ਘੱਟ ਲਾਗਤ ਅਤੇ ਵਧੇਰੇ ਗੁਣਾਂ ਵਾਲੀ ਤੇਲ ਬੀਜ ਫ਼ਸਲ : ਤਿਲ

ਭਾਰਤ ਵਿਚ ਆਦਿਕਾਲ ਤੋਂ ਹੀ ਤਿਲ ਦੀ ਕਾਸ਼ਤ ਇਕ ਮੁੱਖ ਤੇਲ ਬੀਜ ਫ਼ਸਲ ਵਜੋਂ ਕੀਤੀ ਜਾਂਦੀ ਰਹੀ ਹੈ। ਪੁਰਾਤਨ ਇਤਿਹਾਸ ਵਿਚ ਇਸ ਫ਼ਸਲ ਦਾ ਵਧੇਰੇ ਜ਼ਿਕਰ ਲੱਭਦਾ ਹੈ। ਤਿਲ ਵਿਚ 40-55 ਫੀਸਦੀ ਤੇਲ, 20-25 ਫੀਸਦੀ ਪ੍ਰੋਟੀਨ, 15 ਫੀਸਦੀ ਕਾਰਬੋਹਾਈਡਰੇਟਸ ਅਤੇ ਕੁਝ ਖਣਿਜ ਪਦਾਰਥ ਹੁੰਦੇ ਹਨ। ਇਸ ਵਿਚ ਮੌਜੂਦ ਐਂਟੀਆਕਸੀਡੈਂਟ ਬੀਜ ਅਤੇ ਤੇਲ ਦੀ ਗੁਣਵਤਾ ਨੂੰ ਲੰਬੇ ਚਿਰ ਤੱਕ ਖਰਾਬ ਨਹੀਂ ਹੋਣ ਦਿੰਦੇ। ਤਿਲ ਦਾ ਤੇਲ ਖਾਣ ਪੱਖੋਂ ਬਹੁਤ ਵਧੀਆ ਸਮਝਿਆ ਜਾਂਦਾ ਹੈ, ਕਿਉਂਕਿ ਇਹ ਨਸਾਂ ਵਿਚ ਜੰਮਦਾ ਨਹੀਂ ਅਤੇ ਕੋਲੈਸਟਰੋਲ ਦੀ ਮਾਤਰਾ ਘਟਾਉਂਦਾ ਹੈ। ਸੁਚੱਜੀਆਂ ਫ਼ਸਲ ਤਕਨੀਕਾਂ ਅਪਣਾਅ ਕੇ ਇਸ ਫ਼ਸਲ ਦੀ ਪੈਦਾਵਾਰ ਵਿਚ ਵਾਧਾ ਕੀਤਾ ਜਾ ਸਕਦਾ ਹੈ। ਹੇਠ ਲਿਖੀਆਂ ਤਕਨੀਕਾਂ ਅਪਣਾਅ ਕੇ ਤਿਲ ਦੀ ਪੈਦਾਵਾਰ ਵਿਚ ਵਾਧਾ ਕੀਤਾ ਜਾ ਸਕਦਾ ਹੈ :-

ਤਿਲ ਦੀ ਫ਼ਸਲ ਚੰਗੇ ਜਲ ਨਿਕਾਸ ਵਾਲੀ ਅਤੇ ਰੇਤਲੀ ਮੈਰਾ ਜ਼ਮੀਨ ਵਿਚ ਚੰਗੀ ਹੁੰਦੀ ਹੈ ਤਿਲ ਦੀ ਬਿਜਾਈ ਲਈ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਤਿਲ ਦਾ ਬੀਜ ਬਹੁਤ ਬਰੀਕ ਹੁੰਦਾ ਹੈ। ਤਿਲ ਦੀ ਫ਼ਸਲ (ਖਾਸਕਰ ਸ਼ੁਰੂਆਤੀ ਅਵਸਥਾ ਵਿਚ) ਖੜ੍ਹੇ ਪਾਣੀ ਨੂੰ ਬਿਲਕੁਲ ਨਹੀਂ ਸਹਾਰ ਸਕਦੀ, ਇਸ ਲਈ ਖੇਤ ਇਕਦਮ ਬਰਾਬਰ ਅਤੇ ਨਦੀਨਾਂ ਤੋਂ ਰਹਿਤ ਹੋਣਾ ਚਾਹੀਦਾ ਹੈ। ਖੇਤ ਦੀ ਤਿਆਰੀ ਲਈ 2-3 ਵਾਰ ਹਲ ਵਾਹੋ ਅਤੇ ਹਰ ਵਾਰ ਸੁਹਾਗਾ ਜ਼ਰੂਰ ਲਗਾਓ।

ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਤਿਲ ਦੀਆਂ ਉੱਨਤ ਕਿਸਮਾਂ :
ਟੀ. ਸੀ.-289-ਇਸ ਦਾ ਔਸਤ ਝਾੜ 210 ਕਿਲੋ ਪ੍ਰਤੀ ਏਕੜ ਹੈ।
ਪੰਜਾਬ ਤਿਲ ਨੰ: 1-ਇਸ ਦਾ ਔਸਤ ਝਾੜ 200 ਕਿਲੋ ਪ੍ਰਤੀ ਏਕੜ ਹੈ।

ਬਿਜਾਈ ਦਾ ਸਮਾਂ
ਸੇਂਜੂ ਜ਼ਮੀਨਾਂ ਵਿਚ ਤਿਲ ਦੀ ਬਿਜਾਈ ਅੱਧ-ਜੂਨ ਵਿਚ ਭਰਵੀਂ ਰੌਣੀ ਕਰਨ ਤੋਂ ਬਾਅਦ ਕੀਤੀ ਜਾ ਸਕਦੀ ਹੈ। ਜਿਥੇ ਪਾਣੀ ਦੀ ਸਹੂਲਤ ਨਹੀਂ ਹੈ, ਉਥੇ ਤਿਲ ਦੀ ਬਿਜਾਈ ਵਰਖਾ ਸ਼ੁਰੂ ਹੋਣ ’ਤੇ ਜੋ ਕਿ ਜੂਨ ਦੇ ਅਖੀਰ ਵਿਚ ਜਾਂ ਜੁਲਾਈ ਦੇ ਸ਼ੁਰੂ ਵਿਚ ਹੁੰਦੀ ਹੈ, ਕਰ ਲੈਣੀ ਚਾਹੀਦੀ ਹੈ। ਬਹੁਤੀ ਅਗੇਤੀ ਬਿਜਾਈ ਕਰਨ ਨਾਲ ਤਿਲ ਦੀ ਫ਼ਸਲ ਫਿਲੌਡੀ ਰੋਗ ਦਾ ਸ਼ਿਕਾਰ ਬਣ ਜਾਂਦੀ ਹੈ।

ਬੀਜ ਦੀ ਮਾਤਰਾ
ਇਕ ਏਕੜ ਬਿਜਾਈ ਲਈ ਇਕ ਕਿਲੋ ਬੀਜ ਹੀ ਕਾਫੀ ਹੈ।

ਫ਼ਾਸਲਾ

ਲਾਈਨਾਂ ਵਿਚ 30 ਸੈਂਟੀਮੀਟਰ (ਇਕ ਫੁੱਟ) ਦਾ ਫਾਸਲਾ ਰੱਖੋ। ਬੀਜ ਉੱਗਣ ਤੋਂ ਤਿੰਨ ਹਫਤੇ ਬਾਅਦ ਬੂਟੇ ਵਿਰਲੇ ਕਰ ਦਿਉ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 15 ਸੈਂਟੀਮੀਟਰ ਰੱਖੋ।

ਬੀਜ ਦੀ ਡੁੰਗਾਈ

ਫ਼ਸਲ ਦੀ ਇਕਸਾਰ ਪਕਾਈ ਅਤੇ ਚੰਗਾ ਝਾੜ ਲੈਣ ਲਈ ਜ਼ਰੂਰੀ ਹੈ ਕਿ ਬੀਜ ਦੀ ਡੂੰਘਾਈ 4-5 ਸੈਂਟੀਮੀਟਰ ਤੋਂ ਵੱਧ ਨਾ ਹੋਵੇ।

ਸਿੰਚਾਈ

ਆਮ ਤੌਰ ’ਤੇ ਤਿੱਲ ਦੀ ਖੇਤੀ ਬਰਾਨੀ ਹਾਲਤਾਂ ਵਿਚ ਕੀਤੀ ਜਾਂਦੀ ਹੈ ਅਤੇ ਇਸ ਨੂੰ ਬਿਜਾਈ ਤੋਂ ਮਗਰੋਂ ਪਾਣੀ ਦੀ ਲੋੜ ਨਹੀਂ ਪੈਂਦੀ ਪਰ ਜੇਕਰ ਲੰਮੇ ਸਮੇਂ ਤੱਕ ਵਰਖਾ ਨਾ ਹੋਵੇ ਅਤੇ ਸੋਕਾ ਪੈਣ ਲੱਗੇ ਤਾਂ ਇਕ ਪਾਣੀ ਫੁੱਲ ਪੈਣ ਤੋਂ ਫਲੀਆਂ ਬਨਣ ਵੇਲੇ ਜ਼ਰੂਰ ਲਾ ਦੇਣਾ ਚਾਹੀਦਾ ਹੈ।

ਕਟਾਈ

ਇਸ ਫ਼ਸਲ ਨੂੰ ਵੇਲੇ ਸਿਰ ਵੱਢਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਤਿਲ ਝੜਨ ਦਾ ਡਰ ਰਹਿੰਦਾ ਹੈ। ਜਦੋਂ ਪੌਦਿਆਂ ਦੇ ਤਣੇ ਪੀਲੇ ਪੈਣ ਲੱਗਣ ਅਤੇ ਫਲੀਆਂ ਵੀ ਰੰਗ ਬਦਲਣ ਲੱਗਣ ਤਾਂ ਸਮਝੋ ਕਿ ਫ਼ਸਲ ਪੱਕ ਗਈ ਹੈ। ਫ਼ਸਲ ਨੂੰ ਥੋੜ੍ਹੀ ਨਰਮ ਹਾਲਤ ਵਿਚ ਵੱਢ ਕੇ ਇਸ ਦੇ ਨਿੱਕੇ-ਨਿੱਕੇ ਪੂਲੇ ਬਣਾ ਦਿਉ। ਪੂਲਿਆਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਦੋ-ਤਿੰਨ ਵਾਰ ਝਾੜਨ ਨਾਲ ਸਾਰੇ ਤਿਲ ਨਿਕਲ ਆਉਂਦੇ ਹਨ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ