ਖਰਬੂਜ਼ੇ ਦੀ ਖੇਤੀ ਕਰਨ ਸਮੇਂ ਰੱਖੋ ਇਨ੍ਹਾਂ ਗੱਲਾਂ ਧਿਆਨ

ਖਰਬੂਜ਼ਾ ਪੂਰੇ ਭਾਰਤ ਵਿੱਚ ਮੁੱਖ ਤੌਰ ‘ਤੇ ਉਗਾਇਆ ਜਾਂਦਾ ਹੈ। ਇਸ ਫਲ ਨੂੰ ਤਾਜ਼ਾ ਖਾਧਾ ਜਾਂਦਾ ਹੈ। ਇਸ ਵਿੱਚ ਕਾਰਬੋਹਾਈਡ੍ਰੇਟ, ਵਿਟਾਮਿਨ ਏ, ਸੀ ਅਤੇ ਖਣਿਜ ਪਾਦਰਥ ਵੀ ਪਾਏ ਜਾਂਦੇ ਹਨ, ਜੋ ਕਿ ਸਰੀਰ ਲਈ ਜ਼ਰੂਰੀ ਹੁੰਦੇ ਹਨ। ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ, ਖਰਬੂਜ਼ੇ ਦੀਆਂ ਉੱਨਤ ਕਿਸਮਾਂ ਅਤੇ ਉਨ੍ਹਾਂ ਦੀ ਬਿਜਾਈ ਤੋਂ ਲੈ ਕੇ ਤੁੜਾਈ ਤੱਕ ਧਿਆਨ ਰੱਖਣਯੋਗ ਗੱਲਾਂ ਬਾਰੇ:

ਉੱਨਤਸ਼ੀਲ ਕਿਸਮਾਂ

ਹਰਾ ਮਧੂ: ਇਹ ਖਰਬੂਜ਼ੇ ਦੀ ਚੰਗੀ ਕਿਸਮ ਹੈ, ਜਿਸ ਦੀ ਵੇਲ 3-4 ਮੀਟਰ ਲੰਬੀ ਹੁੰਦੀ ਹੈ। ਫਲ ਵੱਡੇ, ਗੋਲ ਅਤੇ ਉੱਪਰੋਂ ਘੱਟ ਚੌੜੇ ਹੁੰਦੇ ਹਨ। ਫਲ ਦਾ ਛਿਲਕਾ ਹਰੇ ਰੰਗ ਦਾ ਹੁੰਦਾ ਹੈ, ਜਿਸ ‘ਤੇ ਗੂੜੇ ਹਰੇ ਰੰਗ ਦੀਆਂ ਪੱਟੀਆਂ ਹੁੰਦੀਆਂ ਹਨ। ਫਲ ਦਾ ਔਸਤਨ ਭਾਰ 1 ਕਿੱਲੋ ਹੁੰਦਾ ਹੈ।

ਪੂਸਾ ਸ਼ਰਬਤੀ: ਇਸ ਕਿਸਮ ਦੀ ਵੇਲ ਸਿੱਧੀ ਵੱਧਣ ਵਾਲੀ ਹੁੰਦੀ ਹੈ। ਫਲ ਮੱਧਮ ਆਕਾਰ ਦੇ ਗੋਲ ਜਾਂ ਅੰਡਾਕਾਰ ਹੁੰਦੇ ਹਨ। ਇੱਕ ਵੇਲ ‘ਤੇ 3-4 ਫਲ ਲੱਗਦੇ ਹਨ। ਇਸਦੀ ਔਸਤਨ ਪੈਦਾਵਾਰ 41.6-54.1 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

ਪੂਸਾ ਮਧੂਰੱਸ: ਇਸ ਕਿਸਮ ਦੀ ਵੇਲ ਚੰਗੀ ਵੱਧਣ ਵਾਲੀ ਹੁੰਦੀ ਹੈ। ਇਸਦੇ ਫਲ ਚਪਟੇ-ਗੋਲਾਕਾਰ ਹੁੰਦੇ ਹਨ। ਫਲ ਦਾ ਛਿਲਕਾ ਚਿਕਨਾ ਅਤੇ ਪੀਲਾ ਹੁੰਦਾ ਹੈ, ਜਿਸ ‘ਤੇ ਹਰੇ ਰੰਗ ਦੀਆਂ ਪੱਟੀਆਂ ਹੁੰਦੀਆਂ ਹਨ। ਇਸਦੀ ਔਸਤਨ ਪੈਦਾਵਾਰ 50-64 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

ਦੁਰਗਾਪੁਰ ਮਧੂ: ਇਸ ਕਿਸਮ ਦੇ ਫਲ ਲੰਬੇ ਆਕਾਰ ਦੇ ਹੁੰਦੇ ਹਨ। ਇਸਦਾ ਛਿਲਕਾ, ਚਿਕਨਾ ਅਤੇ ਹਲਕੇ ਹਰੇ ਰੰਗ ਦਾ ਹੁੰਦਾ ਹੈ। ਇਸ ਕਿਸਮ ਦੇ ਫਲ ਦਾ ਔਸਤਨ ਭਾਰ 500-700 ਗ੍ਰਾਮ ਤੱਕ ਹੁੰਦਾ ਹੈ।

ਬੀਜ: 1.6-2.5 ਕਿੱਲੋ ਪ੍ਰਤੀ ਏਕੜ

ਬਿਜਾਈ ਦਾ ਸਮਾਂ

• ਉੱਤਰੀ ਮੈਦਾਨੀ ਖੇਤਰ – ਫਰਵਰੀ ਤੋਂ ਮਾਰਚ
• ਉੱਤਰ ਪੂਰਬੀ ਖੇਤਰ – ਨਵੰਬਰ ਤੋਂ ਮਾਰਚ
• ਪੱਛਮੀ ਖੇਤਰ – ਸਤੰਬਰ ਤੋਂ ਅਕਤੂਬਰ
• ਪਹਾੜੀ ਖੇਤਰ – ਅਪ੍ਰੈਲ ਤੋਂ ਮਈ

ਮਿੱਟੀ: ਹਲਕੀ ਤੋਂ ਭਾਰੀ ਮਿੱਟੀ ਵਿੱਚ ਇਸ ਫ਼ਸਲ ਨੂੰ ਸਫਲਤਾਪੂਰਵਕ ਉਗਾਇਆ ਜਾ ਸਕਦਾ ਹੈ। ਮਿੱਟੀ ਦਾ pH 6.6-7.0 ਹੋਣਾ ਚਾਹੀਦਾ ਹੈ।

ਖੇਤ ਦੀ ਤਿਆਰੀ: ਖੇਤ ਵਿੱਚ ਬਿਜਾਈ ਲਈ 2-3 ਵਾਰ ਹੱਲ ਵਾਹੋ ਅਤੇ ਫਿਰ ਸੁਹਾਗਾ ਫੇਰ ਕੇ ਮਿੱਟੀ ਭੁਰਭੁਰੀ ਅਤੇ ਸਮਤਲ ਕਰ ਲਓ।

ਫਾਸਲਾ: ਕਤਾਰਾਂ ਵਿੱਚਲਾ ਫਾਸਲਾ 1.5-2.5 ਮੀਟਰ ਅਤੇ ਪੌਦਿਆਂ ਵਿੱਚਲਾ ਫਾਸਲਾ 0.6-1.0 ਮੀਟਰ ਰੱਖੋ।

ਖਾਦ: ਆਖਰੀ ਵਾਹੀ ਸਮੇਂ 8.3-10.4 ਟਨ ਗਲੀ-ਸੜੀ ਰੂੜੀ ਦੀ ਖਾਦ ਜਾਂ ਕੰਪੋਸਟ ਮਿਲਾਓ। ਨਾਈਟ੍ਰੋਜਨ 20-52 ਕਿੱਲੋ ਅਤੇ ਪੋਟਾਸ਼ 10-25.8 ਕਿੱਲੋ ਪ੍ਰਤੀ ਏਕੜ ਪਾਓ। ਨਾਈਟ੍ਰੋਜਨ ਦੀ ਇੱਕ ਚੌਥਾਈ ਮਾਤਰਾ ਬਿਜਾਈ ਤੋਂ 30 ਦਿਨ ਬਾਅਦ ਅਤੇ ਬਾਕੀ ਮਾਤਰਾ 45 ਦਿਨ ਬਾਅਦ ਫੁੱਲ ਆਉਣ ਸਮੇਂ ਪਾਓ।

ਸਿੰਚਾਈ: ਪਹਿਲੀ ਸਿੰਚਾਈ ਬਿਜਾਈ ਤੋਂ 2-3 ਦਿਨ ਬਾਅਦ ਅਤੇ ਉਸ ਤੋਂ ਬਾਅਦ 6-7 ਦਿਨ ਦੇ ਅੰਤਰਾਲ ‘ਤੇ ਕਰੋ। ਫਲਾਂ ਦੇ ਪੂਰੀ ਤਰ੍ਹਾਂ ਵਿਕਸਿਤ ਹੋਣ ਅਤੇ ਪੱਕਣ ਦੀ ਅਵਸਥਾ ਵਿੱਚ ਸਿੰਚਾਈ ਬੰਦ ਕਰ ਦਿਓ।

ਕੀੜੇ ਅਤੇ ਰੋਕਥਾਮ:

ਕੱਦੂ ਦੀ ਸੁੰਡੀ: ਇਹ ਸੁੰਡੀ ਪੱਤਿਆਂ ਨੂੰ ਖਾ ਕੇ ਫ਼ਸਲ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸਦੀ ਰੋਕਥਾਮ ਲਈ ਕਲੋਰਪਾਇਰੀਫੋਸ 3.0 ਮਿ.ਲੀ. ਜਾਂ ਪ੍ਰੋਫੈੱਨੋਫੋਸ 2.0 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਚਿੱਟੀ ਮੱਖੀ: ਇਹ ਕੀਟ ਪੱਤਿਆਂ ਦੀ ਹੇਠਲੀ ਸਤਹਿ ਤੋਂ ਰੱਸ ਚੂਸਦੇ ਹਨ, ਜਿਸ ਨਾਲ ਪੱਤੇ ਪੀਲੇ ਪੈ ਜਾਂਦੇ ਹਨ। ਇਸਦੀ ਰੋਕਥਾਮ ਲਈ ਥਾਇਓਮੈਥੋਕਸਮ 25 WG @0.5 ਗ੍ਰਾਮ ਜਾਂ ਇਮੀਡਾਕਲੋਪ੍ਰਿਡ 0.5 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਫਲਾਂ ਦੀ ਤੁੜਾਈ

ਮੌਸਮ ਅਤੇ ਕਿਸਮ ਦੇ ਆਧਾਰ ‘ਤੇ ਬਿਜਾਈ ਤੋਂ 60-70 ਦਿਨਾਂ ਬਾਅਦ ਫਲ ਤੁੜਾਈ ਯੋਗ ਹੋ ਜਾਂਦੇ ਹਨ। ਪੂਰੀ ਤਰ੍ਹਾਂ ਨਾਲ ਪੱਕੇ ਫਲਾਂ ਦੀ ਤੁੜਾਈ ਕਰਨੀ ਚਾਹੀਦੀ ਹੈ। ਇਸਦੀ ਔਸਤਨ ਪੈਦਾਵਾਰ 66.6-83.3 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ