bael-fruit-pa

ਬੇਲ ਤੋਂ ਬਣਾਓ ਮੁੱਲ-ਵਰਧਕ ਪਦਾਰਥ : ਰਹੋ ਤੰਦਰੁਸਤ ਅਤੇ ਬਣੋ ਆਤਮ-ਨਿਰਭਰ

ਮਨੁੱਖੀ ਖੁਰਾਕ ਵਿੱਚ ਸਬਜ਼ੀਆਂ ਅਤੇ ਫ਼ਲਾਂ ਦਾ ਬਹੁਤ ਮਹੱਤਵ ਹੈ। ਫ਼ਲਾਂ ਅਤੇ ਸਬਜ਼ੀਆਂ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ, ਜੋ ਸ਼ਰੀਰ ਨੂੰ ਪੋਸ਼ਣ ਪ੍ਰਦਾਨ ਕਰਕੇ, ਸਾਡੀ ਸਿਹਤ ਦੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਮੱਦਦ ਕਰਦੇ ਹਨ। ਹਰ ਮਨੁੱਖ ਮੌਸਮ ਦੇ ਅਨੁਸਾਰ, ਇਹਨਾਂ ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਆਪਣੀ ਖੁਰਾਕ ਵਿੱਚ ਕਰਦਾ ਹੈ। ਕੁੱਝ ਫ਼ਲਾਂ ਵਿੱਚ ਪੋਸ਼ਟਿਕ ਤੱਤਾਂ ਦੀ ਭਰਪੂਰ ਮਾਤਰਾ ਹੋਣ ਤੋਂ ਬਾਅਦ ਵੀ ਘੱਟ ਵਰਤੋਂ ਕੀਤੀ ਜਾਂਦੀ ਹੈ, ਜਿਸ ਦਾ ਮੁੱਖ ਕਾਰਨ, ਇਨ੍ਹਾਂ ਫ਼ਲਾਂ ਦੇ ਪੋਸ਼ਕ ਗੁਣਾਂ ਸਬੰਧੀ ਜਾਣਕਾਰੀ ਦੀ ਘਾਟ ਹੋਣਾ ਹੈ ।

ਬੇਲ ਵੀ ਇਹਨਾਂ ਫ਼ਲਾਂ ਵਿੱਚੋਂ ਇੱਕ ਹੈ ਜਿਸ ਦੇ ਤੱਤਾਂ ਬਾਰੇ ਲੋਕਾਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ।ਬੇਲ ਇੱਕ ਗੁਣਕਾਰੀ ਫ਼ਲ ਹੈ। ਬੇਲ ਫਲ ਵਿੱਚ ਬਹੁਤ ਸਾਰੇ ਕਾਰਜ਼ਸ਼ੀਲ ਅਤੇ ਬਾਇਓਐਕਟਿਵ ਮਿਸ਼ਰਣ ਹੁੰਦੇ ਹਨ। ਬੇਲ ਵਿੱਚ ਵਿਟਾਮਿਨ, ਖਣਿਜ, ਸੂਖਮ ਤੱਤ, ਊਰਜਾ ਅਤੇ ਰਸਾਇਣ ਪਦਾਰਥ ਸ਼ਾਮਲ ਹੁੰਦੇ ਹਨ ਜਿਨ੍ਹਾਂ ਤੋਂ ਸਿਹਤ ਨੂੰ ਬਹੁਤ ਲਾਭ ਮਿਲਦੇ ਹਨ।

ਬੇਲ ਵਿੱਚ ਪਾਏ ਜਾਣ ਵਾਲੇ ਮੁੱਖ ਪੌਸ਼ਕ ਤੱਤ:

ਬੇਲ ਦਾ ਪੌਦਾ ਹਰੇਕ ਪ੍ਰਕਾਰ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ। ਇਸ ਦੇ ਸਾਰੇ ਹਿੱਸੇ ਜਿਵੇਂ ਕਿ ਤਣਾ, ਜੜ੍ਹ, ਪੱਤੇ, ਫ਼ਲ ਆਦਿ ਨੂੰ ਪੁਰਾਣੇ ਸਮੇਂ ਤੋਂ ਦਵਾਈ ਦੇ ਤੌਰ ਤੇ ਵਰਤਿਆ ਜਾਂਦਾ ਹੈ। ਬੇਲ ਫ਼ਲ ਬਾਹਰ ਤੋਂ ਸਖ਼ਤ ਅਤੇ ਅੰਦਰ ਤੋਂ ਸੰਘਣਾ, ਰੇਸ਼ੇਦਾਰ ਅਤੇ ਗੁੱਦੇਦਾਰ ਹੁੰਦਾ ਹੈ। ਕੁੱਝ ਬੇਲ ਫ਼ਲ ਇੰਨੇ ਸਖਤ ਹੁੰਦੇ ਹਨ ਕਿ ਇਸ ਨੂੰ ਦਾਤ/ ਟੋਕੇ ਨਾਲ ਚੀਰਨਾ ਪੈਂਦਾ ਹੈ। ਆਯੂਰਵੈਦਿਕ ਚਿਕਿਤਸਕਾ ਰਾਹੀਂ ਬੇਲ ਫ਼ਲ ਦੀ ਤਸੀਰ ਠੰਢੀ ਮੰਨੀ ਗਈ ਹੈ, ਜੋ ਪੇਟ ਦੀ ਗਰਮੀ ਨੂੰ ਸ਼ਾਂਤ ਕਰਦੀ ਹੈ। ਇਸ ਵਿੱਚ ਰੇਸ਼ੇ ਦੀ ਮਾਤਰਾ ਜ਼ਿਆਦਾ ਹੋਣ ਨਾਲ, ਇਹ ਪੇਟ ਨੂੰ ਸਾਫ਼ ਕਰਦਾ ਹੈ। ਕਬਜ਼ ਠੀਕ ਕਰਨ ਵਿੱਚ ਸਹਾਇਕ ਹੈ ਅਤੇ ਪੇਟ ਦੀ ਬਿਮਾਰੀਆਂ ਨੂੰ ਠੀਕ ਕਰਦਾ ਹੈ। ਬੇਲ ਦੀ ਵਰਤੋਂ ਆਮ ਤੋਰ ਤੇ, ਪੱਕੇ ਫ਼ਲ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਬੀਜ ਅਤੇ ਗੂੰਦ ਦੀ ਮਾਤਰਾ ਜ਼ਿਆਦਾ ਹੋਣ ਨਾਲ ਇਸ ਫ਼ਲ ਦੀ ਵਰਤੋਂ ਘੱਟ ਹੁੰਦੀ ਹੈ।

ਬੇਲ ਦੀ ਵਰਤੋਂ ਦੇ ਤਰੀਕੇ ਇਸ ਲੇਖ ਵਿੱਚ ਦਿੱਤੇ ਗਏ ਹਨ। ਹਰ ਵਿਅਕਤੀ ਬੇਲ ਨੂੰ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਵਰਤ ਕੇ, ਸਿਹਤ ਸੰਬੰਧੀ ਲਾਭ ਲੈ ਸਕਦਾ ਹੈ।

 

ਬੇਲ ਤੋਂ ਮੁੱਲ-ਵਰਧਕ ਪਦਾਰਥ ਬਣਾਉਣਾ:

ਕਿਸੇ ਭੋਜਨ ਪਦਾਰਥ ਦੇ ਰੰਗ, ਰੂਪ, ਅਕਾਰ ਜਾਂ ਦਿੱਖ ਨੂੰ ਬਦਲਣ ਦੇ ਨਾਲ-ਨਾਲ, ਉਸ ਵਿਚਲੇ ਕਿਸੇ ਭਾਗ ਨੂੰ, ਉਸ ਪਦਾਰਥ ਤੋਂ ਵੱਖ ਕਰ ਦੇਣ ਜਾਂ ਫਿਰ ਉਸ ਪਦਾਰਥ ਵਿੱਚ ਹੋਰ ਭੋਜਨ ਪਦਾਰਥ ਜਾਂ ਸਮੱਗਰੀ ਮਿਲਾਉਣ ਦੀ ਪ੍ਰਕਿਰਿਆ ਨੂੰ, ਮੁੱਲ-ਵਰਧਕਤਾ ਕਿਹਾ ਜਾਂਦਾ ਹੈ।ਅਸੀਂ ਮੁੱਲ-ਵਰਧਕ ਤਕਨੀਕਾਂ ਅਪਣਾ ਕੇ, ਬੇਲ ਤੋਂ ਹੇਠ ਲਿਖੇ ਪਦਾਰਥ ਬਣਾ ਸਕਦੇ ਹਾਂ:

1. ਬੇਲ ਦਾ ਜੈਮ

ਵਿਧੀ:

  • ਪੱਕੇ ਬੇਲ ਦੇ ਫ਼ਲ ਲਓ।
  • ਧੋਣ ਅਤੇ ਛਿੱਲਣ ਤੋਂ ਬਾਅਦ, ਬੇਲ ਦਾ ਗੁੱਦਾ ਕੱਢ ਲਓ ਅਤੇ ਇਸ ਨੂੰ ਪਹਿਲਾਂ ਮੋਟੀ ਛਾਨਣੀ ਨਾਲ ਛਾਣ ਲਓ।
  • ਸਟੀਲ ਦੀ ਕੜਾਹੀ ਵਿੱਚ ਪਾ ਕੇ ੧੫ ਮਿੰਟ ਲਈ, ਗਾੜ੍ਹਾ ਹੋਣ ਤੱਕ ਪਕਾਓ।
  • ਗਾੜ੍ਹਾ ਹੋਣ ਤੋਂ ਬਾਅਦ ਇਸ ਵਿੱਚ ਖੰਡ ਅਤੇ ਨਮਕ ਮਿਲਾਓ।
  • ਬੇਲ ਦਾ ਗੁੱਦਾ ਹਲਕਾ ਗਰਮ ਹੋਣ ਉਪਰੰਤ ਇਸ ਵਿੱਚ ਸਿਟਰਿਕ ਐਸਿਡ ਮਿਲਾਓ।
  • ਜੈਮ ਤਿਆਰ ਹੋਣ ਤੇ, ਇਸ ਨੂੰ ਗਰਮ-ਗਰਮ ਹੀ ਕੱਚ ਦੀਆਂ ਸਾਫ਼ ਕੀਟਾਣੂ-ਰਹਿਤ ਬੋਤਲਾਂ ਵਿੱਚ ਭਰੋ।
  • ਹੁਣ ਠੰਡਾ ਕਰਕੇ, ਢੱਕਣ ਲਾ ਕੇ, ਫਰਿੱਜ ਵਿੱਚ ਰੱਖੋ।

2. ਬੇਲ ਸੁਕਐਸ਼

ਵਿਧੀ:

  • ਬੇਲ ਦੇ ਪੱਕੇ ਫ਼ਲ ਲਓ।
  • ਧੋਣ ਅਤੇ ਛਿੱਲਣ ਤੋਂ ਬਾਅਦ, ਬੇਲ ਦਾ ਗੁੱਦਾ ਕੱਢ ਲਓ ਅਤੇ ਇਸ ਨੂੰ ਪਹਿਲਾਂ ਮੋਟੀ ਛਾਨਣੀ ਨਾਲ ਛਾਣ ਲਓ।
  • ਖੰਡ ਅਤੇ ਪਾਣੀ ਨੂੰ ਮਿਲਾ ਕੇ ਚਾਸ਼ਨੀ ਬਣਾ ਲਓ।
  • ਚਾਸ਼ਨੀ ਠੰਡੀ ਹੋਣ ਤੇ, ਇਸ ਵਿੱਚ ਬੇਲ ਦਾ ਗੁੱਦਾ ਮਿਲਾ ਲਓ।
  • ਇਸ ਮਿਸ਼ਰਣ ਵਿੱਚ ਸਿਟਰਿਕ ਐਸਿਡ ਅਤੇ ਪੋਟਾਸ਼ੀਅਮ ਮੈਟਾ-ਬਾਈਸਲਫੇਟ (ਫਿਟਕਰੀ/ ਫੜਕੜੀ) ਪਾ ਕੇ, ਚੰਗੀ ਤਰ੍ਹਾਂ ਮਿਲਾ ਲਓ।
  • ਇਸ ਨੂੰ ਗਰਮ-ਗਰਮ ਹੀ, ਕੱਚ ਦੀਆਂ ਸਾਫ਼ ਕੀਟਾਣੂ-ਰਹਿਤ ਬੋਤਲਾਂ ਵਿੱਚ ਭਰੋ।

3. ਬੇਲ ਪਾਊਡਰ

ਵਿਧੀ:

  • ਬੇਲ ਦੇ ਪੱਕੇ ਫ਼ਲ ਲਓ।
  • ਧੋਣ ਅਤੇ ਛਿੱਲਣ ਤੋਂ ਬਾਅਦ, ਫ਼ਲਾਂ ਦਾ ਗੁੱਦਾ ਕੱਢ ਲਓ।
  • ਸੋਡੀਅਮ ਕਾਰਬੋਨੇਟ (2 ਗ੍ਰਾਮ ਪ੍ਰਤੀ ਕਿਲੋਗ੍ਰਾਮ ਬੇਲ ਦੇ ਗੁੱਦੇ ਦੇ ਹਿਸਾਬ ਨਾਲ) ਬੇਲ ਦੇ ਗੁੱਦੇ ਵਿੱਚ ਚੰਗੀ ਤਰ੍ਹਾਂ ਮਿਲਾਓ।
  • ਬੇਲ ਦੇ ਗੁੱਦੇ ਨੂੰ ਟ੍ਰੇਆਂ ਵਿੱਚ ਪਾ ਕੇ, ਖਿਲਾਰ ਲਓ ਅਤੇ ਧੁੱਪ ਵਿੱਚ ਸੁਕਾ ਦਿਓ।
  • ਸੁੱਕ ਜਾਣ ਤੋਂ ਬਾਅਦ, ਰਗੜ ਲਓ।
  • ਛਾਣ ਕੇ ਪਾਊਡਰ ਨੂੰ ਪੈਕਟ ਵਿੱਚ ਬੰਦ ਕਰ ਦਿਓ।

4. ਬੇਲ ਕੁਕੀਜ਼/ ਬਿਸਕੁਟ

ਵਿਧੀ:

  • ਆਟੇ/ ਮੈਦੇ ਅਤੇ ਬੇਕਿੰਗ ਪਾਊਡਰ ਨੂੰ ਛਾਣ ਲਓ।
  • ਇਸ ਤੋਂ ਬਾਅਦ, ਬੂਰਾ ਖੰਡ ਅਤੇ ਮੱਖਣ ਨੂੰ ਇਕੱਠੇ ਫੈਂਟ ਲਓ।
  • ਹੁਣ ਇਸ ਵਿੱਚ ਛਾਣਿਆ ਹੋਇਆ ਆਟਾ/ ਮੈਦਾ ਮਿਲਾਉਂਦੇ ਹੋਏ, ਹੌਲੀ-ਹੌਲੀ ਇਸ ਵਿੱਚ ਬੇਲ ਪਾਊਡਰ ਮਿਲਾਓ।
  • ਇਸ ਵਿੱਚ ਦੁੱਧ ਮਿਲਾ ਕੇ, ਇਸ ਨੂੰ ਗੁੰਨ ਲਓ ਅਤੇ 1/4 ਇੰਚ ਮੋਟਾਈ ਵਾਲੀ ਰੋਟੀ ਵੇਲ ਲਓ।
  • ਬਿਸਕੁਟ ਕਟਰ ਨਾਲ ਅਲੱਗ-ਅਲੱਗ ਅਕਾਰ ਦੀਆਂ ਕੁਕੀਜ਼ ਕੱਟ ਲਓ।
  • ਟ੍ਰੇਅ ਵਿੱਚ ਤੇਲ ਜਾਂ ਘਿਓ ਦੀ ਪਤਲੀ ਜਿਹੀ ਪਰਤ ਲਾ ਕੇ, ਇਨ੍ਹਾਂ ਕੁਕੀਜ਼ ਨੂੰ ਟ੍ਰੇਅ ਵਿੱਚ ਰੱਖੋ।
  • ਓਵਨ ਨੂੰ ਪ੍ਰੀ-ਹੀਟ ਕਰਕੇ, ਕੁਕੀਜ਼ ਨੂੰ 170 ਡਿਗਰੀ ਸੈਂਟੀਗ੍ਰੇਡ ਤੇ 15 ਮਿੰਟ ਤੱਕ ਬੇਕ ਕਰੋ।
  • 15 ਮਿੰਟ ਤੋਂ ਬਾਅਦ ਕੱਢ ਕੇ, ਠੰਡਾ ਕਰਕੇ ਪਰੋਸੋ।

5. ਬੇਲ ਦੀ ਪੰਜੀਰੀ

ਵਿਧੀ:

  • ਬੇਲ ਪਾਊਡਰ, ਆਟੇ ਅਤੇ ਸੁੱਕੇ ਮੇਵਿਆਂ ਨੂੰ ਭੁੰਨ ਲਓ।
  • ਹੁਣ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾ ਦਿਓ।
  • ਪੰਜੀਰੀ ਤਿਆਰ ਹੈ।

ਉਪਰੋਕਤ ਤਕਨੀਕਾਂ ਵਿੱਚ ਮੁਹਾਰਤ ਹਾਸਲ ਹੋਣ ਤੇ, ਇਸ ਕਿੱਤੇ ਨੂੰ ਰੋਜ਼ਗਾਰ ਦੇ ਸਾਧਨ ਵਜੋਂ ਅਪਣਾਉਣਾ, ਕਿਸਾਨਾਂ ਅਤੇ ਘਰੇਲੂ ਸੁਆਣੀਆਂ ਲਈ ਲਾਹੇਵੰਦ ਹੋਵੇਗਾ।ਉਮੀਦ ਕਰਦੇ ਹਾਂ ਕਿ ਬੇਲ ਨਾਲ ਸਬੰਧਿਤ ਇਹ ਮੁੱਲ-ਵਰਧਕ ਤਕਨੀਕਾਂ, ਤਾਲਾਬੰਦੀ ਦੇ ਹਾਲਾਤਾਂ ਵਿੱਚ ਤੁਹਾਡੇ ਸਮੇਂ ਦੀ ਸਹੀ ਵਰਤੋਂ ਕਰਨ ਵਿੱਚ ਸਹਾਇਕ ਸਿੱਧ ਹੋਣਗੀਆਂ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ