ਫੀਡ

ਅਜਿਹੀ ਮਸ਼ੀਨਰੀ ਜੋ ਬਜ਼ਾਰੀ ਫੀਡ ਦਾ ਘਟਾਵੇਗੀ ਖਰਚਾ

ਪਸ਼ੂ ਪਾਲਣ ਦੇ ਕਿੱਤੇ ਵਿੱਚ ਖੁਰਾਕ ਦਾ ਸਿੱਧੇ ਤੌਰ ਤੇ ਸਬੰਧ ਹੈ, ਜੇਕਰ ਦੁਧਾਰੂ ਪਸ਼ੂਆਂ ਦੀ ਗੱਲ ਕੀਤੀ ਜਾਵੇ ਤਾਂ ਸਾਰਾ ਰੋਲ ਖੁਰਾਕ ਦਾ ਹੀ ਹੁੰਦਾ ਹੈ। ਖੁਰਾਕ ਜੇਕਰ ਘਰ ਦੀ ਤਿਆਰ ਕੀਤੀ ਹੋਵੇ ਤਾਂ ਸਭ ਤੋਂ ਵਧੀਆ ਹੈ ਕਿਉਂਕਿ ਫੀਡ ਵਿੱਚ ਮਿਲਾਵਟ ਵੀ ਬਹੁਤ ਜ਼ਿਆਦਾ ਹੋਣ ਲੱਗੀ ਹੈ, ਘਰ ਵਿੱਚ ਬਣਾਈ ਫੀਡ ਨਾਲ ਕਿਸੇ ਤਰ੍ਹਾਂ ਦੀ ਮਿਲਾਵਟ ਦਾ ਡਰ ਨਹੀ ਹੁੰਦਾ।

ਸਾਬਤ ਅਨਾਜ ਵਿੱਚ ਮਿਲਾਵਟ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਪੁਰਾਣੇ ਉੱਲੀ ਲੱਗੇ ਅਨਾਜ ਦੇ ਦਾਣੇ ਨੂੰ ਸਾਫ਼ ਅਨਾਜ ਵਿੱਚ ਮਿਲਾ ਦਿੱਤਾ ਜਾਂਦਾ ਹੈ, ਜਿਸਦੀ ਪਹਿਚਾਣ ਕਰਨੀ ਮੁਸ਼ਕਿਲ ਹੁੰਦੀ ਹੈ। ਸਰ੍ਹੋਂ ਦੀ ਖੱਲ ਵਿੱਚ ਤੋਰੀਏ ਦੀ ਖੱਲ ਦੀ ਮਿਲਾਵਟ ਆਮ ਹੈ, ਜਿਸ ਕਾਰਨ ਸਰ੍ਹੋਂ ਦੀ ਖੱਲ ਕੌੜੀ ਹੋ ਜਾਂਦੀ ਹੈ। ਵੜੇਵਿਆਂ ਦੀ ਖੱਲ ਵਿੱਚ ਗੱਤਾ ਮਿਲਾ ਕੇ ਯੂਰੀਆ ਦੀ ਸਪਰੇਅ ਕੀਤੀ ਜਾਂਦੀ ਹੈ, ਜਿਸ ਕਾਰਨ ਪ੍ਰੋਟੀਨ ਦੀ ਮਾਤਰਾ ਤਾਂ ਪੂਰੀ ਨਿਕਲਦੀ ਹੈ ਪਰ ਇਸ ਦਾ ਪਸ਼ੂ ਨੂੰ ਕੋਈ ਲਾਭ ਨਹੀਂ ਹੁੰਦਾ। ਇਸ ਤੋਂ ਇਲਾਵਾ ਖੱਲਾਂ ਵਿੱਚ ਮਾੜੀਆਂ ਖੱਲਾਂ ਜਿਵੇਂ ਅਰਿੰਡ ਦੀ ਖੱਲ ਤੇ ਰੇਤਾ ਤੱਕ ਮਿਲਿਆ ਹੋ ਸਕਦਾ ਹੈ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਿਰ ਘਰ ਵਿੱਚ ਫੀਡ ਤਿਆਰ ਕਰਨ ਲਈ ਮਸ਼ੀਨਰੀ ਕਿਹੜੀ ਲਈ ਜਾਵੇ।

ਬਜ਼ਾਰ ਵਿੱਚ ਪੈਲੇਟ ਫੀਡ ਬਣਾਉਣ ਵਾਲੀ ਮਸ਼ੀਨ ਮਿਲ ਜਾਂਦੀ ਹੈ ਜੋ ਕਿ ਆਮ ਕਿਸਾਨ ਖਰੀਦ ਸਕਦਾ ਹੈ, ਇਹ 5HP ਦੀ ਮੋਟਰ ਤੇ ਚੱਲਦੀ ਹੈ। 3 HP ਤੋ ਲੈ ਕੇ 20 HP ਤੱਕ ਦੀ ਮੋਟਰ ਵਾਲੀ ਮਸ਼ੀਨ ਉਪਲੱਬਧ ਹੈ, ਇਸ ਨਾਲ ਤੁਸੀਂ ਫੀਡ ਦੇ ਪੈਲੇਟ ਬਣਾ ਕੇ ਲੰਮੇ ਸਮੇਂ ਲਈ ਪੈਕਿੰਗ ਕਰਕੇ ਰੱਖ ਸਕਦੇ ਹੋ, ਬਾਕੀ ਜੇਕਰ ਤੁਸੀਂ ਹਰ ਤਰ੍ਹਾਂ ਦੇ ਅਨਾਜ ਨੂੰ ਪੀਸਣਾ ਚਾਹੁੰਦੇ ਹੋ ਤਾਂ ਗ੍ਰੈਡਿੰਗ ਮਸ਼ੀਨ ਖਰੀਦ ਸਕਦੇ ਹੋ ਬਰੀਕ ਪਾਊਡਰ ਬਣਾ ਸਕਦੇ ਹੋ, ਜੋ ਕਿ ਰੈਗੂਲਰ ਫੀਡ ਵਿੱਚ ਵਰਤ ਸਕਦੇ ਹੋ।

ਮਸ਼ੀਨ ਦਾ ਰੇਟ ਤੁਹਾਡੀ ਫੀਡ ਦੀ ਜ਼ਰੂਰਤ ‘ਤੇ ਨਿਰਭਰ ਕਰਦਾ ਹੈ। 20000 ਰੁਪਏ ਤੋ ਲੈ ਕੇ 5 ਲੱਖ ਤੱਕ ਦੀ ਮਸ਼ੀਨ ਮਿਲ ਜਾਂਦੀ ਹੈ, ਜਿਹਨਾਂ ਵਿੱਚੋਂ ਕੁੱਝ ਮਸ਼ੀਨਾਂ ‘ਤੇ ਸਬਸਿਡੀ ਵੀ ਮਿਲ ਸਕਦੀ ਹੈ।

ਘਰ ਵਿੱਚ ਫੀਡ ਮਸ਼ੀਨ ਲਗਾਉਣ ਦੇ ਫਾਇਦੇ :

1. ਇਸ ਮਸ਼ੀਨ ਨੂੰ ਚਲਾਉਣ ਲਈ ਕਿਸੇ ਖਾਸ ਸਿਖਲਾਈ ਦੀ ਜ਼ਰੂਰਤ ਨਹੀ ਹੁੰਦੀ, ਕੋਈ ਵੀ ਵਿਅਕਤੀ ਅਸਾਨੀ ਨਾਲ ਇਸ ਨੂੰ ਚਲਾ ਸਕਦਾ ਹੈ।

2. ਇਸ ਮਸ਼ੀਨ ਨੂੰ ਅਸਾਨੀ ਨਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲਿਆਇਆ ਜਾ ਸਕਦਾ ਹੈ।

3. ਇਸ ਮਸ਼ੀਨ ਨਾਲ ਤੁਸੀਂ ਸੰਤੁਲਿਤ ਖੁਰਾਕ ਬਦਲ-ਬਦਲ ਕੇ ਤਿਆਰ ਕਰ ਸਕਦੇ ਹੋ ਅਤੇ ਕਈ ਤਰੀਕੇ ਦਾ ਫੀਡ ਫਾਰਮੂਲਾ ਵਰਤਿਆ ਜਾ ਸਕਦਾ ਹੈ।

4. ਘਰ ਵਿੱਚ ਮਸ਼ੀਨ ਦੁਆਰਾ ਬਣਾਈ ਫੀਡ ਨੂੰ ਲੰਮੇ ਸਮੇਂ ਤੱਕ ਸਟੋਰ ਕੀਤਾ ਜਾ ਸਕਦਾ ਹੈ ।

ਪੈਲੇਟ ਫੀਡ ਬਣਾਉਣ ਵਾਲੀ ਮਸ਼ੀਨ ਕੰਮ ਕਿਸ ਤਰ੍ਹਾਂ ਕਰਦੀ ਹੈ , ਆਓ ਦੇਖੀਏ ਇਸ ਵੀਡੀਓ ਵਿੱਚ।

ਸੋ ਮੁੱਕਦੀ ਗੱਲ ਹੈ ਇਹ ਹੈ ਕਿ ਕੋਸ਼ਿਸ਼ ਕਰੋ ਕਿ ਫੀਡ ਖੁਦ ਘਰ ਤਿਆਰ ਕੀਤੀ ਜਾਵੇ ਜਾਂ ਫਿਰ ਫੀਡ ਤਿਆਰ ਕਰਵਾਉਣ ਵੇਲੇ ਕੋਲ ਖੜ੍ਹ ਕੇ ਤੇ ਆਪਣਾ ਸਮਾਨ ਲੈ ਕੇ ਜਾਓ, ਫਿਰ ਹੀ ਪਸ਼ੂ ਪਾਲਣ ਦਾ ਕਿੱਤਾ ਮੁਨਾਫ਼ਾ ਦੇਣਾ ਸ਼ੁਰੂ ਕਰੇਗਾ।

ਜੇਕਰ ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜੀ ਕਿਸੇ ਵੀ ਮਸ਼ੀਨਰੀ ਨਾਲ ਜੁੜਿਆ ਤੁਹਾਡਾ ਸਵਾਲ ਹੈ ਤੁਸੀ ਆਪਣੀ ਖੇਤੀ ਐਪ ਰਾਹੀ ਆਪਣਾ ਸਵਾਲ ਬੇਝਿਜਕ ਪੁੱਛੋ , ਮਾਹਿਰਾਂ ਵੱਲੋਂ ਤੁਹਾਨੂੰ ਸਹੀ ਸਲਾਹ ਦਿੱਤੀ ਜਾਵੇਗੀ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ