ਜਾਣੋ ਪੋਸ਼ਕ ਤੱਤਾਂ ਨਾਲ ਭਰਪੂਰ ਬਾਜਰਾ ਦੇ ਲਾਭਕਾਰੀ ਗੁਣ ਅਤੇ ਇਸ ਤੋਂ ਤਿਆਰ ਹੋਣ ਵਾਲੇ ਵਿਅੰਜਨ

ਆਮ ਤੌਰ ‘ਤੇ ਅਸੀਂ ਅਨਾਜ ਵਿੱਚ ਕਣਕ ਤੇ ਚੌਲ ਹੀ ਖਾਂਦੇ ਹਾਂ ਪਰ ਇਸ ਤੋਂ ਇਲਾਵਾ ਕਈ ਅਨਾਜ ਅਜਿਹੇ ਵੀ ਹੁੰਦੇ ਹਨ ਜੋ ਪੋਸ਼ਕ ਤੱਤਾਂ ਨਾਲ ਭਰਭੂਰ ਹੁੰਦੇ ਹਨ ਪਰ ਅਸੀਂ ਇਨ੍ਹਾਂ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਨਹੀਂ ਕਰਦੇ। ਇਨ੍ਹਾਂ ਵਿਚੋਂ ਇੱਕ ਹੈ ਬਾਜਰਾ। ਬਾਜਰਾ ਪੰਜਾਬ, ਹਰਿਆਣਾ, ਰਾਜਸਥਾਨ ਦਾ ਪ੍ਰਮੁੱਖ ਅਨਾਜ ਹੈ। ਬਾਜਰੇ ਦੀ ਰੋਟੀ ਹੋਵੇ ਜਾਂ ਖਿਚੜੀ , ਇਨ੍ਹਾਂ ਵਿੱਚ ਮੌਜੂਦ ਗੁਣਕਾਰੀ ਤੱਤ ਨਾ ਸਿਰਫ਼ ਤੁਹਾਨੂੰ ਸਿਹਤਮੰਦ ਬਣਾਈ ਰੱਖਦੇ ਹਨ ਬਲਕਿ ਸਰਦੀਆਂ ਦੇ ਮੌਸਮ ਵਿੱਚ ਇਹ ਤੁਹਾਡੀ ਇਮਊਨਿਟੀ ਨੂੰ ਵੀ ਵਧਾਉਂਦੇ ਹਨ।

ਬਾਜਰੇ ਵਿੱਚ ਪਾਏ ਜਾਣ ਵਾਲੇ ਤੱਤ
ਬਾਜਰੇ ਵਿੱਚ ਕਈ ਪੋਸ਼ਟਿਕ ਤੱਤ ਪਾਏ ਜਾਂਦੇ ਹਨ ਜਿਵੇ ਕਿ ਨਿਆਸਿਨ, ਮੈਗਨੀਸ਼ੀਅਮ, ਫਾਸਫੋਰਸ। ਨਿਆਸਿਨ ਨਸਾਂ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਫਾਸਫੋਰਸ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ, ਬਾਜਰਾ ਹੱਡੀਆਂ ਵਿੱਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦਾ ਹੈ ਅਤੇ ਖੂਨ ਦੀ ਕਮੀ ( ਅਨੀਮਿਆਂ ) ਵੀ ਨਹੀਂ ਹੋਣ ਦਿੰਦਾ। ਬਾਜਰੇ ਵਿੱਚ ਇਹ ਤਿੰਨੋ ਹੀ ਵੱਧ ਮਾਤਰਾ ਵਿੱਚ ਪਾਏ ਜਾਂਦੇ ਹਨ। ਬਾਜਰੇ ਦੀ ਵਰਤੋਂ ਨਾਲ ਇਸ ਤਰਾਂ ਦੇ ਪੋਸ਼ਕ ਤੱਤਾਂ ਦੀ ਕਮੀ ਨੂੰ ਅਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਬਾਜਰਾ ਲੀਵਰ ਨਾਲ ਸਬੰਧਿਤ ਰੋਗਾਂ ਨੂੰ ਵੀ ਘੱਟ ਕਰਦਾ ਹੈ।

ਬਾਜਰੇ ਦੇ ਗੁਣ ਅਤੇ ਲਾਭ
ਬਾਜਰਾ ਗਲੂਟਨ ਮੁਕਤ ਹੁੰਦਾ ਹੈ, ਜਿਹਨਾਂ ਲੋਕਾਂ ਨੂੰ ਗਲੂਟਨ ਤੋਂ ਐਲਰਜੀ ਹੈ ਉਸ ਦੇ ਲਈ ਬਾਜਰਾ ਜ਼ਿਆਦਾ ਫਾਇਦੇਮੰਦ ਹੈ। ਬਾਜਰੇ ਵਿੱਚ ਅਮੀਨੋ ਐਸਿਡ ਹੁੰਦਾ ਹੈ ਜੋ ਕਿ ਅਸਾਨੀ ਨਾਲ ਪਚ ਜਾਂਦਾ ਹੈ। ਜਿਹਨਾਂ ਲੋਕਾਂ ਦਾ ਡਾਈਜੇਸ਼ਨ ਵਿਗੜਿਆ ਹੁੰਦਾ ਹੈ, ਉਹਨਾਂ ਲਈ ਬਾਜਰਾ ਬਹੁਤ ਫਾਇਦੇਮੰਦ ਹੈ। ਅਜਿਹੇ ਲੋਕ ਬਾਜਰੇ ਦੀ ਖਿਚੜੀ ਜਾਂ ਰੋਟੀ ਖਾ ਸਕਦੇ ਹਨ ਇਸ ਨਾਲ ਐਸਿਡ ਬਿਹਤਰ ਤਰੀਕੇ ਨਾਲ ਸਰੀਰ ਵਿੱਚ ਪਚਦਾ ਹੈ। ਬਾਜਰੇ ਦੀ ਰੋਟੀ ਜਾਂ ਖਿਚੜੀ ਦੀ ਵਰਤੋਂ ਨਾਲ ਤੁਸੀਂ ਸਿਹਤਮੰਦ ਮਹਿਸੂਸ ਕਰੋਗੇ।

ਕਦੋਂ ਖਾਈਏ ਬਾਜਰਾ
ਬਾਜਰੇ ਨੂੰ ਸਰਦੀਆਂ ਵਿੱਚ ਖਾਣਾ ਜ਼ਿਆਦਾ ਫਾਇਦੇਮੰਦ ਹੈ । ਗਰਮ ਤਸੀਰ ਹੋਣ ਦੇ ਕਾਰਨ ਇਹ ਸਰੀਰ ਨੂੰ ਗਰਮ ਰੱਖਦਾ ਹੈ । ਬਾਜਰੇ ਦੀ ਰੋਟੀ ਨੂੰ ਪਾਲਕ ਜਾਂ ਕਿਸੇ ਹੋਰ ਸਬਜ਼ੀ ਦੇ ਨਾਲ ਵੀ ਖਾਧਾ ਜਾ ਸਕਦਾ ਹੈ।

ਬਾਜਰੇ ਤੋਂ ਤਿਆਰ ਵਿਅੰਜਨ
ਬਾਜਰੇ ਨੂੰ ਕਿਸੇ ਵੀ ਰੂਪ ਵਿੱਚ ਖਾਧਾ ਜਾ ਸਕਦਾ ਹੈ । ਤੁਸੀਂ ਚਾਹੋ ਤਾਂ ਬਾਜਰੇ ਨੂੰ ਖਿਚੜੀ , ਚਾਟ , ਬਾਜਰੇ ਦੀ ਪੂੜੀ, ਪਕੌੜੇ, ਕਟਲੇਟ , ਸੂਪ , ਵੜਾਂ, ਢੋਕਲਾ, ਚੀਲਾ, ਮਠਰੀ, ਹਲਵਾ, ਚੂਰਮਾ,ਬਾਜਰੇ ਦੇ ਲੱਡੂ ਆਦਿ ਦੇ ਰੂਪ ਵਿੱਚ ਵੀ ਖਾ ਸਕਦੇ ਹੋ।
ਅੱਜ ਅਸੀਂ ਸ਼ੇਅਰ ਕਰ ਰਹੇ ਹਾਂ ਬਾਜਰੇ ਦੇ ਵੜੇ ਬਣਾਉਣ ਦੀ ਵਿਧੀ। ਬਾਜਰੇ ਦੇ ਵੜੇ ਅਸਾਨੀ ਨਾਲ ਬਣ ਜਾਂਦੇ ਹਨ ਅਤੇ ਖਾਣ ਵਿੱਚ ਵੀ ਸਵਾਦ ਹੁੰਦੇ ਹਨ।

ਜਾਣੋ ਕਿਵੇਂ ਬਣਦੇ ਹਨ ਬਾਜਰੇ ਦੇ ਵੜੇ:

vada
• ਬਾਜਰੇ ਦਾ ਆਟਾ : ਢੇਡ ਕੱਪ
• ਲਾਲ ਮਿਰਚ ਪਾਊਡਰ: 1 ਛੋਟਾ ਚਮਚ
• ਹਲਦੀ ਪਾਊਡਰ : 1/2 ਛੋਟਾ ਚਮਚ
ਧਨੀਆ ਪਾਊਡਰ: 1 ਛੋਟਾ ਚਮਚ
• ਤਿਲ: 1 ਛੋਟਾ ਚਮਚ
• ਦਹੀ :1 ਚਮਚ
• ਧਨੀਆ:1 ਕੱਪ, ਬਰੀਕ ਕੱਟਿਆ ਹੋਇਆ
• ਤੇਲ : 2 ਕੱਪ ਤਲਨ ਦੇ ਲਈ
• ਨਮਕ: 2 ਛੋਟੇ ਚਮਚ ਜਾਂ ਸਵਾਦ ਅਨੁਸਾਰ
• ਪਾਣੀ: 1/2 ਕੱਪ

ਬਣਾਉਣ ਦਾ ਤਰੀਕਾ
• ਬਾਜਰੇ ਦੇ ਆਟੇ ਨੂੰ ਇੱਕ ਭਾਂਡੇ ਵਿੱਚ ਲੈ ਕੇ ਉਸ ਵਿੱਚ ਪੀਸੀ ਲਾਲ ਮਿਰਚ , ਹਲਦੀ, ਦਹੀ, ਤਿਲ , ਹਰਾ ਧਨੀਆ, ਧਨੀਆ ਪਾਊਡਰ ਅਤੇ ਨਮਕ ਪਾਓ।
• ਤੁਸੀਂ ਥੋੜ੍ਹਾ-ਥੋੜ੍ਹਾ ਪਾਣੀ ਪਾ ਕੇ ਆਟੇ ਨੂੰ ਗੁੰਨ੍ਹ ਲਵੋ।
• ਫਿਰ ਗੁੰਨ੍ਹੇ ਹੋਏ ਆਟੇ ਦੇ ਛੋਟੇ ਛੋਟੇ ਪੇੜੇ ਬਣਾਉ। ਪੇੜੇ ਨੂੰ ਹੱਥ ਨਾਲ ਦੱਬ ਕੇ ਚਪਟਾ ਕਰ ਲਵੋ।
• ਬਾਜਰੇ ਦੇ ਵੜਿਆਂ ਨੂੰ ਤਲਨ ਦੇ ਲਈ ਇੱਕ ਕੜਾਹੀ ਵਿੱਚ ਤੇਲ ਗਰਮ ਕਰ ਲਓ। ਤੇਲ ਗਰਮ ਹੋਣ ਤੋਂ ਬਾਅਦ ਇੱਕ ਵੜਾ ਪਾ ਕੇ ਦੇਖ ਲਓ।
• ਹੁਣ ਬਾਜਰੇ ਦੇ ਵੜੇ ਤਲਨ ਲਈ ਤੇਲ ਵਿੱਚ ਰੱਖ ਦਿਓ ਤੇ ਉਨਾਂ ਦਾ ਰੰਗ ਸੁਨਿਹਰੀ ਹੋਣ ਤੱਕ ਤਲੋ । ਤਲੇ ਹੋਏ ਵੜਿਆਂ ਨੂੰ ਕੱਢਕੇ ਟਿਸ਼ੂ ਪੇਪਰ ‘ਤੇ ਰੱਖ ਲਓ।
• ਬਾਜਰੇ ਦੇ ਵੜੇ ਤਿਆਰ ਹੈ । ਫਿਰ ਬਾਜਰੇ ਦੇ ਵੜਿਆਂ ਨੂੰ ਤੁਸੀਂ ਟਮਾਟਰ ਸੋਸ ਜਾਂ ਚਾਹ ਦੇ ਨਾਲ ਪਰੋਸੋ।

ਬਾਜਰੇ ਦੇ ਨੁਕਸਾਨ
ਬਾਜਰੇ ਦੇ ਜ਼ਿਆਦਾ ਹਾਨੀਕਾਰਕ ਪ੍ਰਭਾਵ ਨਹੀਂ ਹਨ| ਫਿਰ ਵੀ ਬਾਜਰੇ ਨੂੰ ਠੀਕ ਤਰੀਕੇ ਨਾਲ ਪਚਾਉਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ ਜੋ ਕਿ ਹਾਨੀਕਾਰਕ ਹੋ ਸਕਦਾ ਹੈ। ਬਾਜਰੇ ਵਿੱਚ ਗੋਈਟੈਰੋਗੈਨਿਕ (goitrogenic) ਪਦਾਰਥ ਦੀ ਛੋਟੀ ਮਾਤਰਾ ਹੁੰਦੀ ਹੈ ਜੋ ਕਿ ਸ਼ਰੀਰ ਵਿੱਚ ਆਇਓਡੀਨ ਅਵਸ਼ੇਸ਼ਨ ਨੂੰ ਰੋਕਦੀ ਹੈ ਜਿਸ ਨਾਲ ਥਾਇਰਡ ਦੀ ਸਮੱਸਿਆ ਹੁੰਦੀ ਹੈ। ਭੋਜਨ ਵਿੱਚ ਗੋਈਟੈਰੋਗੈਨਿਕ ਆਮਤੌਰ ਤੇ ਖਾਣਾ ਪਕਾਉਣ ਨਾਲ ਘੱਟ ਹੁੰਦੇ ਹਨ ਪਰ ਬਾਜਰੇ ਨੂੰ ਪਕਾਉਣ ਜਾਂ ਗਰਮ ਕਰਨ ਨਾਲ ਗੋਈਟੈਰੋਗੈਨਿਕ ਦਾ ਪ੍ਰਭਾਵ ਵੱਧ ਜਾਂਦਾ ਹੈ। ਇਸ ਲਈ ਥਾਇਰਡ ਤੋਂ ਪੀੜਿਤ ਲੋਕ ਬਾਜਰੇ ਦੀ ਵਰਤੋਂ ਨਾ ਕਰਨ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ