ਹਾੜ੍ਹੀ ਦੀਆਂ ਫ਼ਸਲਾਂ ਦੀ ਵਿਉਂਤਬੰਦੀ ਦਾ ਵੇਲਾ

ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਨੇ ਪੱਕਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਬਹੁਤੀ ਵਾਢੀ ਕੰਬਾਈਨ ਨਾਲ ਹੋਣ ਲੱਗ ਪਈ ਹੈ। ਕੇਵਲ ਉਸੇ ਕੰਬਾਈਨ ਤੋਂ ਵਾਢੀ ਕਰਵਾਉ ਜਿਸ ਪਿੱਛੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਤ ਕੀਤਾ ਸੁਪਰ ਐੱਸਐੱਮਐੱਸ ਲਾਇਆ ਹੋਵੇ। ਖਾਲੀ ਹੋ ਰਹੇ ਖੇਤਾਂ ਦੀ ਵਹਾਈ ਕਰੋ। ਪਰਾਲੀ ਨੂੰ ਖੇਤ ਵਿੱਚ ਹੀ ਵਾਹ ਦੇਣਾ ਚਾਹੀਦਾ ਹੈ। ਇਨ੍ਹਾਂ ਖੇਤਾਂ ਵਿੱਚ ਸਬਜ਼ੀਆਂ, ਆਲੂ ਜਾਂ ਹਰੇ ਚਾਰੇ ਦੀ ਬਿਜਾਈ ਕੀਤੀ ਜਾ ਸਕਦੀ ਹੈ। ਕਣਕ ਦੀ ਬਿਜਾਈ ਲਈ ਵੀ ਖੇਤਾਂ ਦੀ ਤਿਆਰੀ ਸ਼ੁਰੂ ਕਰ ਲੈਣੀ ਚਾਹੀਦੀ ਹੈ।

ਆਮ ਤੌਰ ’ਤੇ ਗੰਨੇ ਦੀ ਬਿਜਾਈ ਫਰਵਰੀ-ਮਾਰਚ ਵਿੱਚ ਕੀਤੀ ਜਾਂਦੀ ਹੈ ਪਰ ਇਸ ਦੀ ਬਿਜਾਈ ਹੁਣ ਵੀ ਕੀਤੀ ਜਾ ਸਕਦੀ ਹੈ। ਇਸ ਨੂੰ ਪਤਝੜੀ ਫ਼ਸਲ ਆਖਿਆ ਜਾਂਦਾ ਹੈ। ਇਸ ਮੌਸਮ ਦੀ ਬਿਜਾਈ ਦਾ ਮੁੱਖ ਲਾਭ ਹੈ ਕਿ ਇਸ ਵਿੱਚ ਦੂਜੀਆਂ ਫ਼ਸਲਾਂ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ। ਆਲੂ, ਕਣਕ, ਰਾਇਆ, ਗੋਭੀ ਸਰ੍ਹੋਂ, ਤੋਰੀਆ, ਮੱਕੀ, ਪੱਤਗੋਭੀ, ਮੂਲੀ, ਮਟਰ, ਛੋਲੇ ਜਾਂ ਲਸਣ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇੰਝ ਇਕ ਵਾਧੂ ਫ਼ਸਲ ਪ੍ਰਾਪਤ ਹੋ ਜਾਵੇਗੀ। ਇਸ ਮੌਸਮ ਵਿਚ ਬਿਜਾਈ ਲਈ ਸੀ.ਓ.ਪੀ.ਬੀ. 92, ਸੀ.ਓ. 118, ਸੀ.ਓ.ਜੇ. 85 ਅਤੇ ਸੀ.ਓ.ਜੇ. 64 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਖਾਦਾਂ ਦੀ ਵਰਤੋਂ ਮਿੱਟੀ ਪਰਖ ਦੀ ਰਿਪੋਰਟ ਅਨੁਸਾਰ ਕਰਨੀ ਚਾਹੀਦੀ ਹੈ। ਇੱਕ ਏਕੜ ਲਈ ਤਿੰਨ ਅੱਖਾਂ ਵਾਲੀਆਂ 20 ਹਜ਼ਾਰ ਪੱਛੀਆਂ ਜਾਂ ਚਾਰ ਅੱਖਾਂ ਵਾਲੀਆਂ 15,000 ਪੱਛੀਆਂ ਚਾਹੀਦੀਆਂ ਹਨ। ਬਿਜਾਈ ਸਿਆੜਾਂ ਵਿੱਚ ਪੱਛੀਆਂ ਨੂੰ ਇੱਕ-ਦੂਜੀ ਨਾਲ ਜੋੜ ਕੇ ਕਰੋ। ਲਾਈਨਾਂ ਵਿਚਕਾਰ 90 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਪਹਿਲਾ ਪਾਣੀ ਬਿਜਾਈ ਤੋਂ ਮਹੀਨੇ ਪਿੱਛੋਂ ਦੇਵੋ।

ਪੰਜਾਬ ਵਿੱਚ ਆਲੂਆਂ ਤੋਂ ਬਾਅਦ ਮਟਰਾਂ ਹੇਠ ਸਭ ਤੋਂ ਵਧ ਕਰਬਾ ਹੈ। ਇਨ੍ਹਾਂ ਦੀ ਬਿਜਾਈ ਆਮ ਕਰਕੇ ਅਗਲੇ ਮਹੀਨੇ ਕੀਤੀ ਜਾਂਦੀ ਹੈ ਪਰ ਕੁਝ ਕਿਸਾਨ ਅਗੇਤੀ ਬਿਜਾਈ ਕਰਦੇ ਹਨ ਕਿਉਂਕਿ ਅਗੇਤੀ ਫ਼ਸਲ ਦਾ ਮੰਡੀ ਵਿੱਚ ਮੁੱਲ ਵਧੇਰੇ ਪ੍ਰਾਪਤ ਹੁੰਦਾ ਹੈ। ਅਗੇਤੀ ਬਿਜਾਈ ਲਈ ਏ ਪੀ-3, ਮਟਰ ਅਗੇਤਾ-7 ਅਤੇ ਮਟਰ ਅਗੇਤਾ-6 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇੱਕ ਏਕੜ ਲਈ 45 ਕਿੱਲੋ ਬੀਜ ਦੀ ਵਰਤੋਂ ਕਰੋ। ਬੀਜਣ ਤੋਂ ਪਹਿਲਾਂ ਬੀਜ ਨੂੰ ਰਾਈਜ਼ੋਬੀਅਮ ਦਾ ਟੀਕਾ ਜਰੂਰ ਲਗਾ ਲਵੋ। ਬਿਜਾਈ ਸਮੇਂ 45 ਕਿੱਲੋ ਯੂਰੀਆ ਅਤੇ 155 ਕਿੱਲੋ ਸਿੰਗਲ ਸੁਪਰਫਾਸਫ਼ੇਟ ਪ੍ਰਤੀ ਏਕੜ ਪਾਵੋ।

ਪੰਜਾਬ ਵਿੱਚ ਸਬਜ਼ੀਆਂ ਹੇਠ ਕੁੱਲ ਰਕਬੇ ਦਾ ਅੱਧਾ ਕੇਵਲ ਆਲੂਆਂ ਹੇਠ ਹੈ। ਆਲੂਆਂ ਦੀ ਕਾਸ਼ਤ ਕੋਈ 96,000 ਹੈਕਟੇਅਰ ਧਰਤੀ ਉੱਤੇ ਕੀਤੀ ਜਾਂਦੀ ਹੈ। ਜੇ ਫ਼ਸਲ ਚੰਗੀ ਹੋ ਜਾਵੇ ਅਤੇ ਚੰਗੇ ਮੁੱਲ ’ਤੇ ਵਿੱਕ ਜਾਵੇ ਤਾਂ ਚੋਖੀ ਆਮਦਨ ਹੋ ਜਾਂਦੀ ਹੈ ਪਰ ਫ਼ਸਲ ਦੀ ਸਫ਼ਲਤਾ ਲਈ ਮਿਹਨਤ ਦੀ ਲੋੜ ਹੈ। ਆਲੂ ਦੀ ਬਿਜਾਈ ਮੌਸਮ ਥੋੜ੍ਹਾ ਠੰਢਾ ਹੁੰਦਿਆਂ ਹੀ ਇਸ ਮਹੀਨੇ ਦੇ ਅਖ਼ੀਰ ਵਿੱਚ ਸ਼ੁਰੂ ਹੋ ਜਾਂਦੀ ਹੈ। ਜੇ ਵੱਧ ਰਕਬੇ ਵਿੱਚ ਕਾਸ਼ਤ ਕਰਨੀ ਹੈ ਤਾਂ ਕੁਝ ਹਿੱਸੇ ਵਿੱਚ ਅਗੇਤੀਆਂ ਤੇ ਕੁਝ ਹਿੱਸੇ ਵਿੱਚ ਪਿਛੇਤੀਆਂ ਕਿਸਮਾਂ ਨੂੰ ਬੀਜਣਾ ਚਾਹੀਦਾ ਹੈ। ਕੁਫ਼ਰੀ ਸੂਰਯਾ, ਕੁਫ਼ਰੀ ਚੰਦਰਮੁਖੀ, ਕੁਫ਼ਰੀ ਅਸ਼ੋਕਾ ਅਤੇ ਕੁਫ਼ਰੀ ਪੁਖਰਾਜ ਅਗੇਤੀਆਂ ਕਿਸਮਾਂ ਹਨ। ਕੁਫ਼ਰੀ ਸੰਧੂਰੀ ਅਤੇ ਕੁਫ਼ਰੀ ਬਾਦਸ਼ਾਹ ਪਿਛੇਤੀਆਂ ਕਿਸਮਾਂ ਹਨ। ਕੁਫ਼ਰੀ ਪੁਸ਼ਕਰ, ਕੁਫ਼ਰੀ ਜਯੋਤੀ ਅਤੇ ਕੁਫ਼ਰੀ ਬਹਾਰ ਮੁੱਖ ਮੌਸਮ ਦੀਆਂ ਕਿਸਮਾਂ ਹਨ। ਸਭ ਤੋਂ ਵੱਧ ਝਾੜ ਨਵੀਂ ਕਿਸਮ ਕੁਫ਼ਰੀ ਗੰਗਾ ਦਾ ਹੈ। ਇਹ ਇੱਕ ਏਕੜ ਵਿੱਚੋਂ 187 ਕੁਇੰਟਲ ਤੋਂ ਵੀ ਵੱਧ ਝਾੜ ਦੇ ਦਿੰਦੀ ਹੈ। ਕੁਫ਼ਰੀ ਚਿਪਸੋਨਾ-1, ਕੁਫ਼ਰੀ ਚਿਪਸੋਨਾ-3 ਅਤੇ ਕੁਫ਼ਰੀ ਫਰਾਈਸੋਨਾ ਪਦਾਰਥੀਕਰਨ ਲਈ ਵਧੀਆ ਕਿਸਮਾਂ ਹਨ। ਇਨ੍ਹਾਂ ਸਾਰੀਆਂ ਕਿਸਮਾਂ ਦਾ ਝਾੜ 160 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਹੈ। ਖੇਤ ਤਿਆਰ ਕਰਦੇ ਸਮੇਂ ਕੋਈ 20 ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ। ਇਸ ਦੇ ਨਾਲ ਹੀ 165 ਕਿੱਲੋ ਯੂਰੀਆ, 155 ਕਿੱਲੋ ਸੁਪਰਫ਼ਾਸਫ਼ੇਟ ਅਤੇ 40 ਕਿੱਲੋ ਮਿਊਰੇਟ ਆਫ਼ ਪੋਟਾਸ਼ ਪਾਉਣ ਦੀ ਸਿਫ਼ਾਰਸ਼ ਹੈ। ਸਾਰੀ ਫ਼ਾਸਫ਼ੋਰਸ, ਸਾਰੀ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਬਿਜਾਈ ਸਮੇਂ ਪਾਵੋ। ਬਾਕੀ ਦਾ ਯੂਰੀਆ ਮਿੱਟੀ ਚੜ੍ਹਾਉਣ ਵੇਲੇ ਪਾਇਆ ਜਾਵੇ। ਇੱਕ ਏਕੜ ਲਈ ਕੋਈ 15 ਕੁਇੰਟਲ ਬੀਜ ਦੀ ਲੋੜ ਹੈ। ਬਿਜਾਈ ਕਰਦੇ ਸਮੇਂ ਵੱਟਾਂ ਵਿਚਕਾਰ 60 ਅਤੇ ਆਲੂਆਂ ਵਿਚਕਾਰ 20 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ।

ਪੰਜਾਬ ਵਿੱਚ ਸਾਰਾ ਸਾਲ ਹਰਾ ਚਾਰਾ ਉਗਾਇਆ ਜਾ ਸਕਦਾ ਹੈ। ਹਰੇ ਚਾਰੇ ਕਰਕੇ ਹੀ ਪੰਜਾਬ ਦੇ ਦੁਧਾਰੂ ਦੂਜਿਆਂ ਸੂਬਿਆਂ ਦੇ ਮੁਕਾਬਲੇ ਜ਼ਿਆਦਾ ਦੁੱਧ ਦਿੰਦੇ ਹਨ। ਇਸ ਮਹੀਨੇ ਦੇ ਅਖ਼ੀਰ ਵਿੱਚ ਹਾੜ੍ਹੀ ਦੇ ਚਾਰਿਆਂ ਦੀ ਬਿਜਾਈ ਸ਼ੁਰੂ ਹੋ ਜਾਣੀ ਹੈ। ਬਰਸੀਮ ਹਾੜ੍ਹੀ ਦਾ ਮੁੱਖ ਚਾਰਾ ਹੈ। ਇਸ ਦੀ ਇੱਕ ਵਾਰ ਬਿਜਾਈ ਕਰਕੇ ਕਈ ਮਹੀਨੇ ਚਾਰਾ ਪ੍ਰਾਪਤ ਹੁੰਦਾ ਹੈ। ਬਰਸੀਮ ਧਰਤੀ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਕਰਦਾ ਹੈ। ਇਸ ਨਾਲ ਨਦੀਨਾਂ ਨੂੰ ਵੀ ਕਾਬੂ ਕੀਤਾ ਜਾ ਸਕਦਾ ਹੈ। ਪੰਜਾਬ ਵਿੱਚ ਕਾਸ਼ਤ ਲਈ ਬੀਐੱਲ-42, ਬੀਐੱਲ-10 ਅਤੇ ਬੀਐੱਲ-1 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇੱਕ ਏਕੜ ਲਈ 10 ਕਿੱਲੋ ਬੀਜ ਚਾਹੀਦਾ ਹੈ। ਬਿਜਾਈ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰੋ ਅਤੇ ਛੋਟੇ ਕਿਆਰੇ ਬਣਾਵੋ। ਬੀਜਣ ਤੋਂ ਪਹਿਲਾਂ ਬੀਜ ਨੂੰ ਪਾਣੀ ਵਿੱਚ ਪਾਵੋ। ਜਿਹੜੇ ਬੀਜ ਤਰ ਆਉਣ ਉਨ੍ਹਾਂ ਨੂੰ ਕੱਢ ਦੇਵੋ। ਬੀਜ ਨੂੰ ਰਾਈਜੋਬੀਅਮ ਦਾ ਟੀਕਾ ਵੀ ਲਗਾਵੋ। ਜਦੋਂ ਮੌਸਮ ਸ਼ਾਂਤ ਹੋਵੇ ਤਾਂ ਖੇਤ ਨੂੰ ਪਾਣੀ ਦੇਵੋ, ਹੁਣ ਬੀਜ ਦਾ ਇੱਕ ਸਾਰ ਛੱਟਾ ਦੇਵੋ। ਜੇ 750 ਗ੍ਰਾਮ ਸਰ੍ਹੋਂ ਵੀ ਰਲਾ ਦਿੱਤੀ ਜਾਵੇ ਤਾਂ ਪਹਿਲਾ ਲੌਅ ਵਧੀਆ ਹੋ ਜਾਵੇਗਾ। ਖੇਤ ਤਿਆਰ ਕਰਨ ਤੋਂ ਪਹਿਲਾਂ ਛੇ ਟਨ ਰੂੜੀ ਪਾਵੋ। ਬਿਜਾਈ ਸਮੇਂ 125 ਕਿੱਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਵੀ ਪਾ ਦਿੱਤਾ ਜਾਵੇ। ਪਹਿਲੀ ਕਟਾਈ 50 ਦਿਨਾਂ ਪਿੱਛੋਂ ਕੀਤੀ ਜਾ ਸਕਦੀ ਹੈ।

ਕਈ ਥਾਈਂ ਝੋਨੇ ਦੀ ਵਾਢੀ ਸ਼ੁਰੂ ਹੋ ਗਈ ਹੈ। ਝੋਨੇ ਦੀਆਂ ਜਦੋਂ ਮੁੰਜਰਾਂ ਪੱਕ ਜਾਣ ਅਤੇ ਪਰਾਲੀ ਪੀਲੀ ਪੈ ਜਾਵੇ ਤਾਂ ਝੋਨੇ ਦੀ ਵਾਢੀ ਕਰ ਲੈਣੀ ਚਾਹੀਦੀ ਹੈ। ਜੇ ਵਾਢੀ ਹੱਥੀਂ ਕਰਨੀ ਹੈ ਤਾਂ ਇਸ ਦੀ ਝੜਾਈ ਉਸੇ ਦਿਨ ਕਰ ਲੈਣੀ ਚਾਹੀਦੀ ਹੈ। ਬੀਜ ਲਈ ਰੱਖਣ ਵਾਲੇ ਖੇਤ ਵੱਲ ਵਿਸ਼ੇਸ਼ ਧਿਆਣ ਦੇਣ ਦੀ ਲੋੜ ਹੈ। ਉਸੇ ਖੇਤ ਦੀ ਉਪਜ ਬੀਜ ਲਈ ਰੱਖੀ ਜਾਵੇ ਜੋ ਭਾਰੀ ਹੋਵੇ ਅਤੇ ਕਿਸੇ ਵੀ ਬਿਮਾਰੀ ਦੇ ਹਮਲੇ ਤੋਂ ਮੁਕਤ ਹੋਵੇ। ਖੇਤ ਵਿੱਚੋਂ ਨਦੀਨਾਂ ਦੇ ਜਾਂ ਮਾੜੇ ਬਿਮਾਰ ਬੂਟੇ ਪੁੱਟ ਦੇਵੋ। ਇਸ ਖੇਤ ਦੀ ਫ਼ਸਲ ਵੱਖਰੀ ਰੱਖੋ। ਦਾਣਿਆਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਢੋਲਾਂ ਵਿੱਚ ਭਰੋ।

ਮੱਕੀ ਵੀ ਹੁਣ ਪੱਕ ਗਈ ਹੋਵੇਗੀ। ਜਦੋਂ ਛੱਲੀਆਂ ਦੇ ਪਰਦਿਆਂ ਦਾ ਰੰਗ ਸੁੱਕ ਕੇ ਭੂਰਾ ਹੋ ਜਾਵੇ ਤਾਂ ਮੱਕੀ ਦੀ ਕਟਾਈ ਕਰ ਲੈਣੀ ਚਾਹੀਦੀ ਹੈ। ਹੁਣ ਛੱਲੀਆਂ ਨੂੰ ਪਰਦਿਆਂ ਵਿੱਚੋਂ ਕੱਢ ਮੁੜ ਡੰਡਿਆਂ ਨਾਲ ਕੁੱਟ ਕੇ ਦਾਣੇ ਵੱਖ ਕਰਨ ਦੀ ਲੋੜ ਨਹੀਂ ਹੈ, ਸਗੋਂ ਮਸ਼ੀਨਾਂ ਸਾਰਾ ਕੰਮ ਆਪ ਹੀ ਕਰ ਦਿੰਦੀਆਂ ਹਨ। ਮੱਕੀ ਨੂੰ ਮੰਡੀ ਵਿੱਚ ਸੁਕਾ ਕੇ ਲਿਜਾਣਾ ਚਾਹੀਦਾ ਹੈ। ਦਾਣਿਆਂ ਵਿੱਚ 15 ਫ਼ੀਸਦੀ ਤੋਂ ਵੱਧ ਨਮੀਂ ਨਹੀਂ ਹੋਣੀ ਚਾਹੀਦੀ। ਕੋਸ਼ਿਸ਼ ਕਰੋ ਕਿ ਤੁਹਾਡੀ ਮੱਕੀ ਸਰਕਾਰ ਵੱਲੋਂ ਮਿੱਥੇ ਘੱਟੋ-ਘੱਟ ਮੁਲ ਉੱਤੇ ਜ਼ਰੂਰ ਵਿਕੇ। ਕਪਾਹ ਅਤੇ ਨਰਮਾ ਹੁਣ ਖਿੜ ਪਿਆ ਹੈ। ਇਸ ਵੇਲੇ ਫ਼ਸਲ ਨੂੰ ਸੋਕਾ ਨਹੀਂ ਲੱਗਣ ਦੇਣਾ ਚਾਹੀਦਾ। ਸੋਕੇ ਨਾਲ ਫੁੱਲ ਝੜ ਜਾਂਦੇ ਹਨ। ਜੇ ਕਿਸੇ ਕੀੜੇ ਦਾ ਹਮਲਾ ਨਜ਼ਰ ਆਵੇ ਤਾਂ ਮਾਹਿਰਾਂ ਨਾਲ ਸੰਪਰਕ ਕਰੋ ਅਤੇ ਉਨ੍ਹਾਂ ਦੀ ਸਲਾਹ ਅਨੁਸਾਰ ਹੀ ਜ਼ਹਿਰਾਂ ਦੀ ਵਰਤੋਂ ਕਰੋ।

ਤੋਰੀਆਂ ਜੇ ਨਹੀਂ ਬੀਜੀਆਂ ਤਾਂ ਉਸ ਵਿਚ ਹੋਰ ਦੇਰੀ ਨਹੀਂ ਕਰਨੀ ਚਾਹੀਦੀ। ਤੋਰੀਏ ਦੀਆਂ ਟੀ ਅੇਲ 17 ਜਾਂ ਪੀ ਬੀ ਟੀ-37 ਜਾਂ ਟੀ ਅੇਲ 15 ਕਿਸਮ ਬੀਜੋ। ਬਿਜਾਈ ਸਮੇਂ 55 ਕਿੱਲੋ ਯੂਰੀਆ ਅਤੇ 50 ਕਿੱਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਪਾਈ ਜਾਵੇ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ