ਬਾਸਮਤੀ ’ਤੇ ਕੀਟਨਾਸ਼ਕਾਂ ਦੀ ਵਰਤੋਂ

ਬਾਸਮਤੀ, ਪੰਜਾਬ ਵਿੱਚ ਉਗਾਈ ਜਾਣ ਵਾਲੀ ਝੋਨੇ ਦੀ ਇੱਕ ਖ਼ਾਸ ਕਿਸਮ ਹੈ ਜੋ ਆਪਣੇ ਗੁਣਾਂ ਜਿਵੇਂ ਖੁਸ਼ਬੂ, ਪੱਕਣ ਤੋਂ ਬਾਅਦ ਲੰਬੇ ਪਤਲੇ ਚੌਲ, ਮੁਲਾਇਮ ਅਤੇ ਵਧੀਆ ਸੁਆਦ ਲਈ ਪਛਾਣੀ ਜਾਂਦੀ ਹੈ। ਬਾਸਮਤੀ ਸਭ ਤੋਂ ਵੱਧ ਬਰਾਮਦ ਹੋਣ ਵਾਲੀ ਖੇਤੀ ਜਿਣਸ ਹੈ। ਇਸ ਦਾ ਨਿਰਯਾਤ 2005-06 ਦੌਰਾਨ 11.66 ਲੱਖ ਟਨ ਸੀ ਜੋ ਸਾਲ 2017-18 ਦੌਰਾਨ ਤਕਰੀਬਨ 40.57 ਲੱਖ ਟਨ ਤੱਕ ਪਹੁੰਚ ਚੁੱਕਿਆ ਹੈ। ਇਸ ਦੀ ਕੁੱਲ ਕੀਮਤ 26,870 ਕਰੋੜ ਬਣਦੀ ਹੈ। ਕਿਸਾਨਾਂ ਵੱਲੋਂ ਬਾਸਮਤੀ ਦੇ ਕੀੜਿਆਂ ਤੇ ਬਿਮਾਰੀਆਂ ਦੀ ਰੋਕਥਾਮ ਲਈ ਕੀਟਨਾਸ਼ਕ ਵਿਕ੍ਰੇਤਾਵਾਂ ਤੇ ਕੰਪਨੀਆਂ ਦੇ ਨੁਮਾਇੰਦਿਆਂ ਦੀ ਸਲਾਹ ’ਤੇ ਗ਼ੈਰਸਿਫਾਰਸ਼ਸ਼ੁਦਾ ਕੀਟਨਾਸ਼ਕ ਰਸਾਇਣਾਂ ਦੀ ਵਰਤੋਂ ਕਰਨ ਨਾਲ ਬਾਸਮਤੀ ਦੀ ਗੁਣਵੱਤਾ ਵਿੱਚ ਗਿਰਾਵਟ ਆਈ ਹੈ।

ਪੰਜਾਬ ਵਿੱਚ ਰਾਵੀ ਦਰਿਆਂ ਦੇ ਨਾਲ ਨਾਲ ਸਰਹੱਦੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨ ਤਾਰਨ ਦਾ ਪੌਣਪਾਣੀ ਉੱਚ ਗੁਣਵੱਤਾ ਭਰਪੂਰ ਬਾਸਮਤੀ ਦੀ ਪੈਦਾਵਾਰ ਲਈ ਬਹੁਤ ਹੀ ਢੁਕਵਾਂ ਹੈ। ਪੰਜਾਬ ਵਿੱਚ ਕੁੱਲ ਪੈਦਾ ਹੁੰਦੀ ਬਾਸਮਤੀ ਦੀ ਪੈਦਾਵਾਰ ਦਾ 90 ਫ਼ੀਸਦੀ ਹਿੱਸਾ ਬਰਾਮਦ ਕੀਤਾ ਜਾਂਦਾ ਹੈ। ਬਾਸਮਤੀ ਜ਼ਿਆਦਾਤਰ ਅਮਰੀਕਾ, ਅਰਬ ਅਤੇ ਯੂਰੋਪੀਅਨ ਦੇਸ਼ਾਂ ਨੂੰ ਬਰਾਮਦ ਕੀਤੀ ਜਾਂਦੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਬਾਸਮਤੀ ਬਰਾਮਦ ਕਰਨ ਵਿੱਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਬਾਸਮਤੀ ਵਿੱਚ ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਲਈ ਕਿਸਾਨ ਅਕਸਰ ਆਂਢੀਆਂ-ਗੁਆਂਢੀਆਂ ਜਾਂ ਦੁਕਾਨਦਾਰਾਂ ਦੇ ਕਹਿਣ ’ਤੇ ਬੇਲੋੜੀਆਂ ਗ਼ੈਰਸਿਫਾਰਸ਼ੁਦਾ ਕੀਟਨਾਸ਼ਕਾਂ ਦਾ ਵੱਧ ਮਾਤਰਾ ਵਿੱਚ ਛਿੜਕਾਅ ਕਰਦੇ ਹਨ। ਇਸ ਕਾਰਨ ਕੀਟਨਾਸ਼ਕਾਂ ਦੇ ਅੰਸ਼, ਨਿਰਧਾਰਤ ਮਾਪਦੰਡਾਂ ਤੋਂ ਵਧੇਰੇ ਰਹਿਣ ਕਾਰਨ ਬਾਸਮਤੀ ਦੀ ਬਰਾਮਦ ’ਤੇ ਬੁਰਾ ਪ੍ਰਭਾਵ ਪੈਂਦਾ ਹੈ।

ਸਕੱਤਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ, ਡਾ. ਕਾਹਨ ਸਿੰਘ ਪੰਨੂੰ ਅਨੁਸਾਰ ਬਾਸਮਤੀ ਦੀ ਬਰਾਮਦ ਕਰਨ ਲਈ ਕੁੱਲ ਵੀਹ ਕੀਟਨਾਸ਼ਕਾਂ ਦੇ ਮਾਪਦੰਡ ਨਿਰਧਾਰਤ ਕੀਤੇ ਗਏ ਹਨ। ਇਨਾਂ ਵਿੱਚੋਂ ਪੰਜ ਕੀਟਨਾਸ਼ਕਾਂ ਕਾਰਬੈਂਡਾਜ਼ਿਮ, ਟਰਾਈਸਾਈਕਲਾਜ਼ੋਲ, ਐਸੀਫੇਟ, ਥਾਇਆਮੀਥਾਕਸਮ ਅਤੇ ਟ੍ਰਾਈਜ਼ੋਫਾਸ ਕਾਰਨ ਬਾਸਮਤੀ ਦੀ ਬਰਾਮਦ ਪ੍ਰਭਾਵਿਤ ਹੋ ਰਹੀ ਹੈ। ਜੇ ਇਨ੍ਹਾਂ ਗ਼ੈਰਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦੀ ਵਰਤੋਂ ਜਾਰੀ ਰਹਿੰਦੀ ਹੈ ਤਾਂ ਬਾਸਮਤੀ ਦੀ ਬਰਾਮਦ ਨਹੀਂ ਕੀਤੀ ਜਾ ਸਕੇਗੀ, ਇਸ ਦਾ ਸਿੱਧਾ ਅਸਰ ਕਿਸਾਨਾਂ ਦੀ ਆਰਥਿਕਤਾ ’ਤੇ ਪਵੇਗਾ।

10-15 ਸਾਲ ਪਹਿਲਾਂ ਤਣਾ ਛੇਦਕ ਸੁੰਡੀ ਬਾਸਮਤੀ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਕਰਦੀ ਸੀ ਪਰ 2009-10 ਦੌਰਾਨ ਪੰਜਾਬ ਸਰਕਾਰ ਵੱਲੋਂ ਬਣਾਏ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ-ਸਾਇਲ ਵਾਟਰ ਐਕਟ ਤਹਿਤ ਝੋਨੇ ਦੀ ਲਵਾਈ ਪਹਿਲਾਂ 10 ਜੂਨ, ਫਿਰ 15 ਜੂਨ ਅਤੇ ਹੁਣ 20 ਜੂਨ ਸ਼ੁਰੂ ਹੋਣ ਨਾਲ ਤਣਾ ਛੇਦਕ ਸੁੰਡੀ ਦਾ ਹਮਲਾ ਲਗਪਗ ਖ਼ਤਮ ਹੋ ਚੁੱਕਾ ਹੈ। ਇਸ ਲਈ ਇਸ ਕੀੜੇ ਦੀ ਰੋਕਥਾਮ ਲਈ ਕਿਸੇ ਵੀ ਕੀਟਨਾਸ਼ਕ ਦੀ ਜ਼ਰੂਰਤ ਨਹੀਂ ਰਹਿ ਗਈ ਹੈ। ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਹਮਲੇ ਦੇ ਸ਼ੁਰੂਆਤ ਵਿੱਚ ਨਿਸਰਨ ਤੋਂ ਪਹਿਲਾਂ 20-30 ਫੁੱਟ ਲੰਬੀ ਨਰੇਲ ਦੀ ਰੱਸੀ ਫ਼ਸਲ ਉੱਪਰ ਫੇਰਨ ਨਾਲ ਸੁੰਡੀ ਖੇਤ ਵਿੱਚ ਖੜ੍ਹੇ ਪਾਣੀ ਵਿੱਚ ਡਿੱਗ ਪੈਂਦੀ ਹੈ। ਕਈ ਵਾਰ ਭਾਰੀ ਬਾਰਸ਼ ਹੋਣ ਨਾਲ ਵੀ ਪੱਤਾ ਲਪੇਟ ਸੁੰਡੀ ਖੇਤ ਵਿੱਚ ਡਿੱਗ ਕੇ ਖ਼ਤਮ ਹੋ ਜਾਂਦੀ ਹੈ। ਜੇ ਪੱਤਾ ਲਪੇਟ ਸੁੰਡੀ ਦਾ ਹਮਲਾ ਆਰਥਿਕ ਕਗਾਰ (10% ਜਾਂ ਵੱਧ ਨੁਕਸਾਨੇ ਪੱਤੇ) ਤੋਂ ਵਧ ਜਾਂਦਾ ਹੈ ਤਾਂ 20 ਮਿਲੀਲਿਟਰ ਫਲੂਮੈਂਡਾਮਾਈਡ 480 ਐਸ ਐਲ ਜਾਂ 60 ਮਿਲੀ ਲਿਟਰ ਕਲੋਐਂਟਰਾਨਿਲੀਪਰੋਲ 20 ਐਸ ਸੀ ਜਾਂ 170 ਗ੍ਰਾਮ ਕਾਰਟਾਪ ਹਾਈਡ੍ਰੋਕਲੋਰਾਈਡ 75 ਐਸ ਸੀ ਜਾਂ ਇੱਕ ਲਿਟਰ ਕਲੋਰੋਪਾਈਪਾਈਰੀਫਾਸ 20 ਈ ਸੀ ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਭੁਰੇ/ਚਿੱਟੇ ਟਿੱਡਿਆਂ(ਕਾਲਾ ਤੇਲਾ) ਦਾ ਹਮਲਾ ਜੇ ਆਰਥਿਕ ਕਗਾਰ (5 ਜਾਂ ਵੱਧ ਟਿਡੇ ਪ੍ਰਤੀ ਬੂਟਾ) ਤੋਂ ਵਧ ਜਾਵੇ ਤਾਂ 120 ਗ੍ਰਾਮ ਪਾਈਮੈਟਰੋਜ਼ਿਨ 50 ਡਬਲਿਯੂ ਜੀ, 40 ਮਿਲੀਲਿਟਰ ਇਮਿਡਾਕਲੋਪਰਿਡ 17.8 ਐਸ ਐਲ ਜਾਂ 800 ਮਿਲੀਲਿਟਰ ਕੁਇਨਲਫਾਸ ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਘੋਲ ਕੇ ਹਮਲੇ ਵਾਲੀ ਅਤੇ ਕੁਝ ਆਲੇ ਦੁਆਲੇ ਜਗ੍ਹਾ ’ਤੇ ਬੂਟੇ ਦੇ ਮੁੱਢਾਂ ਵਾਲੇ ਪਾਸੇ ਛਿੜਕਾਅ ਕਰੋ। ਨੋਜ਼ਲ ਹਮੇਸ਼ਾਂ ਗੋਲ ਵਰਤੋ। ਘੰਡੀ ਜਾਂ ਭੁਰੜ ਰੋਗ ਦੀ ਰੋਕਥਾਮ ਲਈ 200 ਮਿਲੀਲਿਟਰ ਐਮੀਸਟਾਰ -ਟੌਪ 325 ਐਸ ਸੀ ਜਾਂ 500 ਗ੍ਰਾਮ ਇਮਡੋਫਿਲ ਜ਼ੈਡ 78 ਪਰਤੀ ਏਕੜ ਨੂੰ ਬਿਮਾਰੀ ਵਾਲੀ ਫਸਲ ਉੱਤੇ ਭਰਪੂਰ ਸ਼ਾਖਾਂ ਨਿਕਲਣ ਅਤੇ ਗੱਭ ਭਰਨ ਸਮੇਂ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਤਣੇ ਦੁਆਲੇ ਪੱਤੇ ਦਾ ਝੁਲਸ ਰੋਗ ਦੀ ਰੋਕਥਾਮ ਲਈ 200 ਮਿਲਿਲਿਟਰ ਐਮੀਸਟਾਰ-ਟੌਪ 325 ਐਸ ਸੀ ਜਾਂ 200 ਮਿਲੀਲਿਟਰ ਪ੍ਰੋਪੀਕੋਨਾਜ਼ੋਲ 25 ਈ ਸੀ ਜਾਂ 80 ਗ੍ਰਾਮ ਨਟੀਵੋ 75 ਡਬਲਿਯੂ ਜੀ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।

ਬਾਸਮਤੀ ਦੀ ਬਰਾਮਦ ਸਬੰਧੀ ਸੋਧੇ ਨਿਰਧਾਰਤ ਮਾਪਦੰਡਾਂ ਨੂੰ ਮੁੱਖ ਰੱਖਦਿਆਂ ਯੂਰੀਆ ਖਾਦ ਦੀ ਵਰਤੋਂ ਕੇਵਲ ਸਿਫ਼ਾਰਸ਼ਾਂ ਅਨੁਸਾਰ ਹੀ ਕਰੋ। ਬਾਸਮਤੀ ਦੀ ਫ਼ਸਲ ਦਾ ਨਿਰੰਤਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਕੀੜੇ ਜਾਂ ਬਿਮਾਰੀ ਦੇ ਹਮਲੇ ਦੇ ਸ਼ੁਰੂਆਤੀ ਦੌਰ ਵਿੱਚ ਹੀ ਰੋਕਥਾਮ ਕੀਤੀ ਜਾ ਸਕੇ। ਬੂਟਿਆਂ ਦੇ ਟਿੱਡਿਆਂ ਦੀ ਰੋਕਥਾਮ ਲਈ ਸਿੰਥੈਟਿਕ ਪੈਰਾਥਰਾਈਡ ਸਮੂਹ ਦੀ ਕੀਟਨਾਸ਼ਕਾਂ ਦੀ ਵਰਤੋਂ ਨਾ ਕਰੋ। ਮੁੰਜਰਾਂ ਨਿਕਲਣ ਉਪਰੰਤ ਫ਼ਸਲ ਉੱਪਰ ਕਿਸੇ ਵੀ ਤਰ੍ਹਾਂ ਦੇ ਕੀਟਨਾਸ਼ਕਾਂ ਦਾ ਛਿੜਕਾਅ ਨਾ ਕਰੋ। ਖੇਤੀ ਰਸਾਇਣਾਂ ਦੀ ਸੁਚੱਜੀ ਵਰਤੋਂ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਖੇਤੀ ਮਾਹਿਰਾਂ ਨਾਲ ਹਮੇਸ਼ਾਂ ਸੰਪਰਕ ਬਣਾ ਕੇ ਰੱਖੋ ਤਾਂ ਜੋ ਕੀਟਨਾਸ਼ਕਾਂ ਅਤੇ ਉੱਲੀਨਾਸ਼ਕਾਂ ਦੀ ਸੁਚੱਜੀ ਵਰਤੋਂ ਕਰਕੇ ਨਿਰਯਾਤਯੋਗ ਬਾਸਮਤੀ ਪੈਦਾ ਕਰ ਸਕੀਏ।

*ਬਲਾਕ ਖੇਤੀਬਾੜੀ ਅਫਸਰ, ਪਠਾਨਕੋਟ।
ਸੰਪਰਕ: 94630-71919

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ