fruit fly

ਕਿਵੇਂ ਕੀਤੀ ਜਾ ਸਕਦੀ ਹੈ ਫ਼ਲ ਦੀ ਮੱਖੀ ਦੀ ਰੋਕਥਾਮ

ਜਦੋਂ ਵੀ ਕਦੇ ਬਾਜ਼ਾਰ ਜਾ ਬਾਗ਼ ਵਿੱਚੋਂ ਲਿਆਂਦੇ ਗਏ ਫਲਾਂ ਵਿੱਚੋਂ ਕੀੜੇ ਨਿਕਲਦੇ ਹਨ ਤਾਂ ਇਹ ਇੱਕ ਤਰ੍ਹਾਂ ਦੀ ਉਲਝਣ ਹੁੰਦੀ ਹੈ ਕਿ ਬਿਲਕੁਲ ਤੰਦਰੁਸਤ ਦਿਖਣ ਵਾਲੇ ਫ਼ਲ ਵਿੱਚ ਕੀੜੇ ਕਿਵੇਂ ਪੈਦਾ ਹੋ ਗਏ ਤਾਂ ਇਸਦਾ ਕਾਰਣ ਫ਼ਲ ਦੀ ਮੱਖੀ ਹੁੰਦੀ ਹੈ। ਫ਼ਲ ਦੀਆਂ ਮੱਖੀਆਂ ਅਤੇ ਫ਼ਲ ਚੂਸਣੇ ਪਤੰਗੇ ਨਿੰਬੂ ਜਾਤੀ ਦੇ ਫ਼ਲਾਂ ਦੇ ਕੇਰੇ ਦੇ ਮੱਖ ਕਾਰਨਾਂ ਵਿੱਚੋਂ ਇੱਕ ਹਨ। ਫ਼ਲ ਦੀਆਂ ਮੱਖੀਆਂ ਪੰਜਾਬ ਵਿੱਚ ਨਿੰਬੂ ਜਾਤੀ ਦੇ ਫ਼ਲਾਂ ‘ਤੇ ਫ਼ਲ ਦੀ ਮੱਖੀ ਦੀਆਂ ਦੋ ਜਾਤੀਆਂ, ਬੈਕਟਰੋਸੈਰਾ ਡਾਰਸੈਲਿਸ ਅਤੇ ਬੈਕਟਰੋਸੈਰਾ ਜ਼ੋਨਾਟਾ ਦਾ ਹਮਲਾ ਦੇਖਿਆ ਗਿਆ ਹੈ।

ਮਾਦਾ ਜਵਾਨ ਮੱਖੀ ਆਪਣੇ ਆਂਡੇ ਦੇਣ ਵਾਲੀ ਸੂਈ ਵਰਗੇ ਤਿੱਖੇ ਭਾਗ ਨਾਲ ਰੰਗ ਬਦਲ ਰਹੇ ਫ਼ਲਾਂ ਵਿੱਚ ਛੇਦ ਕਰਕੇ ਉੱਪਰਲੀ ਤਹਿ ਦੇ ਥੱਲੇ ਆਂਡੇ ਦਿੰਦੀਆਂ ਹਨ। ਨਰ ਮੱਖੀਆਂ ਕੋਈ ਨੁਕਸਾਨ ਨਹੀਂ ਕਰਦੀਆਂ। ਛੇਦ ਕੀਤੇ ਫ਼ਲਾਂ ਵਿੱਚ ਓਵੀਪੋਜ਼ੀਟਰ ਕਰਕੇ ਡੂੰਘਾ ਬਣ ਜਾਂਦੀਆਂ ਹਨ ਤੇ ਇਹਨਾਂ ਦਾ ਰੰਗ ਗੂੜਾ ਹਰਾ ਦਿਸਦਾ ਹੈ। ਹੌਲੀ-ਹੌਲੀ ਫ਼ਲ਼ਾਂ ‘ਤੇ ਹੋਏ ਛੇਦਾਂ ਦੇ ਦੁਆਲੇ ਦਾ ਖਰਾਬ ਹਿੱਸਾ ਫੈਲਣ ਲੱਗ ਜਾਂਦਾ ਹੈ ਅਤੇ ਪੀਲਾ ਹੋ ਜਾਂਦਾ ਹੈ। ਚਿੱਟੇ ਪੀਲੇ ਰੰਗ ਵਾਲੀਆਂ ਸੁੰਡੀਆਂ ਆਂਡਿਆਂ ਵਿੱਚੋਂ ਨਿਕਲ ਕੇ ਫ਼ਲ ਦੇ ਗੁੱਦੇ ਵਿੱਚ ਵੜ ਜਾਂਦੀਆਂ ਹਨ ਤੇ ਉਸ ਨੂੰ ਅੰਦਰੋਂ ਖਾਣਾ ਸ਼ੁਰੂ ਕਰ ਦਿੰਦੀਆਂ ਹਨ। ਜੇਕਰ ਹਮਲੇ ਵਾਲੇ ਫ਼ਲਾਂ ਨੂੰ ਕੱਟ ਦੇ ਦੇਖਿਆ ਜਾਵੇ ਤਾਂ ਉਹਨਾਂ ਵਿੱਚ ਬਹੁਤ ਸਾਰੀਆਂ ਬਿਨਾ ਲੱਤਾਂ ਤੋਂ ਸੁੰਡੀਆਂ ਨਜ਼ਰ ਆਉਂਦੀਆਂ ਹਨ।

ਹਮਲੇ ਵਾਲੇ ਫ਼ਲਾਂ ‘ਤੇ ਮੱਖੀ ਦੇ ਡੰਗਣ ਕਰਕੇ ਮੋਰੀਆਂ ਹੋ ਜਾਂਦੀਆਂ ਹਨ ਜਿਸ ਕਰਕੇ ਫ਼ਲਾਂ ‘ਤੇ ਜੀਵਾਣੂਆਂ ਅਤੇ ਉੱਲੀਆਂ ਦਾ ਹਮਲਾ ਹੋ ਜਾਂਦਾ ਹੈ। ਅਜਿਹੇ ਫ਼ਲ ਗਲ ਜਾਂਦੇ ਹਨ ਤੇ ਹੌਲੀ-ਹੌਲੀ ਧਰਤੀ ‘ਤੇ ਡਿੱਗ ਪੈਂਦੇ ਹਨ ਅਤੇ ਖਾਣ ਯੋਗ ਨਹੀਂ ਰਹਿੰਦੇ। ਬਰਸਾਤਾਂ ਦੇ ਮੌਸਮ ਵਿੱਚ ਇਸ ਦਾ ਹਮਲਾ ਬਹੁਤ ਗੰਭੀਰ ਹੁੰਦਾ ਹੈ। ਨੁਕਸਾਨੇ ਫ਼ਲ ਨੂੰ ਦਬਾਉਣ ਨਾਲ ਉਸ ਵਿੱਚੋਂ ਰਸ ਦੀਆਂ ਕਈ ਪਿਚਕਾਰੀਆਂ ਬਾਹਰ ਨਿਕਲਦੀਆਂ ਹਨ। ਕਿੰਨੂ ਦੇ ਫ਼ਲਾਂ ਤੋਂ ਇਲਾਵਾ ਇਨ੍ਹਾਂ ਮੱਖੀਆਂ ਦਾ ਹਮਲਾ ਗਰੇਪਫ਼ਰੂਟ, ਮੋਸੰਮੀ ਅਤੇ ਨਿੰਬੂ ਉੱਪਰ ਵੀ ਦੇਖਿਆ ਗਿਆ ਹੈ।

ਨਿੰਬੂ ਜਾਤੀ ਦੇ ਫਲਾਂ ਤੋਂ ਇਲਾਵਾ ਇਨ੍ਹਾਂ ਮੱਖੀਆਂ ਦਾ ਹਮਲਾ ਅਮਰੂਦ, ਆੜੂ, ਨਾਸ਼ਪਾਤੀ, ਅੰਬ, ਅਲੂਚਾ, ਲੁਕਾਠ, ਅੰਗੂਰ, ਚੀਕੂ ਅਤੇ ਹੋਰ ਫ਼ਲਾਂ ‘ਤੇ ਵੀ ਦੇਖਿਆ ਗਿਆ ਹੈ। ਨੀਮ-ਪਹਾੜੀ ਅਤੇ ਕੰਢੀ ਦੇ ਬਾਗਾਂ ਵਿੱਚ ਹਮਲਾ ਕੇਂਦਰੀ ਜ਼ਿਲ੍ਹਿਆਂ ਅਤੇ ਖੁਸ਼ਕ ਸੇਂਜੂ ਜ਼ਿਲ੍ਹਿਆਂ ਦੇ ਮੁਕਾਬਲੇ ਵਧੇਰੇ ਹੁੰਦਾ ਹੈ। ਜੇਕਰ ਕਿੰਨੂ ਦੇ ਬਾਗਾਂ ਦੇ ਨੇੜੇ ਅਮਰੂਦ, ਨਾਸ਼ਪਾਤੀ, ਆੜੂ, ਅਲੂਚੇ ਅਤੇ ਅੰਬ ਦੇ ਬਾਗ ਹੋਣ ਤਾਂ ਉੱਥੇ ਫ਼ਲ ਦੀ ਮੱਖੀ ਦਾ ਗੰਭੀਰ ਹਮਲਾ ਹੁੰਦਾ ਹੈ। ਨਿੰਬੂ ਜਾਤੀ ਦੇ ਬਾਗਾਂ ਵਿੱਚ ਹਮਲੇ ਦਾ ਮੁੱਖ ਸਮਾਂ ਆਮ ਤੌਰ ‘ਤੇ ਅਗਸਤ ਤੋਂ ਅਕਤੂਬਰ ਤੱਕ ਹੁੰਦਾ ਹੈ।

ਫ਼ਲ ਦੀਆਂ ਮੱਖੀਆਂ ਦੀ ਰੋਕਥਾਮ: ਇਨ੍ਹਾਂ ਮੱਖੀਆਂ ਦੀ ਰੋਕਥਾਮ ਮੁਸ਼ਕਿਲ ਹੈ ਕਿਉਂਕਿ ਇਹ ਬਹੁਤ ਸਾਰੇ ਫ਼ਲਦਾਰ ਬੂਟਿਆਂ ‘ਤੇ ਹਮਲਾ ਕਰਦੀਆਂ ਹਨ, ਇੱਕ ਸਾਲ ਵਿੱਚ ਇਹਨਾਂ ਦੀਆਂ ਕਈ ਪੀੜ੍ਹੀਆਂ ਪੈਦਾ ਹੋ ਜਾਂਦੀਆਂ ਹਨ, ਬਾਲਗ ਮੱਖੀਆਂ ਲੰਬੀ ਉਡਾਰੀ ਮਾਰਨ ਦੀ ਸਮਰੱਥਾ ਰੱਖਦੀਆਂ ਹਨ ਅਤੇ ਮੱਖੀਆਂ ਤਿੰਨ ਮਹੀਨੇ ਤੋਂ ਵਧੇਰੇ ਉਮਰ ਭੋਗ ਲੈਂਦੀਆਂ ਹਨ। ਇਸ ਤੋਂ ਇਲਾਵਾ ਇੱਕ ਮਾਦਾ ਮੱਖੀ ਆਪਣੇ ਜੀਵਨ-ਕਾਲ ਵਿੱਚ 1000 ਤੋਂ ਵਧੇਰੇ ਆਂਡੇ ਦੇ ਦਿੰਦੀਆਂ ਹਨ। ਇਸ ਦੇ ਆਂਡੇ ਅਤੇ ਸੁੰਡੀਆਂ ਫ਼ਲ ਦੇ ਵਿੱਚ ਹੁੰਦੀਆਂ ਹਨ, ਸੁੰਡੀਆਂ ਫ਼ਲ ਵਿੱਚ ਪੂਰੀ ਤਰ੍ਹਾਂ ਵਿਕਸਤ ਹੋਣ ਤੋਂ ਬਾਅਦ ਮਿੱਟੀ ਵਿੱਚ ਚਲੀਆਂ ਜਾਂਦੀਆਂ ਹਨ ਜਿੱਥੇ ਜਾ ਕੇ ਇਹ ਪਿਊਪਾ ਬਣ ਜਾਂਦੀਆਂ ਹਨ ਅਤੇ ਮੱਖੀਆਂ ਬਣ ਕੇ ਨਿਕਲਦੀਆਂ ਹਨ।

ਬਾਗਾਂ ਦੀ ਸਾਫ਼-ਸਫ਼ਾਈ: ਫ਼ਲ ਦੀਆਂ ਮੱਖੀਆਂ ਦੀ ਸੁਚੱਜੀ ਰੋਕਥਾਮ ਲਈ ਬਾਗਾਂ ਦੀ ਸਾਫ਼-ਸਫ਼ਾਈ ਅਤੇ ਨੁਕਸਾਨੇ ਫ਼ਲਾਂ ਨੂੰ ਡੂੰਘੇ ਦੱਬ ਕੇ ਨਸ਼ਟ ਕਰਨਾ ਜਾਂ ਸਾੜ ਦੇਣਾ ਬਹੁਤ ਹੀ ਲਾਹੇਵੰਦ ਰਹਿੰਦਾ ਹੈ। ਹਮਲੇ ਹੇਠ ਆਏ ਸਾਰੇ ਫ਼ਲ ਨਸ਼ਟ ਕਰ ਦੇਣੇ ਚਾਹੀਦੇ ਹਨ। ਸੁੰਡੀ ਵਾਲੇ ਫ਼ਲ ਜੋ ਕਿ ਬੂਟੇ ਹੇਠਾਂ ਜ਼ਮੀਨ ‘ਤੇ ਡਿੱਗੇ ਹੁੰਦੇ ਹਨ, ਮੱਖੀ ਦੀ ਗਿਣਤੀ ਵਧਾਉਣ ਵਿੱਚ ਬਹੁਤ ਸਹਾਈ ਸਿੱਧ ਹੁੰਦੇ ਹਨ। ਇਸ ਲਈ ਇਨ੍ਹਾਂ ਸੁੰਡੀਆਂ ਵਾਲੇ ਫ਼ਲਾਂ ਨੂੰ ਨਸ਼ਟ ਕਰਨਾ ਬਹੁਤ ਜ਼ਰੂਰੀ ਹੈ। ਅਜਿਹਾ ਕਰਨ ਨਾਲ ਸੀਜ਼ਨ ਦੇ ਅਖੀਰ ਵਿੱਚ ਮੱਖੀ ਦੀ ਗਿਣਤੀ ਕਾਫ਼ੀ ਘੱਟ ਜਾਂਦੀ ਹੈ। ਇਸ ਮੱਖੀ ਦੀ ਸੁਚੱਜੀ ਰੋਕਥਾਮ ਕਰਨ ਲਈ ਜ਼ਮੀਨ ‘ਤੇ ਡਿੱਗੇ ਫ਼ਲਾਂ ਨੂੰ ਨਸ਼ਟ ਕਰਨਾ ਬਹੁਤ ਮਹੱਤਵਪੂਰਨ ਹੈ ।

ਨੁਕਸਾਨ ਹੋਏ ਫ਼ਲ 60 ਸੈਂਟੀਮੀਟਰ ਡੂੰਘਾ ਟੋਇਆ ਪੁੱਟ ਕੇ ਦੱਬ ਦੇਣੇ ਚਾਹੀਦੇ ਹਨ। ਟੋਏ ਨੂੰ ਉੱਪਰੋਂ ਮਿੱਟੀ ਨਾਲ ਚੰਗੀ ਤਰ੍ਹਾਂ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਬਹੁਤੇ ਸਮੇਂ ਲਈ ਟੋਏ ਅਣਢੱਕੇ ਨਹੀਂ ਰਹਿਣ ਦੇਣੇ ਚਾਹੀਦੇ। ਅਜਿਹਾ ਕਰਨ ਨਾਲ ਮੱਖੀ ਦੀਆਂ ਵੱਖ-ਵੱਖ ਅਵਸਥਾਵਾਂ ਮਿੱਟੀ ਵਿੱਚੋਂ ਬਾਹਰ ਨਹੀਂ ਨਿਕਲ ਸਕਦੀਆਂ। ਬਾਗਾਂ ਵਿੱਚ ਇਸ ਤਰ੍ਹਾਂ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਡਿੱਗੇ ਹੋਏ ਫ਼ਲ਼ਾਂ ਦੀ ਵਾਸ਼ਨਾ ਨਾਲ ਫ਼ਲ ਦੀਆਂ ਮੱਖੀਆਂ ਦੂਰ ਤੋਂ ਵੀ ਡਿੱਗੇ ਫ਼ਲਾਂ ਵੱਲ ਖਿੱਚੀਆਂ ਚਲੀਆਂ ਆਉਂਦੀਆਂ ਹਨ ਜਿਸ ਨਾਲ ਹਮਲਾ ਹੋਰ ਗੰਭੀਰ ਹੋਣ ਦੀ ਸੰਭਾਵਨਾ ਰਹਿੰਦੀ ਹੈ। ਬਾਗਬਾਨ ਵੀਰਾਂ ਨੂੰ ਸਾਵਧਾਨੀ ਰੱਖਣੀ ਚਾਹੀਦੀ ਹੈ ਕਿ ਫ਼ਲਾਂ ਦੀ ਤੁੜਾਈ ਤੋਂ ਮਗਰੋਂ ਬਚੇ ਹੋਏ ਬਹੁਤ ਛੋਟੇ ਆਕਾਰ ਦੇ ਫ਼ਲ਼ਾਂ ਨੂੰ ਵੀ ਤੋੜ ਕੇ ਨਸ਼ਟ ਕਰ ਦੇਣਾ। ਇਸ ਤਰ੍ਹਾਂ ਕਰਨ ਨਾਲ ਮੱਖੀਆਂ ਦੀ ਜਨਸੰਖਿਆ ਬੇ-ਮੌਸਮੇ ਫ਼ਲਾਂ ‘ਤੇ ਨਹੀਂ ਪਲਦੀ।

ਫ਼ਲ ਦੀਆਂ ਮੱਖੀਆਂ ਦੀ ਵਾਤਾਵਰਣ-ਸਹਾਈ ਰੋਕਥਾਮ ਲਈ ਅਗਸਤ ਦੇ ਦੂਜੇ ਹਫ਼ਤੇ ਫਰੂਟ ਫਲਾਈ ਟਰੈਪ (16 ਟਰੈਪ ਪ੍ਰਤੀ ਏਕੜ ਦੇ ਹਿਸਾਬ ਨਾਲ) ਲਗਾਉ। ਲੋੜ ਪੈਣ ‘ਤੇ 30 ਦਿਨਾਂ ਬਾਅਦ ਦੁਬਾਰਾ ਟਰੈਪ ਲਗਾਉ।

ਤੁਸੀ ਜਾਣਿਆਂ ਕਿਵੇਂ ਕੀਤੀ ਜਾ ਸਕਦੀ ਹੈ ਫ਼ਲ ਵਾਲੀ ਮੱਖੀ ਦੀ ਰੋਕਥਾਮ, ਇਸ ਤੋਂ ਇਲਾਵਾ ਜੇਕਰ ਤੁਸੀ ਮਾਹਿਰਾਂ ਤੋਂ ਇਸ ਬਾਰੇ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੁਣੇ ਡਾਊਨਲੋਡ ਕਰੋ ਆਪਣੀ ਖੇਤੀ ਐੱਪ

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ