animals

ਪਸ਼ੂਆਂ ਦੀ ਮਨਸੂਈ ਗਰਭਦਾਨ (AI) ਕਰਾਉਣ ਵੇਲੇ ਇਹ ਗੱਲਾਂ ਦਾ ਜ਼ਰੂਰ ਰੱਖੋ ਧਿਆਨ

ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਡੇਅਰੀ ਫਾਰਮਰਾਂ ਜਾਂ ਕਿਸਾਨਾਂ ਨੂੰ ਇਹ ਸਮੱਸਿਆ ਆ ਰਹੀ ਹੈ ਕਿ ਪਸ਼ੂਆਂ ਵਿੱਚ ਟੀਕਾ ਭਰਾਉਣ ਤੋਂ ਬਾਅਦ ਵੀ ਪਸ਼ੂ ਗਰਭ ਨਹੀਂ ਠਹਿਰਦਾ। ਇਸ ਦੇ ਬਹੁਤ ਸਾਰੇ ਕਾਰਨ ਹਨ ਜਿਹਨਾਂ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਡੇਅਰੀ ਫਾਰਮਰਾਂ ਨੂੰ ਖੁਦ ਵੀ ਕੁੱਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਜੋ ਵੀ ਵੈਟਨਰੀ ਡਾਕਟਰ ਦੇ ਤੌਰ ‘ਤੇ ਧਿਆਨ ਰੱਖਦੇ ਹਨ ਉਹਨਾਂ ਨੂੰ ਕੁੱਝ ਕੁ ਗੱਲਾਂ ਵੱਲ ਧਿਆਨ ਦੇਣ ਦੀ ਜਰੂਰਤ ਹੈ ਤਾਂ ਜੋ AI ਨੂੰ ਸਫ਼ਲ ਬਣਾਇਆ ਜਾ ਸਕੇ।

ਟੀਕਾ ਭਰਾਉਣ ਤੋਂ ਪਹਿਲਾਂ ਟੀਕੇ ਉੱਪਰ ਲਿਖੀ ਹੋਈ ਸਾਨ੍ਹ ਦੀ ਸਮਰੱਥਾ (ਸਾਨ੍ਹ ਦੀ ਮਾਂ ਦਾ ਸੂਏ ਦਾ ਦੁੱਧ) ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਸ਼ੂ ਦੇ ਦੁੱਧ ਦੇਣ ਦੀ ਸਮਰੱਥਾਂ ਪਸ਼ੂ ਦੀ ਵਿਰਾਸਤ ‘ਤੇ ਬਹੁਤ ਨਿਰਭਰ ਕਰਦੀ ਹੈ। ਲਵੇਰੇ ਦੀ ਸਮਰੱਥਾ ਅਤੇ ਸਾਨ੍ਹ ਦੀ ਸਮਰੱਥਾ ਨੂੰ ਜੋੜ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੀ ਪੀੜ੍ਹੀ ਕਿਸ ਤਰ੍ਹਾਂ ਦੀ ਹੋਵੇਗੀ।

ਪਸ਼ੂ ਦਾ ਗੱਭਣ ਹੋਣਾ ਉਮਰ ਨਾਲੋਂ ਭਾਰ ‘ਤੇ ਜ਼ਿਆਦਾ ਨਿਰਭਰ ਕਰਦਾ ਹੈ ਇਸ ਲਈ ਟੀਕਾ ਭਰਾਉਣ ਤੋਂ ਪਹਿਲਾਂ ਦੇਸੀ/ਜਰਸੀ ਨਸਲ ਦੀ ਵਹਿੜ ਦਾ ਸਰੀਰਿਕ ਭਾਰ ਘੱਟੋ ਘੱਟ 225-250 ਕਿਲੋ, ਐਚ ਐਫ / ਦੋਗਲੀ ਵਹਿੜ ਦਾ ਸਰੀਰਿਕ ਭਾਰ 250-275 ਕਿਲੋ ਅਤੇ ਝੋਟੀ ਦਾ ਸਰੀਰਿਕ ਭਾਰ 300 ਕਿਲੋ ਹੋਣਾ ਚਾਹੀਦਾ ਹੈ। ਜੇ ਭਾਰ ਘੱਟ ਹੋਵੇ ਤਾਂ ਪਸ਼ੂ ਨੂੰ ਟੀਕਾ ਧਰਾਉਣ ਤੇ ਵੀ ਗਰਭ ਨਹੀਂ ਠਹਿਰਦਾ।

ਟੀਕਾ (ਜੰਮਿਆ ਹੋਇਆ ਵੀਰਜ) ਧਰਾਉਣ ਤੋਂ ਪਹਿਲਾਂ ਤਾਰਾਂ ਦੇ ਸਾਫ਼ ਹੋਣ ਦੀ ਤਸੱਲੀ ਕਰ ਲੈਣੀ ਚਾਹੀਦੀ ਹੈ। ਜੇਕਰ ਤਾਰਾਂ ਘੁਸਮੈਲੀਆ ਹੋਣ ਜਾਂ ਉਸ ਵਿੱਚ ਛਿੱਦੀਆਂ ਹੋਣ ਤਾਂ ਟੀਕਾ ਨਹੀਂ ਭਰਾਉਣਾ ਚਾਹੀਦਾ ਤੇ ਇੱਕ ਚੰਗੇ ਯੋਗ ਡਾਕਟਰ ਤੋਂ ਉਸ ਪਸ਼ੂ ਦੀ ਬੱਚੇਦਾਨੀ ਵਿੱਚ ਦਵਾਈ ਭਰਾਉਣੀ ਚਾਹੀਦੀ ਹੈ।

ਕਈ ਵਾਰ ਕੁੱਝ ਪਸ਼ੂ ਪਾਲਕ ਹੇਹੇ ਵਿੱਚ ਆਏ ਪਸ਼ੂ ਨੂੰ ਇੱਕੋ ਸਮੇਂ ਤੇ ਦੋ ਮਨਸੂਈ ਟੀਕੇ ਲਗਾਉਂਦੇ ਹਨ। ਇਹ ਬਿਲਕੁੱਲ ਗਲਤ ਹੈ। ਦੋਗਲੀਆਂ ਅਤੇ ਵਲੈਤੀ ਗਾਵਾਂ ਨੂੰ 12-24 ਘੰਟੇ ਦੇ ਫਾਸਲੇ ਤੇ ਦੂਜਾ ਟੀਕਾ ਲਗਾਉਣਾ ਚਾਹੀਦਾ ਹੈ ਤੇ ਜਿਹਨਾਂ ਪਸ਼ੂਆਂ ਦਾ ਹੇਹਾ ਬਹੁਤ ਲੰਬਾ ਹੋਵੇ ਉਹਨਾਂ ਨੂੰ ਵੈਟਨਰੀ ਡਾਕਟਰ ਦੀ ਸਲਾਹ ਮੁਤਾਬਕ ਹੀ ਮਨਸੂਈ ਟੀਕਾ ਲਗਵਾਓ।

ਇੱਕ ਵਾਰ ਪਾਣੀ ਵਿੱਚ ਪਿਘਲਾਉਣ ਤੋਂ ਬਾਅਦ, ਮਨਸੂਈ ਟੀਕਾ ਹਮੇਸ਼ਾ 10-15 ਮਿੰਟ ਵਿੱਚ ਲੱਗ ਜਾਣਾ ਚਾਹੀਦਾ ਹੈ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਟੀਕਾ ਪਿਘਲਾਉਣ ਤੋਂ ਪਹਿਲਾ ਪਸ਼ੂ ਨੂੰ ਸ਼ਿਕੰਜੇ ਵਿੱਚ ਕਾਬੂ ਕਰ ਦਿੱਤਾ ਜਾਵੇ ਕਿਉਂਕਿ ਟੀਕਾ ਪਿਘਲਾਉਣ ਤੋਂ ਬਾਅਦ ਉਸਨੂੰ ਕਦੇ ਵੀ ਦੁਬਾਰਾ ਤਰਲ ਨਾਈਟ੍ਰੋਜਨ ਵਿੱਚ ਸਟੋਰ ਨਹੀਂ ਕੀਤਾ ਜਾ ਸਕਦਾ।

ਕਈ ਵਾਰ ਜੇਕਰ ਤਰਲ ਵੀਰਜ ਦਾ ਟੀਕਾ ਯੂਨੀਵਰਸਿਟੀ ਤੋਂ ਲੈ ਕੇ ਆਉਣਾ ਪਵੇ ਤਾਂ ਇਸ ਟੀਕੇ ਨੂੰ ਥਰਮਸ ਵਿੱਚ ਬਰਫ਼ ਪਾ ਕੇ ਬੜੇ ਧਿਆਨ ਤੇ ਬਚਾਅ ਕੇ ਲੈਕੇ ਜਾਣਾ ਚਾਹੀਦਾ ਹੈ ਤੇ ਟੀਕੇ ਨੂੰ ਜਿਆਦਾ ਹਿਲਾਉਣਾ ਨਹੀਂ ਚਾਹੀਦਾ। ਇਹ ਟੀਕਾ ਫਰਿੱਜ ਵਿੱਚ ਬਰਫ਼ ਜੰਮਣ ਵਾਲੀ ਥਾਂ ਨੂੰ ਛੱਡ ਕੇ ਕਿਸੇ ਹੋਰ ਥਾਂ ਤੇ 2-3 ਦਿਨ ਸਟੋਰ ਕੀਤਾ ਜਾ ਸਕਦਾ ਹੈ ਤਾਂ ਜੋ ਟੀਕਾ ਸਹੀ ਸਮੇ ਵਿੱਚ ਲੱਗ ਸਕੇ।

ਟੀਕਾ ਭਰਾਉਣ ਦੀ ਮਿਤੀ ਨੂੰ ਆਪਣੇ ਰਜਿਸਟਰ ਵਿੱਚ ਦਰਜ ਕਰ ਤੋਂ ਬਾਅਦ ਪਸ਼ੂ ਨੂੰ 21 ਦਿਨਾਂ ਬਾਅਦ ਧਿਆਨ ਨਾਲ ਦੇਖੋ। ਜੇਕਰ ਪਸ਼ੂ ਹੇਹੇ ਦੇ ਲੱਛਣ ਨਹੀਂ ਦਿਖਾਉਦਾ ਤਾਂ 50 ਫ਼ੀਸਦੀ ਉਮੀਦ ਹੈ ਕਿ ਪਸ਼ੂ ਠਹਿਰ ਗਿਆ ਹੈ। ਪਸ਼ੂ ਦੇ ਗੱਭਣ ਹੋਣ ਦੀ ਪੂਰੀ ਤਸੱਲੀ ਇੱਕ ਮਾਹਿਰ ਵੈਟਨਰੀ ਡਾਕਟਰ ਤੋਂ ਟੀਕਾ ਭਰਾਉਣ ਤੋਂ 2 ਮਹੀਨੇ ਬਾਅਦ ਕਰਵਾਓ। ਕਿਸੇ ਦੇ ਵੀ ਕਹਿਣ ‘ਤੇ ਪਸ਼ੂ ਨੂੰ ਦੋ ਮਹੀਨੇ ਤੋਂ ਪਹਿਲਾਂ ਚੈੱਕ ਨਾ ਕਰਵਾਓ ਕਿਉਂਕਿ ਦੋ ਮਹੀਨੇ ਤੋਂ ਪਹਿਲਾਂ ਬੱਚਾ ਬਹੁਤ ਛੋਟਾ ਹੁੰਦਾ ਹੈ ਤੇ ਬੱਚੇ ਦੇ ਆਲੇ ਦੁਆਲੇ ਪਾਣੀ ਵੀ ਬਹੁਤਾ ਨਹੀਂ ਹੁੰਦਾ। ਬਾਕੀ ਜੇਕਰ ਇਸ ਮੌਕੇ ਚੈੱਕ ਕਰਨ ਵਾਲੇ ਡਾਕਟਰ ਦੇ ਹੱਥ ਲੱਗਣ ਕਰਕੇ ਨਵੇ ਵਿਕਸਿਤ ਹੋ ਰਹੇ ਬੱਚੇ ਨੂੰ ਨੁਕਸ ਪੈ ਸਕਦਾ ਹੈ।

ਬਾਕੀ ਜੇਕਰ ਸਭ ਗੱਲਾਂ ਦੇ ਧਿਆਨ ਰੱਖਣ ਤੋਂ ਬਾਅਦ ਵੀ ਜੇਕਰ ਗਰਭ ਨਹੀਂ ਠਹਿਰਦਾ ਤਾਂ ਤੁਸੀ ਬੱਚੇਦਾਨੀ ਨੂੰ ਚੈੱਕ ਕਰਵਾਓ ਕਿਤੇ ਕੋਈ ਬੱਚੇਦਾਨੀ ਵਿੱਚ ਗੰਢ ਜਾਂ ਬੱਚੇਦਾਨੀ ਵਿੱਚ ਇਨਫੈਕਸ਼ਨ ਵੀ ਹੋ ਸਕਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ