ਜੈਵਿਕ ਖਾਦਾਂ ਕੀ ਹਨ?
ਜੈਵਿਕ ਖਾਦ ਜੀਵਾਣੂ ਖਾਦ ਹੁੰਦੀ ਹੈ। ਖਾਦ ਵਿੱਚ ਮੌਜੂਦ ਲਾਭਕਾਰੀ ਸੂਖਮ ਜੀਵਾਣੂ ਵਾਯੂਮੰਡਲ ਵਿੱਚ ਪਹਿਲਾਂ ਤੋਂ ਮੌਜੂਦ ਨਾਈਟ੍ਰੋਜਨ ਨੂੰ ਫਸਲ ਵਿੱਚ ਉਪਲੱਬਧ ਕਰਵਾਉਂਦੇ ਹਨ ਅਤੇ ਮਿੱਟੀ ਵਿੱਚ ਮੌਜੂਦ ਅਘੁਲਣਸ਼ੀਲ ਫਾਸਫੋਰਸ ਨੂੰ ਪਾਣੀ ਵਿੱਚ ਘੁਲਣਸ਼ੀਲ ਬਣਾ ਕੇ ਪੌਦਿਆਂ ਨੂੰ ਦਿੰਦੇ ਹਨ।
ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਵੱਖ-ਵੱਖ ਜੈਵਿਕ ਖਾਦਾਂ ਬਾਰੇ ਜਾਣਕਾਰੀ, ਜਿਨ੍ਹਾਂ ਦੀ ਵਰਤੋਂ ਦਾਲਾਂ, ਅਨਾਜ ਅਤੇ ਤੇਲ ਵਾਲੀਆਂ ਫ਼ਸਲਾਂ ਵਿੱਚ ਕੀਤੀ ਜਾਂਦੀ ਹੈ।
ਰ੍ਹਾਈਜ਼ੋਬੀਅਮ ਟੀਕਾ
• ਰ੍ਹਾਈਜ਼ੋਬੀਅਮ ਜੀਵਾਣੂ ਸਾਰੀਆਂ ਦਾਲਾਂ ਵਾਲੀਆਂ ਫ਼ਸਲਾਂ ਅਤੇ ਮੂੰਗਫਲੀ ਦੀਆਂ ਜੜ੍ਹਾਂ ਵਿੱਚ ਗ੍ਰੰਥੀਆਂ ਬਣਾਉਂਦਾ ਹੈ।
• ਰ੍ਹਾਈਜ਼ੋਬੀਅਮ ਟੀਕਾ ਹਰੇਕ ਦਾਲ ਵਾਲੀ ਫ਼ਸਲ ਲਈ ਵੱਖ(ਸਪੈਸ਼ਲ) ਹੁੰਦਾ ਹੈ। ਇਸ ਲਈ ਚਨੇ, ਮਸੁਰ, ਮਟਰ, ਸੋਇਆਬੀਨ, ਮੂੰਗਫਲੀ, ਅਰਹਰ, ਮੂੰਗ, ਉੜਦ, ਰਵਾਂਹ, ਬਰਸੀਮ, ਲੂਸਣ ਅਤੇ ਜੰਤਰ ਆਦਿ ਲਈ ਸਿਫਾਰਿਸ਼ ਕੀਤੇ ਟੀਕੇ ਦੀ ਹੀ ਵਰਤੋਂ ਕਰੋ।
• ਰ੍ਹਾਈਜ਼ੋਬੀਅਮ ਦੀ ਵਰਤੋਂ ਨਾਲ 15-29 ਕਿਲੋ ਨਾਈਟ੍ਰੋਜਨ ਪ੍ਰਤੀ ਹੈਕਟੇਅਰ ਰਸਾਇਣਿਕ ਨਾਈਟ੍ਰੋਜਨ ਦੀ ਬੱਚਤ ਹੁੰਦੀ ਹੈ।
ਅਜ਼ੋਟੋਬੈਕਟਰ ਟੀਕਾ
• ਅਜ਼ੋਟੋਬੈਕਟਰ ਜੀਵਾਣੂ ਸੁਤੰਤਰ ਜੀਵ ਹੁੰਦੇ ਹਨ ਅਤੇ ਅਨਾਜ ਵਾਲੀਆਂ ਫ਼ਸਲਾਂ ਜਿਵੇਂ ਕਿ ਕਣਕ, ਝੋਨਾ, ਮੱਕੀ, ਜੌਂ ਅਤੇ ਸਬਜ਼ੀਆਂ ਜਿਵੇਂ ਕਿ ਟਮਾਟਰ, ਆਲੂ ਅਤੇ ਤੇਲ ਵਾਲੀਆਂ ਫ਼ਸਲਾਂ ਜਿਵੇਂ ਕਿ ਟਮਾਟਰ, ਆਲੂ ਅਤੇ ਤੇਲ ਵਾਲੀਆਂ ਫ਼ਸਲਾਂ ਜਿਵੇਂ ਕਿ ਸਰ੍ਹੋਂ ਦੀ ਫ਼ਸਲ ਲਈ ਸਿਫਾਰਿਸ਼ ਕੀਤਾ ਗਿਆ ਹੈ।
• ਅਜ਼ੋਟੋਬੈਕਟਰ 20 ਕਿਲੋ ਨਾਈਟ੍ਰੋਜਨ ਦੀ ਬੱਚਤ ਵਿੱਚ ਸਹਾਇਕ ਹੈ।
• ਅਜ਼ੋਟੋਬੈਕਟਰ ਫਾਈਟੋਹਾਰਮੋਨਜ਼ ਦਾ ਉਤਪਾਦਨ ਕਰਦਾ ਹੈ, ਜੋ ਕਿ ਚੰਗੇ ਪੁੰਗਰਾਅ ਅਤੇ ਪੌਦਿਆਂ ਦੀਆਂ ਜੜ੍ਹਾਂ ਦੇ ਵਿਕਾਸ ਲਈ ਸਹਾਇਕ ਹੁੰਦਾ ਹੈ।
ਅਜ਼ੋਸਪਿਰੀਲੀਅਮ ਟੀਕਾ
• ਅਜ਼ੋਸਪਿਰੀਲੀਅਮ ਜੀਵਾਣੂ ਗੈਰ-ਫਲੀਦਾਰ ਫ਼ਸਲਾਂ ਜਿਵੇਂ ਕਿ ਜਵਾਰ, ਮੱਕੀ, ਰਾਗੀ ਅਤੇ ਹੋਰ ਮਿੱਲਟ ਲਈ ਸਿਫਾਰਿਸ਼ ਕੀਤਾ ਗਿਆ ਹੈ।
• ਅਜ਼ੋਸਪਿਰੀਲੀਅਮ ਦੇ ਪ੍ਰਯੋਗ ਨਾਲ ਮਿੱਲਟ ਦੇ ਦਾਣਿਆਂ ਅਤੇ ਚਾਰੇ ਦੀ ਉਪਜ ਵਿੱਚ ਵਾਧਾ ਹੁੰਦਾ ਹੈ।
• ਅਜ਼ੋਸਪਿਰੀਲੀਅਮ ਦੀ ਵਰਤੋਂ ਨਾਲ 15-20 ਕਿਲੋ ਨਾਈਟ੍ਰੋਜਨ ਪ੍ਰਤੀ ਹੈਕਟੇਅਰ ਦੀ ਬੱਚਤ ਹੁੰਦੀ ਹੈ।
ਫਾਸਫੋਰਸ ਨੂੰ ਘੁਲਣਸ਼ੀਲ ਬਣਾਉਣ ਵਾਲੀ ਜੈਵਿਕ ਖਾਦ
• ਪ੍ਰਭਾਵਸ਼ਾਲੀ ਫਾਸਫੋਰਸ ਘੋਲਕ ਜੀਵਾਣੂ ਵਿਭਿੰਨ ਫਸਲਾਂ ਜਿਵੇਂ ਕਿ ਕਣਕ, ਝੋਨਾ, ਰਵਾਂਹ, ਮਸਰ, ਆਲੂ, ਚਨੇ ਆਦਿ ਲਈ ਸਿਫਾਰਿਸ਼ ਕੀਤਾ ਗਿਆ ਹੈ।
• PSB ਦੁਆਰਾ ਉਪਚਾਰ ਕਰਨ ਨਾਲ ਮਿੱਟੀ ਵਿੱਚ ਉਪਲੱਬਧ ਅਘੁਲਣਸ਼ੀਲ ਫਾਸਫੋਰਸ ਦੀ ਉਪਲੱਬਧਾ ਵਿੱਚ ਸੁਧਾਰ ਹੁੰਦਾ ਹੈ।
• PSB ਦੀ ਵਰਤੋਂ ਨਾਲ ਫਾਸਫੇਟਿਕ ਖਾਦ ਜਿਵੇਂ ਕਿ ਸੁਪਰ ਫਾਸਫੇਟ ਦੀ ਉਪਜ ਸਮਰੱਥਾ ਵਿੱਚ ਵਾਧਾ ਹੁੰਦਾ ਹੈ।
ਬੀਜਾਂ ਦੀ ਸੋਧ ਕਰਨ ਦਾ ਢੰਗ
• 200 ਗ੍ਰਾਮ ਟੀਕਾ ਇੱਕ ਏਕੜ ਜ਼ਮੀਨ ਵਿੱਚ ਬੀਜੇ ਜਾਣ ਵਾਲੇ ਬੀਜਾਂ ਨੂੰ ਸੋਧਣ ਲਈ ਕਾਫੀ ਹੁੰਦਾ ਹੈ।
• ਇੱਕ ਲੀਟਰ ਸਾਫ ਪਾਣੀ ਵਿੱਚ ਲਗਭਗ 100 ਗ੍ਰਾਮ ਗੁੜ ਜਾਂ ਸ਼ੱਕਰ ਪਾ ਕੇ ਉਬਾਲੋ।
• ਪਾਣੀ ਨੂੰ ਠੰਡਾ ਕਰਨ ਤੋਂ ਬਾਅਦ ਇੱਕ ਪੈਕੇਟ ਖੋਲ ਕੇ ਥੋੜ੍ਹਾ-ਥੋੜ੍ਹਾ ਪਾਓ ਅਤੇ ਘੋਲ ਬਣਾ ਲਓ।
• ਬੀਜਾਂ ਨੂੰ ਘੋਲ ਵਿੱਚ ਮਿਲਾ ਕੇ ਬੋਰੀ ‘ਤੇ ਰੱਖ ਕੇ ਛਾਂ ਵਿੱਚ ਸੁੱਕਣ ਦਿਓ। ਸੁੱਕਣ ਤੋਂ ਬਾਅਦ ਤੁਰੰਤ ਬਿਜਾਈ ਕਰੋ।
ਸਾਵਧਾਨੀਆਂ
• ਖਾਦਾਂ ਨੂੰ ਸੂਰਜ ਦੀ ਰੌਸ਼ਨੀ ਅਤੇ ਬਣਾਉਟੀ ਰਸਾਇਣਾਂ ਤੋਂ ਬਚਾਓ।
• ਸੋਧੇ ਹੋਏ ਬੀਜਾਂ ਨੂੰ ਛਾਂ ਵਿੱਚ ਹੀ ਸੁਕਾਓ।
• ਪੈਕੇਟ ਨੂੰ ਖੋਲਣ ਤੋਂ ਬਾਅਦ ਸਾਰਾ ਪਾਊਡਰ ਵਰਤ ਲਓ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ