ਦਾਲਾਂ ਦੇ ਇਹ ਪ੍ਰੋਸੈੱਸਿੰਗ ਤਰੀਕੇ ਵਧਾ ਸਕਦੇ ਹਨ ਤੁਹਾਡੀ ਆਮਦਨ

ਪ੍ਰੋਸੈੱਸਿੰਗ ਤਰੀਕੇ ਨਾਲ ਵਧਾਓ ਦਾਲਾਂ ਦਾ ਉਪਯੋਗ

ਦਾਲਾਂ ਨੂੰ ਕਈ ਤਰੀਕੇ ਨਾਲ ਪ੍ਰੋਸੈੱਸਡ ਭੋਜਨ ਪਦਾਰਥ ਜਿਵੇਂ ਕਿ ਬਰੈੱਡ, ਪਾਸਤਾ ਅਤੇ ਕਈ ਤਰ੍ਹਾਂ ਦੇ ਸਨੈਕਸ, ਬੱਚਿਆਂ ਦੇ ਭੋਜਨ ਅਤੇ ਸਪੋਰਟਸ ਫੂਡ ਆਦਿ ਬਣਾਉਣ ਲਈ ਵਰਤਿਆ ਜਾ ਸਕਦਾ ਹੈ। ਪ੍ਰੋਸੈੱਸਿੰਗ ਦੀਆਂ ਵੱਖ-ਵੱਖ ਤਕਨੀਕਾਂ ਜਿਵੇਂ ਕਿ ਭਿਉਂ ਕੇ ਰੱਖਣਾ, ਪੁੰਗਰਾਉਣਾ, ਪਕਾਉਣਾ, ਭੁੰਨਣਾ ਅਤੇ ਖਮੀਰੀਕਰਣ ਆਦਿ ਦੀ ਵਰਤੋਂ ਕਰਕੇ ਦਾਲਾਂ ਦੀ ਪੌਸ਼ਟਿਕਤਾ ਨੂੰ ਹੋਰ ਵਧਾਇਆ ਜਾ ਸਕਦਾ ਹੈ, ਕਿਉਂਕਿ ਇਹ ਤਕਨੀਕਾਂ ਦਾਲਾਂ ਵਿੱਚ ਮਿਲਣ ਵਾਲੇ ਐਂਜ਼ਾਈਮਾਂ ਦੀਆਂ ਗਤੀਵਿਧੀਆਂ ਨੂੰ ਰੋਕ ਕੇ ਪ੍ਰੋਟੀਨ ਅਤੇ ਖਣਿਜ ਪਦਾਰਥ ਜਿਵੇਂ ਕਿ ਲੋਹਾ ਅਤੇ ਜ਼ਿੰਕ ਨੂੰ ਸਰੀਰ ਵਿੱਚ ਸੋਖਣ ਲਈ ਮਦਦ ਕਰਦੀਆਂ ਹਨ।

ਭਿਉਂ ਕੇ ਰੱਖਣਾ:

ਦਾਲਾਂ ਨੂੰ 1.5% ਸੋਡੀਅਮ ਥਾਈਕਾਰਬੋਨੇਟ + 0.5% ਸੋਡੀਅਮ ਕਾਰਬੋਨੇਟ + 0.75% ਸਿਟ੍ਰਿਕ ਐਸਿਡ ਦੇ ਘੋਲ ਵਿੱਚ ਭਿਉਣ ਨਾਲ ਦਾਲਾਂ ਨੂੰ ਪੱਕਣ ਵਿੱਚ ਘੱਟ ਸਮਾਂ ਲੱਗਦਾ ਹੈ। ਇਸ ਤੋਂ ਇਲਾਵਾ ਸੁੱਕੀਆਂ ਫਲੀਆਂ (ਜਿਵੇਂ ਕਿ ਰਾਜਮਾਂਹ, ਛੋਲੇ ਆਦਿ) ਨੂੰ 0.5% ਸੋਡੀਅਮ ਬਾਈਕਾਰਬੋਨੇਟ ਦੇ ਘੋਲ ਵਿੱਚ 18 ਘੰਟੇ ਰੱਖਣ ਤੋਂ ਬਾਅਦ 121° ਸੈਲਸੀਅਸ ਤਾਪਮਾਨ ਵਿੱਚ 30 ਮਿੰਟਾਂ ਤੱਕ ਪਕਾਉਣ ਨਾਲ ਦਾਲਾਂ ਵਿੱਚ ਮੌਜੂਦ, ਪੇਟ ਵਿੱਚ ਗੈਸ ਬਣਾਉਣ ਵਾਲੇ ਤੱਤ ਜਿਵੇਂ ਕਿ ਰੈਫੀਨੋਸ ਅਤੇ ਸਟੈਕੀਓਜ਼ ਘੱਟ ਜਾਂਦੇ ਹਨ।

ਪੁੰਗਰਾਉਣਾ:

ਦਾਲਾਂ ਨੂੰ ਪੁੰਗਰਾਉਣ ਦਾ ਤਰੀਕਾ ਬਹੁਤ ਆਸਾਨ ਹੈ ਅਤੇ ਦਾਲਾਂ ਦਾ ਸਵਾਦ, ਪਾਚਨ ਅਤੇ ਪੌਸ਼ਟਿਕਤਾ ਵਧਾਉਣ ਲਈ ਇੱਕ ਬਹੁਤ ਹੀ ਪ੍ਰਸਿੱਧ ਤਰੀਕਾ ਹੈ। ਦਾਲਾਂ ਨੂੰ ਪੁੰਗਰਾਉਣ ਲਈ 8-10 ਘੰਟੇ ਲਈ ਬਰਾਬਰ ਮਾਤਰਾ ਦੇ ਪਾਣੀ ਵਿੱਚ ਭਿਉਂ ਕੇ ਰੱਖੋ, ਜਦ ਤੱਕ ਕਿ ਦਾਲਾਂ ਪੂਰਾ ਪਾਣੀ ਸੋਖ ਕੇ ਫੁੱਲ ਨਾ ਜਾਣ। ਹੁਣ ਇਸ ਭਿੱਜੀ ਹੋਈ ਦਾਲ ਨੂੰ ਮਲਮਲ ਦੇ ਕੱਪੜੇ ਵਿੱਚ ਢਿੱਲਾ ਬੰਨ ਕੇ ਕਿਸੇ ਗਰਮ ਜਗ੍ਹਾ ‘ਤੇ ਰੱਖ ਦਿਓ। ਮਲਮਲ ਦੇ ਕੱਪੜੇ ਨੂੰ ਸੁੱਕਣ ਨਾ ਦਿਓ। 12-24 ਘੰਟੇ ਵਿੱਚ ਦਾਲ ਪੁੰਗਰ ਜਾਵੇਗੀ। ਗਰਮੀਆਂ ਵਿੱਚ ਦਾਲਾਂ ਨੂੰ ਪੁੰਗਰਣ ਵਿੱਚ ਘੱਟ ਸਮਾਂ ਲੱਗਦਾ ਹੈ। ਪੁੰਗਰੀ ਹੋਈ ਦਾਲ ਵਿੱਚ ਵਿਟਾਮਿਨ ਬੀ ਅਤੇ ਵਿਟਾਮਿਨ ਸੀ ਜ਼ਿਆਦਾ ਹੁੰਦਾ ਹੈ। ਪੁੰਗਰੀਆਂ ਦਾਲਾਂ ਵਿੱਚ ਪ੍ਰੋਟੀਨ ਵੀ ਜਲਦੀ ਪਚਣਯੋਗ ਹੋ ਜਾਂਦਾ ਹੈ।

ਭੁੰਨਣਾ:

ਦਾਲਾਂ ਨੂੰ ਭੁੰਨ ਕੇ ਖਾਣ ਦਾ ਤਰੀਕਾ ਭਾਰਤ ਵਿੱਚ ਕਈ ਸਾਲਾਂ ਤੋਂ ਪ੍ਰਚੱਲਿਤ ਹੈ। ਦਾਲਾਂ ਨੂੰ ਭੁੰਨਣ ਨਾਲ ਇਨ੍ਹਾਂ ਦਾ ਰੰਗ ਅਤੇ ਸਵਾਦ ਹੋਰ ਵੀ ਵੱਧ ਜਾਂਦਾ ਹੈ। ਭੁੰਨਣ ਨਾਲ ਦਾਲਾਂ ਵਿੱਚ ਅਲੱਗ ਤਰ੍ਹਾਂ ਦੀ ਮਹਿਕ ਪੈਦਾ ਹੋ ਜਾਂਦੀ ਹੈ ਅਤੇ ਇਨ੍ਹਾਂ ਵਿੱਚ ਕੁਰਕੁਰਾਪਨ ਵੀ ਆ ਜਾਂਦਾ ਹੈ। ਭੁੰਨਣ ਲਈ ਦਾਲਾਂ ਨੂੰ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਜਾਂ ਇਸ ਤੋਂ ਬਿਨਾਂ ਬਰਤਨ ਵਿੱਚ ਖਾਣ ਵਾਲੇ ਨਮਕ ਜਾਂ ਰੇਤ ਵਿੱਚ ਮਿਲਾ ਕੇ ਭੁੰਨਿਆ ਜਾਂਦਾ ਹੈ। ਦਾਲਾਂ ਦੀਆਂ ਕਿਸਮਾਂ ਦੇ ਆਧਾਰ ‘ਤੇ ਬਰਤਨ ਦਾ ਤਾਪਮਾਨ 200-250° ਸੈਲਸੀਅਸ ਰੱਖ ਕੇ 2-3 ਮਿੰਟਾਂ ਲਈ ਭੁੰਨਿਆ ਜਾਂਦਾ ਹੈ। ਨਮਕ ਜਾਂ ਰੇਤ ਨੂੰ ਛਾਣ ਕੇ ਅਲੱਗ ਕਰ ਲਿਆ ਜਾਂਦਾ ਹੈ। ਦਾਲਾਂ ਨੂੰ ਭੁੰਨਣ ਨਾਲ ਇਨ੍ਹਾਂ ਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ।

ਖਮੀਰੀਕਰਣ:

ਭੋਜਨ ਵਿੱਚ ਕੁਦਰਤੀ ਤੌਰ ‘ਤੇ ਮੌਜੂਦ ਸੂਖਮਜੀਵ ਅਤੇ ਬੈਕਟੀਰੀਆ ਦੇ ਮਾਧਿਅਮ ਨਾਲ ਭੋਜਨ ਨੂੰ ਖਮੀਰਿਆ ਜਾਂਦਾ ਹੈ। ਖਮੀਰਣ ਪ੍ਰਕਿਰਿਆ ਕਾਰਨ ਕਾਰਬਨ ਡਾਈਆਕਸਾਈਡ ਬਣ ਜਾਂਦੀ ਹੈ, ਜਿਸ ਕਾਰਨ ਖਮੀਰੀ ਭੋਜਨ ਜਾਲੀਦਾਰ ਅਤੇ ਬੁਲਬੁਲੇਦਾਰ ਹੁੰਦੇ ਹਨ। ਖਮੀਰਣ ਪ੍ਰਕਿਰਿਆ ਤੋਂ ਤਿਆਰ ਕੀਤੇ ਗਏ ਭੋਜਨ ਪਦਾਰਥ ਦਾ ਸਵਾਦ ਅਤੇ ਬਣਤਰ ਆਮ ਪਦਾਰਥਾਂ ਤੋਂ ਅਲੱਗ ਹੁੰਦੀ ਹੈ ਅਤੇ ਇਨ੍ਹਾਂ ਦੀ ਪੌਸ਼ਟਿਕਤਾ ਵੀ ਵੱਧ ਜਾਂਦੀ ਹੈ। ਦਾਲ ਅਤੇ ਚੌਲਾਂ ਦੇ ਖਮੀਰੇ ਹੋਏ ਮਿਸ਼ਰਣ ਭਾਰਤ ਵਿੱਚ ਸਭ ਤੋਂ ਵੱਧ ਵਰਤੇ ਜਾਂਦੇ ਹਨ। ਇਸ ਮਿਸ਼ਰਣ ਨੂੰ ਤਿਆਰ ਕਰਨ ਲਈ ਦਾਲ ਅਤੇ ਚੌਲਾਂ ਨੂੰ ਵੱਖ-ਵੱਖ 4-6 ਘੰਟੇ ਲਈ ਭਿਉਂ ਕੇ ਰੱਖਿਆ ਜਾਂਦਾ ਹੈ। ਫਿਰ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਬਾਰੀਕ ਪੀਸ ਲਿਆ ਜਾਂਦਾ ਹੈ। ਬਾਰੀਕ ਪਿਸੇ ਹੋਏ ਮਿਸ਼ਰਣ ਨੂੰ ਸਾਰੀ ਰਾਤ ਖਮੀਰਣ ਲਈ ਗਰਮ ਜਗ੍ਹਾ ‘ਤੇ ਰੱਖਿਆ ਜਾਂਦਾ ਹੈ। ਖਮੀਰੇ ਭੋਜਨ ਪਦਾਰਥ ਵਿਟਾਮਿਨ ਬੀ ਅਤੇ ਸੀ ਦਾ ਚੰਗਾ ਸ੍ਰੋਤ ਹੁੰਦੇ ਹਨ।

ਇਸ ਤਰ੍ਹਾਂ ਪ੍ਰੋਸੈੱਸਿੰਗ ਦੀਆਂ ਵੱਖ-ਵੱਖ ਤਕਨੀਕਾਂ ਅਪਨਾ ਕੇ ਦਾਲਾਂ ਨੂੰ ਕਈ ਤਰ੍ਹਾਂ ਦੇ ਭੋਜਨ ਪਦਾਰਥ ਜਿਵੇਂ ਕਿ – ਬ੍ਰੈੱਡ, ਪਾਸਤਾ, ਕੇਕ, ਸੂਪ, ਸਾੱਸ, ਅਤੇ ਗਲੂਟਿਨ ਮੁਕਤ ਉਤਪਾਦ ਬਣਾਉਣ ਲਈ ਵਰਤਿਆ ਜਾ ਸਕਦਾ ਹੈ। ਇਸ ਤਰ੍ਹਾਂ ਤਿਆਰ ਭੋਜਨ ਪਦਾਰਥ ਦੀ ਪੌਸ਼ਟਿਕਤਾ ਵਿੱਚ ਵਾਧਾ ਕਰਦਾ ਹੈ। ਇਸ ਸਭ ਤੋਂ ਇਲਾਵਾ ਦਾਲਾਂ ਦੀ ਪ੍ਰੋਸੈੱਸਿੰਗ ਰੋਜ਼ਗਾਰ ਵਿੱਚ ਇੱਕ ਚੰਗਾ ਬਦਲਾਅ ਸਾਬਿਤ ਹੋ ਸਕਦੀ ਹੈ। ਜ਼ਿਆਦਾ ਸੁਵਿਧਾਵਾਂ ਉਪਲੱਬਧ ਹੋਣ ਦੇ ਕਾਰਨ ਜ਼ਿਆਦਾਤਰ ਪ੍ਰੋਸੈੱਸਿੰਗ ਯੂਨਿਟ ਸ਼ਹਿਰ ਵਿੱਚ ਬਣਾਈ ਜਾਂਦੀ ਹੈ, ਪਰ ਜੇਕਰ ਇਸਨੂੰ ਪਿੰਡ ਵਿੱਚ ਸ਼ੁਰੂ ਕੀਤਾ ਜਾਵੇ ਤਾਂ ਇਹ ਪਿੰਡ ਦੇ ਬੇਰੋਜ਼ਗਾਰ ਨੌਜਵਾਨਾਂ ਲਈ ਚੰਗੀ ਸਾਬਿਤ ਹੋਵੇਗੀ।

 

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ