ਦੁਧਾਰੂ ਪਸ਼ੂਆਂ ਵਿੱਚ ਫੰਗਸ ਦਾ ਜ਼ਹਿਰਵਾਦ: ਲੱਛਣ ਅਤੇ ਰੋਕਥਾਮ

ਫੰਗਸ ਜ਼ਹਿਰਵਾਦ, ਜਿਸ ਨੂੰ ਆਮ ਤੌਰ ‘ਤੇ ਮਾਈਕੋਟੋਕਸੀਕੋਸਿਸ ਵੀ ਕਿਹਾ ਜਾਂਦਾ ਹੈ, ਜੋ ਇੱਕ ਤਰ੍ਹਾਂ ਨਾਲ ਪਸ਼ੂ ਦੀ ਫੀਡ ਵਿੱਚ ਜ਼ਹਿਰ ਬਣਨ ਵਾਲੀ ਬਿਮਾਰੀ ਹੈ। ਇਹ ਜ਼ਹਿਰ ਫੀਡ ਵਿੱਚ ਫੰਗਸ ਦੇ ਵਾਧੇ ਤੋਂ ਪੈਦਾ ਹੁੰਦੀ ਹੈ। ਇਹ ਅਜਿਹੀ ਫੰਗਸ ਹੈ ਜੋ ਕਿ ਕਈ ਤਰ੍ਹਾਂ ਦੀ ਜ਼ਹਿਰ ਤੋਂ ਬਣਦੀ ਹੈ, ਜਿਸਦੇ ਪੂਰੇ ਸਮੂਹ ਨੂੰ ਮਾਈਕੋਟੋਕਸੀਕੋਸਿਸ ਦਾ ਨਾਮ ਦਿੱਤਾ ਗਿਆ ਹੈ। ਇਹ ਬਿਮਾਰੀ ਜ਼ਿਆਦਾਤਰ ਪੈਥੋਲੋਜੀਕਲ ਕਲੀਨੀਕਲ ਸੰਕਰਮਣ ਦੇ ਤੌਰ ‘ਤੇ ਪਸ਼ੂਆਂ ਵਿੱਚ ਪ੍ਰਚਲਿਤ ਰਹਿੰਦੀ ਹੈ ਅਤੇ ਅਜਿਹੀ ਅਵਸਥਾ ਵਿੱਚ ਇਸਦਾ ਇਲਾਜ ਕਰਨਾ ਬਹੁਤ ਮੁਸ਼ਕਿਲ ਸਮਝਿਆ ਜਾਂਦਾ ਹੈ। ਇਹ ਸਮੱਸਿਆ ਵਿਸ਼ਵ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਪਾਈ ਜਾਂਦੀ ਹੈ, ਪਰ ਜਿਨ੍ਹਾਂ ਦੇਸ਼ਾਂ ਵਿੱਚ ਜ਼ਿਆਦਾ ਗਰਮੀ ਦੇ ਨਾਲ-ਨਾਲ ਵਧੇਰੇ ਨਮੀ ਰਹਿੰਦੀ ਹੈ, ਉਨ੍ਹਾਂ ਦੇਸ਼ਾਂ ਵਿੱਚ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ।

ਆਓ ਜਾਣੀਏ ਇਸ ਰੋਗ ਦੇ ਫੈਲਣ, ਲੱਛਣ ਅਤੇ ਰੋਕਥਾਮ ਬਾਰੇ

ਰੋਗ ਦਾ ਫੈਲਣਾ

• ਫੰਗਸ ਦੇ ਜ਼ਹਿਰ ਦੋ ਪ੍ਰਮੁੱਖ ਮਾਧਿਅਮਾਂ ਦੁਆਰਾ ਪਸ਼ੂਆਂ ਵਿੱਚ ਫੈਲਦੇ ਹਨ।

• ਫੰਗਸ ਦੇ ਜੀਵਾਣੂਆਂ ਨੂੰ ਗ੍ਰਹਿਣ ਕਰਨ ਨਾਲ ਇਹ ਜੀਵਾਣੂ ਸਵਸਥ ਪਸ਼ੂਆਂ ਦੇ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦੇ ਹਨ, ਜੋ ਬਾਅਦ ਵਿੱਚ ਪਸ਼ੂਆਂ ਅੰਦਰ ਜ਼ਹਿਰ ਪੈਦਾ ਕਰਦੇ ਹਨ।

• ਪਸ਼ੂ ਆਹਾਰ ਵਿੱਚ ਪੈਦਾ ਹੋਈ ਉੱਲੀ(ਫੰਗਸ) ਜ਼ਹਿਰ ਪਸ਼ੂਆਂ ਦੁਆਰਾ ਗ੍ਰਹਿਣ ਕਰਨ ਨਾਲ ਵੀ ਇਹ ਰੋਗ ਪੈਦਾ ਹੁੰਦਾ ਹੈ। ਜਿਸ ਫੀਡ ਵਿੱਚ ਜ਼ਿਆਦਾ ਨਮੀ ਦੀ ਮਾਤਰਾ ਹੋਵੇ ਅਤੇ ਜੋ ਖਰਾਬ ਹੋਵੇ ਜਾਂ ਜਿਨ੍ਹਾਂ ਦਾ ਭੰਡਾਰਨ ਉਚਿੱਤ ਨਹੀਂ ਹੁੰਦਾ, ਉਨ੍ਹਾਂ ਵਿੱਚ ਉੱਲੀ ਆਸਾਨੀ ਨਾਲ ਜ਼ਹਿਰ ਬਣਾਉਂਦੀ ਹੈ।

ਲੱਛਣ

ਫੰਗਸ(ਉੱਲੀ) ਜ਼ਹਿਰ ਦੁਆਰਾ ਪਸ਼ੂਆਂ ਵਿੱਚ ਹੇਠਾਂ ਲਿਖੇ ਲੱਛਣ ਪਾਏ ਜਾਂਦੇ ਹਨ:

• ਪਸ਼ੂਆਂ ਦੇ ਵਾਧੇ ਦੀ ਦਰ ਘੱਟ ਜਾਣਾ ਅਤੇ ਭਾਰ ਨਾ ਵੱਧਣਾ।

• ਭੁੱਖ ਵਿੱਚ ਕਮੀ।

• ਰੋਗ ਪ੍ਰਤੀਰੋਧਕ ਸਮਰੱਥਾ ਵਿੱਚ ਕਮੀ ਹੋਣਾ।

• ਸਰੀਰਕ ਅੰਗਾਂ ਨੂੰ ਨੁਕਸਾਨ ਪਹੁੰਚਣਾ।

• ਦੁੱਧ ਉਤਪਾਦਨ ਵਿੱਚ ਕਮੀ ਆਉਣਾ।

ਪਹਿਚਾਣ

ਪ੍ਰਭਾਵਿਤ ਪਸ਼ੂਆਂ ਦੀ ਫੀਡ ਦੀ ਲੈਬੋਰੇਟਰੀ ਵਿੱਚ ਰਸਾਇਣਿਕ ਜਾਂਚ ਕਰਵਾ ਕੇ ਫੰਗਸ ਜ਼ਹਿਰ ਦੇ ਚਿੰਨ੍ਹਾਂ ਅਤੇ ਮਾਤਰਾ ਦਾ ਪਤਾ ਲਗਾਇਆ ਜਾ ਸਕਦਾ ਹੈ।

ਰੋਕਥਾਮ

ਫੰਗਸ ਜ਼ਹਿਰ ਤੋਂ ਪਸ਼ੂਆਂ ਨੂੰ ਬਚਾਉਣ ਲਈ ਹੇਠ ਲਿਖੇ ਉਪਾਅ ਕਰਨੇ ਚਾਹੀਦੇ ਹਨ:

• ਪਸ਼ੂ ਆਹਾਰ ਵਿੱਚ ਮਿਲਾਉਣ ਵਾਲੇ ਸਾਰੇ ਦਾਣਿਆਂ ਦਾ ਭੰਡਾਰਨ ਉਚਿੱਤ ਢੰਗ ਨਾਲ ਹੋਣਾ ਚਾਹੀਦਾ ਹੈ ਤਾਂ ਕਿ ਉਸ ਵਿੱਚ ਨਮੀ ਦੀ ਮਾਤਰਾ ਘੱਟ ਰਹੇ ਅਤੇ ਫੰਗਸ ਦਾ ਜ਼ਹਿਰ ਬਣਨ ਤੋਂ ਰੋਕਿਆ ਜਾ ਸਕੇ।

• ਪਸ਼ੂ ਆਹਾਰ ਦਾ ਭੰਡਾਰਨ ਉੱਲੀ ਦਾ ਵਿਕਾਸ ਰੋਕਣ ਵਾਲੀਆਂ ਦਵਾਈਆਂ ਨਾਲ ਕਰਨਾ ਚਾਹੀਦਾ ਹੈ।

• ਫੀਡ ਵਿੱਚ ਖਣਿਜ ਲੂਣ ਅਤੇ ਵਿਟਾਮਿਨ ਮਿਲਾਉਣ ਨਾਲ ਵੀ ਫੰਗਸ ਦੇ ਜ਼ਹਿਰ ਦਾ ਪ੍ਰਭਾਵ ਘੱਟ ਕੀਤਾ ਜਾ ਸਕਦਾ ਹੈ, ਕਿਉਂਕਿ ਖਣਿਜ ਲੂਣ ਉਨ੍ਹਾਂ ਦੇ ਪ੍ਰਤੀਕੂਲ ਪ੍ਰਭਾਵਾਂ ਨੂੰ ਰੋਕਦਾ ਹੈ।

• ਪਸ਼ੂ ਆਵਾਸ ਵਿੱਚ ਖੁਰਲੀ ਅਤੇ ਬਰਤਨਾਂ ਦੀ ਨਿਯਮਿਤ ਤੌਰ ‘ਤੇ ਸਫਾਈ ਕਰਨੀ ਚਾਹੀਦੀ ਹੇ, ਤਾਂ ਕਿ ਉਨ੍ਹਾਂ ਦੇ ਤਲ ‘ਤੇ ਗਿੱਲਾ-ਪਨ ਨਾ ਰਹੇ ਅਤੇ ਜ਼ਹਿਰ ਉਤਪੰਨ ਹੋਣ ਤੋਂ ਬਚਾਇਆ ਜਾ ਸਕੇ।

Reference: ਪਸ਼ੂ ਚਕਿਤਸਾ ਵਿਕਰਤੀ ਵਿਗਿਆਨ ਵਿਭਾਗ, ਲਾਲਾ ਲਾਜਪਤ ਰਾਏ ਯੂਨੀਵਰਸਿਟੀ ਆੱਫ ਵੈਟਰੇਨਰੀ ਐਂਡ ਐਨੀਮਲ ਸਾਇੰਸਜ਼, ਹਿਸਾਰ, ਹਰਿਆਣਾ

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ