ਜਾਣੋ ਗੁਣਾਂ ਨਾਲ ਭਰਭੂਰ ਅਮਰੂਦ ਅਤੇ ਇਸ ਦੀਆਂ ਪੱਤੀਆਂ ਦੇ ਅਦਭੁੱਤ ਫਾਇਦੇ

ਅੱਜ ਦੇ ਦੌਰ ਵਿੱਚ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ ਅਤੇ ਹਰ ਫਲ ਹਰ ਮੌਸਮ ਵਿੱਚ ਉਪਲੱਬਧ ਰਹਿੰਦਾ ਹੈ ਪਰ ਸਹੀ ਮੌਸਮ ਵਿੱਚ ਸਹੀ ਫਲ ਖਾਣ ਨਾਲ ਸਵਾਦ ਕਾਫੀ ਗੁਣਾ ਵੱਧ ਜਾਂਦਾ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਰਦੀਆਂ ਦੇ ਮੌਸਮ ਦੇ ਖਾਸ ਫਲਾਂ ਵਿਚੋਂ ਇੱਕ ਅਜਿਹੇ ਫਲ ਦੀ, ਜਿਸ ਨੂੰ ਅਮਰੂਦ, ਗੁਆਵਾ ਜਾਂ ਜਾਮ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਜੀ ਹਾਂ, ਹਲਕੇ ਹਰੇ ਰੰਗ ਦਾ ਇਹ ਫਲ ਆਪਣੇ ਆਪ ਵਿੱਚ ਕਈਂ ਗੁਣਾਂ ਨਾਲ ਭਰਿਆ ਹੁੰਦਾ ਹੈ । ਇਹ ਵਿਟਾਮਿਨ ਸੀ ਦਾ ਵੀ ਵਧੀਆ ਸਰੋਤ ਹੈ। ਇਸ ਦੀ ਸਭ ਤੋਂ ਵਧੀਆ ਗੱਲ ਹੈ ਕਿ ਇਹ ਸਸਤੇ ਰੇਟਾਂ ਵਿੱਚ ਉੱਪਲੱਬਧ ਹੋ ਜਾਂਦਾ ਹੈ। ਇਸ ਕਰਕੇ ਇਸ ਨੂੰ “ਗਰੀਬਾਂ ਦਾ ਸੇਬ” ਵੀ ਕਿਹਾ ਜਾਂਦਾ ਹੈ ਅਤੇ ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਅਮਰੂਦ ਦੇ ਨਾਲ ਨਾਲ ਇਸ ਦੀਆਂ ਪੱਤੀਆਂ ਵੀ ਕਈ ਬਿਮਾਰੀਆਂ ਵਿੱਚ ਫਾਇਦੇਮੰਦ ਹਨ।

ਤਾਂ ਹੁਣ ਜਾਣਦੇ ਹਾਂ ਅਮਰੂਦ ਖਾਣ ਦੇ ਫਾਇਦਿਆਂ ਦੇ ਬਾਰੇ ਵਿੱਚ

ਅੱਖਾਂ ਦੇ ਲਈ ਫਾਇਦੇਮੰਦ- ਜੇਕਰ ਤੁਹਾਡੀਆਂ ਅੱਖਾਂ ਵਿੱਚ ਮੋਤੀਆਬਿੰਦ, ਸੋਜਾ ਜਾਂ ਅੱਖਾਂ ਵਿੱਚ ਸੁੱਕਾਪਣ ਹੈ ਤਾਂ ਵਿਸ਼ਵਾਸ਼ ਕਰੋ ਕਿ ਅਮਰੂਦ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ , ਕਿਉਂਕਿ ਅਮਰੂਦ ਵਿਟਾਮਿਨ ਏ ਦਾ ਭਰਪੂਰ ਸਰੋਤ ਹੈ ਜੋ ਕਿ ਤੁਹਾਡੀਆਂ ਅੱਖਾਂ ਦੇ ਲਈ ਬਹੁਤ ਲਾਭਦਾਇਕ ਹੈ ।

ਵਿਟਾਮਿਨ ਸੀ ਦਾ ਭਰਭੂਰ ਸਰੋਤ: ਕੀ ਤੁਸੀਂ ਜਾਣਦੇ ਹੋ ਕਿ ਅਮਰੂਦ ਵਿੱਚ ਸੰਤਰੇ ਤੋਂ 4 ਗੁਣਾ ਜਿਆਦਾ ਵਿਟਾਮਿਨ ਸੀ ਪਾਇਆ ਜਾਂਦਾ ਹੈ। ਇਸ ਤਰ੍ਹਾਂ ਅਮਰੂਦ ਵਿੱਚ ਮੌਜੂਦ ਵਿਟਾਮਿਨ ਸੀ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦਾ ਹੈ ਤੇ ਇਹ ਕੈਂਸਰ ਨਾਲ ਲੜਨ ਵਿੱਚ ਵੀ ਸਹਾਇਕ ਹੈ।

ਵਜ਼ਨ ਘੱਟ ਕਰਨ ਵਿੱਚ ਸਹਾਇਕ – ਅੱਜ-ਕੱਲ੍ਹ ਦੇ ਸਮੇਂ ਵਿੱਚ ਵਜ਼ਨ ਦਾ ਵਧਣਾ ਸਭ ਤੋਂ ਵੱਡੀ ਸਮੱਸਿਆ ਬਣ ਚੁੱਕਿਆ ਹੈ। ਅਮਰੂਦ ਵਿੱਚ ਪ੍ਰੋਟੀਨ ਅਤੇ ਵਿਟਾਮਿਨ ਉੱਚ ਮਾਤਰਾ ਵਿੱਚ ਹੁੰਦੇ ਹਨ। ਇਸਦੀ ਰੋਜ਼ਾਨਾ ਵਰਤੋਂ ਕਰਨ ਨਾਲ ਕੋਲੇਸਟਰੋਲ ਕੰਟਰੋਲ ਵਿੱਚ ਰਹਿੰਦਾ ਹੈ। ਇਸ ਤਰ੍ਹਾਂ ਜੇਕਰ ਤੁਸੀਂ ਰੋਜ਼ਾਨਾ ਡਾਈਟ ਵਿੱਚ ਸ਼ਾਮਿਲ ਕਰ ਲਓ ਤਾਂ ਇਹ ਸਰੀਰ ਦਾ ਭਾਰ ਘੱਟ ਕਰਨ ਵਿੱਚ ਸਹਾਇਕ ਹੁੰਦਾ ਹੈ।

ਸ਼ੂਗਰ ਦੀ ਬਿਮਾਰੀ ਵਿੱਚ ਫਾਇਦੇਮੰਦ: ਜਿੰਨਾਂ ਲੋਕਾਂ ਨੂੰ ਡਾਈਬਿਟੀਜ਼ ਹੈ, ਉਨਾਂ ਲੋਕਾਂ ਲਈ ਅਮਰੂਦ ਬਹੁਤ ਫਾਇਦੇਮੰਦ ਹੈ। ਅਮਰੂਦ ਵਿੱਚ ਮੌਜੂਦ ਫਾਈਬਰ ਸਰੀਰ ਵਿੱਚ ਇਨਸੁਲਿਨ ਵਧਾਉਣ ਵਿੱਚ ਮਦਦ ਕਰਦਾ ਹੈ। ਜਿਸ ਨਾਲ ਸ਼ੂਗਰ ਦੀ ਮਾਤਰਾ ਡਾਈਜੈਸਟ ਹੋ ਜਾਂਦੀ ਹੈ। ਅਮਰੂਦ ਸ਼ੂਗਰ ਦੇ ਟਾਈਪ 2 ਦੇ ਮਰੀਜਾਂ ਦੇ ਲਈ ਬਹੁਤ ਹੀ ਲਾਭਕਾਰੀ ਹੈ । ਇਸ ਤਰ੍ਹਾਂ ਦੇ ਮਰੀਜਾਂ ਨੂੰ ਦਿਨ ਵਿੱਚ ਘੱਟ ਤੋਂ ਘੱਟ 2 ਅਮਰੂਦ ਜਰੂਰ ਖਾਣੇ ਚਾਹੀਦੇ ਹਨ।

ਅਮਰੂਦ ਦੇ ਨਾਲ ਨਾਲ ਅਮਰੂਦ ਦੀਆਂ ਪੱਤੀਆਂ ਵੀ ਬਹੁਤ ਲਾਭਕਾਰੀ ਹੈ ਜਿਵੇਂ-

• ਅਮਰੂਦ ਦੀਆਂ ਪੱਤੀਆਂ ਸਰੀਰ ਵਿੱਚ ਮੋਜੂਦ ਸਟਾਰਚ ਨੂੰ ਸ਼ੂਗਰ ਵਿੱਚ ਪਰਿਵਰਤਿਤ ਹੋਣ ਤੋਂ ਰੋਕਦੀ ਹੈ, ਜਿਸ ਨਾਲ ਸਰੀਰ ਦਾ ਵਜ਼ਨ ਨਹੀਂ ਵੱਧਦਾ। ਆਪਣੇ ਵੱਧਦੇ ਵਜ਼ਨ ਨੂੰ ਘੱਟ ਕਰਨ ਲਈ ਤੁਸੀਂ ਅਮਰੂਦ ਦੀਆਂ ਪੱਤੀਆਂ ਦਾ ਚੂਰਨ ਬਣਾ ਕੇ ਲੈ ਸਕਦੇ ਹੋ।
• ਅਮਰੂਦ ਦੀਆਂ ਪੱਤੀਆਂ ਦਾ ਰਸ ਸਰੀਰ ਵਿੱਚ ਮੌਜੂਦ ਕੈਸਟਰੋਲ ਦੇ ਲੈਵਲ ਨੂੰ ਵੀ ਘੱਟ ਕਰਦਾ ਹੈ ਅਤੇ ਇਸ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਬਚਾਉਂਦਾ ਹੈ।
• ਜੇਕਰ ਤੁਹਾਡੇ ਦੰਦਾਂ ਜਾਂ ਮਸੂੜਿਆਂ ਵਿੱਚ ਦਰਦ ਹੈ ਤਾਂ ਤੁਸੀਂ ਅਮਰੂਦ ਦੀਆਂ ਪੱਤੀਆਂ ਦਾ ਪੇਸਟ ਬਣਾ ਕੇ ਦੰਦਾਂ ਅਤੇ ਮਸੂੜਿਆਂ ਤੇ ਲਗਾਓ ਉਸ ਨਾਲ ਵੀ ਰਾਹਤ ਮਿਲੇਗੀ।
• ਜੇਕਰ ਤੁਹਾਡੇ ਚਿਹਰੇ ਤੇ ਪਿੰਪਲ ਹੈ ਤਾਂ ਅਮਰੂਦ ਦੀਆਂ ਪੱਤੀਆਂ ਦਾ ਪੇਸਟ ਚਿਹਰੇ ਤੇ ਲਗਾਉਣ ਨਾਲ ਤੁਹਾਨੂੰ ਲਾਭ ਮਿਲੇਗਾ।
• ਕਈ ਲੋਕ ਅਮਰੂਦ ਦਾ ਜੂਸ ਬਹੁਤ ਪਸੰਦ ਕਰਦੇ ਹਨ ਅਤੇ ਇਸ ਦੇ ਬਹੁਤ ਸਾਰੇ ਫਾਇਦੇ ਵੀ ਹਨ। ਤੁਹਾਨੂੰ ਅਸੀਂ ਅਮਰੂਦ ਦਾ ਸਵਾਦਿਸ਼ਟ ਜੂਸ ਬਣਾਉਣ ਦਾ ਤਰੀਕਾ ਦੱਸ ਰਹੇ ਹਾਂ।

ਅਮਰੂਦ ਦਾ ਜੂਸ ਬਣਾਉਣ ਲਈ ਲੋੜੀਂਦੀ ਸਮੱਗਰੀ:

• 2 ਅਮਰੂਦ
• ਅਦਰਕ ਦਾ ਟੁਕੜਾ
• ਕਾਲੀ ਮਿਰਚ 4 ਜਾਂ 5
• 2-3 ਚਮਚ ਨਿੰਬੂ ਦਾ ਰਸ
• ਕਾਲਾ ਨਮਕ ਸਵਾਦ ਅਨੁਸਾਰ
• ਪਾਣੀ ਅੱਧਾ ਗਿਲਾਸ

ਜੂਸ ਬਣਾਉਣ ਦਾ ਤਰੀਕਾ

ਜੂਸ ਬਣਾਉਣ ਲਈ ਉੱਪਰ ਦੱਸੀਆਂ ਸਾਰੀਆਂ ਵਸਤੂਆਂ ਨੂੰ ਲੈ ਲੇ ਮਿਕਸਰ ਵਿੱਚ ਪੀਸ ਲਵੋ ਅਤੇ ਇਸ ਵਿੱਚ ਨਿੰਬੂ ਦਾ ਰਸ ਮਿਲਾਓ। ਅਖੀਰ ਵਿੱਚ ਇਸ ਮਿਕਸਚਰ ਨੂੰ ਛਾਣਨੀ ਨਾਲ ਛਾਣ ਲਓ। ਹੁਣ ਤੁਹਾਡਾ ਅਮਰੂਦ ਦਾ ਜੂਸ ਤਿਆਰ ਹੈ। ਬਿਨਾਂ ਪਾਣੀ ਪਾਏ ਇਸਦਾ ਪੇਸਟ ਬਣਾ ਕੇ 2-3 ਦਿਨਾਂ ਤੱਕ ਫਰਿੱਜ ਵਿੱਚ ਰੱਖ ਸਕਦੇ ਹੋ ਅਤੇ ਜ਼ਰੂਰਤ ਪੈਣ ਤੇ ਵਰਤ ਸਕਦੇ ਹੋ।

ਅਮਰੂਦ ਦੇ ਇੰਨੇ ਸਾਰੇ ਫਾਇਦੇ ਪੜ੍ਹਕੇ ਤੁਸੀਂ ਸਮਝ ਗਏ ਹੋਵੋਗੇ ਕਿ ਇਹ ਨਾ ਕੇਵਲ ਸਵਾਦ ਹੈ ਸਗੋਂ ਗੁਣਾਂ ਦੀ ਖਾਨ ਵੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ