ਬਾਗਬਾਨੀ ਫ਼ਸਲਾਂ ਦਾ ਠੰਡ ਤੋਂ ਬਚਾਅ ਕਿਵੇਂ ਕਰੀਏ

ਪੰਜਾਬੀ ਵਿੱਚ ਅਕਤੂਬਰ ਮਹੀਨੇ ਤੋਂ ਲੈ ਕੇ ਫਰਵਰੀ ਮਹੀਨੇ ਤੱਕ ਸਰਦੀ ਦਾ ਮੌਸਮ ਰਹਿੰਦਾ ਹੈ। ਜੋ ਕਿ ਦਸੰਬਰ ਅਤੇ ਜਨਵਰੀ ਮਹੀਨਿਆਂ ਵਿੱਚ ਸ਼ਿਖਰ ਤੇ ਹੁੰਦਾ ਹੈ। ਇਸ ਮੌਸਮ ਵਿੱਚ ਬਾਗਬਾਨੀ ਫ਼ਸਲਾਂ ਨੂੰ ਕਾਫੀ ਘਾਟ ਤਾਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਜੋ ਕਿ ਕਈ ਵਾਰੀ ਜ਼ੀਰੋ ਡਿਗਰੀ ਸੇਂਟੀਗ੍ਰੇਡ ਤੇ ਪੁੱਜ ਜਾਂ ਕਾਰਨ ਇਹਨਾਂ ਫ਼ਸਲਾਂ ਨੂੰ ਕਾਫੀ ਨੁਕਸਾਨ ਕਰਦਾ ਹੈ ਅਤੇ ਇਸ ਦਾ ਸਿੱਧਾ ਪ੍ਰਭਾਵ ਪੈਦਾਵਾਰ ਤੇ ਪੈਂਦਾ ਹੈ। ਫਲਦਾਰ ਬੂਟੇ ਖਾਸ ਕਰ ਅੰਬ, ਲੀਚੀ, ਨਿੰਬੂ ਜਾਤੀ ਆਦਿ ਕੋਰੇ ਦੀ ਮਾਰ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜ਼ਿਆਦਾ ਕੋਰੇ ਕਾਰਨ ਮੁਕੰਮਲ ਤੌਰ ਤੇ ਸੁੱਕ ਕੇ ਮਰ ਵੀ ਜਾਂਦੇ ਹਨ। ਕੋਰੇ ਕਾਰਣ ਕਈ ਵਾਰ ਮਟਰ ਤੇ ਆਲੂ ਦੀ ਫ਼ਸਲ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਅਤੇ ਘੱਟ ਪੈਦਾਵਾਰ ਦਿੰਦੀ ਹੈ ਜੋ ਕਿ ਕਿਸਾਨਾਂ ਦਾ ਆਰਥਿਕ ਨੁਕਸਾਨ ਵੀ ਕਰ ਦਿੰਦੀ ਹੈ। ਜੇਕਰ ਹੇਠ ਲਿਖੇ ਖੇਤੀ ਨੁਕਤਿਆਂ ਅਨੁਸਾਰ ਕੁਝ ਉਪਾਯ ਆਪਣਾ ਲਏ ਜਾਣ ਤਾਂ ਬਾਗਬਾਨੀ ਫ਼ਸਲਾਂ ਦਾ ਨੁਕਸਾਨ ਕੁਝ ਹੱਦ ਤੱਕ ਘਟਾਇਆ ਜਾ ਸਕਦਾ ਹੈ।

1.ਬੂਟਿਆਂ ਦੀ ਵਿਉਂਤਬੰਦੀ: ਫਲਦਾਰ ਬੂਟੇ ਲਗਾਉਂਦੇ ਸਮੇ ਵਿਉਂਤਬੰਦੀ ਇਸ ਹਿਸਾਬ ਨਾਲ ਕਰਨੀ ਚਾਹੀਦੀ ਹੈ ਕਿ ਛੋਟੇ ਬੂਟੇ ਜਿਵੇਂ ਕਿ ਪਪੀਤਾ ਆਦਿ ਜੋ ਕਿ ਕੋਰੇ ਦਾ ਅਸਰ ਜਲਦੀ ਕਬੂਲਦੇ ਹਨ ਨੂੰ ਵੱਡੇ ਦਰੱਖ਼ਤਾਂ ਜਾਂ ਕੰਧ ਦੇ ਨੇੜੇ ਲਗਾਇਆ ਜਾਵੇ ਤਾਂ ਜੋ ਇਹ ਕੋਰੇ ਦੇ ਮਾਰੂ ਅਸਰ ਤੋਂ ਬਚੇ ਰਹਿਣ।

2.ਹਵਾ ਰੋਕੂ ਵਾੜਬਾਗ ਦੀ ਉੱਤਰ: ਪੱਛਮੀ ਦਿਸ਼ਾ ਵੱਲ ਅੰਬ, ਸਫੈਦ, ਅਰਜਨ, ਸ਼ਹਿਤੂਤ ਦੇ ਬੂਟਿਆਂ ਦੀ ਹਵਾ ਰੋਕੂ ਵਾੜ ਲਗਾਉਣੀ ਚਾਹੀਦੀ ਹੈ ਤਾਂ ਜੋ ਫਲਦਾਰ ਬੂਟੇ ਸਰਦੀ ਦੇ ਮੌਸਮ ਵਿੱਚ ਸ਼ੀਤ ਹਵਾਵਾਂ ਦੇ ਭੈੜੇ ਅਸਰ ਤੋਂ ਬਚਾਅ ਕਰ ਸਕਣ।

3.ਸਖਤ ਜਾਣ ਕਿਸਮਾਂ: ਬਾਗਬਾਨੀ ਫ਼ਸਲਾਂ ਦੀਆਂ ਉਹਨਾਂ ਕਿਸਮਾਂ ਦੀ ਹੀ ਕਾਸ਼ਤ ਕੀਤੀ ਜਾਵੇ ਜਿਹਨਾਂ ਵਿੱਚ ਠੰਡ ਖਾਸ ਕਰਕੇ ਕੋਰੇ ਸਹਿਣ ਕਾਰਨ ਦੀ ਸਮਰੱਥਾ ਹੋਵੇ। ਅੰਬ ਦੀਆਂ ਲੰਗੜਾ, ਮਾਲ ਦਾ, ਸਫੈਦਾ, ਫਜਰੀ ਕਿਸਮਾਂ ਬਾਕੀ ਕਿਸਮਾਂ ਦੇ ਮੁਕਾਬਲੇ ਸਖਤ ਜਾਣ ਹੁੰਦੀਆਂ ਹਨ। ਇਸ ਤਰ੍ਹਾਂ ਹੀ ਨਿੰਬੂ ਜਾਤੀ ਵਿੱਚ ਸੰਗਤਰਾ, ਮਾਲਟਾ, ਗਰੇਪ ਫਰੂਟ, ਬੜਾ ਮਾਸੀ ਨਿੰਬੂ ਸਖਤ ਜਾਣ ਗਿਣੀਆਂ ਜਾਂਦੀਆਂ ਹਨ, ਸਬਜ਼ੀਆਂ ਵਿੱਚ ਵੀ ਹਾਈਬ੍ਰਿਡ ਕਿਸਮਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ।

4.ਧੁਆਂ ਕਰਨਾ: ਬੂਟਿਆਂ ਨੂੰ ਠੰਡ ਦੇ ਮਾਰੂ ਅਸਰ ਤੋਂ ਬਚਾਉਣ ਲਈ ਬਗ਼ੀਚੇ ਵਿੱਚ ਸੁੱਕੇ ਪੱਤਿਆਂ ਅਤੇ ਘਾਹ ਆਦਿ ਨੂੰ ਬਾਲ ਕੇ ਧੁਆਂ ਕੀਤਾ ਜਾ ਸਕਦਾ ਹੈ। ਜੋ ਕਿ ਜ਼ਿਆਦਾ ਕੋਰੇ ਦੀ ਸੂਰਤ ਵਿੱਚ ਆਲੇ ਦੁਆਲੇ ਦੇ ਤਾਪਮਾਨ ਨੂੰ ਵਧਾਉਣ ਵਿੱਚ ਮਦਦ ਕਰੇਗਾ।

5.ਖਾਦ ਪ੍ਰਬੰਧ: ਠੰਡ ਵਿੱਚ ਪੌਦਿਆਂ ਦਾ ਵਿਕਾਸ ਅਤੇ ਵਾਧਾ ਰੁਕ ਜਾਂਦਾ ਹੈ।  ਜਿਸ ਦਾ ਸਿਧ ਅਸਰ ਪੈਦਾਵਾਰ ਤੇ ਪੈਂਦਾ ਹੈ। ਅਜਿਹੇ ਵਿੱਚ ਦੇਸੀ ਰੂੜੀ ਦੀ ਖਾਦ ਦੀ ਵਰਤੋਂ ਕਰਨੀ ਬਹੁਤ ਲਾਭਦਾਇਕ ਹੈ।  ਬੂਟਿਆਂ ਨੂੰ ਤਾਕਤਵਰ ਰੱਖਣ ਲਈ ਹਨ ਨੂੰ ਨਿਰਧਾਰਤ ਮਾਤਰਾ ਵਿੱਚ ਦੇਸੀ ਰੂੜੀ ਖਾਦ ਅਤੇ ਕੀੜੇ ਮਕੌੜਿਆਂ ਤੋਂ ਬਚਾਅ ਲਈ ਸਮੇ ਸਿਰ ਸਪਰੇ ਕਰਨੀ ਚਾਹੀਦੀ ਹੈ।

6.ਪੌਦਿਆਂ ਨੂੰ ਢੱਕਣਾ: ਨਵੇਂ ਅਤੇ ਛੋਟੇ ਬੂਟਿਆਂ ਨੂੰ ਕੋਰੇ ਦੀ ਮਾਰ ਤੋਂ ਬਚਾਅ ਲਈ ਪਰਾਲੀ ਜਾਨ ਮੱਕੀ ਦੇ ਟਾਂਡਿਆਂ ਦੀਆਂ ਕੁੱਲੀਆਂ ਬਣਾ ਕੇ ਢੱਕਣਾ ਬਹੁਤ ਹੀ ਜ਼ਰੂਰੀ ਹੈ। ਢੱਕਣ ਸਮੇਂ ਬੂਟੇ ਦਾ ਦੱਖਣੀ ਪਾਸਾ ਨੰਗਾ ਰਹਿਣ ਦਿਓ ਤਾਂ ਕਿ ਬੂਟੇ ਦੇ ਵਾਧੇ ਲਈ ਜ਼ਰੂਰੀ ਧੁੱਪ ਆਉਂਦੀ ਰਹੇ। ਠੰਡ ਵਿੱਚ ਤੇਜ ਹਵਾਵਾਂ ਬੂਟਿਆਂ ਦੇ ਤਣਿਆ ਤੇ ਟਾਹਣੀਆਂ ਨੂੰ ਵੀ ਨੁਕਸਾਨ ਪਹੁੰਚ ਸਕਦੀਆਂ ਹਨ, ਇਸ ਲਈ ਬੂਟੇ ਦੇ ਤਾਣੇ ਨੂੰ ਪੁਰਾਣੀ ਬੋਰੀ ਜਾਨ ਪਰਾਲੀ ਨਾਲ ਲਪੇਟ ਕੇ ਢੱਕ ਦੇਣਾ ਚਾਹੀਦਾ ਹੈ।

7.ਸਿੰਚਾਈ ਪ੍ਰਬੰਧ: ਬਾਗਬਾਨੀ ਫ਼ਸਲਾਂ ਨੂੰ ਠੰਡ ਦੌਰਾਨ ਕੋਰੇ ਤੋਂ ਬਚਾਉਣ ਲਈ ਹਲਕੀ ਸਿੰਚਾਈ ਕਰਨੀ ਬਹੁਤ ਲਾਭਦਾਇਕ ਹੁੰਦੀ ਹੈ। ਕਿਓਂਕਿ ਅਜਿਹਾ ਕਰਕੇ ਸਰਦੀਆਂ ਵਿੱਚ ਤਾਪਮਾਨ 1-2 ਡਿਗਰੀ ਸੈਂਟੀਗ੍ਰੇਡ ਵਧਾਇਆ ਜਾ ਸਕਦਾ ਹੈ।ਅੱਜ-ਕੱਲ੍ਹ ਸਿੰਚਾਈ ਲਈ ਤੁਪਕਾ ਤੇ ਫੁਆਰਾ ਤਕਨੀਕਾਂ ਵਧੇਰੇ ਕਾਰਗਰ ਸਾਬਤ ਹੋ ਸਕਦੀਆਂ ਹਨ।

8.ਪਲਾਸਟਿਕ ਨਾਲ ਢੱਕਣਾ: ਸਬਜ਼ੀਆਂ ਨੂੰ ਕੋਰੇ ਤੋਂ ਬਚਾਅ ਅਤੇ ਵਧੇਰੇ ਵਾਧੇ ਲਈ, ਪਲਾਸਟਿਕ ਸੀਟ ਨਾਲ ਵੱਟਾਂ ਨੂੰ ਢਕਿਆ ਜਾ ਸਕਦਾ ਹੈ। ਇਸ ਲਈ ਵੱਟਾਂ ਉੱਪਰ ਲੋਹੇ ਦੀ ਤਾਰ ਦੇ ਅਰਧ ਗੋਲੇ ਬਣਾ ਕੇ ਲਗਾਏ ਜਾਂਦੇ ਹਨ ਅਤੇ ਉਹਨਾਂ ਉੱਤੇ ਪਲਾਸਟਿਕ ਸੀਟ ਪਾਈ ਜਾਂਦੀ ਹੈ। ਜਿਸ ਨਾਲ ਤਾਪਮਾਨ ਵਧਣ ਨਾਲ ਇਸ ਵਿੱਚ ਲਗਾਈ ਸਬਜ਼ੀ ਦਾ ਵਾਧਾ ਹੁੰਦਾ ਰਹਿੰਦਾ ਹੈ ਅਤੇ ਠੰਡ ਤੇ ਕੋਰੇ ਦੀ ਮਾਰ ਤੋਂ ਬੱਚੀ ਫ਼ਸਲ ਅਗੇਤੀ ਪੈਦਾਵਾਰ ਵੀ ਦੇਂਦੀ ਹੈ।

9.ਮਲਚਿੰਗ: ਬਾਗਬਾਨੀ ਫ਼ਸਲਾਂ ਦੇ ਖੇਤਾਂ ਵਿੱਚ ਖਾਲੀ ਥਾਵਾਂ ਤੇ ਪਰਾਲੀ ਜਾਂ ਗੰਨੇ ਦੀ ਖੋਰੀ ਦੀ ਤਹਿ ਵਿਛਾ ਕੇ ਵੀ ਠੰਡ ਤੋਂ ਬਚਾਅ ਕੀਤਾ ਜਾ ਸਕਦਾ ਹੈ। ਅੱਜ-ਕੱਲ੍ਹ ਤਾਂ ਵੱਖ ਵੱਖ ਰੰਗ ਦੀ ਪਲਾਸਟਿਕ ਮਲਚਿੰਗ ਸੀਟ ਵੀ ਵਿਛਾਈ ਜਾ ਸਕਦੀ ਹੈ।

10.ਪੋਲੀਗਰੀਨ ਹਾਊਸ: ਲੋਹੇ ਦੇ ਐਂਗਲ ਅਤੇ ਪਲਾਸਟਿਕ ਸ਼ੀਟ ਨਾਲ ਢੱਕਣੇ ਢਾਂਚੇ ਵਿੱਚ ਬਾਗਬਾਨੀ ਫ਼ਸਲਾਂ ਜਿਵੇਂ ਸਬਜ਼ੀਆਂ ਅਤੇ ਫਲਾਂ (ਪਪੀਤਾ) ਦੀ ਕਾਸ਼ਤ ਕਰਕੇ ਵੀ ਇਹਨਾਂ ਨੂੰ ਠੰਡ ਤੇ ਕੋਰੇ ਦੇ ਮਾੜੇ ਅਸਰ ਤੋਂ ਬਚਾਇਆ ਜਾ ਸਕਦਾ ਹੈ।

ਜੇਕਰ ਅਸੀਂ ਆਪਣੇ ਖੇਤਾਂ ਜਾਂ ਬਗ਼ੀਚੇ ਵਿੱਚ ਉੱਪਰੋਕਤ ਦਰਸ਼ਾਏ ਢੰਗ ਅਪਨਾਵਾਂਗੇ ਤਾਂ ਬਾਗਬਾਨੀ ਫ਼ਸਲਾਂ ਨੂੰ ਨਾ ਸਿਰਫ਼ ਠੰਡ/ਕੋਰੇ ਦੇ ਭੈੜੇ ਅਸਰ ਤੋਂ ਬਚਾ ਸਕਾਂਗੇ ਸਗੋਂ ਜ਼ਿਆਦਾ ਉਤਪਾਦਨ ਵੀ ਪ੍ਰਾਪਤ ਕਰ ਸਕਾਂਗੇ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ