ਮਲੱਪ

ਪਸ਼ੂਆਂ ਦੇ ਅੰਦਰੂਨੀ ਮਲੱਪਾਂ ਦੀ ਰੋਕਥਾਮ ਲਈ ਇਹ ਦੇਸੀ ਨੁਸਖੇ ਹੋ ਸਕਦੇ ਹਨ ਕਾਮਯਾਬ

ਆਮ ਤੌਰ ‘ਤੇ ਮਲੱਪਾਂ ਦੀ ਰੋਕਥਾਮ ਲਈ ਸਾਰੇ ਕਿਸਾਨ ਵੀਰ ਆਪਣੇ ਆਪਣੇ ਤਰੀਕੇ ਨਾਲ ਪਸ਼ੂਆਂ ਦੀ ਡੀਵਰਮਿੰਗ ਕਰਦੇ ਹੋਣਗੇ । ਬਹੁਤ ਸਾਰੀਆ ਕੰਪਨੀਆਂ ਦੇ ਪ੍ਰੋਡਕਟ ਮਾਰਕੀਟ ਵਿੱਚ ਆਉਂਦੇ ਹਨ ਮਲੱਪਾਂ ਦੀ ਰੋਕਥਾਮ ਲਈ। ਨਵੇ ਜੰਮੇ ਕਟਰੂ /ਵੱਛੜੂ ਨੂੰ 7 ਦਿਨ ਦੀ ਉਮਰ ਤੋਂ ਬਾਅਦ ਹਰ ਹਫਤੇ ਇੱਕ ਮਹੀਨੇ ਦੀ ਉਮਰ ਤੱਕ ਮਲੱਪ ਰਹਿਤ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਅਤੇ ਵੱਡੇ ਪਸੂਆਂ ਨੂੰ ਹਰ ਤਿੰਨ ਮਹੀਨੇ ਬਾਅਦ ਮਲੱਪ ਰਹਿਤ ਕਰਨਾ ਬਹੁਤ ਜ਼ਰੂਰੀ ਹੈ। ਪਰ ਸਫਲ ਡੇਅਰੀ ਫਾਰਮਰਾਂ ਦਾ ਮੰਨਣਾ ਤਾਂ ਇਹ ਹੈ ਕਿ ਜੇਕਰ ਪਸ਼ੂਆਂ ਨੂੰ ਕੌੜ ਤੁੰਮੇ ਦਾ ਚੂਰਨ ਲਗਾਤਾਰ ਖਵਾਈਏ ਤਾਂ ਡੀਵਰਮਿੰਗ ਕਰਵਾਉਣ ਦੀ ਜ਼ਰੂਰਤ ਨਹੀ ਪੈਂਦੀ।

ਇਸ ਦੇ ਨਾਲ ਕੁੱਝ ਹੋਰ ਘਰੇਲੂ ਨੁਸਖੇ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੋ ਪਸ਼ੂਆਂ ਨੂੰ ਮਲੱਪ ਰਹਿਤ ਕਰਨ ਲਈ ਵਰਤੇ ਜਾਂਦੇ ਹਨ :

• ਲੱਗਭੱਗ 50 ਗ੍ਰਾਮ ਤਾਰਾਮੀਰਾ ਨੂੰ ਕੁੱਟ ਕੇ ਉਸ ਵਿੱਚ 250 ਗ੍ਰਾਮ ਲੱਸੀ ਮਿਲਾ ਕੇ ਪਸ਼ੂਆਂ ਨੂੰ ਪਿਆਉਣ ਨਾਲ ਮਲੱਪ ਮਰ ਕੇ ਬਾਹਰ ਆ ਜਾਣਗੇ। ਤੇਲ ਚਿਕਾਨਈ ਦਾ ਸ੍ਰੋਤ ਹੋਣ ਕਰਕੇ ਵਰਤੋਂ ਵਿੱਚ ਲਿਆਇਆ ਜਾਂਦਾ ਹੈ।

• ਨਿੰਮ ਦੇ ਪੱਤਿਆਂ ਨੂੰ ਰਗੜ ਕੇ ਅਰਿੰਡ ਦੇ ਤੇਲ ਵਿੱਚ ਮਿਲਾ ਕੇ ਪੇਸ਼ਟ ਬਣਾ ਕੇ ਖੁਰਾਕ ਰਾਹੀ ਪਸ਼ੂ ਨੂੰ ਖੁਆ ਦਿੱਤਾ ਜਾਂਦਾ ਹੈ। ਇਸ ਨਾਲ ਅੰਤੜੀ ਵਿਚਲੇ ਪਰਜੀਵੀ ਮਰ ਕੇ ਬਾਹਰ ਆ ਜਾਂਦੇ ਹਨ।

• ਨਿੰਮ ਦੇ ਪੱਤਿਆਂ ਨੂੰ ਰਗੜ ਕੇ ਪਾਣੀ ਕੱਢ ਲਿਆ ਜਾਂਦਾ ਹੈ ਅਤੇ ਪਸ਼ੂ ਨੂੰ ਪਿਆ ਕੇ ਨਾਲ ਗੁੜ ਦੀ ਚਾਣੀ ਵੀ ਦਿੱਤੀ ਜਾ ਸਕਦੀ ਹੈ ਜਿਸ ਨਾਲ ਪਸ਼ੂ ਦੇ ਮੂੰਹ ਵਿੱਚ ਖੁਸ਼ਕੀ ਨਹੀ ਹੁੰਦੀ।

• ਲਗਭੱਗ 1 ਕਿੱਲੋ ਟਮਾਟਰ ਦਾ ਜੂਸ ਛੋਟੇ ਕੱਟੜੂ ਵੱਛੜੂ ਨੂੰ ਦਿੱਤਾ ਜਾਂਦਾ ਹੈ ਜਿਸ ਨਾਲ ਪੇਟ ਦੇ ਸਾਰੇ ਕੀੜੇ ਮਰ ਜਾਂਦੇ ਹਨ ਜਾਂ ਫਿਰ ਕਈ ਵਾਰ ਕੱਟੜੂ ਵੱਛੜੂ ਨੂੰ ਮੋਕ ਲੱਗ ਜਾਂਦੀ ਹੈ ਜਿਸ ਨਾਲ ਮਲੱਪ ਬਾਹਰ ਆ ਜਾਂਦੇ ਹਨ।

• ਲੱਸੀ, ਤਾਰਾਮੀਰਾ ਅਤੇ ਸਰ੍ਹੋਂ ਦੇ ਤੇਲ ਨੂੰ ਮਿਲਾ ਕੇ ਪਾਈਆ ਕੁ ਮਿਸ਼ਰਣ ਬਣਾ ਕੇ ਪਸ਼ੂ ਨੂੰ ਦੇਣ ਨਾਲ ਮਲੱਪ ਮਰ ਕੇ ਬਾਹਰ ਆ ਜਾਂਦੇ ਹਨ, ਪਰ ਇਹ ਜ਼ਿਆਦਾਤਾਰ ਕੱਟੜੂਆਂ/ਵੱਛੜੂਆਂ ਵਿੱਚ ਵਰਤਿਆਂ ਜਾਂਦਾ ਹੈ।

ਨੋਟ- ਬਾਕੀ ਤੁਸੀ ਕੋਈ ਵੀ ਤਰੀਕਾ ਵਰਤਣ ਤੋਂ ਪਹਿਲਾ ਕਿਸੇ ਮਾਹਿਰ ਡਾਕਟਰ ਦੀ ਸਲਾਹ ਜ਼ਰੂਰ ਲੈ ਲੈਣਾ ਕਿਉਂਕਿ ਇਹਨਾਂ ਦੀ ਜ਼ਿਆਦਾ ਮਾਤਰਾ ਪਸ਼ੂਆਂ ਲਈ ਨੁਕਸਾਨਦੇਹ ਸਿੱਧ ਵੀ ਹੋ ਸਕਦੀ ਹੈ ।

ਸੋਰਸ- ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ, ਲੁਧਿਆਣਾ

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ