ਬਰਸਾਤ ਸਿਰਫ਼ ਇਨਸਾਨਾਂ ਨੂੰ ਹੀ ਨਹੀਂ ਬਲਕਿ ਕੁਦਰਤ ਦੀ ਬਣੀ ਹਰ ਸ਼ੈਅ ਭਾਵ ਪਸ਼ੂ-ਪੰਛੀਆਂ ਅਤੇ ਖਾਸ ਕਰ ਰੁੱਖਾਂ-ਪੌਦਿਆਂ ਨੂੰ ਵੀ ਖੂਬ ਮਨ-ਭਾਉਂਦੀ ਹੈ। ਇਸ ਰੁੱਤ ਦੌਰਾਨ ਹਰ ਸਾਲ ਹਜ਼ਾਰਾਂ ਹੀ ਨਹੀਂ ਬਲਕਿ ਲੱਖਾਂ ਰੁੱਖ-ਪੌਦੇ ਧਰਤ ਉੱਪਰ ਬੀਜੇ ਜਾਂ ਲਾਏ ਜਾਂਦੇ ਹਨ ਅਤੇ ਸਮਾਂ ਪਾ ਕੇ ਉਹ ਖੂਬ ਵੱਧਦੇ-ਫੁੱਲਦੇ ਹਨ। ਸਾਡੇ ਕੋਲ ਆਸ-ਪਾਸ ਲਾਉਣ ਖਾਤਰ ਰੁੱਖਾਂ ਦੀਆਂ ਅਨੇਕਾਂ ਹੀ ਵੰਨਗੀਆਂ ਮਿਲਦੀਆਂ ਹਨ। ਕਈ ਵਾਰ ਦੇਖਣ ਨੂੰ ਮਿਲਦਾ ਹੈ ਕਿ ਸ਼ਿੱਦਤ ਨਾਲ ਲਗਾਏ ਹੋਏ ਰੁੱਖ ਸਮਾਂ ਪਾ ਕੇ ਸਹੀ ਵੱਧਦੇ-ਫੁੱਲਦੇ ਨਹੀਂ ਜਾਂ ਫਿਰ ਹੋਰ ਕਈ ਮੁਸ਼ਕਿਲਾਂ ਸਾਹਮਣੇ ਆਉਂਦੀਆਂ ਹਨ। ਪਰ ਅਜਿਹਾ ਹੁੰਦਾ ਸਿਰਫ਼ ਉਦੋਂ ਹੀ ਹੈ ਜਦ ਅਸੀਂ ਰੁੱਖ ਲਾਉਣ ਨੂੰ ਤਕਨੀਕੀ ਕੰਮ ਸਮਝਣ ਦੀ ਬਜਾਏ ਸਸਤਾ ਸੌਦਾ ਸਮਝਦੇ ਹਾਂ। ਹਾਲਾਂਕਿ ਰੁੱਖ ਲਾਉਣ ਤੋਂ ਪਹਿਲਾਂ, ਲਾਉਣ ਸਮੇਂ ਅਤੇ ਰੁੱਖ ਲਾਉਣ ਤੋਂ ਬਾਅਦ ਕਈ ਅਜਿਹੇ ਪੱਖ ਹਨ ਜਿਹਨਾਂ ਨੂੰ ਅੱਖੋਂ-ਪਰੋਖੇ ਨਾ ਕੀਤਾ ਜਾਵੇ ਤਾਂ ਨਤੀਜੇ ਬਿਹਤਰ ਸਾਹਮਣੇ ਆਉਂਦੇ ਹਨ।
ਰੁੱਖ ਲਾਉਣ ਸਮੇਂ ਸਭ ਤੋਂ ਮੁੱਢਲੀ ਗੱਲ ਇਹ ਹੁੰਦੀ ਹੈ – ਜਗ੍ਹਾ ਦੀ ਚੋਣ। ਰੁੱਖ ਲਾਉਣ ਵਾਲੀ ਜਗ੍ਹਾ ਜੇਕਰ ਸਾਫ਼-ਸੁਥਰੀ ਭਾਵ ਨਦੀਨਾਂ ਤੋਂ ਰਹਿਤ ਅਤੇ ਜ਼ਮੀਨ ਵਿੱਚ ਪੁਰਾਣੀ ਇਮਾਰਤ ਆਦਿ ਦਾ ਮਲਬਾ ਨਾ ਹੋਵੇ ਤਾਂ ਬਿਹਤਰ ਮੰਨੀ ਜਾਂਦੀ ਹੈ। ਜਗ੍ਹਾ ਬਹੁਤ ਨੀਵੀਂ ਵੀ ਨਹੀਂ ਹੋਣੀ ਚਾਹੀਦੀ ਤਾਂ ਜੋ ਪਾਣੀ ਜ਼ਿਆਦਾ ਦੇਰ ਨਾ ਖੜ੍ਹਦਾ ਹੋਵੇ। ਜੇਕਰ ਬਰਸਾਤ ਜਾਂ ਵਾਧੂ ਪਾਣੀ ਦਾ ਨਿਕਾਸ ਨਾ ਹੋਵੇ ਤਾਂ ਪੌਦੇ ਮਰਨ ਦਾ ਖਦਸ਼ਾ ਵੱਧ ਜਾਂਦਾ ਹੈ। ਇਸ ਉਪਰੰਤ ਪੌਦਿਆਂ ਲਈ ਟੋਏ ਪੁੱਟਣ ਦਾ ਕੰਮ ਸਭ ਤੋਂ ਅਹਿਮ ਹੁੰਦਾ ਹੈ। ਦਰਅਸਲ ਟੋਏ ਤੋਂ ਟੋਏ ਦੀ ਦੂਰੀ ਪੌਦੇ ਤੋਂ ਪੌਦੇ ਦੀ ਦੂਰੀ ਰੁੱਖ ਦੀ ਕਿਸਮ ਉੱਪਰ ਸਿੱਧੇ ਤੌਰ ‘ਤੇ ਨਿਰਭਰ ਕਰਦੀ ਹੈ। ਸਾਡੇ ਕੋਲ ਮੋਟੇ ਤੌਰ ‘ਤੇ ਤਿੰਨ ਕਿਸਮਾਂ ਦੇ ਰੁੱਖ ਹੁੰਦੇ ਹਨ ਜਿਵੇਂਕਿ ਛੋਟੇ ਰੁੱਖ, ਦਰਮਿਆਨੇ ਰੁੱਖ ਅਤੇ ਕਾਫੀ ਵੱਡੇ ਰੁੱਖ।
ਦਰਅਸਲ ਰੁੱਖ ਲਾਉਣ ਵੇਲੇ ਰੁੱਖ ਦੀ ਮੌਜੂਦਾ ਹਾਲਤ ਨਾਲੋਂ ਬਾਅਦ ਵਿੱਚ ਹੋਣ ਵਾਲੇ ਫੈਲਾਅ ਅਨੁਸਾਰ ਹੀ ਰੁੱਖ ਲਾਉਣੇ ਚਾਹੀਦੇ ਹਨ। ਛੋਟੇ ਰੁੱਖਾਂ ਖਾਤਰ ਰੁੱਖ ਤੋਂ ਰੁੱਖ ਦੀ ਦੂਰੀ ਪੰਦਰਾਂ ਤੋਂ ਵੀਹ ਫੁੱਟ, ਦਰਮਿਆਨੇ ਰੁੱਖਾਂ ਖਾਤਰ ਇਹ ਦੂਰੀ 30 ਤੋਂ 40 ਫੁੱਟ ਤੱਕ ਹੋ ਸਕਦੀ ਹੈ, ਪਰੰਤੂ ਬਹੁਤ ਜ਼ਿਆਦਾ ਵੱਡੇ ਰੁੱਖ ਜਿਵੇਂਕਿ ਪਿੱਪਲ, ਬੋਹੜ ਅਤੇ ਪਿਲਕਣ ਆਦਿ ਲਈ ਇਹ ਦੂਰੀ 60 ਫੁੱਟ ਤੱਕ ਵੀ ਰੱਖੀ ਜਾਂਦੀ ਹੈ। ਜ਼ਿਆਦਾ ਨੇੜੇ ਲਾਏ ਰੁੱਖ ਵੱਧਦੇ ਘੱਟ ਅਤੇ ਬਾਅਦ ਵਿੱਚ ਬਹੁਤ ਜ਼ਿਆਦਾ ਕਾਂਟ-ਛਾਂਟ ਮੰਗਦੇ ਹਨ। ਹਾਂ, ਜੇਕਰ ਜਗ੍ਹਾ ਬਹੁਤ ਹੀ ਘੱਟ ਹੋਵੇ ਤਾਂ ਰੁੱਖਾਂ ਦੀ ਬਜਾਏ ਝਾੜੀਨੁਮਾ ਪੌਦਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਟੋਏ ਦਾ ਸਾਈਜ਼ ਪੌਦੇ ਦੀ ਗਾਚੀ ਨਾਲੋਂ ਤਕਰੀਬਨ ਤਿੰਨ ਗੁਣਾ ਜ਼ਰੂਰ ਹੋਣਾ ਚਾਹੀਦਾ ਹੈ। ਜ਼ਮੀਨ ਜ਼ਿਆਦਾ ਸਖ਼ਤ ਹੋਣ ਦੀ ਹਾਲਤ ਵਿੱਚ ਡੂੰਘਾ ਟੋਇਆ ਪੁੱਟ ਕੇ ਫਿਰ ਮਿੱਟੀ ਪਾ ਕੇ ਪੌਦਾ ਲਾਉਣਾ ਚਾਹੀਦਾ ਹੈ। ਧਿਆਨ ਰਹੇ ਬੂਟੇ ਦੀ ਗਾਚੀ ਜ਼ਿਆਦਾ ਡੂੰਘੀ ਨੱਪਣ ਨਾਲ ਪੌਦੇ ਦੇ ਮਰਨ ਦਾ ਖਦਸ਼ਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ।
ਨਰਸਰੀ ਵਿੱਚੋਂ ਪੌਦੇ ਖਰੀਦਣ ਸਮੇਂ ਕੋਸ਼ਿਸ਼ ਕਰੋ ਕਿ ਵਿੰਗ-ਤੜਿੰਗੇ ਹੋਣ ਨਾਲੋਂ ਸਿੱਧੇ ਆਪਣਾ ਭਾਰ ਝੱਲਦੇ ਪੌਦੇ ਹੀ ਖਰੀਦੋ। ਜਿਸ ਰੁੱਖ ਪੌਦੇ ਦੀ ਟੀਸੀ ਵਾਲੇ ਪੱਤੇ ਟੁੱਟੇ ਹੋਣ ਉਹ ਲਾਉਣ ਤੋਂ ਗੁਰੇਜ਼ ਕਰੋ ਕਿਉਂਕਿ ਉਸਦਾ ਵਾਧਾ ਸਿੱਧਾ ਤੇ ਇਕਸਾਰ ਘੱਟ ਹੋਵੇਗਾ। ਪੌਦੇ ਦੀ ਗਾਚੀ ਦੁਆਲੇ ਜੇਕਰ ਜੜ੍ਹਾਂ ਦਾ ਜਾਲ ਬਣਿਆ ਹੋਵੇ ਤਾਂ ਉਸਨੂੰ ਥੋੜ੍ਹਾ ਖੋਲ੍ਹ ਲਵੋ। ਪੌਦਾ ਲਾਉਣ ਸਮੇਂ ਜਾਂ ਲਾਉਣ ਤੋਂ ਥੋੜ੍ਹੀ ਦੇਰ ਬਾਅਦ ਉਸਦੀ ਕਾਂਟ-ਛਾਂਟ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਬਲਕਿ ਪਹਿਲੇ ਇੱਕ-ਦੋ ਸਾਲ ਰੁੱਖਾਂ ਨੂੰ ਖੂਬ ਵਧਣ ਦੇਣਾ ਚਾਹੀਦਾ ਹੈ ਅਤੇ ਤਕਰੀਬਨ ਦੋ ਸਾਲਾਂ ਬਾਅਦ ਹੀ ਕਾਂਟ-ਛਾਂਟ ਕਰਕੇ ਢੁੱਕਵੀਂ ਤੇ ਲੋੜੀਂਦੇ ਆਕਾਰ ਵਿੱਚ ਢਾਲਣਾ ਚਾਹੀਦਾ ਹੈ। ਸਾਡੀਆਂ ਵਾਤਾਵਰਨ ਹਾਲਾਤਾਂ ਵਿੱਚ ਰੁੱਖ ਲਾਉਣ ਲਈ ਸਭ ਤੋਂ ਵਧੀਆ ਮੌਸਮ ਜਨਵਰੀ-ਫਰਵਰੀ ਜਾਂ ਫਿਰ ਬਰਸਾਤ ਰੁੱਤ ਸਤੰਬਰ ਦੇ ਮਹੀਨੇ ਹੁੰਦੇ ਹਨ। ਹਾਂ, ਜੇਕਰ ਪੱਤਝੜੀ ਰੁੱਖ ਲਾਉਣੇ ਹੋਣ ਤਾਂ ਉਹਨਾਂ ਲਈ ਜਨਵਰੀ ਮਹੀਨਾ ਜ਼ਿਆਦਾ ਢੁੱਕਵਾਂ ਮੰਨਿਆ ਜਾਂਦਾ ਹੈ। ਫਰਵਰੀ ਮਹੀਨੇ ਦੌਰਾਨ ਰੁੱਖ ਤੇਜ਼ ਧੁੱਪ ਵਿੱਚ ਲਾਉਣ ਨਾਲੋਂ ਸ਼ਾਮ ਨੂੰ ਲਾਉਣੇ ਬਿਹਤਰ ਹੁੰਦੇ ਹਨ।
ਗਲੀਆਂ ਜਾਂ ਸੜਕਾਂ ਆਦਿ ਵਿੱਚ ਪੌਦੇ ਲਾਉਣ ਸਮੇਂ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਜਿੱਥੋਂ ਬਿਜਲੀ ਦੀਆਂ ਤਾਰਾਂ ਲੰਘਦੀਆਂ ਹੋਣ. ਉੱਥੇ ਵੱਡੇ ਰੁੱਖ ਲਾਉਣ ਦੇ ਬਜਾਏ ਚਾਂਦਨੀ, ਚਮੇਲੀਆਂ, ਟੈਕੋਮਾ, ਕੇਸ਼ੀਆ ਗਲੂਕਾ, ਪੀਲੀ ਕਨੇਰ ਅਤੇ ਹਾਰ-ਸ਼ਿੰਗਾਰ ਆਦਿ ਪੌਦਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜੇਕਰ ਰੁੱਖ ਕਿਸੇ ਇਮਾਰਤ ਆਦਿ ਨੇੜੇ ਲਾਉਣੇ ਹੋਣ ਤਾਂ ਰੁੱਖਾਂ ਦੀ ਚੋਣ ਧਿਆਨ ਵਿੱਚ ਰੱਖਦੇ ਹੋਏ ਫੈਲਾਅ ਵਾਲੇ ਰੁੱਖਾਂ ਨਾਲੋਂ ਸਿੱਧਾ ਵਾਧਾ ਹੋਣ ਵਾਲੇ ਰੁੱਖ ਜਿਵੇਂਕਿ ਮੰਦਾਰ, ਸਿਲਵਰ ਓਕ, ਮਰੋੜ ਫਲੀ ਆਦਿ ਨੂੰ ਤਰਜੀਹ ਦੇਣੀ ਚਾਹੀਦੀ ਹੈ। ਜ਼ਿਆਦਾ ਲੰਮੇ ਰੁੱਖ ਲਾਉਣ ਸਮੇਂ ਉਹਨਾਂ ਨੂੰ ਆਸਰਾ ਦੇਣ ਦੀ ਲੋੜ ਪੈਂਦੀ ਹੈ। ਲੋਹੇ ਆਦਿ ਨਾਲੋਂ ਬਾਂਸ ਦੀ ਵਰਤੋਂ ਬਿਹਤਰ ਹੁੰਦੀ ਹੈ ਪ੍ਰੰਤੂ ਬਾਂਸ ਨਾਲ ਵੀ ਪੌਦੇ ਨੂੰ ਤਾਰ ਨਾਲ ਨਹੀਂ ਬੰਨ੍ਹਣਾ ਚਾਹੀਦਾ ਅਤੇ ਕੋਸ਼ਿਸ਼ ਕਰੋ ਪੁਰਾਣੇ ਕੱਪੜੇ ਜਾਂ ਪੋਲੀ ਰੱਸੀ ਦੀ ਵਰਤੋਂ ਕਰੋ ਪ੍ਰੰਤੂ ਜ਼ਿਆਦਾ ਨੂੜਨਾ ਨਹੀਂ ਚਾਹੀਦਾ।
ਪੌਦਿਆਂ ਨੂੰ ਖਾਦ ਜ਼ਿਆਦਾ ਡੂੰਘੀ ਨਹੀਂ ਪਾਉਣੀ ਚਾਹੀਦੀ, ਸਗੋਂ ਮਿੱਟੀ ਦੀ ਉੱਪਰਲੀ ਤਹਿ ਵਿੱਚ ਹੀ ਰਲਾਉਣੀ ਚਾਹੀਦੀ ਹੈ। ਜੈਵਿਕ ਖਾਦ ਸਰਦੀਆਂ ਵਿੱਚ ਅਤੇ ਡੀ.ਏ.ਪੀ. ਆਦਿ ਰਸਾਇਣਿਕ ਖਾਦ ਫਰਵਰੀ-ਮਾਰਚ ਜਾਂ ਅਗਸਤ-ਸਤੰਬਰ ਵਿੱਚ ਪਾਉਣੀ ਚਾਹੀਦੀ ਹੈ। ਰੁੱਖਾਂ ਨੂੰ ਪਾਣੀ ਅਤੇ ਗੋਰ ਸਾਂਭ-ਸੰਭਾਲ ਪਹਿਲੇ ਦੋ ਜਾਂ ਫਿਰ ਤਿੰਨ ਕੁ ਸਾਲ ਤੱਕ ਲੋੜੀਂਦੀ ਹੁੰਦੀ ਹੈ, ਫਿਰ ਘੱਟ ਦੇਖ-ਭਾਲ ਨਾਲ ਵੀ ਚੱਲ ਜਾਂਦਾ ਹੈ। ਫਲਦਾਰ ਬੂਟੇ ਸਾਂਝੀਆਂ ਥਾਵਾਂ ਜਾਂ ਸੜਕਾਂ ਕਿਨਾਰੇ ਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪੌਦਿਆਂ ਦੀ ਕਾਂਟ-ਛਾਂਟ ਟਾਹਣੀਆਂ ਖਿੱਚ ਕੇ ਕਰਨ ਦੀ ਬਜਾਏ ਸਹੀ ਔਜਾਰ ਨਾਲ ਹੀ ਕਰਨੀ ਚਾਹੀਦੀ ਹੈ। ਰੁੱਖ ਲਾਉਣ ਸਮੇਂ ਉਹਨਾਂ ਦੀ ਭਵਿੱਖ ਵਿੱਚ ਕੀਤੀ ਜਾਣ ਵਾਲੀ ਸਾਂਭ-ਸੰਭਾਲ ਤੇ ਉਹਨਾਂ ਦਾ ਵਾਧਾ ਆਦਿ ਜ਼ਰੂਰ ਦਿਮਾਗ ਵਿੱਚ ਰੱਖਣਾ ਚਾਹੀਦਾ ਹੈ।
ਡਾ. ਬਲਵਿੰਦਰ ਸਿੰਘ ਲੱਖੇਵਾਲੀ
98142-39041
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ