ਅਸੀਂ ਸਾਰੇ ਜਾਣਦੇ ਹਾਂ ਕਿ ਅਨਾਰ ਦਾ ਸੇਵਨ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ ਪਰ ਲੋਕ ਅਨਾਰ ਬੜੇ ਆਨੰਦ ਨਾਲ ਖਾਂਦੇ ਹਨ ਅਤੇ ਉਸ ਦੇ ਛਿਲਕਿਆਂ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ, ਜਦਕਿ ਇਸ ਦੇ ਛਿਲਕੇ ਵੀ ਸਿਹਤ ਲਈ ਬਹੁਤ ਲਾਭਦਾਇਕ ਹੁੰਦੇ ਹਨ। ਆਮ ਤੌਰ ‘ਤੇ ਅਨਾਰ ਦੇ ਛਿਲਕਿਆਂ ਤੋਂ ਤਿਆਰ ਕੀਤੀ ਗਈ ਚਾਹ ਤੁਹਾਨੂੰ ਕਈ ਬਿਮਾਰੀਆਂ ਤੋਂ ਰਾਹਤ ਪ੍ਰਦਾਨ ਕਰਦੀ ਹੈ।
ਪਾਚਨ ਪ੍ਰਣਾਲੀ ਵਿੱਚ ਫਾਇਦੇਮੰਦ:
ਅਨਾਰ ਦੇ ਛਿਲਕਿਆਂ ਦੀ ਚਾਹ ਨੂੰ ਪਾਚਨ ਪ੍ਰਣਾਲੀ ਲਈ ਕਾਫ਼ੀ ਵਧੀਆ ਮੰਨਿਆ ਜਾਂਦਾ ਹੈ। ਅਨਾਰ ਦੇ ਛਿਲਕਿਆਂ ਵਿੱਚ ਮੌਜੂਦ ਕਈ ਐਂਟੀਆੱਕਸੀਡੈਂਟਸ ਹੋਣ ਕਾਰਨ ਇਹ ਚਾਹ ਬਹੁਤ ਫ਼ਾਇਦੇਮੰਦ ਹੁੰਦੀ ਹੈ ਅਤੇ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਤੋਂ ਸਰੀਰ ਨੂੰ ਬਚਾਉਂਦੀ ਹੈ।
ਬਲੱਡ ਪ੍ਰੈਸ਼ਰ ਕਾਬੂ ਵਿੱਚ:
ਇਸ ਦੀ ਚਾਹ ਪੀਣ ਨਾਲ ਬਲੱਡ ਪ੍ਰੈਸ਼ਰ ਕਾਬੂ ਵਿੱਚ ਰਹਿੰਦਾ ਹੈ। ਫ਼ਲੇਵੇਨਾਇਡਸ, ਫ਼ੇਨਾਲਿਕਸ ਅਤੇ ਕਈ ਤਰ੍ਹਾਂ ਦੇ ਐਂਟੀਆੱਕਸੀਡੈਂਟਸ ਕਾਰਨ ਇਸ ਚਾਹ ਨੂੰ ਪੀਣ ਨਾਲ ਦਿਲ ਦੀਆਂ ਬਿਮਾਰੀਆਂ ਵੀ ਘੱਟ ਹੁੰਦੀਆਂ ਹਨ।
ਚਿਹਰੇ ਲਈ ਫਾਇਦੇਮੰਦ:
ਅਨਾਰ ਦੇ ਛਿਲਕਿਆਂ ਵਿੱਚ ਮੌਜੂਦ ਐਂਟੀਆੱਕਸੀਡੈਂਟਸ ਫ਼ਰੀ ਰੈਡਿਕਲਜ਼ ਨੂੰ ਨਿਊਟ੍ਰਿਲਾਈਜ਼ ਕਰਦੇ ਹਨ, ਜਿਸ ਨਾਲ ਝੁਰੜੀਆਂ ਅਤੇ ਕਾਲੇ ਘੇਰੇ ਨਹੀਂ ਹੁੰਦੇ ਹਨ। ਇਹ ਚਾਹ ਪੀਣ ਨਾਲ ਜੋੜਾਂ ਦੇ ਦਰਦ ਅਤੇ ਹੱਡੀਆਂ ਦੀ ਕਮਜ਼ੋਰੀ ਵੀ ਘੱਟ ਹੁੰਦੀ ਹੈ।
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇਸ ਅਨਾਰ ਦੇ ਛਿਲਕਿਆਂ ਨੂੰ ਸਾਫ਼ ਪਾਣੀ ਨਾਲ ਧੋ ਕੇ ਧੁੱਪ ਵਿੱਚ ਸੁਕਾ ਲਵੋ। ਸੁਕਾਉਣ ਤੋਂ ਬਾਅਦ ਇਸ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਤੋੜ ਲਵੋ ਅਤੇ ਇਸ ਦੇ ਛਿਲਕੇ ਪੀਸ ਕੇ ਪਾਊਡਰ ਬਣਾ ਲਓ। ਅਨਾਰ ਦੇ ਛਿਲਕਿਆਂ ਦੀ ਚਾਹ ਬਣਾਉਣ ਲਈ ਸਭ ਤੋਂ ਪਹਿਲਾਂ ਬਰਤਨ ਵਿੱਚ ਇੱਕ ਕੱਪ ਪਾਣੀ ਗਰਮ ਕਰੋ। ਇਸ ਪਾਣੀ ਵਿੱਚ ਇੱਕ ਚਮਚ ਅਨਾਰ ਦੇ ਛਿਲਕਿਆਂ ਦਾ ਪਾਊਡਰ ਪਾਓ ਅਤੇ ਥੋੜ੍ਹੀ ਦੇਰ ਇੰਝ ਰਹਿਣ ਦਿਓ। ਫਿਰ ਇਸ ਨੂੰ ਛਾਣ ਲਓ ਅਤੇ ਇਸ ਵਿੱਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਅਤੇ ਆੱਰਗੈਨਿਕ ਸ਼ਹਿਦ ਮਿਲਾਓ। ਫਿਰ ਚਾਹ ਤਿਆਰ ਹੋ ਜਾਵੇਗੀ ਅਤੇ ਇਸ ਦਾ ਸੇਵਨ ਦਿਨ ਵਿੱਚ ਦੋ ਵਾਰ ਕਰ ਸਕਦੇ ਹੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ