ਖਾਰੇ ਅਤੇ ਲੂਣੇ ਪਾਣੀ ਨੂੰ ਸਿੰਚਾਈ ਯੋਗ ਕਿਵੇਂ ਬਣਾਈਏ

ਜਾਣੋ ਖਾਰੇ ਅਤੇ ਲੂਣੇ ਪਾਣੀ ਦੀ ਸਿੰਚਾਈ ਲਈ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ

ਪਾਣੀ ਕਿਸੇ ਵੀ ਫ਼ਸਲ ਦੇ ਵਿਕਾਸ ਅਤੇ ਉਸ ਦੇ ਉਤਪਾਦ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਜੇਕਰ ਖੇਤ ਵਿੱਚ ਪਾਣੀ ਖਾਰਾ ਜਾਂ ਸ਼ੋਰੇ ਵਾਲਾ ਹੋਵੇ ਤਾਂ ਇਹ ਫ਼ਸਲ ਦੇ ਵਿਕਾਸ ਦੇ ਨਾਲ-ਨਾਲ ਇਹ ਝਾੜ ਨੂੰ ਵੀ ਘੱਟ ਕਰ ਸਕਦਾ ਹੈ। ਇਸ ਲਈ ਕਿਸੇ ਫ਼ਸਲ ਦੀ ਬਿਜਾਈ ਸਮੇਂ ਬੀਜ਼ ਦੀ ਚੋਣ ਕਰਨ ਦੇ ਨਾਲ-ਨਾਲ ਪਾਣੀ ਦੀ ਜਾਂਚ ਅਤੇ ਉਸ ਦੇ ਸੁਚੱਜੇ ਸੁਧਾਰ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਜਿਸ ਦਾ ਸਭ ਤੋਂ ਪਹਿਲਾ ਕੰਮ ਪਾਣੀ ਟੈਸਟ ਕਰਾਉਣਾ ਹੈ ਜਿਸਦੇ ਲਈ ਤੁਸੀ ਇਸਦਾ ਨਮੂਨਾ ਹੇਠ ਦਿੱਤੇ ਢੰਗ ਨਾਲ ਲੈ ਸਕਦੇ ਹੋ।

  • ਸਭ ਤੋਂ ਪਹਿਲਾਂ ਟਿਊਬਵੈੱਲ 15 ਮਿੰਟ ਲਈ ਚਲਾਓ।
  • ਇੱਕ ਸਾਫ਼ ਬੋਤਲ ਲੈ ਕੇ ਉਸ ਨੂੰ 3-4 ਵਾਰ ਸਾਦੇ ਪਾਣੀ ਨਾਲ ਸਾਫ ਕਰ ਲਓ। (ਬੋਤਲ ਨੂੰ ਕਦੇ ਵੀ ਸਾਬਣ ਜਾਂ ਸੋਢੇ ਨਾਲ ਨਹੀਂ ਧੋਣਾ ਚਾਹੀਦਾ) ਇਸ ਨੂੰ ਟਿਊਬਵੈੱਲ ਦੇ ਪਾਣੀ ਨਾਲ ਭਰ ਲਵੋ।

ਉਸ ਉੱਤੇ ਹੇਠ ਲਿਖੀ ਜਾਣਕਾਰੀ ਦਿੰਦੇ ਹੋਏ ਮਿੱਟੀ ਅਤੇ ਪਾਣੀ ਦੀ ਪਰਖ਼ ਪ੍ਰਯੋਗਸ਼ਾਲਾ ਨੂੰ ਜਾਂਚ ਲਈ ਭੇਜ ਦਿਓ:

  • ਮਾਲਕ ਦਾ ਨਾਂ ਅਤੇ ਪੂਰਾ ਪਤਾ (ਪਿੰਡ, ਡਾਕਖਾਨਾ, ਬਲਾਕ ਅਤੇ ਜ਼ਿਲ੍ਹਾ)
  • ਮਿੱਟੀ ਦੀ ਕਿਸਮ ਜਿਸ ਲਈ ਪਾਣੀ ਵਰਤਣਾ ਹੈ।
  • ਪਾਣੀ ਵਿਚਲੇ ਹੋਰ ਕਿਸੇ ਨੁਕਸ ਨੂੰ ਜੇਕਰ ਤੁਸੀਂ ਜਾਣਦੇ ਹੋਵੋ ਤਾਂ ਲਿਖ ਕੇ ਨਾਲ ਭੇਜ ਦਿਓ।
  • ਬੋਰ ਕਰਨ ਸਮੇਂ ਵੀ ਪਾਣੀ ਦਾ ਨਮੂਨਾ ਭਰਿਆ ਜਾ ਸਕਦਾ ਹੈ।

ਪਾਣੀ ਦਾ ਤਲ ਆਉਣ ਤੇ ਬੋਕੀ ਵਾਲੇ ਪਾਣੀ ਨੂੰ ਕਿਸੇ ਬਾਲਟੀ ਵਿੱਚ ਭਰ ਲਵੋ ਅਤੇ ਪਾਣੀ ਨਿਤਰਣ ਉਪਰੰਤ ਬੋਤਲ ਵਿੱਚ ਨਮੂਨਾ ਭਰ ਲਓ।

ਪੰਜਾਬ ਦੇ ਤਕਰੀਬਨ 40 ਪ੍ਰਤੀਸ਼ਤ ਰਕਬੇ ਵਿੱਚ ਟਿਊਬਵੈੱਲਾਂ ਨਾਲ ਪ੍ਰਾਪਤ ਕੀਤੇ ਜ਼ਮੀਨੀ ਪਾਣੀ ਵਿੱਚ ਨਮਕ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ। ਅਜਿਹੇ ਪਾਣੀ ਲੂਣੇ (ਸੋਡੀਅਮ ਦੇ ਕਲੋਰਾਈਡ ਜਾਂ ਸਲਫ਼ੇਟ ਵਾਲੇ) ਜਾਂ ਖਾਰੇ (ਸੋਡੀਅਮ ਦੇ ਕਾਰਬੋਨੇਟ ਜਾਂ ਬਾਈਕਾਰਬੋਨੇਟ ਵਾਲੇ) ਹੁੰਦੇ ਹਨ। ਇਸ ਲਈ ਇਹ ਅਤਿ ਜ਼ਰੂਰੀ ਹੈ ਕਿ ਟਿਊਬਵੈੱਲ ਦੇ ਪਾਣੀ ਦੀ ਜਾਂਚ ਮਿੱਟੀ ਪਾਣੀ ਪਰਖ ਕਰਨ ਵਾਲੀ ਪ੍ਰਯੋਗਸ਼ਾਲਾ ਤੋਂ ਕਰਵਾਈ ਜਾਵੇ ਤਾਂ ਕਿ ਇਹ ਪਤਾ ਲੱਗ ਸਕੇ ਕਿ ਇਸ ਵਿੱਚ ਕਿਹੜੀ ਅਤੇ ਕਿੰਨੀ ਖ਼ਰਾਬੀ ਹੈ ਇਹਨਾਂ ਪਾਣੀਆਂ ਨੂੰ ਸਿੰਚਾਈ ਕਰਨ ਯੋਗ ਕਿਵੇਂ ਬਣਾਇਆ ਜਾ ਸਕਦਾ ਹੈ:-

1. ਯਕੀਨੀ ਜਲ ਨਿਕਾਸ

ਸਿੰਚਾਈ ਲਈ ਮਾੜੇ ਪਾਣੀ ਵਾਲੇ ਇਲਾਕੇ ਵਿੱਚ ਜ਼ਮੀਨ ਵਿੱਚੋਂ ਜੜ੍ਹ ਖੇਤਰ ਵਿਚਲੇ ਵਾਧੂ ਘੁਲਣਸ਼ੀਲ ਨਮਕ ਦਾ ਘੁਲ ਕੇ ਥੱਲੇ ਜਾਣਾ ਯਕੀਨੀ ਬਣਾਉਣਾ ਕਿ ਇਸ ਹਿੱਸੇ ਵਿੱਚ ਨਮਕ ਅਤੇ ਪਾਣੀ ਦਾ ਸੰਤੁਲਨ ਠੀਕ ਰਹਿ ਸਕੇ। ਇਸ ਕੰਮ ਲਈ ਜ਼ਮੀਨ ਉੱਪਰਲੀਆਂ ਨਿਕਾਸ ਨਾਲੀਆਂ ਜ਼ਮੀਨ ਹੇਠਲੀਆਂ ਨਿਕਾਸ ਨਾਲੀਆਂ ਬਣਾਉਣ ਤੋਂ ਸਸਤੀਆਂ ਪੈਂਦੀਆਂ ਹਨ।

2. ਜ਼ਮੀਨ ਨੂੰ ਠੀਕ ਤਰ੍ਹਾਂ ਪੱਧਰਾ ਕਰਨਾ

ਸਾਰੇ ਖੇਤ ਵਿੱਚ ਪਾਣੀ ਦੀ ਇਕਸਾਰ ਵੰਡ ਲਈ ਜ਼ਮੀਨ ਚੰਗੀ ਤਰ੍ਹਾਂ ਪੱਧਰ ਹੋਣੀ ਚਾਹੀਦੀ ਹੈ। ਠੀਕ ਪੱਧਰ ਜ਼ਮੀਨ ਵਿੱਚੋਂ ਘੁਲਣਸ਼ੀਲ ਨਮਕ ਅਤੇ ਪਾਣੀ ਇਕਸਾਰ ਜੀਰਦੇ ਹਨ।

3. ਹਲਕੀਆਂ ਜ਼ਮੀਨਾਂ ਵਿੱਚ ਮਾੜੇ ਪਾਣੀ ਵਰਤੋ

ਭਾਰੀਆਂ ਜ਼ਮੀਨਾਂ ਵਿੱਚ ਪਾਣੀ ਜ਼ੀਰਨ ਦੀ ਦਰ ਘੱਟ ਹੁੰਦੀ ਹੈ ਅਤੇ ਪਾਣੀ ਸਤਹਿ ਤੇ ਜ਼ਿਆਦਾ ਦੇਰ ਖੜ੍ਣ ਨਾਲ ਵਾਸ਼ਪੀਕਰਨ ਤੋਂ ਬਾਅਦ ਲੂਣਾਪਨ/ਖਾਰਾਪਣ ਤੇਜ਼ੀ ਨਾਲ ਬਣਦਾ ਹੈ, ਇਸ ਲਈ ਮਾੜੇ ਪਾਣੀ ਦੀ ਵਰਤੋਂ ਹਲਕੀਆਂ ਜ਼ਮੀਨਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ।

4. ਫ਼ਸਲ ਦੀ ਸਹੀ ਚੋਣ

ਮਾੜੇ ਪਾਣੀ ਨਾਲ ਸਿੰਚਾਈ ਅਧੀਨ ਰਕਬੇ ਵਿੱਚ ਅਜਿਹੀਆਂ ਫ਼ਸਲਾਂ ਅਤੇ ਕਿਸਮਾਂ ਨੂੰ ਹੀ ਪਹਿਲ ਦਿਉ ਜੋ ਨਮਕ ਨੂੰ ਸਹਿਣਸ਼ੀਲ ਜਾਂ ਅਰਧ-ਸਹਿਣਸ਼ੀਲ ਹੋਣ ਜਿਵੇਂ ਜੌਂ, ਕਣਕ, ਸਰ੍ਹੋਂ, ਗੁਆਰਾ, ਸੇਂਜੀ, ਪਾਲਕ, ਸ਼ਲਗਮ, ਚੁਕੰਦਰ, ਰਾਇਆ ਅਤੇ ਮੋਟੇ ਅਨਾਜ। ਮਾੜਾ ਪਾਣੀ ਕਪਾਹ ਦੇ ਜੰਮ ‘ਤੇ ਅਸਰ ਕਰਦਾ ਹੈ ਪਰ ਚੰਗੇ ਪਾਣੀ ਨਾਲ ਰੌਣੀ ਕਰਕੇ ਫ਼ਸਲ ਚੰਗੀ ਜੰਮਦੀ ਹੈ। ਦਾਲਾਂ ‘ਤੇ ਖਾਰੇ ਅਤੇ ਲੂਣੇ ਪਾਣੀ ਦਾ ਬਹੁਤ ਮਾੜਾ ਅਸਰ ਪਾਉਂਦੇ ਹਨ, ਇਸ ਲਈ ਦਾਲਾਂ ਨੂੰ ਖਾਰਾ ਪਾਣੀ ਨਾ ਦਿਓ। ਜ਼ਿਆਦਾ ਪਾਣੀ ਵਾਲੀਆਂ ਫ਼ਸਲਾਂ ਜਿਵੇਂ ਝੋਨਾ, ਕਮਾਦ ਅਤੇ ਬਰਸੀਮ ਨੂੰ ਖਾਰੇ ਪਾਣੀ ਨਾ ਸਿੰਚਾਈ ਨਾ ਕਰੋ।

5. ਜਿਪਸਮ ਦੀ ਵਰਤੋਂ

ਜ਼ਮੀਨ ਵਿੱਚ ਜ਼ਿਆਦਾ ਸੋਡੀਅਮ ਦਾ ਮਾੜਾ ਅਸਰ ਜਿਪਸਮ ਦੇ ਪ੍ਰਯੋਗ ਨਾਲ ਦੂਰ ਕੀਤਾ ਜਾ ਸਕਦਾ ਹੈ। ਜਦੋਂ ਸਿੰਚਾਈ ਵਾਲੇ ਪਾਣੀ ਦੀ ਆਰ.ਐੱਸ.ਸੀ 2.5 ਐੱਮ ਈ ਪ੍ਰਤੀ ਲੀਟਰ ਤੋਂ ਉੱਪਰ ਹੋਵੇ ਤਾਂ ਜਿਪਸਮ ਦੇ ਪ੍ਰਯੋਗ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਆਰ.ਐੱਸ.ਸੀ. ਦੀ ਹਰ ਐੱਮ.ਈ. ਪ੍ਰਤੀ ਲੀਟਰ ਪਿੱਛੇ 1.50 ਕੁਇੰਟਲ ਜਿਪਸਮ ਪ੍ਰਤੀ ਏਕੜ ਚਾਰ ਸਿੰਚਾਈਆਂ ਪਿੱਛੇ ਬਣਦਾ ਹੈ। ਜੇਕਰ ਹਰ ਸਿੰਚਾਈ 7.5 ਸੈਂ.ਮੀ. ਹੋਵੇ ਤਾਂ ਸਾਰਾ ਜਿਪਸਮ ਪਹਿਲੇ ਪਾਣੀ ਨਾਲ ਪਾਓ। ਜਿਪਸਮ ਨੂੰ ਜ਼ਮੀਨ ਦੀ ਉਪਰਲੀ ਤਹਿ (0-10 ਸੈਂ.ਮੀ.) ਵਿੱਚ ਮਿਲਾ ਕੇ ਭਰਵਾਂ ਪਾਣੀ ਲਾਓ ਤਾਂ ਕਿ ਅਗਲੀ ਫ਼ਸਲ ਬੀਜਣ ਤੋਂ ਪਹਿਲਾਂ ਘੁਲਣਸ਼ੀਲ ਨਮਕ ਜੀਰ ਜਾਣ।

6. ਜੀਵਕ ਖਾਦਾਂ ਦੀ ਵਰਤੋਂ

ਚੂਨੇ ਜਾਂ ਰੋੜਾਂ ਵਾਲੀਆਂ ਜ਼ਮੀਨਾਂ, ਜਿਨ੍ਹਾਂ ਵਿੱਚ ਕੈਲਸ਼ੀਅਮ ਕਾਰਬੋਨੇਟ 2 ਪ੍ਰਤੀਸ਼ਤ ਤੋਂ ਜ਼ਿਆਦਾ ਹੋਵੇ, ਵਿੱਚ ਜੀਵਕ ਖਾਦਾਂ ਜਿਵੇਂ ਦੇਸੀ ਰੂੜੀ 8 ਟਨ ਪ੍ਰਤੀ ਏਕੜ ਜਾਂ ਹਰੀ ਖਾਦ ਜਾਂ ਕਣਕ ਦਾ ਨਾੜ 2.5 ਟਨ ਪ੍ਰਤੀ ਏਕੜ ਹਰ ਸਾਲ ਪਾਉ।

7. ਖਾਰਾ ਅਤੇ ਚੰਗਾ ਪਾਣੀ ਇਕੱਠਾ ਲਾਓ

ਮਾੜਾ ਅਤੇ ਚੰਗਾ ਪਾਣੀ ਇਕੱਠਾ ਵੀ ਵਰਤਿਆ ਜਾ ਸਕਦਾ ਹੈ ਜਾਂ ਦੋਵੇਂ ਬਦਲ ਕੇ ਵਰਤੇ ਜਾ ਸਕਦੇ ਹਨ। ਫ਼ਸਲ ਦੇ ਸ਼ੁਰੂ ਵਿੱਚ ਚੰਗਾ ਪਾਣੀ ਅਤੇ ਬਾਅਦ ਵਿੱਚ ਫ਼ਸਲ ਵਧਣ ਸਮੇਂ ਮਾੜਾ ਪਾਣੀ ਵਰਤਣਾ ਵੀ ਲਾਹੇਵੰਦ ਹੈ।

8. ਪਿੰਡਾਂ ਵਿੱਚ ਛੱਪੜਾਂ ਦੇ ਪਾਣੀ ਨਾਲ ਸਿੰਚਾਈ

ਛੱਪੜਾਂ ਦੇ ਪਾਣੀ ਵਿੱਚ ਵੀ ਫ਼ਸਲਾਂ ਦੇ ਖੁਰਾਕੀ ਤੱਤ ਹੁੰਦੇ ਇਸ ਲਈ ਇਹ ਪਾਣੀ ਵਰਤਣ ਤੋਂ ਪਹਿਲਾਂ ਮਿੱਟੀ ਅਤੇ ਪਾਣੀ ਪਰਖ ਪ੍ਰਯੋਗਸ਼ਾਲਾ ਤੋਂ ਪਰਖ ਕਰਵਾ ਲੈਣੀ ਚਾਹੀਦੀ ਹੈ ਅਤੇ ਸਿਫਾਰਿਸ਼ ਅਨੁਸਾਰ ਸਿੰਚਾਈ ਲਈ ਵਰਤਣਾ ਚਾਹੀਦਾ ਹੈ।

ਉਪਰ ਦਿੱਤੇ ਤਰੀਕਿਆਂ ਨਾਲ ਤੁਸੀ ਜਾਣਿਆ ਕਿ ਖਾਰੇ ਜਾਂ ਲੂਣੇ ਪਾਣੀ ਨੂੰ ਸਿੰਚਾਈ ਲਈ ਕਿਵੇਂ ਵਰਤਿਆ ਜਾ ਸਕਦਾ ਹੈ ਪਰ ਇਸਤੋਂ ਇਲਾਵਾ ਜੇਕਰ ਤੁਸੀ ਕੋਈ ਹੋਰ ਜਾਣਕਾਰੀ ਮਾਹਿਰਾਂ ਤੋਂ ਲੈਣਾ ਚਾਹੁੰਦੇ ਹੋ ਤਾਂ ਤੁਸੀ ਡਾਊਨਲੋਡ ਕਰੋ ਆਪਣੀ ਖੇਤੀ ਐੱਪ

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ