ਝੋਨੇ ਤੋਂ ਬਗ਼ੈਰ ਹੋਰ ਫ਼ਸਲਾਂ ਵਿੱਚ ਪਾਣੀ ਖੜਾ ਨਾ ਹੋਣ ਦਿਓ

ਪਿਛਲੇ ਸਾਲ ਨਾਲੋਂ ਭਾਵੇਂ ਇਸ ਵਾਰ ਮੀਂਹ ਘੱਟ ਪਏ ਹਨ ਪਰ ਹੁਣ ਤੱਕ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਸੋਹਣੀਆਂ ਖੜ੍ਹੀਆਂ ਹਨ। ਜੇ ਭਾਰੀ ਬਾਰਸ਼ ਹੋ ਜਾਵੇ ਤਾਂ ਝੋਨੇ ਤੋਂ ਬਗੈਰ ਹੋਰ ਕਿਸੇ ਫ਼ਸਲ ਵਿਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ। ਜੇਕਰ ਬਾਰਸ਼ ਨਹੀਂ ਹੁੰਦੀ ਤਾਂ ਫ਼ਸਲਾਂ ਨੂੰ ਪਾਣੀ ਦੇਵੋ। ਫ਼ਸਲਾਂ ਵਿੱਚ ਨਦੀਨ ਨਾ ਹੋਣ ਦਿੱਤੇ ਜਾਣ। ਜੇਕਰ ਕਿਸੇ ਬਿਮਾਰੀ ਜਾਂ ਕੀੜੇ ਦਾ ਹਮਲਾ ਨਜ਼ਰ ਆਵੇ ਤਾਂ ਤੁਰੰਤ ਆਪਣੇ ਨੇੜਲੇ ਖੇਤੀਬਾੜੀ ਮਾਹਿਰ ਨਾਲ ਸਲਾਹ ਕਰਕੇ ਹੀ ਜ਼ਹਿਰਾਂ ਦੀ ਵਰਤੋਂ ਕੀਤੀ ਜਾਵੇ। ਸਾਉਣੀ ਦੀਆਂ ਫ਼ਸਲਾਂ ਨੂੰ ਨਾਈਟ੍ਰੋਜਨ ਵਾਲੀ ਖਾਦ ਜਾਂ ਯੂਰੀਆ ਲੋੜ ਤੋਂ ਵੱਧ ਨਾ ਪਾਇਆ ਜਾਵੇ, ਇਸ ਨਾਲ ਫ਼ਸਲ ਢਹਿ ਵੀ ਸਕਦੀ ਹੈ ਜਾਂ ਕੀੜਿਆਂ ਦਾ ਵਧੇਰੇ ਹਮਲਾ ਹੋ ਸਕਦਾ ਹੈ। ਕਮਾਦ ਨੂੰ ਢਹਿਣ ਤੋਂ ਬਚਾਉਣ ਲਈ ਉਸ ਦੇ ਮੂੰਹੇ ਬੰਨ੍ਹ ਦੇਣੇ ਚਾਹੀਦੇ ਹਨ। ਹਰੇ ਚਾਰੇ ਦੇ ਖਾਲੀ ਹੋਏ ਖੇਤਾਂ ਵਿਚ ਮੁੜ ਹਰੇ ਚਾਰੇ ਦੀ ਬਿਜਾਈ ਕਰੋ ਤਾਂ ਜੋ ਇਸ ਦੀ ਘਾਟ ਨਾ ਆ ਸਕੇ।

1) ਹੁਣ ਮੱਕੀ, ਬਾਜਰਾ ਜਾਂ ਗੁਆਰਾ ਬੀਜਿਆ ਜਾ ਸਕਦਾ ਹੈ। ਮੱਕੀ ਦੀ ਜੇ 1006 ਕਿਸਮ ਬੀਜੀ ਜਾਵੇ। ਇਸ ਦਾ ਬੀਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਬਾਜਰੇ ਦੀਆਂ ਪੀਐੱਚਬੀਐਫ਼-1, ਪੀਸੀਬੀ 164 ਅਤੇ ਐਫ਼ਬੀਸੀ 16 ਕਿਸਮਾਂ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਮੱਕੀ ਦਾ 30 ਕਿੱਲੋ ਅਤੇ ਬਾਜਰੇ ਦਾ 8 ਕਿੱਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ। ਬੀਜ ਨੂੰ ਬੀਜਣ ਤੋਂ ਪਹਿਲਾਂ ਤਿੰਨ ਗ੍ਰਾਮ ਐਗਰੋਜ਼ਿਮ 50 ਡਬਲਯੂ.ਪੀ. ਅਤੇ ਥੀਰਮ ਜਾਂ ਕੈਪਟਾਨ ਜ਼ਹਿਰਾਂ ਪ੍ਰਤੀ ਕਿਲੋ ਬੀਜ ਨਾਲ ਸੋਧ ਲਵੋ। ਗੁਆਰੇ ਦੀ ਗੁਆਰਾ 80 ਕਿਸਮ ਬੀਜੀ ਜਾਵੇ। ਇਸ ਦਾ 20 ਕਿਲੋ ਪ੍ਰਤੀ ਏਕੜ ਬੀਜ ਪਾਇਆ ਜਾਵੇ। ਇਸ ਕਿਸਮ ਤੋਂ ਕੋਈ 125 ਕੁਇੰਟਲ ਚਾਰਾ ਪ੍ਰਤੀ ਏਕੜ ਪ੍ਰਾਪਤ ਹੋ ਜਾਂਦਾ ਹੈ ।

2) ਸਦਾ ਬਹਾਰ ਫ਼ਲਦਾਰ ਬੂਟੇ ਲਗਾਉਣ ਦਾ ਹੁਣ ਢੁਕਵਾਂ ਸਮਾਂ ਹੈ। ਆਪਣੀ ਬੰਬੀ ਲਾਗੇ ਘੱਟੋ ਘੱਟ ਇੱਕ ਬੂਟਾ ਅਮਰੂਦ ਤੇ ਇੱਕ ਨਿੰਬੂ ਦਾ ਜ਼ਰੂਰ ਲਾਵੋ। ਇਸ ਦੇ ਨਾਲ ਹੀ ਬੇਰੀ ਵੀ ਲਾਈ ਜਾ ਸਕਦੀ ਹੈ। ਬੰਬੀ ਲਾਗੇ ਛਾਂ ਲਈ ਵੀ ਦੋ ਪੌਦੇ ਜ਼ਰੂਰ ਲਾਵੋ। ਹੁਣ ਤੁਸੀਂ ਸਫ਼ੈਦਾ, ਟਾਹਲੀ, ਤੂਤ, ਕਿੱਕਰ, ਡੇਕ, ਸਾਗਵਾਨ, ਆਦਿ ਪੌਦੇ ਲਗਾ ਸਕਦੇ ਹੋ। ਇਸ ਮੌਸਮ ਵਿੱਚ ਫ਼ਸਲਾਂ ਉੱਤੇ ਕੀੜੇ ਤੇ ਬਿਮਾਰੀਆਂ ਦਾ ਹਮਲਾ ਵਧੇਰੇ ਹੁੰਦਾ ਹੈ । ਇਨ੍ਹਾਂ ਦੀ ਰੋਕਥਾਮ ਲਈ ਕੀੜੇਮਾਰ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ। ਨਰਮੇ ਦੀ ਫ਼ਸਲ ਉੱਤੇ ਤਾਂ ਇਹ ਛਿੜਕਾ ਜ਼ਰੂਰੀ ਹੈ।

3) ਸਾਵਧਾਨੀਆਂ: ਛਿੜਕਾ ਕਰਨ ਲਈ ਵੱਖਰੇ ਕੱਪੜੇ ਰੱਖੋ। ਹੱਥਾਂ ਉੱਤੇ ਦਸਤਾਨੇ, ਪੈਰਾਂ ਵਿੱਚ ਬੂਟ, ਸਿਰ ’ਤੇ ਪੱਗੜੀ ਤੇ ਅੱਖਾਂ ਉੱਤੇ ਐਨਕ ਲਾਵੋ। ਛਿੜਕਾ ਕਰਨ ਪਿੱਛੋਂ ਇਨ੍ਹਾਂ ਨੂੰ ਧੋ ਲਵੋ। ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ। ਜਿਸ ਪਾਸੇ ਦੀ ਹਵਾ ਚੱਲ ਰਹੀ ਹੋਵੇ, ਛਿੜਕਾ ਦਾ ਰੁਖ਼ ਉਸੇ ਪਾਸੇ ਰੱਖੋ। ਛਿੜਕਾ ਕਰਦੇ ਸਮੇਂ ਖੇਤ ਵਿੱਚ ਇੱਕ ਹੋਰ ਕਾਮਾ ਨਾਲ ਜ਼ਰੂਰ ਹੋਵੇ। ਛਿੜਕਾ ਕੀਤੇ ਖੇਤਾਂ ਵਿੱਚ ਬੈਠ ਕੇ ਕੁਝ ਖਾਣਾ ਜਾਂ ਪੀਣਾ ਨਹੀਂ ਚਾਹੀਦਾ। ਕਿਸੇ ਵੀ ਪੰਪ ਦੀ ਨੋਜਲ ਖੋਲ੍ਹਣ ਲਈ ਫ਼ੂਕ ਨਾ ਮਾਰੀ ਜਾਵੇ। ਜ਼ਹਿਰ ਨੂੰ ਪਾਣੀ ਵਿੱਚ ਰਲਾਣ ਲਈ ਕਦੇ ਵੀ ਹੱਥਾਂ ਦੀ ਵਰਤੋਂ ਨਾ ਕਰੋ। ਜ਼ਹਿਰਾਂ ਦੇ ਡੱਬਿਆਂ ਨੂੰ ਟੋਇਆ ਪੁੱਟ ਕੇ ਦੱਬ ਦਿੱਤਾ ਜਾਵੇ ।

4) ਅਗਲੇ ਮਹੀਨੇ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਸ਼ੁਰੂ ਹੋ ਜਾਣੀ ਹੈ। ਜਿਹੜੀਆਂ ਫ਼ਸਲਾਂ ਬੀਜਣੀਆਂ ਹਨ, ਉਨ੍ਹਾਂ ਦੀ ਸੂਚੀ ਬਣਾਵੋ। ਇਨ੍ਹਾਂ ਲਈ ਬੀਜ ਅਤੇ ਖਾਦਾਂ ਦਾ ਲੋੜ ਅਨੁਸਾਰ ਪ੍ਰਬੰਧ ਕਰੋ। ਖੇਤੀ ਖ਼ਰਚਿਆਂ ਨੂੰ ਘੱਟ ਕਰਨ ਦੇ ਪੂਰੇ ਯਤਨ ਕਰਨੇ ਚਾਹੀਦੇ ਹਨ। ਆਮ ਤੌਰ ’ਤੇ ਗੰਨੇ ਦੀ ਬਿਜਾਈ ਫ਼ਰਵਰੀ-ਮਾਰਚ ਵਿੱਚ ਕੀਤੀ ਜਾਂਦੀ ਹੈ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦੀ ਬਿਜਾਈ ਹੁਣ ਵੀ ਕੀਤੀ ਜਾ ਸਕਦੀ ਹੈ। ਇਸ ਨੂੰ ਪਤਝੜੀ ਫ਼ਸਲ ਆਖਿਆ ਜਾਂਦਾ ਹੈ। ਇਸ ਮੌਸਮ ਦੀ ਬਿਜਾਈ ਦਾ ਮੁੱਖ ਲਾਭ ਹੈ ਕਿ ਇਸ ਵਿਚ ਦੂਜੀਆਂ ਫ਼ਸਲਾਂ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ। ਆਲੂ, ਕਣਕ, ਰਾਇਆ, ਗੋਭੀ ਸਰ੍ਹੋਂ, ਤੋਰੀਆ, ਮੱਕੀ, ਪੱਤਗੋਭੀ, ਮੂਲੀ, ਮਟਰ, ਛੋਲੇ ਜਾਂ ਲਸਣ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇੰਝ ਇਕ ਵਾਧੂ ਫ਼ਸਲ ਪ੍ਰਾਪਤ ਹੋ ਜਾਵੇਗੀ। ਇਸ ਮੌਸਮ ਵਿਚ ਬਿਜਾਈ ਲਈ ਸੀ.ਓ. 118, ਸੀ.ਓ.ਜੇ. 85 ਅਤੇ ਸੀ.ਓ.ਜੇ. 64 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ|

5) ਖਾਦਾਂ ਦੀ ਵਰਤੋਂ ਮਿੱਟੀ ਪ਼ਰਖ ਦੀ ਰਿਪੋਰਟ ਅਨੁਸਾਰ ਕਰਨੀ ਚਾਹੀਦੀ ਹੈ। ਬਿਜਾਈ ਸਮੇਂ 30 ਕਿੱਲੋ ਨਾਈਟ੍ਰੋਜਨ ਪ੍ਰਤੀ ਏਕੜ ਪਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ । ਇਕ ਏਕੜ ਲਈ ਤਿੰਨ ਅੱਖਾਂ ਵਾਲੀਆਂ 20 ਹਜ਼ਾਰ ਪੱਛੀਆਂ ਜਾਂ ਚਾਰ ਅੱਖਾਂ ਵਾਲੀਆਂ 15000 ਪੱਛੀਆਂ ਚਾਹੀਦੀਆਂ ਹਨ। ਬਿਜਾਈ ਸਿਆੜਾਂ ਵਿੱਚ ਪੱਛੀਆਂ ਨੂੰ ਇਕ ਦੂਜੀ ਨਾਲ ਜੋੜ ਕੇ ਕਰੋ। ਲਾਈਨਾਂ ਵਿਚਕਾਰ 90 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਪਹਿਲਾ ਪਾਣੀ ਬਿਜਾਈ ਤੋਂ ਇਕ ਮਹੀਨੇ ਪਿਛੋਂ ਦੇਵੋ।

6) ਆਲੂ ਪੰਜਾਬ ਦੀ ਮੁੱਖ ਰੋਕੜੀ ਫ਼ਸਲ ਬਣ ਗਏ ਹਨ। ਇਨ੍ਹਾਂ ਦੀ ਕਾਸ਼ਤ ਕਰੀਬ 88000 ਹੈਕਟਰ ਵਿੱਚ ਕੀਤੀ ਜਾਂਦੀ ਹੈ। ਆਲੂ ਦੀ ਬਿਜਾਈ ਮੌਸਮ ਥੋੜ੍ਹਾ ਠੰਡਾ ਹੁੰਦਿਆਂ ਹੀ ਅਗਲੇ ਹਫ਼ਤੇ ਸ਼ੁਰੂ ਹੋ ਜਾਂਦੀ ਹੈ। ਜੇਕਰ ਵੱਧ ਰਕਬੇ ਵਿਚ ਕਾਸ਼ਤ ਕਰਨੀ ਹੈ ਤਾਂ ਕੁਝ ਹਿੱਸੇ ਵਿੱਚ ਅਗੇਤੀਆਂ ਤੇ ਕੁਝ ਹਿੱਸੇ ਵਿੱਚ ਪਛੇਤੀਆਂ ਕਿਸਮਾਂ ਨੂੰ ਬੀਜਣਾ ਚਾਹੀਦਾ ਹੈ। ਕੁਫ਼ਰੀ ਸੂਰਯਾ, ਕੁਫ਼ਰੀ ਚੰਦਰਮੁਖੀ, ਕੁਫ਼ਰੀ ਅਸ਼ੋਕਾ ਅਤੇ ਕੁਫ਼ਰੀ ਪੁਖਰਾਜ ਅਗੇਤੀ ਕਿਸਮਾਂ ਹਨ। ਕੁਫ਼ਰੀ ਸੰਧੂਰੀ ਅਤੇ ਕੁਫ਼ਰੀ ਬਾਦਸ਼ਾਹ ਪਿਛੇਤੀਆਂ ਕਿਸਮਾਂ ਹਨ। ਕੁਫ਼ਰੀ ਪੁਸ਼ਕਰ, ਕੁਫ਼ਰੀ ਜਯੋਤੀ ਅਤੇ ਕੁਫ਼ਰੀ ਬਹਾਰ ਮੁੱਖ ਮੌਸਮ ਦੀਆਂ ਕਿਸਮਾਂ ਹੈ।

7) ਸਭ ਤੋਂ ਵੱਧ ਝਾੜ ਕੁਫ਼ਰੀ ਪੁਸ਼ਕਰ ਦਾ ਹੈ। ਇਹ ਇਕ ਏਕੜ ਵਿਚੋਂ 160 ਕੁਇੰਟਲ ਤੋਂ ਵੀ ਵੱਧ ਝਾੜ ਦੇ ਦਿੰਦੀ ਹੈ। ਕੁਫ਼ਰੀ ਚਿਪਸੋਨਾ-1, ਕੁਫ਼ਰੀ ਚਿਪਸੋਨਾ-3 ਅਤੇ ਕੁਫ਼ਰੀ ਫਰਾਈਸੋਨਾ ਪਦਾਰਥੀਕਰਨ ਲਈ ਵਧੀਆ ਕਿਸਮਾਂ ਹਨ। ਇਨ੍ਹਾਂ ਸਾਰੀਆਂ ਕਿਸਮਾਂ ਦਾ ਝਾੜ 160 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਹੈ।

8) ਵੱਧ ਝਾੜ ਦੇਣ ਵਾਲੀ ਫ਼ਸਲ ਹੋਣ ਕਰਕੇ ਵਧੇਰੇ ਖਾਦਾਂ ਦੀ ਲੋੜ ਪੈਂਦੀ ਹੈ। ਖੇਤ ਤਿਆਰ ਕਰਦੇ ਸਮੇਂ ਕੋਈ 20 ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ। ਇਸ ਦੇ ਨਾਲ ਹੀ 165 ਕਿੱਲੋ ਯੂਰੀਆ, 155 ਕਿੱਲੋ ਸੁਪਰਫ਼ਾਸਫ਼ੇਟ ਅਤੇ 40 ਕਿੱਲੋ ਮਿਊਰੇਟ ਆਫ਼ ਪੋਟਾਸ਼ ਪਾਉਣ ਦੀ ਸਿਫ਼ਾਰਸ਼ ਹੈ। ਸਾਰੀ ਫ਼ਾਸਫ਼ੋਰਸ, ਸਾਰੀ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਬਿਜਾਈ ਸਮੇਂ ਪਾਵੋ। ਬਾਕੀ ਦਾ ਯੂਰੀਆ ਮਿੱਟੀ ਚੜ੍ਹਾਉਣ ਵੇਲੇ ਪਾਇਆ ਜਾਵੇ। ਇੱਕ ਏਕੜ ਲਈ 15 ਕੁਇੰਟਲ ਬੀਜ ਦੀ ਲੋੜ ਹੈ। ਬੀਜ ਵਾਲੇ ਆਲੂਆਂ ਦਾ ਭਾਰ 40-50 ਗ੍ਰਾਮ ਦੇ ਵਿਚਕਾਰ ਹੋਣਾ ਚਾਹੀਦਾ ਹੈ। ਕੋਲਡ ਸਟੋਰ ਵਿੱਚੋਂ ਕੱਢ ਕੇ ਬੀਜ ਕਿਸੇ ਕਮਰੇ ਵਿੱਚ ਖਲਾਰ ਕੇ 10 ਕੁ ਦਿਨ ਪਿਆ ਰਹਿਣ ਦੇਣਾ ਚਾਹੀਦਾ ਹੈ।

9) ਬੀਜ ਨੂੰ ਬੀਜਣ ਤੋਂ ਪਹਿਲਾਂ ਐਮੀਸਾਨ 2.5 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਘੋਲ ਵਿਚ 10 ਮਿੰਟਾਂ ਲਈ ਡੁਬੋ ਲੈਣਾ ਚਾਹੀਦਾ ਹੈ। ਬਾਇਓਜ਼ਾਈਮ ਜੈਵਿਕ ਖਾਦ ਦੀ ਵਰਤੋਂ ਨਾਲ ਪੈਦਾਵਾਰ ਵਿਚ ਵਾਧਾ ਹੁੰਦਾ ਹੈ।

10) ਕਿਣਕਿਆਂ ਵਾਲੀ ਖਾਦ ਅੱਠ ਕਿਲੋ ਅਤੇ ਤਰਲ 200 ਮਿਲੀਲਿਟਰ ਪ੍ਰਤੀ ਏਕੜ ਬਿਜਾਈ ਸਮੇਂ ਪਾਵੋ। ਬਿਜਾਈ ਪਿਛੋਂ ਜੇਕਰ ਖੇਤ ਨੂੰ ਝੋਨੇ ਦੀ ਪਰਾਲੀ ਨਾਲ ਢੱਕ ਦਿੱਤਾ ਜਾਵੇ ਤਾਂ ਨਦੀਨਾਂ ਦੀ ਰੋਕਥਾਮ ਹੋ ਸਕਦੀ ਹੈ। ਬਿਜਾਈ ਤੋਂ ਇਕ ਮਹੀਨੇ ਪਿਛੋਂ ਮਿੱਟੀ ਚਾੜ੍ਹ ਦੇਵੋ। ਪਹਿਲਾ ਪਾਣੀ ਬਿਜਾਈ ਤੋਂ ਤੁਰੰਤ ਪਿਛੋਂ ਦੇਵੋ। ਆਲੂ ਕਰੀਬ 100 ਦਿਨਾਂ ਪਿੱਛੋਂ ਪੁਟਾਈ ਲਈ ਤਿਆਰ ਹੋ ਜਾਂਦੇ ਹਨ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ