ਬਰਸੀਮ ਦੀ ਫਸਲ ਪਸ਼ੂਆਂ ਦੇ ਚਾਰੇ ਲਈ ਵਰਦਾਨ ਸਿੱਧ ਹੁੰਦੀ ਹੈ। ਇਸ ਲਈ ਲੋੜੀਂਦਾ ਪੂਰਤੀ ਲਈ ਕਿਸਾਨਾਂ ਨੂੰ ਪਸ਼ੂਆਂ ਲਈ ਕੁੱਝ ਕੁ ਰਕਬੇ ਵਿੱਚ ਇਸ ਦੀ ਬਿਜਾਈ ਲਾਜ਼ਮੀ ਕਰਨੀ ਚਾਹੀਦੀ ਹੈ। ਇਹ ਫਸਲ ਨਵੰਬਰ ਤੋਂ ਜੂਨ ਅੱਧ ਤੱਕ ਪੌਸ਼ਟਿਕ ਹਰੇ ਆਹਾਰ ਦੇ ਰੂਪ ਵਿੱਚ ਕਈ ਕਟਾਈਆਂ ਵਿੱਚ ਪਸ਼ੂਆਂ ਲਈ ਪ੍ਰਾਪਤ ਕੀਤੀ ਜਾ ਸਕਦੀ ਹੈ। ਬਿਜਾਈ ਲਈ ਖੇਤ ਨੂੰ 2-3 ਵਾਰ ਵਾਹ ਕੇ ਅਤੇ ਸੁਹਾਗਾ ਮਾਰ ਕੇ ਤਿਆਰ ਕਰੋ। ਧਿਆਨ ਰਹੇ ਖੇਤ ਚੰਗੀ ਤਰ੍ਹਾਂ ਪੱਧਰਾ ਤੇ ਨਦੀਨ ਰਹਿਤ ਹੋਣਾ ਚਾਹੀਦਾ ਹੈ। ਵਧੇਰੇ ਝਾੜ ਲੈਣ ਲਈ ਬੀਜ ਨੂੰ ਰਾਈਜੋਬੀਅਮ ਦੇ ਟੀਕੇ ਨਾਲ ਸੋਧ ਲਓ। ਇੱਕ ਏਕੜ ਦੇ ਬੀਜ ਨੂੰ ਘੱਟ ਤੋਂ ਘੱਟ ਪਾਣੀ ਵਿਚ ਭਿਓਂ ਲਓ ਤੇ ਟੀਕੇ ਦਾ ਇੱਕ ਪੈਕੇਟ ਭਿੱਜੇ ਹੋਏ ਬੀਜ ਨਾਲ ਸਾਫ਼ ਫਰਸ਼ ‘ਤੇ ਰਲਾ ਲਉ। ਛਾਂ ਵਿੱਚ ਬੀਜ ਨੂੰ ਸੁਕਾ ਕੇ ਉਸੇ ਸ਼ਾਮ ਖੜੇ ਪਾਣੀ ਵਿੱਚ ਛਿੱਟਾ ਦਿਓ। 8 ਤੋਂ 10 ਕਿੱਲੋ ਬੀਜ/ਏਕੜ ਵਰਤੋ। ਬਰਸੀਮ ਦੀ ਬਿਜਾਈ ਖੜੇ ਪਾਣੀ ਵਿਚ ਛੱਟੇ ਨਾਲ ਕਰੋ। ਹਵਾ ਚਲਦੀ ਹੋਵੇ ਤਾਂ ਸੁੱਕੇ ਖੇਤ ਵਿੱਚ ਬੀਜ ਦਾ ਛੱਟਾ ਦਿਓ ਅਤੇ ਬਾਅਦ ਵਿੱਚ ਸੁਹਾਗਾ ਫੇਰ ਕੇ ਪਾਣੀ ਲਾ ਦਿੱਤਾ ਜਾਵੇ। ਪਸ਼ੂਆਂ ਲਈ ਚੰਗਾ, ਸੰਤੁਲਿਤ ਚਾਰਾ ਲੈਣ ਲਈ 1 ਏਕੜ ਬਰਸੀਮ ਦੇ ਬੀਜ ਵਿਚ 750 ਗ੍ਰਾਮ ਸਰੋਂ ਦਾ ਬੀਜ ਵੀ ਮਿਲਾ ਕੇ ਬੀਜਿਆ ਜਾ ਸਕਦਾ ਹੈ। ਜਵੀਂ ਵੀ ਬੀਜੀ ਜਾ ਸਕਦੀ ਹੈ। 1 ਏਕੜ ਵਿਚ ਜਵੀਂ ਦਾ ਅੱਧਾ ਅਤੇ ਬਰਸੀਮ ਦਾ ਪੂਰਾ ਬੀਜ ਮਿਲਾ ਕੇ ਬਿਜਾਈ ਕੀਤੀ ਜਾ ਸਕਦੀ ਹੈ। ਇੰਝ ਕਰਨ ਲਈ ਸਭ ਤੋਂ ਪਹਿਲਾਂ ਜਵੀਂ ਦਾ ਬੀਜ ਹਲ਼ ਦੀ ਮਦਦ ਨਾਲ ਜ਼ਮੀਨ ਵਿੱਚ ਵਾਹ ਕੇ ਅਤੇ ਬਾਅਦ ਵਿੱਚ ਸਿੰਚਾਈ ਕਰਕੇ ਬਰਸੀਮ ਦਾ ਛੱਟਾ ਖੜੇ ਪਾਣੀ ਵਿੱਚ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ 2-3 ਕਿੱਲੋ ਰਾਈ ਘਾਹ ਅਤੇ 8-10 ਕਿੱਲੋ ਬਰਸੀਮ ਦੇ ਬੀਜ ਨੂੰ ਮਿਲਾ ਕੇ ਬੀਜਿਆ ਜਾਵੇ, ਤਾਂ ਵੀ ਬਹੁਤ ਗੁਣਕਾਰੀ ਚਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਬਿਜਾਈ ਸਮੇਂ 6 ਟਨ ਰੂੜੀ ਦੀ ਖਾਦ ਅਤੇ 20 ਕਿਲੋ ਫ਼ਾਸਫ਼ੋਰਸ ਤੱਤ (125 ਕਿਲੋ ਸੁਪਰਫਾਸਫੇਟ) ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਦੇਸੀ ਰੂੜੀ ਦੀ ਵਰਤੋਂ ਨਾ ਕਰਨ ਦੀ ਹਾਲਤ ਵਿੱਚ 10 ਕਿਲੋ ਨਾਈਟ੍ਰੋਜਨ ਤੱਤ (22 ਕਿਲੋ ਯੂਰੀਆ ਅਤੇ 30 ਕਿਲੋ ਫ਼ਾਸਫ਼ੋਰਸ ਤੱਤ (185 ਕਿਲੋ ਸੁਪਰਫ਼ਾਸਫ਼ੇਟ) ਪ੍ਰਤੀ ਏਕੜ ਪਾਓ। ਸੁਪਰਫਾਸਫੇਟ ਖਾਦ ਦੀ ਵਰਤੋਂ ਨਾਲ ਸਲਫਰ ਤੱਤ ਵੀ ਖੇਤ ਨੂੰ ਮਿਲ ਜਾਂਦਾ ਹੈ। ਜਿੱਥੇ ਬਰਸੀਮ ਵਿੱਚ ਰਾਈ ਘਾਹ ਮਿਲਾ ਕੇ ਬੀਜਿਆ ਹੋਵੇ, 10 ਕਿਲੋ ਨਾਈਟ੍ਰੋਜਨ ਪ੍ਰਤੀ ਏਕੜ (22 ਕਿਲੋ ਯੂਰੀਆ ਖਾਦ) ਹਰ ਕਟਾਈ ਮਗਰੋਂ ਪਾਉ।
ਵਧੀਆ ਫ਼ਸਲ ਲਈ ਸਮੇਂ ਸਿਰ ਪਾਣੀ ਬਹੁਤ ਜਰੂਰੀ ਹੈ। ਵਧੀਆ ਫ਼ਸਲ ਲਈ ਪਹਿਲਾਂ ਪਾਣੀ ਛੇਤੀ ਦਿਓ। ਹਲਕੀਆਂ ਜ਼ਮੀਨਾਂ ਵਿੱਚ 3-5 ਦਿਨਾਂ ਬਾਅਦ ਅਤੇ ਭਾਰੀਆਂ ਜ਼ਮੀਨਾਂ ਵਿੱਚ 6-8 ਦਿਨਾਂ ਬਾਅਦ ਪਾਣੀ ਲਗਾਓ। ਬਿਜਾਈ ਤੋਂ ਲਗਪਗ 50 ਦਿਨਾਂ ਬਾਅਦ ਬਰਸੀਮ ਦਾ ਪਹਿਲਾ ਲੌਅ ਤਿਆਰ ਹੋ ਜਾਂਦਾ ਹੈ, ਉਸ ਪਿੱਛੋਂ ਸਰਦੀਆਂ ਵਿਚ 40 ਦਿਨਾਂ ਪਿੱਛੋਂ ਅਤੇ ਬਾਅਦ ਵਿਚ 30 ਦਿਨਾਂ ਦੇ ਵਕਫ਼ੇ ’ਤੇ ਲੌਅ ਲਏ ਜਾ ਸਕਦੇ ਹਨ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ