ਆਓ! ਐਂਤਕੀ ਦੀਵਾਲੀ ਪ੍ਰਦੂਸ਼ਣ ਨੂੰ ਨਾਂਹ ਕਰੀਏ

ਸਾਰਾ ਜੱਗ ਇਸ ਗੱਲ ਤੋਂ ਜਾਣੂ ਹੈ ਕਿ ਦੀਵਾਲੀ ਰੰਗਾਂ, ਰੋਸ਼ਨੀਆਂ ਅਤੇ ਖੁਸ਼ੀਆਂ ਦਾ ਤਿਉਹਾਰ ਹੈ। ਸਿਰਫ਼ ਭਾਰਤ ਤੱਕ ਹੀ ਨਾ ਸੀਮਤ ਹੋ ਕੇ ਸਗੋਂ ਵਿਸ਼ਵ ਦੇ ਅਨੇਕਾਂ ਕੋਨਿਆਂ ਵਿੱਚ ਲੋਕ ਇਸ ਤਿਉਹਾਰ ਨੂੰ ਚਾਵਾਂ ਅਤੇ ਮਲਾਰਾਂ ਨਾਲ ਮਨਾਉਂਦੇ ਹਨ। ਮਿਥਿਹਾਸ, ਇਤਿਹਾਸ ਅਤੇ ਸਾਹਿਤਕ ਪੱਖ ਸਾਨੂੰ ਸਭ ਧਰਮਾਂ ਵਰਗਾ ਦੇ ਲੋਕਾਂ ਨੂੰ ਇਸ ਤਿਉਹਾਰ ਨੂੰ ਮਨਾਉਣ ਲਈ ਪ੍ਰੇਰਿਤ ਕਰਦੇ ਹਨ। ਸਮੇਂ ਦੇ ਚੱਲਦਿਆਂ ਮਨੁੱਖ ਤਰੱਕੀ ਦੀ ਪੌੜੀ ਚੜ੍ਹਦਾ ਗਿਆ ਤੇ ਉਸਦੇ ਤਿੱਥ-ਤਿਉਹਾਰ ਮਨਾਉਣ ਦੇ ਤੌਰ ਤਰੀਕੇ ਵੀ ਸਮੇਂ ਨਾਲ ਹੀ ਬਦਲਦੇ ਗਏ। ਸਦੀਆਂ ਤੋਂ ਮਨਾਏ ਜਾਂਦੇ ਆ ਰਹੇ ਇਸ ਤਿਉਹਾਰ ਨੂੰ ਪਹਿਲਾਂ ਲੋਕ ਬੜੇ ਅਦਬ-ਸਲੀਕੇ ਨਾਲ ਮਨਾਉਂਦੇ ਹੋਏ ਰੱਬ ਦੀ ਰਜ਼ਾ ਵਿੱਚ ਰਹਿੰਦੇ ਸਨ ਅਤੇ ਹਰ ਕਾਰਜ ਵਿੱਚ ਕੁਦਰਤ ਅਤੇ ਕੁਦਰਤੀ ਸਰੋਤਾਂ ਨੂੰ ਵਿਸ਼ੇਸ਼ ਅਹਿਮੀਅਤ ਦਿੱਤੀ ਜਾਂਦੀ ਹੈ।

ਪਾਰ ਅਫਸੋਸ! ਅੱਜ ਸਥਿਤੀ ਅਜੀਬੋ-ਗਰੀਬ ਬਣ ਚੁੱਕੀ ਹੈ। ਤਿਉਹਾਰਾਂ ਦੇ ਦਿਨੀਂ ਅਜਿਹੇ ਕਾਰਜ ਕੀਤੇ ਜਾਂਦੇ ਹਨ ਕਿ ਕਾਦਰ ਦੀ ਸਿਰਜੀ ਕੁਦਰਤ ਦਾ ਸੱਤਿਆਨਾਸ਼ ਹੋ ਰਿਹਾ ਹੈ। ਸਧਾਰਨ ਸ਼ਬਦਾਂ ਦੀ ਗੱਲ ਕਰੀਏ ਤਾਂ ਅਸੀਂ ਤਿਉਹਾਰ ਦੇ ਨਾਂ ‘ਤੇ ਧਰਤੀ ਤੇ ਗੰਦ ਪਾਉਣਾ ਆਪਣਾ ਜਨਮ-ਸਿੱਧ ਅਧਿਕਾਰ ਸਮਝਣ ਲੱਗੇ ਹਾਂ। ਹਵਾ, ਪਾਣੀ ਤੇ ਧਰਤ ਨੂੰ ਐਨਾ ਪਲੀਤ ਕੀਤਾ ਜਾਂਦਾ ਹੈ ਕਿ ਸ਼ਬਦਾਂ ਰਾਹੀਂ ਬਿਆਨਣਾ ਵੀ ਕਠਿਨ ਹੈ। ਦਰਅਸਲ ਦੀਵਾਲੀ ਦਾ ਮਤਲਬ ਲੋਕ ਦਿਖਾਵਾ ਬਣਾ ਛੱਡਿਆ ਹੈ। ਆਪਣੇ ਸੱਜਣਾ, ਸਕੇ-ਸੰਬੰਧੀਆਂ ਤੇ ਆਂਢ-ਗੁਆਂਢੀਆਂ ਨੂੰ ਵਿਖਾਵੇ ਦੀ ਆੜ ਵਿੱਚ ਹਰ ਆਦਮੀ ਹਰ ਦੂਸਰੇ ਤੋਂ ਵੱਧ ਪ੍ਰਭਾਵਸ਼ਾਲੀ ਬਣਨ ਤੇ ਦਿਖਣ ਦੀ ਕੋਸ਼ਿਸ਼ ਵਿੱਚ ਹੈ। ਇਸ ਵਿਖਾਵੇ ਅਤੇ ਪ੍ਰਭਾਵ ਦੀ ਖੇਡ ਵਿੱਚ ਇਨਸਾਨ ਐਨਾ ਉਲਝ ਗਿਆ ਹੈ ਕਿ ਉਹ ਕੁਦਰਤ ਤੋਂ ਹਰ ਪਲ ਦੂਰ ਹੁੰਦਾ ਜਾ ਰਿਹਾ ਹੈ। ਦੀਵਾਲੀ ਤੋਂ ਕੁੱਝ ਦਿਨ ਪਹਿਲਾਂ ਘਰਾਂ ਅਤੇ ਆਲੇ-ਦੁਆਲੇ ਦੀ ਸਫ਼ਾਈ ਤੇ ਪੂਰਾ ਜ਼ੋਰ ਦਿੱਤਾ ਜਾਂਦਾ ਹੈ ਪ੍ਰੰਤੂ ਦੀਵਾਲੀ ਵਾਲੀ ਰਾਤ ਤੋਂ ਬਾਅਦ ਧਰਤ ਨੂੰ ਕੂੜੇਦਾਨ ਦਾ ਰੂਪ ਬਣਿਆ ਅਸੀਂ ਹਰ ਸਾਲ ਆਪਣੇ ਆਖਿ ਵੇਖਦੇ ਹਾਂ। ਕੀਨੀ ਅਜਬ ਸਥਿਤੀ ਹੈ ਕਿ ਘਰਾਂ ਵਿੱਚ ਬੱਚਿਆਂ ਨੂੰ ਪਵਿੱਤਰ ਤਿਉਹਾਰ ਦੇ ਮਿਥਿਹਾਸ ਤੇ ਇਤਿਹਾਸਿਕ ਪੱਖਾਂ ਆਦਿ ਨੂੰ ਛੱਡ ਸਿਰਫ਼ ਬੰਬ-ਪਟਾਕਿਆਂ ਜਾਂ ਖਾਣ-ਪੀਣ ਵਾਲੀਆਂ ਬਾਜ਼ਾਰੀ ਵਸਤਾਂ ਤੇ ਚਰਚਾ ਕੀਤੀ ਜਾਂਦੀ ਹੈ। ਕੁਦਰਤੀ ਵਸਤਾਂ ਨੂੰ ਛੱਡ ਬਣਾਵਟੀ ਵਸਤਾਂ ਨੇ ਸਾਡੀ ਜ਼ਿੰਦਗੀ ਵਿੱਚ ਅਹਿਮ ਸਥਾਨ ਲੈ ਲਿਆ ਹੈ। ਸਾਡੀ ਹਵਾ, ਪਾਣੀ, ਖਾਣ-ਪੀਣ, ਭੋਜਨ ਦੀ ਥਾਲੀ ਆਦਿ ਸਭ ਜ਼ਹਿਰ ਭਰਪੂਰ ਕਰ ਸੁੱਟੀਆਂ ਹਨ। ਸਦਾ ਜੀਵਨ-ਜੀਣ ਤੇ ਲੋਕ ਸ਼ਰਮ ਮਹਿਸੂਸ ਕਰਨ ਲੱਗੇ ਹਨ।

ਦੀਵਾਲੀ ਤੇ ਸਭ ਤੋਂ ਪਹਿਲਾ ਕਾਰਜ ਲੋਕ ਘਰਾਂ ਨੂੰ ਸਜਾਉਂਦੇ ਹਨ। ਸਜਾਵਟ ਤੇ ਤੌਰ-ਤਰੀਕੇ ਕੁਦਰਤ ਪੱਖੀ ਘੱਟਦੇ ਜਾ ਰਹੇ ਹਨ। ਘਰਾਂ ਦੀ ਬਣਾਵਟ ਕੁਦਰਤੀ ਰੋਸ਼ਨੀ ਤੇ ਹਵਾ ਦੇ ਲਾਂਘੇ ਨੂੰ ਮੁੱਖ ਨਾਂ ਰੱਖ, ਬੰਦ-ਬੰਦ ਤਰੀਕੇ ਦੇ ਹੋਟਲਾਂ ਵਰਗੇ ਘਰ ਬਣਨੇ ਸ਼ੁਰੂ ਹੋ ਗਏ ਹਨ। ਪੇਂਟ ਯਾਨੀ ਰੰਗਾਂ ਦੀ ਵਰਤੋਂ ਬਹੁਤ ਜ਼ਿਆਦਾ ਵਸ ਚੁੱਕੀ ਹੈ ਜੋ ਘਰਾਂ ਵਿੱਚ ਰਹਿਣ ਵਾਲਿਆਂ ਲਈ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਖਾਸ ਕਰ ਅਲਰਜੀਆਂ ਦਾ ਸਬੱਬ ਬਣਨਾ ਸ਼ੁਰੂ ਹੋ ਗਏ ਹਨ। ਕੰਧਾਂ-ਦੀਵਾਰਾਂ ਤੇ ਰੰਗਾਂ ਤੋਂ ਇਲਾਵਾ ਫਰਨੀਚਰ ਆਦਿ ਤੇ ਵੀ ਖਤਰਨਾਕ ਪੇਂਟ ਦਾ ਰੁਝਾਨ ਬਹੁਤ ਘਾਤਕ ਹੈ। ਕੁਦਰਤੀ ਮਹਿਕਾਂ ਤੋਂ ਦੂਰ ਘਰਾਂ-ਦਫ਼ਤਰਾਂ ਆਦਿ ਵਿੱਚ ਬਣਾਵਟੀ ਮਹਿਕਾਂ ਮਤਲਬ ਰੂਮ-ਫਰੈਸ਼ਨਰਾਂ ਦੀ ਅੰਧਾ-ਧੁੰਦ ਵਰਤੋਂ ਸਾਡੇ ਅਤੇ ਸਾਡੇ ਬੱਚਿਆਂ ਲਈ ਸਾਹ ਦੇ ਰੋਗਾਂ ਨੂੰ ਸੱਦਾ ਹੈ। ਘਰਾਂ ਅੰਦਰ ਲੋਕਾਂ ਨੂੰ ਕੁਦਰਤੀ ਪੌਦਿਆਂ ਦੀ ਸਾਂਭ-ਸੰਭਾਲ ਔਖੀ ਜਾਪਦੀ ਹੋਣ ਸਦਕਾ ਬਣਾਵਟੀ ਤੇ ਭੜਕੀਲੇ ਰੋਗਾਂ ਦੇ ਫੁੱਲਾਂ-ਲੜੀਆਂ ਨੇ ਆਪਣਾ ਘਰ ਬਣ ਲਿਆ ਹੈ। ਸਾਡੇ ਕੋਲ ਘਰਾਂ ਅੰਦਰ ਰੱਖਣ ਲਈ ਅਰੀਕਾ ਪਾਮ, ਰੈਫਿਸ਼ ਪਾਮ, ਐਗਲੋਨੀਮਾ, ਡਰਾਸਈਨਾ, ਸਿਨਗੋਨੀਅਮ, ਫਰਨ, ਮੋਨਸਟੇਰਾ, ਆਦਿ ਅਨੇਕਾਂ ਪੌਦੇ ਹਨ ਜੋ ਖੂਬਸੂਰਤੀ ਪੱਖ ਦੇ ਨਾਲ-ਨਾਲ ਘਰਾਂ ਅੰਦਰਲੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਵੀ ਸਹਾਈ ਹੁੰਦੇ ਹਨ।

ਦੀਵਾਲੀ ਜਾਂ ਕਿਸੇ ਵੀ ਤਿਉਹਾਰ ਵਾਲੇ ਦਿਨ ਪਹਿਲਾਂ ਲੋਕ ਸਵੇਰੇ ਉੱਠਦਿਆਂ ਸਭ ਤੋਂ ਪਹਿਲਾਂ ਰੱਬ ਦਾ ਨਾਮ ਲੈਂਦੇ ਸਨ। ਹਰ ਧਰਮ ਨਾਲ ਸੰਬੰਧਿਤ ਪਰਿਵਾਰ ਆਪਣੇ ਧਾਰਮਿਕ ਸਥਾਨ ਜਾਂ ਘਰ ਵਿੱਚ ਪੂਜਾ-ਪਾਠ ਕਰਦੇ ਸਨ। ਪੂਜਾ-ਪਾਠ ਅੱਜ ਵੀ ਜਾਰੀ ਹੈ ਪ੍ਰੰਤੂ ਤਰੀਕੇ ਬਦਲ ਗਏ ਹਨ। ਕੁਦਰਤੀ ਫੁੱਲਾਂ ਦੀ ਜਗ੍ਹਾ ਬਣਾਵਟੀ ਫੁੱਲਾਂ ਨੇ ਲੈ ਲਈ ਹੈ। ਮਹਿਕਾਂ ਖਾਤਿਰ ਬਣਾਵਟੀ ਤਰੀਕਿਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਕਈ ਸੱਜਣਾ ਦੇ ਘਰਾਂ ਅੰਦਰ ਬਣੇ ਪੂਜਾ ਘਰ, ਪ੍ਰਮਾਤਮਾ ਦਾ ਸਥਾਨ ਘੱਟ ਤੇ ਪ੍ਰਫਿਊਮ ਦੀ ਦੁਕਾਨ ਜ਼ਿਆਦਾ ਜਾਪਦੇ ਹਨ। ਕੁੱਝ ਸੱਜਣ ਤਾਂ ਆਪਣੇ ਧਰਮ ਨਾਲ ਸੰਬੰਧਿਤ ਸੰਗੀਤ ਏਨੀ ਆਵਾਜ਼ ਵਿੱਚ ਵਜਾਉਂਦੇ ਹਨ ਕਿ ਬੱਚਿਆਂ -ਬਜ਼ੁਰਗਾਂ ਦਾ ਜੀਣਾ ਮੁਹਾਲ ਹੋ ਜਾਂਦਾ ਹੈ। ਸੰਗੀਤ ਦਾ ਪ੍ਰਭੂ ਭਗਤੀ ਵਿੱਚ ਲੀਨ ਹੋਣ ਦਾ ਗੂੜ੍ਹਾ ਰਿਸ਼ਤਾ ਹੈ ਪ੍ਰੰਤੂ ਸੰਗੀਤ ਸ਼ੋਰ ਦਾ ਰੂਪ ਨਹੀਂ ਹੋਣਾ ਚਾਹੀਦਾ। ਰੰਗੋਲੀ ਦਾ ਤਿਉਹਾਰਾਂ ਖਾਸ ਕਰ ਦੀਵਾਲੀ ਨਾਲ ਗੂੜ੍ਹਾ ਰਿਸ਼ਤਾ ਹੈ। ਰੰਗੋਲੀ ਘਰਾਂ ਵਿੱਚ ਹੀ ਨਹੀਂ; ਬਲਕਿ ਸੰਸਥਾਵਾਂ, ਹੋਟਲਾਂ, ਪੈਲੇਸਾਂ ਆਦਿ ਵਿੱਚ ਵੀ ਖੂਬ ਬਣਾਈ ਜਾਣ ਲੱਗੀ ਹੈ। ਪਰ ਚੰਗਾ ਹੋਵੇ ਜੇਕਰ ਅਸੀਂ ਰੰਗੋਲੀ ਖਾਤਿਰ ਕੁਦਰਤੀ ਰੰਗ, ਜਿਵੇਂਕਿ ਸਫੈਦ ਰੰਗ ਚੌਲਾਂ ਦਾ ਪਾਊਡਰ, ਪੀਲੇ ਲਈ ਹਲਦੀ, ਹਰੇ ਲਈ ਸੌਂਫ ਜਾਂ ਫਿਰ ਅਨੇਕਾਂ ਕਿਸਮਾਂ ਦੀਆਂ ਦਾਲਾਂ ਜਾਂ ਫਿਰ ਫੁੱਲਾਂ ਦੀਆਂ ਪੱਤੀਆਂ ਦਾ ਪ੍ਰਯੋਗ ਕਰੀਏ।

ਰੋਸ਼ਨੀ ਬਿਨਾਂ ਇਹ ਤਿਉਹਾਰ ਅਧੂਰਾ ਤੇ ਬੇਰੰਗ ਹੈ। ਪਰ ਅਸੀਂ ਘਰ-ਇਮਾਰਤਾਂ ਨੂੰ ਸਕਾਉਣ ਖਾਤਿਰ ਐਨੀ ਜ਼ਿਆਦਾ ਬਿਜਲੀ ਜਾਂ ਐਨਰਜੀ ਵਰਤਣ ਲੱਗ ਗਏ ਤਾਂ ਇਸਦਾ ਖਾਮਿਆਜ਼ਾ ਸਾਨੂੰ ਭਵਿੱਖ ਵਿੱਚ ਭੁਗਤਣਾ ਪਵੇਗਾ। ਅਤਿਅੰਤ ਜ਼ਰੂਰੀ ਹੋਵੇ ਤਾਂ ਐੱਲ.ਈ.ਡੀ ਲਾਈਟਾਂ ਦੀ ਵਰਤੋਂ ਹੀ ਕਰੋ। ਮਿੱਟੀ ਦੇ ਦੀਵੇ ਸਭ ਤੋਂ ਅਹਿਮ ਕੰਮ ਹੈ। ਘਰ ਵਿੱਚ ਸ਼ਾਮ ਚੱਲਦਿਆਂ ਦੀਵਿਆਂ ਵਿੱਚ ਤੇਲ ਪਾਉਣਾ, ਬਨੇਰਿਆਂ ਤੇ ਟਿਕਾਉਣਾ, ਵਾਤਾਵਰਣ ਪ੍ਰੇਮ ਤਾਂ ਹੈ ਹੀ, ਨਾਲੋਂ-ਨਾਲ ਪਰਿਵਾਰ ਵਿੱਚ ਨੇੜਤਾ ਵੀ ਵਧਾਉਂਦਾ ਹੈ। ਮੋਮ ਬੱਤੀਆਂ ਵੀ ਹਵਾ ਨੂੰ ਗੰਧਲਾ ਕਰਦੀਆਂ ਹਨ ਪ੍ਰੰਤੂ ਬੀ ਵੈਕਸ ਯਾਨੀ ਮਧੂ ਮੱਖੀਆਂ ਤੋਂ ਪ੍ਰਾਪਤ ਮੋਮ ਵਰਤੀ ਜਾ ਸਕਦੀ ਹੁੰਦੀ ਹੈ।

ਸਾਡਾ ਕੋਈ ਵੀ ਤਿਉਹਾਰ ਖਾਣ-ਪੀਣ ਬਿਨਾਂ ਬਿਲਕੁਲ ਅਧੂਰਾ ਹੈ। ਪਰ ਅਸੀਂ ਅੱਜ ਘਰਾਂ ਵਿੱਚ ਸ਼ੁੱਧ ਤੇ ਸਾਫ਼ ਵਸਤਾਂ ਬਣਾਉਣ ਦੀ ਬਜਾਏ ਬਾਜ਼ਾਰ ਦੀਆਂ ਮਹਿੰਗੀਆਂ ਤੇ ਸਿਹਤ ਪੱਖੋਂ ਮਾੜੀਆਂ ਮਠਿਆਈਆਂ ਖਾਣ ਨੂੰ ਤਰਜੀਹ ਦੇਣ ਲੱਗੇ ਹਾਂ। ਪਹਿਲਾਂ ਲੋਕ ਘਰਾਂ ਵਿੱਚ ਖੁਦ ਲੱਡੂ, ਖੀਰ, ਹਲਵਾ, ਕੜਾਹ, ਕੇਕ ਆਦਿ ਅਨੇਕਾਂ ਵਸਤਾਂ ਰਲ-ਮਿਲ ਕੇ ਬੈਠ ਖਾਂਦੇ ਸਨ। ਖਾਣਾ ਪਰੋਸਣ ਲਈ ਵੀ ਪਹਿਲਾਂ ਲੋਕ ਕੇਲੇ ਦੇ ਪੱਤੇ ਜਾਂ ਰੁੱਖਾਂ ਦੇ ਪੱਤਿਆਂ ਤੋਂ ਬਣੇ ਡੂੰਨੇ-ਪਲੇਟਾਂ ਆਦਿ ਵਰਤਦੇ ਸਨ ਜਿਹੜੇ ਬਾਅਦ ਵਿੱਚ ਧਰਤ ਦੇ ਪ੍ਰਦੂਸ਼ਣ ਦਾ ਸਬੱਬ ਨਹੀਂ ਬਣਦੇ ਸਨ। ਅੱਜ ਲੰਗਰ ਲਾਉਣ ਵਾਲੇ ਤੇ ਖਾਣ ਵਾਲੇ ਤਾਂ ਚਲੇ ਜਾਂਦੇ ਹਨ ਪ੍ਰੰਤੂ ਵਰਤੇ ਗਏ ਬਰਤਨ ਕੂੜੇ ਦੇ ਢੇਰਾਂ ਵਿੱਚ ਤਬਦੀਲ ਹੋ ਜਾਂਦੇ ਹਨ। ਜੇਕਰ ਅਸੀਂ ਆਪਣੀ ਅਤੇ ਧਰਤੀ ਦੀ ਸਿਹਤ ਚੰਗੀ ਰੱਖਣੀ ਹੈ ਤਾਂ ਸਾਨੂੰ ਸਾਡੇ ਖਾਣ-ਪੀਣ ਅਤੇ ਰੋਜ਼ਾਨਾ ਜੀਵਨ ਜਾਂਚ ਪ੍ਰਤੀ ਸੁਚੇਤ ਹੋਣਾ ਪੈਣਾ।

ਤੋਹਫੇ ਦੇਣ-ਲੈਣ ਦਾ ਕੰਮ ਇਸ ਦਿਨ ਤੇ ਵਿਸ਼ੇਸ਼ ਕੀਤਾ ਜਾਂਦਾ ਹੈ। ਸਾਡੇ ਜ਼ਿਆਦਾਤਰ ਤੋਹਫੇ ਸਾਡੀ ਸਿਹਤ ਜਾਂ ਫਿਰ ਵਾਤਾਵਰਣ ਲਈ ਖਿਲਵਾੜ ਪੈਦਾ ਕਰਨ ਵਾਲੇ ਹੀ ਹੁੰਦੇ ਹਨ। ਹੋਰ ਤਾਂ ਹੋਰ ਤੋਹਫਿਆਂ ਨੂੰ ਪੈਕ ਕਰਨ ਲਈ ਵਰਤਿਆਂ ਜਾਂਦਾ ਸਾਮਾਨ ਟਨਾਂ ਦੇ ਵਿੱਚ ਕੂੜੇ ਦੇ ਢੇਰਾਂ ਵਿੱਚ ਤਬਦੀਲ ਹੋ ਜਾਂਦਾ ਹੈ। ਕਿੰਨਾ ਚੰਗਾ ਹੋਵੇ ਜੇਕਰ ਅਸੀਂ ਫੁਲ-ਪੌਦਿਆਂ ਨੂੰ ਤੋਹਫਿਆਂ ਵਿੱਚ ਦੇਣ ਦਾ ਰਿਵਾਜ ਪਾਈਏ। ਕਿੰਨਾ ਚੰਗਾ ਹੋਵੇ ਜੇਕਰ ਅਸੀਂ ਭੂਆ-ਮਾਸੀ ਦੇ ਘਰ ਸ਼ੂਗਰ ਵਾਲੀ ਮਠਿਆਈ ਦੇ ਡੱਬੇ ਦੀ ਬਜਾਏ ਨਿੰਬੂ, ਅਮਰੂਦ, ਅੰਬ, ਨਾਸ਼ਪਾਤੀ ਆਦਿ ਦਾ ਪੌਦਾ ਲੈ ਕੇ ਜਾਈਏ। ਸਾਰਾ ਪਰਿਵਾਰ ਤੁਹਾਨੂੰ ਸਾਰੀ ਉਮਰ ਅਸੀਸਾਂ ਦੇਵੇਗਾ।

ਪਟਾਕਿਆਂ ਅਤੇ ਪ੍ਰਦੂਸ਼ਣ ਦੇ ਸੰਬੰਧ ਤੋਂ ਆਪ ਸਭ ਚੰਗੀ ਤਰ੍ਹਾਂ ਜਾਣੂ ਹੋ। ਲੋੜ ਹੈ ਤਾਂ ਸਿਰਫ਼ ਸੋਚ ਬਦਲਣ ਦੀ। ਮੈਂ ਹਰ ਸਾਲ ਆਂਢ-ਗੁਆਂਢ ਵੇਖਦਾ ਹਾਂ ਕਿ ਲੋਕ ਲੱਖਾਂ ਰੁਪਏ ਦੇ ਪਟਾਕਿਆਂ ਨੂੰ ਚੰਦ ਮਿੰਟਾਂ-ਘੰਟਿਆਂ ਵਿੱਚ ਅੱਗ ਲੈ ਕੇ ਫੂਕ ਦਿੰਦੇ ਹਨ। ਕਿੰਨਾ ਚੰਗਾ ਹੋਵੇ ਜੇਕਰ ਉਹਨਾਂ ਪੈਸਿਆਂਦਾ ਕੁੱਝ ਜਾਂ ਜ਼ਿਆਦਾਤਰ ਹਿੱਸਾ ਯਤੀਮ ਖਾਨਿਆਂ, ਬੇਸਹਾਰਾ ਘਰਾਂ ਵਿੱਚ ਪਲ ਰਹੇ ਬੱਚਿਆਂ, ਬਜ਼ੁਰਗਾਂ, ਗਰੀਬਾਂ ਨੂੰ ਦੇ ਕੇ ਉਹਨਾਂ ਤੋਂ ਅਸੀਸਾਂ ਲਈਆਂ ਜਾਣ। ਹਵਾ ਅਤੇ ਆਵਾਜ਼ ਦਾ ਪ੍ਰਦੂਸ਼ਣ ਸਾਨੂੰ ਸਾਡੇ ਪਤਨ ਵੱਲ ਲੈ ਕੇ ਜਾ ਰਿਹਾ ਹੈ।

ਦੋਸਤੋ! ਮੋਤੀ ਜਿਹੀ ਗੱਲ ਤਾਂ ਇਹ ਹੈ ਕਿ ਪ੍ਰਮਾਤਮਾ ਨੇ ਸਾਨੂੰ ਸਵਰਗ ਰੂਪੀ ਧਰਤ ਅੰਮ੍ਰਿਤ ਰੂਪੀ ਪਾਣੀ ਤੇ ਸਾਹ ਲੈਣ ਲਈ ਸ਼ੁੱਧ ਹਵਾ ਬਖਸ਼ੀ ਸੀ, ਜਿਸਨੂੰ ਅਸੀਂ ਆਪਣੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਖਾਤਿਰ ਪਲੀਤ ਕਰ ਛੱਡਿਆ ਹੈ। ਕਾਦਰ ਦੀ ਸਿਰਜੀ ਕੁਦਰਤ ਬਾ-ਕਮਾਲ ਹੈ। ਰੱਬ ਨੇ ਜ਼ਰੇ-ਜ਼ਰੇ ‘ਚ ਰੰਗ, ਰੋਸ਼ਨੀ ਤੇ ਖੂਬਸੂਰਤੀ ਬਖਸ਼ੀ ਹੈ। ਕਦੇ ਆਪਣੀਆਂ ਅੱਖਾਂ ਤੋਂ ਬਣਾਵਟੀ ਪੁਣੇ ਦੀ ਐਨਕ ਤੇ ਖੂਬਸੂਰਤੀ ਬਖਸ਼ੀ ਹੈ। ਨੀਲੀ ਛੱਤ ਵਾਲੇ ਦੇ ਸਿਰਜੇ ਫੁੱਲ-ਬੂਟਿਆਂ ਦੇ ਰੰਗ ਕਿਸੇ ਵੀ ਬਣਾਵਟੀ ਸਜਾਵਟ ਤੋਂ ਕੀਤੇ ਉੱਪਰ ਹਨ। ਆਉ! ਆਪਾਂ ਸਭ ਰਲ-ਮਿਲ ਐਂਤਕੀ ਦੀ ਦੀਵਾਲੀ ਰੱਬ ਦੇ ਰੰਗ ਵਿੱਚ ਰੰਗ ਕੇ ਵੇਖੀਏ ਅਤੇ ਮਨਾਈਏ।

ਜ਼ਰੇ ਜ਼ਰੇ ਵਿੱਚ ਰੰਗ ਹੈ, ਰੋਸ਼ਨੀ ਹੈ, ਨੂਰ ਹੈ,
ਦਿਲੋਂ ਤੱਕੇ ਤਾਂ ਜਾਣੇਂ ਧਰਤ ਇੱਕ ਹੂਰ ਹੈ।

ਡਾ. ਬਲਵਿੰਦਰ ਸਿੰਘ ਲੱਖੇਵਾਲੀ
9814239041

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ