ਝੋਨੇ ਦੇ ਸੁਚੱਜਾ ਮੰਡੀਕਰਨ ਕਿਵੇਂ ਕੀਤਾ ਜਾਵੇ?

ਝੋਨਾ ਸਾਉਣੀ ਦੀ ਮੁੱਖ ਫਸਲ ਹੈ ਜੋ ਸਾਲ 2015-16 ਦੌਰਾਨ ਤਕਰੀਬਨ 29.75 ਲੱਖ ਹੈਕਟੇਅਰ ਰਕਬੇ ਵਿੱਚ ਬੀਜੀ ਗਈ ਹੈ।ਰਾਜ ਦੀਆਂ ਮੰਡੀਆਂ ਵਿੱਚ ਸਾਲ 1970-71 ਵਿੱਚ ਝੌਨੇ ਦੀ ਕੁੱਲ ਆਮਦ 8.46 ਲੱਖ ਟਨ ਸੀ ਜੋ 2015-16 ਵਿੱਚ ਵਧ ਕੇ 177.34 ਲੱਖ ਟਨ ਤੱਕ ਪਹੁੰਚ ਗਈ । ਚਾਲੂ ਸਾਲ ਦੌਰਾਨ ਮੰਡੀਆਂ ਵਿੱਚ ਝੋਨੇ ਦੀ ਕੁੱਲ ਆਮਦ ਹੋਣ ਦੀ ਸੰਭਾਵਨਾ ਹੈ।ਜਿਸ ਤਰਾਂ ਝੋਨੇ ਦੀ ਪੈਦਾਵਾਰ ਲਈ ਤਕਨੀਕੀ ਗਿਆਨ ਦਾ ਹੋਣਾ ਜ਼ਰੂਰੀ ਹੈ, ਉਸੇ ਤਰਾਂ ਜਿਨਸ ਦਾ ਮੰਡੀਕਰਨ ਦੇ ਗਿਆਨ ਦਾ ਹੋਣਾ ਹੋਰ ਵੀ ਬਹੁਤ ਜ਼ਰੂਰੀ ਹੈ।ਆਮ ਕਰਕੇ ਦੇਖਿਆ ਜਾਂਦਾ ਹੈ ਕਿ ਕਿਸਾਨ ਸੋਚਦੇ ਹਨ ਕਿ ਖੇਤੀ ਜਿਨਸਾਂ ਦਾ ਮੰਡੀਕਰਨ ਪੈਦਾਵਾਰ ਤੋਂ ਬਾਅਦ ਵਿੱਚ ਸ਼ੁਰੂ ਹੁੰਦਾ ਹੈ, ਜਦ ਕਿ ਕਿਸਾਨਾਂ ਨੂੰ ਫਸਲ ਦੀ ਬਿਜਾਈ ਤੋਂ ਪਹਿਲਾਂ ਹੀ ਮੰਡੀਰਨ ਬਾਰੇ ਸੋਚਣਾ ਚਾਹੀਦਾ ਹੈ।ਮੰਡੀਕਰਨ ਨਾਲ ਸੰਬੰਧਤ ਮਾਹਿਰਾਂ ਦੀ ਰਾਇ ਹੈ ਕਿ ਜੇਕਰ ਜਿਨਸ ਦੀ ਵਿਕਰੀ, ਮੰਡੀਕਰਨ ਦੇ ਸਿਧਾਤਾਂ ਨੂੰ ਮੁੱਖ ਰੱਖ ਕੇ ਕੀਤੀ ਜਾਵੇ ਤਾਂ ਕਿਸਾਨ ਆਪਣੀ ਉਪਜ ਦਾ ਲਾਹੇਵੰਦ ਭਾਅ ਲੈ ਸਕਦੇ ਹਨ।ਜੇਕਰ ਹੇਠ ਲਿਖੀਆਂ ਕੁਝ ਗੱਲਾਂ ਦਾ ਖਿਆਲ ਰੱਖਿਆ ਜਾਵੇ ਤਾਂ ਮੰਡੀਕਰਨ ਵਿੱਚ ਆਉਣ ਵਾਲੀਆਂ ਮੁਸ਼ਕਲਾ ਤੋਂ ਬਚਿਆ ਜਾ ਸਕਦਾ ਹੈ।

ਝੋਨੇ ਅਤੇ ਬਾਸਮਤੀ ਦੀ ਕਟਾਈ ਫਸਲ ਦੇ ਪੂਰੀ ਤਰਾਂ ਪੱਕਣ ਤੇ ਹੀ ਕਰੋ ਕਿਉਂਕਿ ਜੇਕਰ ਫਸਲ ਦੀ ਕਟਾਈ ਪੱਕਣ ਤੋਂ ਪਹਿਲਾਂ ਹੀ ਕਰ ਲਈ ਜਾਵੇ ਤਾਂ ਅਣਪੱਕੇ ਅਤੇ ਹਰੇ ਦਾਣੇ ਉਪਜ ਦੇ ਮਿਆਰੀਪਣ ਤੇ ਅਸਰ ਪਾਉਂਦੇ ਹਨ ।ਇਸ ਤਰਾਂ ਕਿਸਾਨ ਨੂੰ ਕਈ ਵਾਰ ਜਿਨਸ ਦਾ ਘੱਟ ਭਾਅ ਮਿਲਦਾ ਹੈ।ਇਸ ਤੋਂ ਇਲਾਵਾ ਉਪਜ ਨੂੰ ਪੂਰੀ ਤਰਾਂ ਸੁਕਾ ਕੇ ਮੰਡੀ ਵਿੱਚ ਲਿਜਾਇਆ ਜਾਵੇ ਤਾਂ ਬਹੁਤ ਸਾਰੀ ਖੱਜਲ ਖਰਾਬੀ ਤੋਂ ਬਚਿਆ ਜਾ ਸਕਦਾ ਹੈ ਅਤੇ ਵਧੇਰੇ ਵਿੱਤੀ ਫਾਇਦਾ ਵੀ ਹੋਵੇਗਾ।ਕਈ ਵਾਰ ਕਿਸਾਨ ਉਪਜ ਨੂੰ ਕੱਚੇ ਪਿੜ ਜਾਂ ਖੇਤ ਵਿੱਚ ਇਕੱਠਾ ਕਰ ਲੈਂਦੇ ਹਨ ਜਿਸ ਨਾਲ ਮਿੱਟੀ ਘੱਟਾ ਜਿਨਸ ਵਿੱਚ ਰਲ ਜਾਂਦਾ ਹੈ ।ਇਸ ਲਈ ਮੰਡੀ ਵਿੱਚ ਜਿਨਸ ਲਿਜਾਣ ਤੋਂ ਪਹਿਲਾਂ ਜਿਨਸ ਨੂੰ ਸਾਫ ਕਰ ਲੈਣਾ ਚਾਹੀਦਾ।ਬਿਜਲੀ ਨਾਲ ਚੱਲਣ ਵਾਲੇ ਪੱਖੇ ਨਾਲ ਵੀ ਸਫਾਈ ਕੀਤੀ ਜਾ ਸਕਦੀ ਹੈ।ਕਦੇ ਵੀ ਛਾਂ ਹੇਠੋਂ ਝੋਨਾ ਪੱਕੇ ਹੋਏ,ਬਿਮਾਰੀ ਨਾਲ ਪ੍ਰਭਾਵਤ ਝੋਨੇ ਦੀ ਕਟਾਈ ਪੱਕੇ ਹੋਏ ਝੋਨੇ ਦੀ ਕਟਾਈ ਦੇ ਨਾਲ ਨਾਂ ਕਰੋ ਕਿਉਕਿ ਇਹ ਵੀ ਉਪਜ ਦੇ ਮਿਆਰੀਪਣ ਤੇ ਅਸਰ ਪਾਉਂਦੀ ਹੈ।ਵੱਖ -ਵੱਖ ਕਿਸਮਾਂ ਦੀ ਕਟਾਈ ਹਮੇਸ਼ਾਂ ਵੱਖ ਵੱਖ ਹੀ ਕਰਨੀ ਚਾਹੀਦੀ ਹੈ।

ਚੰਗਾ ਅਤੇ ਪੂਰਾ ਭਾਅ ਲੈਣ ਲਈ ਉਪਜ ਵਿੱਚ ਨਮੀਂ ਦੀ ਮਾਤਰਾ ਨਿਰਧਾਰਤ ਮਾਪਦੰਡਾਂ ਅਨੁਸਾਰ ਹੀ ਹੋਣੀ ਚਾਹੀਦੀ ਕਿਉਂ ਨਮੀ ਦੀ ਮਾਤਰਾ ਦੇ ਆਧਾਰ ਤੇ ਹੀ ਉਪਜ ਦਾ ਮੰਡੀਕਰਨ ਹੁੰਦਾ ਹੈ, ਬੇਹਤਰ ਹੋਵੇਗਾ ਜੇਕਰ ਖੜੀ ਫਸਲ ਨੂੰ ਚੰਗੀ ਤਰਾਂ ਪੱਕਣ ਤੇ ਹੀ ਕਟਾਈ ਕਰਕੇ ਘਰੋਂ ਸੁਕਾ ਕੇ ਲਿਆਵੇ ਤਾਂ ਜੋ ਕਿਸਾਨ ਫਸਲ ਵੇਚ ਕੇ ਸਮੇਂ ਸਿਰ ਘਰ ਵਾਪਿਸ ਜਾ ਸਕੇ।ਜੇਕਰ ਉਪਜ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋਵੇਗੀ ਤਾਂ ਮੰਡੀ ਵਿੱਚ ਖਲਾਰ ਕੇ ਸਕਾਉਣੀ ਪੂੈਂਦੀ ਹੈ ਅਤੇ ਮੰਡੀਆਂ ਵਿੱਚ ਜਗਾ ਸੀਮਿਤ ਹੋਣ ਕਾਰਨ ਸਕਾਉਣ ਵੇਲੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ।ਝੋਨੇ ਦੀ ਕਟਾਈ ਸਵੇਰੇ 10 ਵਜੇ ਤੋਂ ਬਾਅਦ ਅਤੇ ਸ਼ਾਮ 7 ਵਜੇ ਤੋਂ ਪਹਿਲਾਂ ਹੀ ਕਰੋ।ਜੇਕਰ ਦਾਣੇ ਦੰਦਾਂ ਨਾਲ ਚਬਾਉਣ ਤੇ ਕੜੱਕ ਕਰ ਟੁੱਟਣ ਤਾਂ ਸਮਝੋ ਨਮੀਂ ਦੀ ਮਾਤਰਾ ਪੂਰੀ ਹੈ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਹੋਰ ਸੁਕਾਉਣ ਦੀ ਜ਼ਰੂਰਤ ਹੈ, ਇਸ ਲਈ ਜ਼ਰੂਰੀ ਹੈ ਫਸਲ ਚੰਗੀ ਤਰਾਂ ਪੱਕਣ ਤੇ ਹੀ ਕਟਾਈ ਕੀਤੀ ਜਾਵੇ।ਝੋਨੇ ਦੀਆਂ ਸਾਰੀਆਂ ਕਿਸਮਾਂ ਵਿੱਚ ਨਮੀ ਦੀ ਮਾਤਰਾ 17 ਫੀਸਦੀ ਅਤੇ ਮਿੱਟੀ ਘੱਟੇ ਦੀ ਮਿਕਦਾਰ 2.0 ਫੀਸਦੀ ਨਿਰਧਾਰਤ ਕੀਤੀ ਗਈ ਹੈ।ਖਰਾਬ,ਬਦਰੰਗ ,ਪੁੰਗਰੇ ਅਤੇ ਸੁੰਡੀਆਂ ਦੇ ਖਾਦੇ ਦਾਣੇ 4.0 ਫੀਸਦੀ,ਕੱਚੇ ,ਸੁੰਗੜੇ ਅਤੇ ਪਿਚਕੇ ਦਾਣੇ 3.0 ਫੀਸਦੀ ਅਤੇ ਹੇਠਲੇ ਵਰਗ ਦੇ ਦਾਣਿਆਂ ਦੇ ਮਿਸ਼ਰਣ ਵੱਧ ਤੋਂ ਵੱਧ 6.0 ਫੀਸਦੀ ਹੋ ਸਕਦੀ ਹੈ।ਕਿਸਾਨਾਂ ਨੂੰ ਮੰਡੀਆਂ ਵਿੱਚ ਅਦਾਇਗੀਯੋਗ ਖਰਚਿਆਂ ਦੀ ਕਟੌਤੀ ਦਾ ਪੂਰਾ ਗਿਆਨ ਹੋਣਾ ਚਾਹੀਦਾ।

ਕਿਸਾਨ ਨੇ ਮੰਡੀ ਵਿੱਚ ਸਫਾਈ ਅਤੇ ਉਤਰਾਈ ਦਾ ਹੀ ਖਰਚਾ ਦੇਣਾ ਹੁੰਦਾ।ਇੱਕ ਝਾਰ ਲੱਗੇ ਝੋਨੇ ਦੀ 35 ਕਿਲੋ ਭਰਾਈ ਤੇ 2.05 ਰੁਪਏ,37.50 ਕਿਲੋ ਭਰਾਈ ਤੇ 2.21ਰੁਪਏ ਅਤੇ 50 ਕਿਲੋ ਭਰਾਈ ਤੇ 2.78 ਰੁਪਏ ਉਤਰਾਈ ਦਾ ਖਰਚਾ,ਸਫਾਈ ਪਾਵਰ ਕਲੀਨਰ ਦਾ ਖਰਚਾ 35 ਕਿਲੋ ਭਰਾਈ ਤੇ 5.70 ਰੁਪਏ,37.50 ਕਿਲੋ ਭਰਾਈ ਤੇ 6.11ਰੁਪਏ ਅਤੇ 50 ਕਿਲੋ ਭਰਾਈ ਤੇ 7.64 ਰੁਪਏ ਪ੍ਰਤੀ ਨਗ ਦੇਣੇ ਹੁੰਦੇ ਹਨ।ਫਸਲਾਂ ਦੀ ਖਰੀਦ ਤੇ ਹੋਰ ਖਰਚੇ ਜਿਵੇਂ ਮਾਰਕੀਟ ਫੀਸ,ਖਰੀਦ ਟੈਕਸ,ਆੜਤ,ਪੇਂਡੂ ਵਿਕਾਸ ਫੰਡ,ਬੁਨਿਆਦੀ ਢਾਂਚਾ ਵਿਕਾਸ ਫੰਡ ਖ੍ਰੀਦਦਾਰ ਨੇ ਦੇਣੇ ਹੁੰਦੇ ਹਨ,ਨਾਂ ਕਿ ਜਿਮੀਂਦਾਰ ਨੇ। ਖ਼ਾਲੀ ਬੋਰੀ ਦਾ ਭਾਰ 750 ਗ੍ਰਾਮ ਹੁੰਦਾ ਹੈ। ਕਿਸਾਨ ਨੂੰ ਜਿਣਸ ਦੀ ਬੋਲੀ ਮੌਕੇ ਹਮੇਸ਼ਾਂ ਢੇਰੀ ਦੇ ਕੋਲ ਰਹਿਣਾ ਚਾਹੀਦਾ ਤਾਂ ਜੋ ਢੇਰੀ ਦੇ ਲੱਗੇ ਭਾਅ ਦਾ ਪਤਾ ਲੱਗ ਸਕੇ।ਜੇਕਰ ਕਿਸਾਨ ਨੂੰ ਲੱਗੇ ਕਿ ਭਾਅ ਘੱਟ ਲੱਗਾ ਹੈ ਤਾਂ ਉਹ ਵੇਚਣ ਤੋਂ ਇਨਕਾਰ ਵੀ ਕਰ ਸਕਦਾ ਹੈ।ਫਸਲ ਦੀ ਵਿਕਰੀ ਉਪਰੰਤ ਪੱਕੀ ਪਰਚੀ ਭਾਵ “ਜੇ” ਫਾਰਮ ਜ਼ਰੂਰ ਲਉ.ਜੇਕਰ ਆੜਤੀ “ਜੇ”ੇ ਫਾਰਮ ਦੇਣ ਤੋਂ ਇਨਕਾਰੀ ਹੁੰਦਾ ਹੈ ਜਾਂ ਕੱਚੀ ਪਰਚੀ ਦਿੰਦਾ ਹੈ ਤਾਂ ਕਿਸਾਨ ਜ਼ਿਲਾ ਮੰਡੀ ਅਫਸਰ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਕਰ ਸਕਦਾ ਹੈ।ਕਈ ਵਾਰ ਦੇਖਿਆ ਗਿਆ ਹੈ ਕਿ ਕਈ ਆੜਤੀਆਂ ਨੇ ਜਾਅਲੀ “ਜੇ” ਫਾਰਮ ਛਪਵਾਏ ਹੁੰਦੇ ਹਨ,ਜਿਸ ਤੋਂ ਸੁਚੇਤ ਰਹਿਣਾ ਚਾਹੀਦਾ।ਅਸਲੀ “ਜੇ” ਫਾਰਮ ਉਪਰ ਸਕੱਤਰ ਮਾਰਕੀਟ ਕਮੇਟੀ ਦੀ ਮੋਹਰ ਲੱਗੀ ਹੁੰਦੀ ਹੈ।ਕਿਸਾਨ ਨੂੰ ਆਪਣੀ ਜਿਨਸ ਦੀ ਤੁਲਾਈ ਆਪਣੀ ਨਿਗਰਾਨੀ ਹੇਠ ਕਰਵਾਉਣੀ ਚਾਹੀਦੀ ਹੈ,ਜੇਕਰ ਕਿਸਾਨ ਨੂੰ ਲੱਗੇ ਕਿ ਤੁਲਾਈ ਵੱਧ ਹੋ ਰਹੀ ਹੈ ਤਾਂ ਉਹ ਆਪਣੀ ਤੋਲੀ ਜਿਨਸ ਦੀ 10 ਫੀਸਦੀ ਦੀ ਤੁਲਾਈ ਬਿਨਾਂ ਕਿਸੇੇ ਫੀਸ ਤੋਂ ‘ਪਰਖ ਤੁਲਾਈ’ ਕਰਵਾ ਸਕਦਾ ਹੈ।

ਇਹ ਤੁਲਵਾਈ ਮਾਰਕੀਟ ਕਮੇਟੀ ਦੇ ਕਰਮਚਾਰੀ ਜਾਂ ਖੇਤੀਬਾੜੀ ਵਿਭਾਗ ਦੇ ਮੰਡੀਕਰਨ ਸ਼ਾਖਾ ਦੇ ਖੇਤੀਬਾੜੀ ਵਿਕਾਸ ਅਫਸਰ ਜਾਂ ਸਹਾਇਕ ਮੰਡੀਕਰਨ ਅਫਸਰ ਦੀ ਹਾਜ਼ਰੀ ਵਿੱਚ ਹੋਣੀ ਜ਼ਰੂਰੀ ਹੈ।ਜੇਕਰ ਤੁਲਾਈ ਵੱਧ ਨਿਕਲਦੀ ਹੈ ਤਾਂ ਵਾਧੂ ਤੋਲੀ ਜਿਨਸ ਦੀ ਕੀਮਤ ਲੈਣ ਦਾ ਕਿਸਾਨ ਹੱਕਦਾਰ ਹੁੰਦਾ ਹੈ ਅਤੇ ਪੱਲੇਦਾਰ ਦਾ ਲਾਇਸੈਂਸ ਵੀ ਰੱਦ ਅਤੇ ਜ਼ੁਰਮਾਨਾ ਵੀ ਹੋ ਸਕਦਾ ਹੈ।ਸਾਲ 2017-18 ਦੌਰਾਨ ਝੋਨੇ (ਗਰੇਡ ਏ) ਦਾ ਘੱਟੋ ਘੱਟ ਸਮਰਥਨ ਮੁੱਲ 1590 ਅਤੇ ਆਮ ਸ਼੍ਰੇਣੀ ਲਈ 1550 ਰੁਪਏ ਪ੍ਰਤੀ ਕੁਇੰਟਲ ਨਿਸ਼ਚਤ ਕੀਤੀ ਗਈ ਹੈ।ਜੇਕਰ ਉਪਰੋਕਤ ਗੱਲਾਂ ਦਾ ਕਿਸਾਨ ਵੀਰ ਧਿਆਨ ਵਿੱਚ ਰੱਖਣ ਤਾਂ ਨਿਸ਼ਚਤ ਤੌਰ ਤੇ ਆਪਣੀ ਜਿਨਸ ਦਾ ਉਚਿਤ ਭਾਅ ਪਾ ਸਕਦੇ ਹਨ ਅਤੇ ਮੁਸ਼ਕਲਾਂ ਤੋਂ ਬਚ ਸਕਦੇ ਹਨ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ