buy animal

ਪਸ਼ੂ ਖਰੀਦਣ ਸਮੇਂ ਇਸ ਤਰ੍ਹਾਂ ਕਰੋ ਪਸ਼ੂ ਦੀ ਪਰਖ

ਆਮ ਤੌਰ ‘ਤੇ ਜਦੋ ਕਿਸਾਨ ਵੀਰ ਕੋਈ ਪਸ਼ੂ ਖਰੀਦਦੇ ਹਨ ਤਾਂ ਕਈ ਵਾਰ ਵਪਾਰੀਆਂ ਕੋਲੋ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ, ਕਿਉਂਕਿ ਅਜਿਹੇ ਬਹੁਤ ਸਾਰੇ ਤਰੀਕੇ ਹਨ ਜਿਹਨਾਂ ਨਾਲ ਪਸ਼ੂ ਦੇ ਔਗੁਣ ਲੁਕੋ ਲਏ ਜਾਂਦੇ ਹਨ ਜਿਵੇਂ ਕਿ ਪਸ਼ੂ ਦੀ ਉਮਰ ਛਪਾਉਣ ਲਈ ਦੰਦਾਂ ਤੇ ਰੰਗ ਲਗਾ ਦੇਣਾ ਆਦਿ ਬਹੁਤ ਸਾਰੇ ਤਰੀਕੇ ਹਨ ਪਰ ਜੇਕਰ ਕੁੱਝ ਸਧਾਰਨ ਗੱਲਾਂ ਦਾ ਧਿਆਨ ਰੱਖ ਲਿਆ ਜਾਵੇ ਤਾਂ ਇਸ ਨਾਲ ਹੋਣ ਵਾਲੇ ਧੋਖੇ ਤੋਂ ਬਚਿਆ ਜਾ ਸਕਦਾ ਹੈ ।

1. ਲਵੇਰੀ ਨੂੰ ਹਮੇਸ਼ਾ ਚੁਆਈ ਕਰਨ ਤੋਂ ਬਾਅਦ ਖਰੀਦੋ ਹੋ ਸਕੇ ਤਾਂ ਤਿੰਨ ਡੰਗ ਦੀ ਚੁਆਈ ਕਰੋ ਤਾਂ ਜੋ ਪਸ਼ੂ ਦੀ ਦੁੱਧ ਦੇਣ ਦੀ ਸਹੀ ਯੋਗਤਾ ਪਤਾ ਚੱਲ ਸਕੇ।

2. ਪਸ਼ੂ ਦੇ ਲੇਵੇ ਵੱਲ ਖਾਸ ਧਿਆਨ ਦੇਵੋ ਜਿਵੇਂ ਕਿ ਲੇਵਾ ਅੱਗੇ ਵੱਲ ਨੂੰ ਧੁੰਨੀ ਤੱਕ ਅਤੇ ਪਿੱਛੇ ਵੱਲ ਨੂੰ ਸੂਅ ਤੱਕ ਵਧਿਆ ਹੋਵੇ । ਇੱਕ ਪਾਸਿਉਂ ਦੇਖਣ ‘ਤੇ ਇਹ ਚੰਦਰਮਾ ਦੀ ਤਰ੍ਹਾਂ ਗੁਲਾਈ ਵਿੱਚ ਹੋਣਾ ਚਾਹੀਦਾ ਹੈ।

3. ਥਣ ‘ਤੇ ਕਿਸੇ ਤਰ੍ਹਾਂ ਦਾ ਜ਼ਖਮ ਨਾ ਹੋਵੇ ਅਤੇ ਦੁੱਧ ਚੋਣ ਤੋਂ ਬਾਅਦ ਲੇਵਾ ਹਮੇਸ਼ਾ ਸੁੰਗੜ ਜਾਣਾ ਚਾਹੀਦਾ ਹੈ।

4. ਲਵੇਰੀ ਦੇ ਮੋਢੇ ਛਾਤੀ ਨਾਲ ਇੱਕਸਾਰ ਜੁੜੇ ਹੋਣੇ ਚਾਹੀਦੇ ਹਨ। ਲੱਤਾਂ ਮਜਬੂਤ ਤੇ ਰੀੜ੍ਹ ਦੀ ਹੱਡੀ ਇੱਕਸਾਰ ਸਿੱਧੀ ਹੋਵੇ ਕਿਉਂਕਿ ਕੁੱਬ ਪਏ ਪਸ਼ੂਆਂ ਵਿੱਚ ਕੈਲਸ਼ੀਮ,ਫਾਸਫੋਰਸ ਜਾਂ ਮੈਗਨੀਸ਼ੀਅਮ ਦੀ ਘਾਟ ਹੋ ਸਕਦੀ ਹੈ। ਇਸ ਤਰ੍ਹਾਂ ਦੇ ਪਸ਼ੂ ਨੂੰ ਖਰੀਦਣ ਤੋਂ ਗੁਰੇਜ਼ ਕਰੋ।

5. ਪਸ਼ੂ ਨੂੰ ਤੋਰਨ ਸਮੇਂ ਉਸਦੇ ਪਿਛਲੇ ਖੁਰ ਅਗਲੇ ਖੁਰਾਂ ਦੇ ਨਿਸ਼ਾਨ ‘ਤੇ ਆਉਣੇ ਚਾਹੀਦੇ ਹਨ।

6. ਪਸ਼ੂ ਦੇ ਗਰਦਨ ਤੇ ਹੇਠਲੇ ਜਬਾੜੇ ‘ਤੇ ਪੂਰੇ ਧਿਆਨ ਨਾਲ ਦੇਖਣ ਤੇ ਜੇਕਰ ਗਲਹੀਰਾਂ ਦੇ ਨਿਸ਼ਾਨ ਦਿਸ ਪੈਣ ਤਾਂ ਅਜਿਹਾ ਪਸ਼ੂ ਨਾ ਖਰੀਦੋ।

ਇਸ ਤੋਂ ਇਲਾਵਾ ਹੋਰ ਗੱਲਾਂ ਜਿਵੇਂ ਕਿ ਪਸ਼ੂ ਦੀਆਂ ਅੱਖਾਂ ਚਮਕੀਲੀਆਂ, ਚਮੜੀ ਨਰਮ ਤੇ ਨੱਕ ਦਰਮਿਆਨਾ ਹੋਵੇ। ਇਹ ਗੱਲਾਂ ਤੁਹਾਨੂੰ ਧੋਖੇ ਤੋਂ ਬਚਾ ਸਕਦੀਆਂ ਹਨ।

 

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ