insects-prevention-pa

ਘਰਾਂ ਨੂੰ ਕੀੜੇ -ਮਕੌੜੇ ਰਹਿਤ ਰੱਖਣ ਲਈ ਵਾਤਾਵਰਣ ਅਨੁਸਾਰੀ ਤਰੀਕੇ

ਸਾਡੇ ਘਰਾਂ ਅੰਦਰ ਕਈ ਤਰ੍ਹਾਂ ਦੇ ਛੋਟੇ ਛੋਟੇ ਕੀੜੇ ਮਕੌੜੇ ਲੁਕੇ ਹੁੰਦੇ ਹਨ ਜੋ ਕੇ ਸਾਡੇ ਜੀਵਨ ਨੂੰ ਅਣਸੁਖਾਵਾਂ ਕਰ ਦਿੰਦੇ ਹਨ| ਇਹ ਕੀੜੇ ਸਾਡੇ ਭੋਜਨ ਪਦਾਰਥਾਂ ਨੂੰ ਅਸ਼ੁੱਧ ਕਰ ਦਿੰਦੇ ਹਨ ਅਤੇ ਕਈ ਰੋਗਾਂ ਦੇ ਜੀਵਾਣੂਆਂ ਨਾਲ ਸਾਡੀ ਸਿਹਤ ‘ਤੇ ਬੁਰਾ ਅਸਰ ਪਾਉਂਦੇ ਹਨ। ਇਹਨਾਂ ਨੂੰ ਰੋਕਣ ਲਈ ਰਸਾਇਣਿਕ ਕੀਟਨਾਸ਼ਕਾਂ ਦੀ ਬਜਾਏ ਸਾਨੂੰ ਵਾਤਾਵਰਨ ਅਨੁਕੂਲ ਤਰੀਕੇ ਵਰਤਣੇ ਚਾਹੀਦੇ ਹਨ ਜੋ ਕਿ ਸਸਤੇ ਅਤੇ ਸੁਰੱਖਿਅਤ ਹੁੰਦੇ ਹਨ। ਹੇਠ ਲਿਖੇ ਸੌਖੇ ਤਰੀਕਿਆਂ ਨਾਲ ਇਹਨਾਂ ‘ਤੇ ਕਾਬੂ ਪਾਇਆ ਜਾ ਸਕਦਾ ਹੈ:-

ਕੀੜੀਆਂ :- ਕੀੜੀਆਂ ਦੀ ਰੋਕਥਾਮ ਲਈ ਰਸੋਈ ਵਿੱਚ ਗੁੜ, ਸ਼ੱਕਰ, ਖੰਡ ਅਤੇ ਸ਼ਹਿਦ ਦੀਆਂ ਬੋਤਲਾਂ ਦੇ ਢੱਕਣ ਚੰਗੀ ਤਰ੍ਹਾਂ ਬੰਦ ਕਰਕੇ ਰੱਖੋ। ਸਪਰੇਅ ਦੀ ਬੋਤਲ ਵਿੱਚ ਸਾਬਣ ਵਾਲਾ ਪਾਣੀ ਪਾ ਕੇ ਰੱਖੋ ਅਤੇ ਕੀੜਿਆਂ ਨੂੰ ਭਜਾਉਣ ਲਈ ਇਹਨਾਂ ਦੀ ਲਾਈਨ ਤੇ ਛਿੜਕਾਅ ਕਰੋ। ਜੇਕਰ ਸਧਾਰਨ ਸਾਬਣ ਵਾਲੇ ਪਾਣੀ ਨਾਲ ਕੀੜੀਆਂ ਨਾ ਹੱਟਣ ਤਾਂ ਇਸ ਪਾਣੀ ਵਿੱਚ ਪੁਦੀਨੇ ਦੇ ਤੇਲ ਦੀਆਂ ਬੂੰਦਾਂ ਪਾ ਕੇ ਛਿੜਕਾਅ ਕਰੋ। ਰਸੋਈ ਦੀਆਂ ਸ਼ੈਲਫਾਂ ‘ਤੇ ਪੁਦੀਨੇ ਦੀਆਂ ਸੁੱਕੀਆਂ ਪੱਤੀਆਂ, ਤੁਲਸੀ ਜਾਂ ਕੜੀ ਪੱਤੇ ਦੀਆਂ ਪੱਤੀਆਂ, ਕੀੜਿਆਂ ਦੇ ਨਿਕਲਣ ਵਾਲੀ ਥਾਂ ‘ਤੇ ਰੱਖਣ ਨਾਲ ਕੀੜੀਆਂ ਭੱਜ ਜਾਂਦੀਆਂ ਹਨ। ਲੌਂਗ ਅਤੇ ਸਫੈਦੇ ਦੇ ਤੇਲ ਦੀ ਵਰਤੋਂ ਕਰਕੇ ਖਿੜਕੀਆਂ ਨੂੰ ਸਾਫ ਕਰਦੇ ਰਹੋ। ਇਹਨਾਂ ਦੀ ਮਹਿਕ ਨਾਲ ਕੀੜੀਆਂ ਨਹੀਂ ਆਉਣਗੀਆਂ। ਰਸੋਈ ਦੇ ਕਾਊਂਟਰ ਨੂੰ ਸਿਰਕੇ ਵਾਲੇ ਪਾਣੀ ਨਾਲ ਸਾਫ ਕਰੋ। ਕੀੜੀਆਂ ਦੀ ਲਾਇਨ ਦੇ ਰਸਤੇ ਵਿੱਚ ਕਾਲੀ ਮਿਰਚ, ਨਮਕ ਜਾਂ ਚਾਕ ਦੀ ਰੇਖਾ ਲਗਾਉਣ ਨਾਲ ਕੀੜੀਆਂ ਨਹੀਂ ਆਉਂਦੀਆਂ।

ਮੱਛਰ :- ਮੱਛਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇ ਕੇ ਡੇਂਗੂ, ਮਲੇਰੀਆ ਬੁਖਾਰ ਫੈਲਾਉਂਦੇ ਹਨ। ਇਹਨਾਂ ਦੀ ਰੋਕਥਾਮ ਬਹੁਤ ਜਰੂਰੀ ਹੈ। ਮੱਛਰ ਤੋਂ ਬਚਾਅ ਲਈ ਘਰ ਦੇ ਆਲੇ-ਦੁਆਲੇ ਪਾਣੀ ਖੜਾ ਨਾ ਰਹਿਣ ਦਿਓ। ਮੁਸ਼ਕ ਕਪੂਰ ਦੀ ਟਿੱਕੀ ਨੂੰ ਪਾਣੀ ਵਿਚ ਘੋਲ ਕੇ ਕਮਰੇ ਦੇ ਖੂੰਜਿਆਂ ਵਿਚ ਰੱਖੋ। ਨਿੰਮ ਦੀਆਂ ਪੱਤੀਆਂ ਦੇ ਤੇਲ ਨਾਲ ਵੀ ਮੱਛਰ ਭੱਜ ਜਾਂਦੇ ਹਨ। ਮੱਛਰ ਨੂੰ ਗੇਂਦੇ ਦੇ ਫੁੱਲਾਂ ਦੀ ਖੁਸ਼ਬੂ ਭਜਾਉਂਦੀ ਹੈ। ਸੋ ਘਰ ਦੇ ਆਲੇ-ਦੁਆਲੇ ਗੇਂਦੇ ਦੇ ਫੁੱਲ ਲਗਾਉਣ ਨਾਲ ਵੀ ਮੱਛਰ ਨੇੜੇ ਨਹੀਂ ਆਉਂਦੇ।

ਮੱਖੀਆਂ :- ਮੱਖੀਆਂ ਭਜਾਉਣ ਲਈ ਘਰ ਦੇ ਆਲੇ ਦੁਆਲੇ ਪੁਦੀਨਾ ਅਤੇ ਹਲਦੀ ਦੇ ਪੌਦੇ ਲਗਾਓ। ਸਫੈਦੇ ਦੇ ਤੇਲ ਦੀਆਂ ਕੁਝ ਬੂੰਦਾਂ ਕਿਸੇ ਛੋਟੇ ਜਿਹੇ ਕੱਪੜੇ ਤੇ ਪਾ ਕੇ ਜਿਆਦਾ ਮੱਖੀਆਂ ਵਾਲੀ ਥਾਂ ‘ਤੇ ਰੱਖਣ ਨਾਲ ਵੀ ਮੱਖੀਆਂ ਨਹੀਂ ਰਹਿੰਦੀਆਂ।

ਚੂਹੀਆਂ :- ਇਹਨਾਂ ਨੂੰ ਘਰ ਵਿੱਚ ਵੜਨ ਤੋਂ ਰੋਕਣ ਦੇ ਲਈ ਦਰਾਰਾਂ ਅਤੇ ਖੁੱਡਾਂ ਵਿੱਚ ਲੋਹੇ ਦੇ ਭਾਂਡੇ ਮਾਂਜਣ ਵਾਲਾ ਬੁਰਸ਼ ਭਰ ਦਿਓ ਕਿਉਕਿ ਚੂਹੇ ਇਸਨੂੰ ਆਸਾਨੀ ਨਾਲ ਕੁਤਰ ਨਹੀਂ ਸਕਦੇ।

ਕੋਕਰੋਚ :- ਇਹਨਾਂ ਦੀ ਰੋਕਥਾਮ ਦੇ ਲਈ ਪਹਿਲਾਂ ਰਸੋਈ ਅਤੇ ਬਾਥਰੂਮ ਨੂੰ ਚੰਗੀ ਤਰਾਂ ਸਾਫ ਰੱਖੋ। ਬੋਰਿਕ ਐਸਿਡ ਇੱਕ ਕੁਦਰਤੀ ਕੀਟਨਾਸ਼ਕ ਹੈ ਜੋ ਕਿ ਕੋਕਰੋਚ ਅਤੇ ਸਿਓਂਕ ਆਦਿ ਨੂੰ ਆਸਾਨੀ ਨਾਲ ਖ਼ਤਮ ਕਰ ਸਕਦਾ ਹੈ। ਇਸ ਲਈ ਫਰਿਜ ਦੇ ਆਲੇ ਦੁਆਲੇ ਅਤੇ ਰਸੋਈ ਦੀਆਂ ਕੈਬਨਿਟ ਅਤੇ ਸੈਲਫਾਂ ਦੇ ਉਪਰ ਬੋਰਿਕ ਐਸਿਡ ਸਪਰੇ ਕਰਨ ਨਾਲ ਕੋਕਰੋਚਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ।

ਸਿਲਵਰ ਫਿਸ਼ :- ਸਿਲਵਰ ਫਿਸ਼ ਵੀ ਸਿੱਲੀਆਂ ਅਤੇ ਗਰਮ ਥਾਵਾਂ ‘ਤੇ ਵੱਧਦੀ ਹੈ। ਇਹ ਕਿਤਾਬਾਂ ਅਤੇ ਕੱਪੜਿਆਂ ਨੂੰ ਨੁਕਸਾਨ ਕਰਦੀਆਂ ਹਨ। ਇਸਨੂੰ ਖ਼ਤਮ ਕਰਨ ਦਾ ਸਭ ਤੋਂ ਸੌਖਾ ਤਰੀਕਾ ਹੈ ਕਿ ਸਮਾਨ ਸਟੋਰ ਕਰਨ ਵਾਲੀ ਜਗਾਹ ਨੂੰ ਸੁੱਕਾ ਰੱਖੋ ਅਤੇ ਕੱਪੜਿਆਂ, ਬਿਸਤਰਿਆਂ ਅਤੇ ਕਿਤਾਬਾਂ ਨੂੰ ਸਮੇਂ-ਸਮੇਂ ਤੇ ਧੁੱਪ ਅਤੇ ਹਵਾ ਲਗਵਾਓ।

ਧੂੜ ਦੇ ਕਿਰਮ :- ਧੂੜ ਦੇ ਕਿਰਮ ਘਰ ਵਿੱਚ ਬਿਸਤਰਿਆਂ, ਕੱਪੜਿਆਂ, ਕਿਤਾਬਾਂ ਅਤੇ ਫਰ ਵਾਲੇ ਖਿਡੌਣਿਆਂ ਵਿੱਚ ਲੁਕੇ ਹੁੰਦੇ ਹਨ, ਜੋ ਕਿ ਦਿਖਾਈ ਨਹੀਂ ਦਿੰਦੇ। ਇਹ ਕਿਰਮ ਸਾਹ ਦੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ। ਇਹਨਾਂ ਤੋਂ ਛੁਟਕਾਰੇ ਲਈ ਤੁਸੀਂ ਬਿਸਤਰਿਆਂ ਨੂੰ ਧੁੱਪ ਲਵਾਓ। ਬੈਡ ਸ਼ੀਟਾਂ ਅਤੇ ਕਵਰ ਗਰਮ ਪਾਣੀ ਵਿਚ ਧੋਵੋ। ਪੁਰਾਣੀਆਂ ਕਿਤਾਬਾਂ, ਫਰ ਵਾਲੇ ਖਿਡੌਣੇ ਆਦਿ ਸਾਹ ਵਾਲੀਆਂ ਬਿਮਾਰੀਆਂ ਦੇ ਰੋਗੀਆਂ ਦੇ ਕਮਰੇ ਅੰਦਰ ਨਾ ਰੱਖੋ। ਫਰ ਵਾਲੇ ਖਿਡੌਣਿਆਂ ਨੂੰ ਨਿਯਮਤ ਸਮੇਂ ‘ਤੇ ਗਰਮ ਪਾਣੀ ਨਾਲ ਧੋਂਦੇ ਰਹੋ।

ਉਪਰੋਕਤ ਦੱਸੇ ਤਰੀਕਿਆਂ ਦੇ ਨਾਲ-ਨਾਲ ਘਰ ਅੰਦਰ ਲੁਕੇ ਕੀੜੇ/ਮਕੌੜਿਆਂ ਦੀ ਰੋਕਥਾਮ ਲਈ ਘਰ ਦੀਆਂ ਦੀਵਾਰਾਂ, ਛੱਤਾਂ ਅਤੇ ਫ਼ਰਸ਼ ਵਿੱਚਲੀਆਂ ਸਾਰੀਆਂ ਖੁੱਡਾਂ ਅਤੇ ਦਰਾਰਾਂ ਸੀਮੇਂਟ ਨਾਲ ਭਰ ਦਿਓ। ਘਰ ਅੰਦਰ ਪਏ ਵਾਧੂ ਸਮਾਨ ਜਿਵੇਂ ਕਿ ਪੁਰਾਣੇ ਮੈਗਜੀਨਾਂ, ਪੁਰਾਣੇ ਅਖਬਾਰ ਅਤੇ ਨਾ ਵਰਤੇ ਜਾਣ ਵਾਲੇ ਭਾਂਡੇ, ਕੱਪੜੇ ਇਕੱਠੇ ਨਾ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ