ਪੁਦੀਨਾ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ। ਇਹ ਗਰਮੀ ਦੇ ਮੌਸਮ ਵਿੱਚ ਤੁਹਾਨੂੰ ਕਈ ਵੱਡੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਪੁਦੀਨਾ ਖਾਣੇ ਦਾ ਜ਼ਾਇਕਾ ਵਧਾਉਂਦਾ ਹੈ ਅਤੇ ਪੇਟ ਲਈ ਠੰਡਾ ਹੁੰਦਾ ਹੈ। ਮੌਸਮ ਦੀ ਮੰਗ ਦੇ ਚਲਦਿਆਂ ਪੁਦੀਨਾ ਕਈ ਵਾਰ ਮਾਰਕਿਟ ‘ਚੋਂ ਬਹੁਤ ਮਹਿੰਗਾ ਮਿਲਦਾ ਹੈ। ਪੁਦੀਨੇ ਨੂੰ ਘਰ ਵਿੱਚ ਉਗਾਉਣਾ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਕਿ ਇਸਨੂੰ ਘਰ ਵਿੱਚ ਕਿਵੇਂ ਉਗਾਇਆ ਜਾ ਸਕਦਾ ਹੈ।
1. ਪੁਦੀਨਾ ਲਗਾਉਣ ਲਈ ਗਮਲਾ ਵੱਡੇ ਆਕਾਰ ਦਾ ਹੋਣਾ ਚਾਹੀਦਾ ਹੈ, ਤਾਂ ਜੋ ਪੌਦੇ ਆਸਾਨੀ ਨਾਲ ਅਤੇ ਜ਼ਿਆਦਾ ਮਾਤਰਾ ਵਿੱਚ ਵਿਕਸਿਤ ਹੋ ਸਕਣ। ਪੁਦੀਨੇ ਨੂੰ ਜ਼ਿਆਦਾ ਧੁੱਪ ਦੀ ਲੋੜ ਨਹੀਂ ਹੁੰਦੀ, ਇਸ ਲਈ ਗਮਲੇ ਨੂੰ ਸੂਰਜ ਦੀ ਤੇਜ਼ ਧੁੱਪ ਤੋਂ ਬਚਾ ਕੇ ਰੱਖੋ ਅਤੇ ਇੰਨਫੈੱਕਸ਼ਨ(ਲਾਗ) ਤੋਂ ਬਚਾਅ ਲਈ ਹੋਰਨਾਂ ਪੌਦਿਆਂ ਤੋਂ ਦੂਰ ਰੱਖੋ।
2. ਪੁਦੀਨੇ ਦੇ ਬੀਜ ਨੂੰ ਮਿੱਟੀ ਵਿੱਚ ਦੋ ਇੰਚ ਡੂੰਘਾਈ ਵਿੱਚ ਕਿਸੇ ਵੀ ਸਮੇਂ ਬੀਜਿਆ ਜਾ ਸਕਦਾ ਹੈ। ਫਿਰ ਇਹ ਅੱਠ ਹਫਤਿਆਂ ਵਿੱਚ ਪੂਰੀ ਠੰਡ ਦੇ ਸਮੇਂ ਉੱਗਦਾ ਹੈ।
3. ਪੁਦੀਨੇ ਦੇ ਪੌਦੇ ਨੂੰ ਉੱਗਣ ਲਈ ਨਮੀ ਦੀ ਜ਼ਰੂਰਤ ਹੁੰਦੀ ਹੈ, ਪਰ ਇਨ੍ਹਾਂ ਨੂੰ ਇੰਨਾ ਵੀ ਪਾਣੀ ਨਾ ਦਿਓ ਕਿ ਇਹ ਸੜ ਹੀ ਜਾਣ। ਪਾਣੀ ਦੀ ਮਾਤਰਾ ਉਚਿੱਤ ਰੱਖੋ ਅਤੇ ਪੌਦਿਆਂ ਦੇ ਚਾਰੇ ਪਾਸੇ ਫੁੱਲ ਅਤੇ ਫਲਾਂ ਦੇ ਪੱਤੇ ਵਿਛਾ ਦਿਓ, ਤਾਂ ਜੋ ਪੌਦਿਆਂ ਨੂੰ ਸਹੀ ਤਰ੍ਹਾਂ ਨਾਲ ਨਮੀ ਪ੍ਰਾਪਤ ਹੋਵੇ। ਇਸ ਨਾਲ ਪੌਦੇ ਪਾਣੀ ਵੀ ਜ਼ਿਆਦਾ ਸੋਖਦੇ ਹਨ ਅਤੇ ਖਰਾਬ ਹੋਣ ਤੋਂ ਵੀ ਬਚ ਜਾਂਦੇ ਹਨ। ਪੁਦੀਨੇ ਨੂੰ ਦਿਨ ਵਿੱਚ ਦੋ ਬਾਰ ਪਾਣੀ ਦਿਓ।
4. ਪੁਦੀਨੇ ਦੇ ਪੌਦਿਆਂ ਨੂੰ ਚੰਗੀ ਤਰ੍ਹਾਂ ਉੱਗਣ ਲਈ ਖਾਦ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਹਰ 10 ਦਿਨ ਬਾਅਦ ਕੁਦਰਤੀ ਖਾਦ ਹੀ ਪਾਓ। ਖਾਦ ਉਦੋਂ ਤੱਕ ਪਾਓ, ਜਦੋਂ ਤੱਕ ਉਹ ਕਟਾਈ-ਯੋਗ ਨਾ ਹੋ ਜਾਣ। ਕੁਦਰਤੀ ਖਾਦ ਵਿੱਚ ਰਸੋਈ ਦੇ ਬਚੇ-ਖੁਚੇ ਪਦਾਰਥ, ਗਾਂ ਦਾ ਗੋਹਾ ਜਾਂ ਫਿਰ ਹੋਰ ਫਲ ਅਤੇ ਪੱਤੇ ਪਾ ਸਕਦੇ ਹੋ।
5. ਪੁਦੀਨੇ ਦੇ ਪੌਦਿਆਂ ਨੂੰ ਉੱਗਣ ਵਿੱਚ 6 ਤੋਂ 8 ਹਫਤੇ ਆਰਾਮ ਨਾਲ ਲੱਗ ਜਾਂਦੇ ਹਨ। ਤੁਸੀਂ ਗਮਲੇ ‘ਚੋਂ ਕੇਵਲ ਪੱਤੀਆਂ ਤੋੜ ਕੇ ਆਪਣੀ ਜਰੂਰਤ ਅਨੁਸਾਰ ਵਰਤ ਸਕਦੇ ਹੋ। ਪੌਦੇ ਨੂੰ ਇਸ ‘ਤੇ ਫੁੱਲ ਲੱਗਣ ਤੋਂ ਪਹਿਲਾਂ ਹੀ ਕੱਟ ਲੈਣਾ ਚਾਹੀਦਾ ਹੈ। ਤੁਸੀਂ ਪੁਦੀਨੇ ਦਾ ਸੇਵਨ ਚਾਹ ਜਾਂ ਜੂਸ ਵਿੱਚ ਪਾ ਕੇ ਕਰ ਸਕਦੇ ਹੋ ਅਤੇ ਆਪਣੀ ਜ਼ਰੂਰਤ ਅਨੁਸਾਰ ਤਾਜ਼ੇ ਪੁਦੀਨੇ ਦੀ ਵਰਤੋਂ ਕਰ ਸਕਦੇ ਹੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ