰਨ ਨਾਲ ਪਾਇਆ ਜਾ ਸਕਦਾ ਹੈ।ਇਸ ਰੋਗ ਤੋਂ ਬਚਣ ਦਾ ਤਰੀਕਾ ਇਸ ਦੀ ਪੂਰੀ ਜਾਣਕਾਰੀ ਹੋਣਾ, ਜਿਸ ਨਾਲ ਅਸੀਂ ਕੁਝ ਸਾਵਧਾਨੀਆਂ ਅਪਣਾ ਕੇ ਆਪਣਾ ਜੀਵਨ ਸ਼ੱਕਰ ਰੋਗ ਮੁਕਤ ਬਣਾ ਸਕਦੇ ਹਾਂ।

ਸ਼ੱਕਰ ਰੋਗ ਦੀਆਂ ਕਿਸਮਾਂ:-

ਕਿਸਮ 1: ਇਹ ਕਿਸਮ ਆਮ ਤੌਰ ਤੇ ਛੋਟੇ ਬੱਚਿਆਂ ਵਿੱਚ ਪਾਈ ਜਾਂਦੀ ਹੈ। ਇਸ ਵਿੱਚ ਲੁੰਬਾ ਇਨਸੁਲੀਨ ਹਾਰਮੋਨ ਪੈਦਾ ਨਹੀਂ ਕਰਦਾ ਅਤੇ ਹਰ ਦਿਨ ਇਨਸੁਲੀਨ ਦੇ ਟੀਕੇ ਦੀ ਜ਼ਰੂਰਤ ਪੈਂਦੀ ਹੈ।

ਕਿਸਮ 2: ਇਹ ਕਿਸਮ ਆਮ ਤੌਰ ਤੇ 30-35 ਸਾਲ ਦੀ ਉਮਰ ਵਿੱਚ ਪਾਈ ਜਾਂਦੀ ਹੈ। ਲੁੰਬਾ ਜ਼ਰੂਰਤ ਅਨੁਸਾਰ ਇਨਸੁਲੀਨ ਪੈਂਦਾ ਨਹੀਂ ਕਰਦਾ, ਜਿੰਨੀ ਕਿ ਸ਼ਰੀਰ ਵਿੱਚ ਸ਼ੱਕਰ ਦੀ ਮਾਤਰਾ ਨੂੰ ਸਹੀ ਰੱਖਣ ਲਈ ਚਾਹੀਦੀ ਹੈ।ਕਿਸਮ 2 ਸ਼ੱਕਰ ਰੋਗੀ, ਖੁਰਾਕ, ਦਵਾਈਆਂ ਅਤੇ ਕਸਰਤ ਨੂੰ ਆਪਣਾ ਕੇ ਇਸ ਰੋਗ ਤੇ ਕਾਬੂ ਪਾ ਸਕਦਾ ਹੈ।

ਸ਼ੱਕਰ ਰੋਗ ਦੇ ਲੱਛਣ:-

ਸ਼ੱਕਰ ਰੋਗ ਦੇ ਲੱਛਣ ਦਾ ਹਰੇਕ ਵਿਅਕਤੀ ਨੂੰ ਪਤਾ ਹੋਣਾ ਚਾਹੀਦਾ ਹੈ। ਇਸ ਰੋਗ ਦੇ ਬਹੁਤ ਹੀ ਆਮ ਦਿੱਖਣ ਵਾਲੇ ਲੱਛਣ ਹਨ, ਜਿਸ ਤੇ ਅਸੀਂ ਸਮਾਂ ਰਹਿੰਦੇ ਜੇ ਧਿਆਨ ਦਈਏ ਤਾਂ ਆਸਾਨੀ ਨਾਲ ਕਾਬੂ ਪਾ ਸਕਦੇ ਹਾਂ:-

  • ਲਗਾਤਾਰ ਸ਼ਰੀਰ ਵਿੱਚ ਦਰਦ
  • ਜਖ਼ਮ ਦਾ ਜਲਦੀ ਨਾ ਭਰਨਾ
  • ਗਲਾ ਸੁੱਕਣਾ ਜਾਂ ਵਾਰ-ਵਾਰ ਪਿਆਸ ਲੱਗਣਾ
  • ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋਣਾ
  • ਵਜ਼ਨ ਦਾ ਅਚਾਨਕ ਵੱਧਣਾ ਜਾਂ ਘੱਟ ਹੋਣਾ
  • ਵਾਰ-ਵਾਰ ਪਿਸ਼ਾਬ ਆਉਣਾ
  • ਲਗਾਤਾਰ ਥਕਾਵਟ ਮਹਿਸੂਸ ਹੋਣਾ
  • ਜ਼ਰੂਰਤ ਤੋਂ ਜ਼ਿਆਦਾ ਭੁੱਖ ਲੱਗਣਾ
  • ਸੁਭਾਅ ਵਿੱਚ ਚਿੜਚਿੜਾਪਣ ਆਉਣਾ

ਸ਼ੱਕਰ ਰੋਗ ਦੇ ਇਲਾਜ:

ਸ਼ੱਕਰ ਰੋਗ ਨੂੰ ਹੇਠ ਲਿਖੇ ਤਰੀਕਿਆਂ ਨਾਲ ਕਾਬੂ ਕੀਤਾ ਜਾ ਸਕਦਾ ਹੈ:

  • ਖੁਰਾਕ
  • ਕਸਰਤ
  • ਦਵਾਈ

ਖੁਰਾਕ

ਸ਼ੱਕਰ ਰੋਗੀ ਦੀ ਖੁਰਾਕ ਸੰਤੁਲਿਤ ਹੋਣੀ ਚਾਹੀਦੀ ਹੈ। ਸੰਤੁਲਿਤ ਭੋਜਨ ਤੋਂ ਭਾਵ ਹੈ ਸਾਰੇ ਭੋਜਨ ਸਮੂਹਾਂ ਦੀ ਸਹੀ ਮਾਤਰਾ ਅਤੇ ਸਹੀ ਮਿਕਦਾਰ ਵਿੱਚ ਵਰਤੋਂ ਕਰਨਾ ਤਾਂ ਜੋ ਖੂਨ ਵਿੱਚ ਸ਼ੱਕਰ ਦੀ ਮਾਤਰਾ ਨੂੰ ਸਹੀ ਰੱਖਣ ਵਾਲੀਆਂ ਸਰੀਰਕ ਲੋੜਾਂ ਵੀ ਪੂਰੀਆਂ ਹੋ ਸਕਣ।

ਭੋਜਨ ਨੂੰ ਅਸੀਂ ਪੰਜ ਪ੍ਰਮੁੱਖ ਸਮੂਹਾਂ ਵਿੱਚ ਵੰਡ ਸਕਦੇ ਹਾਂ:

  • ਅਨਾਜ ਅਤੇ ਦਾਲਾਂ:- ਸ਼ੱਕਰ ਰੋਗੀ ਨੂੰ ਪ੍ਰਤੀਦਿਨ 150-300 ਗ੍ਰਾਮ ਅਨਾਜ ਦੀ ਵਰਤੋਂ ਆਪਣੀ ਖੁਰਾਕ ਵਿੱਚ ਕਰਨੀ ਚਾਹੀਦੀ ਹੈ।
  • ਫ਼ਲ ਅਤੇ ਸਬਜ਼ੀਆਂ:- 300 ਗ੍ਰਾਮ ਹਰੀ ਪੱਤੇਦਾਰ ਅਤੇ ਹੋਰ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਸ਼ੱਕਰ ਰੋਗੀ ਨੂੰ ਦਿਨ ਵਿੱਚ ਇੱਕ ਫ਼ਲ ਜਾਂ 100 ਗ੍ਰਾਮ ਸ਼ੱਕਰ ਮੁਕਤ ਫ਼ਲ (ਪਪੀਤਾ, ਜਾਮੁਨ, ਸੇਬ, ਅਮਰੂਦ ਆਦਿ) ਆਪਣੀ ਖੁਰਾਕ ਵਿੱਚ ਸ਼ਾਮਿਲ ਕਰਨੇ ਚਾਹੀਦੇ ਹਨ।
  • ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ:- 300 ਗ੍ਰਾਮ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦਾ ਰੋਜ਼ਾਨਾ ਸੇਵਨ ਕਰੋ।
  • ਤੇਲ, ਘਿਉ, ਸੁੱਕੇ ਮੇਵੇ:- ਸ਼ੱਕਰ ਰੋਗੀ ਨੂੰ ਹਰ ਰੋਜ਼ 15-20 ਗ੍ਰਾਮ (3-4 ਚਮਚ) ਤੇਲ/ਘਿਓ ਦੀ ਲੋੜ ਹੁੰਦੀ ਹੈ।ਮਾਸ, ਮੱਛੀ ਅਤੇ ਅੰਡੇ ਵਰਗੇ ਭੋਜਨ ਹਫਤੇ ਵਿੱਚ ਇੱਕ ਵਾਰ 100 ਗ੍ਰਾਮ ਤੱਕ ਲੈ ਸਕਦੇ ਹਾਂ। ਰੋਜ਼ਾਨਾ 8-10 ਗਿਲਾਸ ਪਾਣੀ ਜ਼ਰੂਰ ਪੀਓ।

ਇਹਨਾਂ ਪ੍ਰਮੁੱਖ ਭੋਜਨ ਸਮੂਹਾਂ ਵਿੱਚੋਂ ਸਾਨੂੰ ਸਰੀਰ ਲਈ ਲੋੜੀਂਦੇ ਸਾਰੇ ਪੋਸ਼ਟਿਕ ਤੱਤ ਮਿਲ ਜਾਂਦੇ ਹਨ ਜਿਵੇਂ ਕਿ ਕਾਰਬੋਜ਼, ਵਸਾ (ਚਰਬੀ), ਪੋ੍ਰਟੀਨ, ਵਿਟਾਮਿਨ ਅਤੇ ਖਣਿਜ ਪਦਾਰਥ। ਇਹਨਾਂ ਵਿੱਚੋਂ ਕਾਰਬੋਜ਼, ਵਸਾ ਅਤੇ ਪ੍ਰੋੋਟੀਨ ਤੋਂ ਊਰਜਾ ਪ੍ਰਾਪਤ ਹੁੰਦੀ ਹੈ। ਸ਼ੱਕਰ ਰੋਗੀ ਨੂੰ ਊਰਜਾ, ਰੋਜ਼ਾਨਾ 60-70% ਕਾਰਬੋਜ਼, 12-18% ਪ੍ਰੋਟੀਨ ਅਤੇ 20-25% ਵਸਾ ਵਾਲੇ ਭੋਜਨਾਂ ਤੋਂ ਲੈਣੀ ਚਾਹੀਦੀ ਹੈ। ਸ਼ੱਕਰ ਰੋਗੀ ਦੀ ਖੁਰਾਕ ਵਿੱਚ ਕਾਰਬੋਜ਼, ਵਸਾ ਅਤੇ ਪ੍ਰੋਟੀਨ ਬਹੁਤ ਮਹੱਤਵ ਰੱਖਦੇ ਹਨ।

ਸ਼ੱਕਰ ਰੋਗ ਦਾ ਘਰੇਲੂ ਉਪਚਾਰ:

  1. ਕਰੇਲੇ ਦਾ ਜੂਸ

ਸਮੱਗਰੀ:

  • ਕਰੇਲਾ -1
  • ਨਮਕ -1 ਚੁਟਕੀ
  • ਕਾਲੀ ਮਿਰਚ – 1 ਚੁਟਕੀ
  • ਨਿੰਬੂ ਦਾ ਰਸ – 1

ਵਿਧੀ:

  • ਕਰੇਲੇ ਨੂੰ ਧੋ ਕੇ ਉਸਦਾ ਜੂਸ ਕੱਢ ਲਓ।
  • ਫਿਰ ਇਸ ਵਿੱਚ ਨਿੰਬੂ ਦਾ ਰਸ, ਨਮਕ ਅਤੇ ਕਾਲੀ ਮਿਰਚ ਮਿਲਾ ਲਓ।
  • ਇਸ ਜੂਸ ਨੂੰ ਰੋਜ਼ ਸਵੇਰੇ ਖਾਲੀ ਪੇਟ ਪੀਓ।

2. ਮੇਥੀ

Fenugreek-Seeds

ਸਮੱਗਰੀ:

  • ਮੇਥੀ ਦਾਣਾ- 2 ਚਮਚ
  • ਪਾਣੀ – 2 ਕੱਪ

ਵਿਧੀ

  • ਦੋ ਚਮਚ ਮੇਥੀ ਨੂੰ ਦੋ ਕੱਪ ਪਾਣੀ ਵਿੱਚ ਰਾਤ ਭਰ ਭਿਓ ਕੇ ਰੱਖੋ।
  • ਅਗਲੇ ਦਿਨ ਸਵੇਰੇ ਇਸ ਦਾ ਪਾਣੀ ਖਾਲੀ ਪੇਟ ਪੀ ਲਓ।

3. ਜਾਮੁਨ

jamun

ਸਮੱਗਰੀ:

  • ਜਾਮੁਨ- 1 ਚਮਚ ਜਾਮੁਨ/ ਜਾਮੁਨ ਦੀ ਗੁੱਠਲੀ ਦਾ ਚੂਰਨ/ ਜਾਮੁਨ ਦਾ ਜੂਸ
  • ਸ਼ਹਿਦ (ਸ਼ੁੱਧ) – 1 ਚਮਚ

ਵਿਧੀ:

  • ਸ਼ਹਿਦ ਨਾਲ ਜਾਮੁਨ ਦਾ ਸੇਵਨ ਕਰਨ ਨਾਲ ਸ਼ੱਕਰ ਰੋਗ ਕਾਬੂ ਵਿੱਚ ਰਹਿੰਦਾ ਹੈ।
  • ਇਸ ਦੇ ਪੱਤੇ ਵੀ ਸ਼ੱਕਰ ਰੋਗ ਨੂੰ ਕਾਬੂ ਵਿੱਚ ਕਰਨ ਲਈ ਸਹਾਇਕ ਹਨ।

4. ਨਿੰਮ

  • ਨਿੰਮ ਦੇ ਪੱਤੇ ਚੰਗੀ ਤਰ੍ਹਾਂ ਧੋ ਕੇ ਅਤੇ ਇਸਦਾ ਪੇਸਟ ਬਣਾ ਕੇ ਸਵੇਰੇ ਪਾਣੀ ਵਿੱਚ ਮਿਲਾ ਕੇ ਪੀਓ।
  • ਨਿੰਮ ਦੇ ਪੱਤੇ ਚੰਗੀ ਤਰ੍ਹਾਂ ਧੋ ਕੇ ਵੀ ਖਾ ਸਕਦੇ ਹਾਂ।

5. 8-10 ਕੜੀ ਪੱਤਾ ਰੌਜ਼ਾਨਾ ਧੋ ਕੇ ਖਾਓ ਜਾਂ ਫਿਰ ਖਾਣਾ ਬਣਾਉਂਦੇ ਸਮੇਂ ਇਸਦਾ ਇਸਤੇਮਾਲ ਕਰੋ।

6. ਐਲੋਵੈਰਾ ਦਾ ਜੂਸ ਦਿਨ ਵਿੱਚ ਇੱਕ ਤੋਂ ਦੋ ਵਾਰ ਪੀਣ ਨਾਲ ਸ਼ੱਕਰ ਰੋਗ ਕਾਬੂ ਵਿੱਚ ਰਹਿੰਦਾ ਹੈ।

7. ਆਂਵਲਾ ਦੇ ਰਸ ਵਿੱਚ ਚੁਟਕੀ ਭਰ ਹਲਦੀ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਸ਼ੱਕਰ ਰੋਗ ਨਿੰਯਤਰਿਤ ਰਹਿੰਦਾ ਹੈ।

8. ਇਸ ਤੋਂ ਇਲਾਵਾ ਲੱਸਣ ਦੀਆਂ 2-3 ਤੁਰੀਆਂ ਸਵੇਰੇ ਖਾਲੀ ਪੇਟ ਖਾ ਸਕਦੇ ਹਾਂ।

9. ਅਮਰੂਦ ਦੀਆਂ ਪੱਤੀਆਂ ਦੀ ਚਾਹ ਵੀ ਇਸ ਬਿਮਾਰੀ ਵਿੱਚ ਲਾਹੇਵੰਦ ਹੁੰਦੀ ਹੈ। ਇਸ ਨਾਲ ਮਰੀਜ਼ਾਂ ਦੇ ਖੂਨ ਵਿੱਚ ਗੁਲੂਕੋਜ਼ ਦੀ ਮਾਤਰਾ ਨਿਯੰਤਰਣ ਵਿੱਚ ਰਹਿੰਦੀ ਹੈ।

10. ਖੁਰਾਕ ਤੋਂ ਇਲਾਵਾ ਅਸੀਂ ਸ਼ੱਕਰ ਰੋਗ ਨੂੰ ਕਸਰਤ ਰਾਹੀਂ ਵੀ ਕਾਫ਼ੀ ਹੱਦ ਤੱਕ ਕਾਬੂ ਕਰ ਸਕਦੇ ਹਾਂ।

ਖੁਰਾਕ ਤੋਂ ਇਲਾਵਾ ਅਸੀਂ ਸ਼ੱਕਰ ਰੋਗ ਨੂੰ ਕਸਰਤ ਰਾਹੀਂ ਵੀ ਕਾਫ਼ੀ ਹੱਦ ਤੱਕ ਕਾਬੂ ਕਰ ਸਕਦੇ ਹਾਂ।

ਕਸਰਤ

ਖ਼ੂਨ ਵਿੱਚ ਸ਼ੱਕਰ ਨੂੰ ਕਾਬੂ ਰੱਖਣ ਲਈ ਕਸਰਤ ਬਹੁਤ ਸਹਾਇਕ ਹੁੰਦੀ ਹੈ।ਕਸਰਤ ਸ਼ਰੀਰ ਦੀ ਇਨਸੁਲਿਨ ਪ੍ਰਤੀ ਸੰਵੇਦਨਸ਼ੀਲਤਾ ਵਿੱਚ ਵੀ ਵਾਧਾ ਕਰਦੀ ਹੈ।ਜੇਕਰ ਕਸਰਤ ਨਿਯਮ ਨਾਲ ਕੀਤੀ ਜਾਵੇ ਤਾਂ ਇਸ ਬਿਮਾਰੀ ਨੂੰ ਕਾਫ਼ੀ ਹੱਦ ਤੱਕ ਕਾਬੂ ਕਰ ਸਕਦੇ ਹਾਂ। ਕਸਰਤ ਕਰਨ ਵੇਲੇ ਕੁਝ ਧਿਆਨ ਵਿੱਚ ਰੱਖਣ ਵਾਲੀਆਂ ਗੱਲਾਂ ਹੇਠ ਦਿੱਤੀਆਂ ਗਈਆਂ ਹਨ:

ਕਸਰਤ/ਯੋਗਾ ਲਈ ਗੁਰ:

ਕੀ ਕਰਨਾ ਚਾਹੀਦਾ ਹੈ?

  • ਕੋਈ ਵੀ ਕਸਰਤ/ਯੋਗਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਕਰੋ।
  • ਕਸਰਤ/ਯੋਗਾ ਹੌਲੀ-ਹੌਲੀ ਸ਼ੁਰੂ ਕਰੋ, ਪਰ ਨੇਮ ਨਾਲ ਕਰੋ।
  • ਹਰ ਰੋਜ਼ ਨਿਸ਼ਚਿਤ ਸਮੇਂ ਕਸਰਤ ਕਰੋ।
  • ਚੁਸਤੀ ਵਾਲੀਆਂ ਖੇਡਾਂ ਜਿਵੇਂ ਕਿ ਜੌਗਿੰਗ, ਤੈਰਾਕੀ ਆਦਿ ਵਿੱਚ ਹਿੱਸਾ ਲਓ।
  • ਕਸਰਤ ਕਰਨ ਦੌਰਾਨ ਖੁੂਨ ਵਿੱਚ ਸ਼ੱਕਰ ਦੀ ਮਾਤਰਾ ਦੇ ਘੱਟ ਹੋਣ ਤੋਂ ਬਚਣ ਲਈ ਚੀਨੀ ਜਾਂ ਕੋਈ ਮਿੱਠੀ ਚੀਜ਼ ਆਪਣੇ ਕੋਲ ਰੱਖੋ।
  • ਹਮੇਸ਼ਾ ਕੋਈ ਅਜਿਹਾ ਵਿਅਕਤੀ ਆਪਣੇ ਨਾਲ ਰੱਖੋ, ਜਿਸ ਨੂੰ ਖੂਨ ਵਿੱਚ ਸ਼ੱਕਰ ਘੱਟ ਹੋਣ ਦੇ ਲੱਛਣਾਂ ਦਾ ਪਤਾ ਹੋਵੇ।
  • ਯੋਗਾ ਦੇ ਕੁਝ ਆਸਣ ਜਿਵੇਂ ਕਿ ਅਰਧ ਮਤਸੇਨੰਦਰ ਆਸਣ, ਧਨੁਰ ਆਸਣ, ਵੱਕਰ ਆਸਣ ਅਤੇ ਹਲ ਆਸਣ ਨੂੰ ਰੋਜ਼ਾਨਾ ਕਰਨ ਨਾਲ ਵੀ ਅਸੀਂ ਸ਼ੱਕਰ ਰੋਗ ਤੇ ਕਾਬੂ ਪਾ ਸਕਦੇ ਹਾਂ।

ਕੀ ਨਹੀਂ ਕਰਨਾ ਚਾਹੀਦਾ?

  • ਖਾਲੀ ਪੇਟ ਕਸਰਤ ਨਾ ਕਰੋ।
  • ਇਨਸੁਲਿਨ ਦਾ ਟੀਕਾ ਲਗਾਉਣ ਤੋਂ ਤੁਰੰਤ ਮਗਰੋਂ ਕਸਰਤ ਨਾ ਕਰੋ।
  • ਜੇ ਤੁਹਾਡੇ ਖੂਨ ਵਿੱਚ ਸ਼ੱਕਰ ਦੀ ਮਾਤਰਾ ਵੱਧ ਹੈ ਅਤੇ ਸ਼ੱਕਰ ਰੋਗ ਕਾਬੂ ਵਿੱਚ ਨਹੀਂ ਹੋ ਰਿਹਾ ਤਾਂ ਕਸਰਤ ਨਾ ਕਰੋ।

ਜੇਕਰ ਖੂਨ ਵਿੱਚ ਸ਼ੱਕਰ ਦੀ ਮਾਤਰਾ ਬਹੁਤ ਵੱਧ ਜਾਵੇ ਤਾਂ ਕਈ ਵਾਰ ਖੁਰਾਕ ਅਤੇ ਕਸਰਤ ਸ਼ੱਕਰ ਦੀ ਮਾਤਰਾ ਨੂੰ ਘਟਾਉਣ ਵਿੱਚ ਕਾਫ਼ੀ ਨਹੀਂ ਹੁੰਦੀ। ਇਸ ਲਈ ਸ਼ੱਕਰ ਰੋਗੀ ਨੂੰ ਦਵਾਈਆਂ ਜੋ ਕਿ ਖੂਨ ਵਿੱਚ ਸ਼ੱਕਰ ਦੀ ਮਾਤਰਾ ਨੂੰ ਘਟਾਉਦੀਆਂ ਹਨ, ਉਹਨਾ ਦਾ ਸੇਵਨ ਕਰਨਾ ਪੈਂਦਾ ਹੈ।

ਸ਼ੱਕਰ ਰੋਗ ਨੂੰ ਰੋਕਣ ਲਈ ਕਈ ਕਿਸਮ ਦੀਆਂ ਦਵਾਈਆਂ ਹਨ। ਇਹਨਾਂ ਦੀ ਚੋਣ ਦਾ ਆਧਾਰ ਕਈ ਤੱਤਾਂ ਉੱਤੇ ਨਿਰਭਰ ਕਰਦਾ ਹੈ।ਇਸ ਲਈ ਆਪਣੇ ਡਾਕਟਰ ਦੀ ਸਲਾਹ ਦੇ ਬਿਨਾਂ ਇਹਨਾਂ ਦਵਾਈਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ।ਜੇਕਰ ਖੂਨ ਵਿੱਚ ਸ਼ੱਕਰ ਦੀ ਮਾਤਰਾ ਬਹੁਤ ਹੈ ਤਾਂ ਆਪਣੇ ਡਾਕਟਰ ਨਾਲ ਸਲਾਹ ਕਰਕੇ ਦਵਾਈ ਲਵੋ।

ਉਪਰੋਕਤ ਦਿੱਤੇ ਹੋਏ ਸੁਝਾਅ ਤੇ ਅਮਲ ਕਰਕੇ ਸ਼ੱਕਰ ਰੋਗੀ ਆਪਣੀ ਬਿਮਾਰੀ ਤੇ ਕਾਫ਼ੀ ਹੱਦ ਤੱਕ ਕਾਬੂ ਪਾ ਸਕਦੇ ਹਨ ਅਤੇ ਰਿਸ਼ਟ-ਪੁਸ਼ਟ ਜੀਵਨ ਬਤੀਤ ਕਰ ਸਕਦੇ ਹਨ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ