ਕੀਟਨਾਸ਼ਕ

ਜੈਵਿਕ ਕੀਟਨਾਸ਼ਕ ਕਿਵੇਂ ਕੀਤੇ ਜਾਂਦੇ ਹਨ ਤਿਆਰ

ਖੇਤੀ ਲਾਗਤ ਵਿਚ ਹੋ ਰਹੇ ਵਾਧੇ ਕਾਰਨ ਕਿਸਾਨਾਂ ਲਈ ਖੇਤੀ ਘਾਟੇ ਦਾ ਸੌਧਾ ਬਣਦੀ ਜਾ ਰਹੀ ਹੈ ਜਿਸ ਵਿਚ ਸਭ ਤੋਂ ਵੱਧ ਕਿਸਾਨਾਂ ਦਾ ਖਰਚਾ ਕੀਟਨਾਸ਼ਕ ਜਾ ਨਦੀਨਨਾਸ਼ਕ ਤੇ ਹੁੰਦਾ ਹੈ। ਕਿਸਾਨ ਜੇਕਰ ਇਹਨਾਂ ਦੀ ਵਰਤੋਂ ਨੂੰ ਘਟਾ ਕੇ ਜੈਵਿਕ ਖੇਤੀ ਵੱਲ ਵਧੇ ਤਾ ਕਿਸਾਨ ਆਪਣਾ ਖਰਚਾ ਬਚਾ ਸਕਦੇ ਹਨ। ਕਿਸਾਨਾਂ ਵਲੋਂ ਸਮੇਂ ਸਮੇਂ ਤੇ ਨਵੇਂ ਤਰੀਕੇ ਕੱਢੇ ਜਾਂਦੇ ਹਨ ਜਿਸ ਨਾਲ ਉਹ ਜੈਵਿਕ ਤਰੀਕੇ ਨਾਲ ਕੀੜਿਆਂ ਦੀ ਰੋਕਥਾਮ ਕਰ ਸਕਦੇ ਹੋ। ਕਿਸਾਨਾਂ ਦੇ ਘਰ ਵਿਚ ਮੌਜੂਦ ਗੋਬਰ, ਪਸ਼ੂ ਮੂਤਰ , ਖੱਟੀ ਲੱਸੀ ਅਤੇ ਕਈ ਤਰਾਂ ਦੇ ਪੌਦਿਆਂ ਦੇ ਰਸ ਤੋਂ ਘੋਲ ਤਿਆਰ ਕੀਤੇ ਜਾ ਸਕਦੇ ਹਨ ਜਿਸ ਨਾਲ ਕੀੜਿਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਜਿਵੇ ਹੁਣ ਝੋਨੇ ਦੀ ਫ਼ਸਲ ਆ ਰਹੀ ਹੈ ਤਾ ਫ਼ਸਲ ਵਿਚ ਅਲੱਗ ਅਲੱਗ ਤਰਾਂ ਦੇ ਕੀੜਿਆਂ ਦਾ ਹਮਲਾ ਹੁੰਦਾ ਹੈ ਜਿਸਦੀ ਰੋਕਥਾਮ ਦੇ ਲਈ ਤੁਸੀ ਹੇਠਾਂ ਦਿਤੇ ਤਰੀਕੇ ਆਪਣਾ ਸਕਦੇ ਹੋ :-

ਤਣਾ ਛੇਦਕ ਦੀ ਰੋਕਥਾਮ :- ਫ਼ਸਲ ਵਿਚ ਤਣਾ ਛੇਦਕ ਸੁੰਡੀ ਦੀ ਰੋਕਥਾਮ ਲਈ 10 ਲੀਟਰ ਪਾਣੀ ਵਿਚ ਹਰੀ ਮਿਰਚ, ਤੰਬਾਕੂ,ਪਿਆਜ ਅਤੇ ਹਿੰਗ ਦਾ ਮਿਸ਼੍ਰਣ ਤਿਆਰ ਕਰੋ। ਇਸ ਵਿਚ 50ml ਖੱਟੀ ਲੱਸੀ ਮਿਲਾ ਕੇ ਪ੍ਰਤੀ ਪੰਪ ਡੇਢ ਲੀਟਰ ਇਸ ਘੋਲ ਦਾ ਛਿੜਕਾਅ ਕਰੋ। ਇਸਦੇ ਨਾਲ ਸੁੰਡੀ ਦੀ ਰੋਕਥਾਮ ਹੋ ਜਾਂਦੀ ਹੈ। ਖੇਤ ਵਿਚ ਦੇਸੀ ਅੱਕ ਦੇ ਪੱਤਿਆਂ ਦਾ ਕੁਤਰਾ ਪਾਉਣ ਨਾਲ ਵੀ ਸੁੰਡੀ ਦੀ ਰੋਕਥਾਮ ਹੁੰਦੀ ਹੈ।

ਸੀਤਾਫਲ ਦੇ ਪੱਤਿਆਂ ਦਾ ਘੋਲ :- ਸੀਤਾਫਲ ਦੇ ਦੋ ਕਿਲੋ ਪੱਤਿਆਂ ਨੂੰ 10 ਲੀਟਰ ਪਾਣੀ ਵਿਚ ਅੱਧੇ ਘੰਟੇ ਤਕ ਉਬਾਲੋ|ਉਬਲਦੇ ਸਮੇਂ ਘੋਲ ਨੂੰ ਲਗਾਤਾਰ ਹਿਲਾਉਂਦੇ ਰਹੋ। ਠੰਡਾ ਹੋਣ ਤੇ ਇਸ ਘੋਲ ਨੂੰ ਕੱਪੜੇ ਨਾਲ ਪੁਣ ਕੇ ਇਸ ਵਿਚ 200 ਗ੍ਰਾਮ ਰੀਠਾ ਪਾਊਡਰ ਮਿਲਾ ਦਿਓ|ਹੁਣ ਇਸ ਘੋਲ ਨੂੰ 100 ਲੀਟਰ ਪਾਣੀ ਵਿਚ ਮਿਕ੍ਸ ਕਰਕੇ ਇਕ ਏਕੜ ਫ਼ਸਲ ਤੇ ਆਥਣ ਵੇਲੇ ਛਿੜਕ ਦਿਓ। ਇਹ ਹਰ ਫ਼ਸਲ ਵਿਚ ਰਸ ਚੂਸਣ ਵਾਲੇ ਕੀੜਿਆਂ ਦੀ ਰੋਕਥਾਮ ਕਰਦੀ ਹੈ। ਫ਼ਸਲ ਤੇ ਕੀਟਾਂ ਦੇ ਹਮਲੇ ਅਨੁਸਾਰ 2 3 ਵਾਰ ਛਿੜਕਾਅ ਕਰੋ।

ਹਲਦੀ ਦਾ ਘੋਲ :- ਇਕ ਕਿਲੋ ਹਲਦੀ ਨੂੰ ਪੀਹ ਕੇ ਇਸਨੂੰ ਚਾਰ ਲੀਟਰ ਗੋਮੂਤਰ ਵਿਚ ਘੋਲ ਦਿਓ। ਇਸ ਮਿਸ਼੍ਰਣ ਨੂੰ ਕੱਪੜੇ ਨਾਲ ਪੁਣ ਕੇ ਇਸ ਵਿਚ 200 ਗ੍ਰਾਮ ਰੀਠਾ ਪਾਊਡਰ ਮਿਲਾ ਕੇ 100 ਲੀਟਰ ਪਾਣੀ ਵਿਚ ਮਿਕ੍ਸ ਕਰਕੇ ਆਥਣ ਵੇਲੇ ਫ਼ਸਲ ਤੇ ਛਿੜਕ ਦਿਓ। ਇਹ ਤੇਲੇ, ਚੇਪੇ , ਤੰਬਾਕੂ ਸੁੰਡੀ ਅਤੇ ਤਣਾ ਛੇਦਕ ਦੀ ਰੋਕਥਾਮ ਕਰਦੀ ਹੈ। ਲੋੜ ਮੁਤਾਬਿਕ ਹਰ ਫ਼ਸਲ ਤੇ ਇਸਦੇ 2 -3 ਛਿੜਕਾਅ ਕੀਤੇ ਜਾ ਸਕਦੇ ਹਨ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ