waste material

ਬੇਕਾਰ ਸਾਮਾਨ ਵੀ ਬਣ ਸਕਦਾ ਹੈ ਤੁਹਾਡੀ ਬਗ਼ੀਚੀ ਦਾ ਸ਼ਿੰਗਾਰ

ਬਗ਼ੀਚੀ ਬਣਾਉਣਾ ਤਕਨੀਕੀ ਕੰਮ ਹੋਣ ਦੇ ਨਾਲ-ਨਾਲ ਕਲਾਕਾਰੀ ਵੀ ਹੈ। ਜੇਕਰ ਅਸੀਂ ਰੁੱਖ ਪੌਦਿਆਂ ਅਤੇ ਬਗ਼ੀਚੀ ਵਿਚਲੇ ਹੋਣ ਵਾਲੇ ਇਮਾਰਤ-ਸਾਜ਼ੀ ਵਰਗੇ ਕੰਮਾਂ ਬਾਰੇ ਪੂਰਨ ਗਿਆਨ ਰੱਖਦੇ ਹੋਏ, ਕਲਾ ਦਾ ਤੜਕਾ ਲਾ ਦੇਈਏ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਬਗ਼ੀਚੀ ਨੂੰ ਸਜਾਉਣਾ ਉਸ ਵਿੱਚ ਜਾਨ ਪਾਉਣ ਵਾਲਾ ਕੰਮ ਹੁੰਦਾ ਹੈ ਅਤੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਤੁਸੀ ਬਗ਼ੀਚੀ ਸਜਾਉਣ ਖਾਤਿਰ ਮਹਿੰਗਾ ਫਰਨੀਚਰ, ਫੁਹਾਰੇ, ਲਾਈਟਾਂ ਆਦਿ ਦੀ ਵਰਤੋਂ ਕਰੋ। ਤਕਰੀਬਨ 60 ਸਾਲ ਪਹਿਲਾਂ ਸ਼੍ਰੀ ਨੇਕ ਚੰਦ ਦੁਆਰਾ ਸ਼ੁਰੂ ਕੀਤੇ ਰੌਕ ਗਾਰਡਨ ਦੀ ਉਦਾਹਰਣ ਸਾਹਮਣੇ ਮੌਜੂਦ ਹੈ। ਹਾਲਾਂਕਿ ਹੁਣ ਤਾਂ ਪਿਛਲੇ ਪੰਜਾਹ-ਸੱਠ ਸਾਲਾਂ ਨਾਲੋਂ ਸਾਡੇ ਘਰਾਂ ਅਤੇ ਆਸ-ਪਾਸ ਮਿਲਣ ਵਾਲੇ ਬੇਕਾਰ ਜਾਂ ਵਰਤ ਕੇ ਬੇਕਾਰ ਹੋਏ ਸਾਮਾਨ ਦੀ ਮਾਤਰਾ ਕਿੰਨੀ ਗੁਣਾ ਵੱਧ ਚੁੱਕੀ ਹੈ। ਘਰਾਂ ਜਾਂ ਸੰਸਥਾਵਾਂ ਵਿੱਚ ਸਾਡੀ ਰੋਜ਼ਮਰਾ ਵਰਤੋਂ ਵਿੱਚ ਆਉਣ ਵਾਲਾ ਸਾਮਾਨ ਕੁੱਝ ਸਮਾਂ ਪਾ ਕੇ ਕਬਾੜੀਏ ਕੋਲ ਜਾ ਪੁੱਜਦਾ ਹੈ। ਅਨੇਕਾਂ ਹੀ ਮਟੀਰੀਅਲ ਵਿੱਚ ਮੌਜੂਦ ਸਾਮਾਨ ਮਿਹਨਤ ਅਤੇ ਕਲਾ ਦੇ ਸੁਮੇਲ ਨਾਲ ਬਗ਼ੀਚੀ ਵਿੱਚ ਸ਼ਿੰਗਾਰ ਦਾ ਸਬੱਬ ਬਣ ਜਾਂਦਾ ਹੈ। ਅਨੇਕਾਂ ਹੀ ਵੰਨਗੀਆਂ ਦੇ ਇਸ ਸਾਮਾਨ ਨੂੰ ਪੌਦਿਆਂ ਜਾਂ ਸ਼ਿੰਗਾਰ ਲਈ ਵਰਤਣ ਖ਼ਾਤਿਰ ਤਕਨੀਕੀ ਪੱਖਾਂ ਦਾ ਪਤਾ ਹੋਣਾ ਲਾਜ਼ਮੀ ਹੁੰਦਾ ਹੈ ਨਹੀਂ ਤਾਂ ਸਮਾਂ ਪਾ ਕੇ ਮਿਹਨਤ ਵੀ ਬੇਕਾਰ ਹੋ ਜਾਂਦੀ ਹੈ ਅਤੇ ਸ਼ਿੰਗਾਰ ਵਸਤੂ, ਭੱਦੀ ਵਸਤੂ ਦਾ ਰੂਪ ਲੈ ਲੈਂਦੀ ਹੈ।

ਦੁਨੀਆਂ ਉੱਤੇ ਸ਼ੌਕੀਨ ਲੋਕਾਂ ਦੀ ਕਮੀ ਬਿਲਕੁਲ ਨਹੀਂ ਹੈ। ਸੋਸ਼ਲ ਮੀਡੀਆ ਅਤੇ ਇੰਟਰਨੈੱਟ ਦੇ ਯੁੱਗ ਵਿੱਚ ਤੁਸੀ ਸਕਿੰਟਾਂ ਵਿੱਚ ਤਸਵੀਰਾਂ ਤੇ ਵੀਡਿਓ ਪ੍ਰਾਪਤ ਕਰ ਸਕਦੇ ਹੋ ਜਿਹੜੀਆਂ ਵਰਤੇ ਹੋਏ ਸਾਮਾਨ ਨੂੰ ਬਗ਼ੀਚੀਆਂ ਵਿੱਚ ਪੁਨਰ ਵਰਤੋਂ ਕਰਕੇ ਚਾਰ-ਚੰਨ ਲਾ ਰਹੀਆਂ ਹੁੰਦੀਆਂ ਹਨ। ਖ਼ੂਬਸੂਰਤ ਤਸਵੀਰ ਨੂੰ ਅਸਲੀ ਰੂਪ ਦੇਣ ਲਈ ਬਾਰੀਕੀਆਂ ਤੇ ਤਕਨੀਕੀ ਪੱਖਾਂ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ। ਸਭ ਤੋਂ ਅਹਿਮ ਗੱਲ ਇਹ ਹੁੰਦੀ ਹੈ ਕਿ ਕਿਹੜੇ ਸਾਮਾਨ ਨੂੰ ਕਿਸ ਰੂਪ ਵਿੱਚ ਕਿੰਝ ਵਰਤਣਾ ਹੈ? ਉਸ ਵਿੱਚ ਕਿਸ ਤਰ੍ਹਾਂ ਦੇ ਪੌਦੇ ਲਾਉਣੇ ਹਨ? ਜੇਕਰ ਸਾਮਾਨ ਲੋਹੇ ਦਾ ਹੈ ਤਾਂ ਜੰਗਾਲ ਲੱਗਣ ਤੋਂ ਬਚਾਅ, ਲੱਕੜ ਦਾ ਹੈ ਤਾਂ ਸਿਉਂਕ ਲੱਗਣ ਤੋਂ ਬਚਾਅ ਆਦਿ ਗੱਲਾਂ ਬਾਰੇ ਤੁਹਾਨੂੰ ਆਗਾਹੂੰ ਜਾਣਕਾਰੀ ਹੋਣੀ ਚਾਹੀਦੀ ਹੈ। ਕਿਸੇ ਵੀ ਵੰਨਗੀ ਦੇ ਸਾਮਾਨ ਵਿੱਚ ਲੱਗੇ ਪੌਦੇ ਨੂੰ ਸਾਰਾ ਸਾਲ ਲੋੜ ਅਨੁਸਾਰ ਪਾਣੀ ਕਿਸ ਵਿਧੀ ਰਾਹੀਂ ਪਹੁੰਚਾਉਣਾ ਅਤੇ ਵਾਧੂ ਪਾਣੀ ਦਾ ਨਿਕਾਸ ਕਿੰਝ ਕਰਨਾ ਅਨੇਕਾਂ ਸਵਾਲ ਭੰਬਲ-ਭੂਸੇ ਵਿੱਚ ਪਾਉਂਦੇ ਹਨ।

ਪਲਾਸਟਿਕ ਸਾਡੀ ਜ਼ਿੰਦਗੀ ਵਿੱਚ ਬੁਰੀ ਤਰ੍ਹਾਂ ਘਰ ਕਰ ਚੁੱਕੀ ਹੋਣ ਕਾਰਨ, ਪਲਾਸਟਿਕ ਦੀਆਂ ਅਨੇਕਾਂ ਵਸਤਾਂ ਜਿਹਨਾਂ ਵਿੱਚ ਖਾਸ ਕਰ ਬੋਤਲਾਂ ਤਾਂ ਸਾਡੇ ਆਸ-ਪਾਸ ਬਹੁਤਾਤ ਵਿੱਚ ਮਿਲਦੀਆਂ ਹਨ। ਠੰਡਿਆਂ ਜਾਂ ਹੋਰਨਾਂ ਕੰਮਾਂ ਵਾਲੀਆਂ ਪਲਾਸਟਿਕ ਦੀਆਂ ਬੋਤਲਾਂ ਪੌਦੇ ਲਾਉਣ ਤੋਂ ਲੈ ਕੇ ਸਜਾਵਟੀ ਵਸਤਾਂ, ਪਰਗੋਲੇ ਜਾਂ ਪੁਲ-ਕਿਸ਼ਤੀਆਂ ਬਣਾਉਣ ਵਿੱਚ ਵਰਤੀਆਂ ਜਾਂਦੀਆਂ ਹਨ। ਪਲਾਸਟਿਕ ਜਾਂ ਪਲਾਸਟਿਕ ਵਰਗੇ ਮਟੀਰੀਅਲ ਦੀਆਂ ਬਾਲਟੀਆਂ, ਡਰੰਮ, ਖਿਡੌਣੇ, ਸਮਾਂ ਰੱਖਣ ਵਾਲੇ ਬਰਤਨ ਆਦਿ ਬੇਸ਼ੁਮਾਰ ਚੀਜ਼ ਨੂੰ ਬੜੀ ਬਾਖੂਬੀ ਬਗ਼ੀਚੀ ਵਿੱਚ ਵਰਤਿਆ ਜਾ ਸਕਦਾ ਹੁੰਦਾ ਹੈ।

6

ਪੁਨਰ-ਵਰਤੋਂ ਵਾਲੇ ਸਾਮਾਨ ਵਿੱਚ ਵਹੀਕਲਾਂ ਦੇ ਪੁਰਾਣੇ ਟਾਇਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜੇਕਰ ਤੁਸੀ ਮਿਹਨਤ ਕਰਕੇ ਕਲਾ ਦੀ ਮੁੱਠ ਚਾੜ ਦਿਓ ਤਾਂ ਟਾਇਰਾਂ ਵਿੱਚ ਮੌਸਮੀ ਫੁੱਲ, ਭੋਂ ਕੱਜਣੇ ਪੌਦੇ ਅਤੇ ਅਨੇਕਾਂ ਤਰ੍ਹਾਂ ਦੇ ਹੋਰ ਫੁੱਲ-ਪੌਦਿਆਂ ਨੂੰ ਲਾ ਸਕਦੇ ਹੁੰਦੇ ਹੋ। ਟਾਇਰਾਂ ਨੂੰ ਕੱਟ ਕੇ ਪੰਛੀ-ਜਾਨਵਰਾਂ ਆਦਿ ਦਾ ਰੂਪ ਦੇ ਦਿੱਤਾ ਜਾਂਦਾ ਹੈ। ਤਸਵੀਰਾਂ ਵਿੱਚ ਮਿਲਣ ਵਾਲੀਆਂ ਸਭ ਵਸਤਾਂ ਵਿੱਚ ਟਾਇਰਾਂ ਤੋਂ ਬਣੀਆਂ ਕਲਾ-ਕ੍ਰਿਤੀਆਂ ਮੁੱਖ ਰੂਪ ਵਿੱਚ ਨਜ਼ਰ ਆਉਂਦੀਆਂ ਹਨ। ਟਾਇਰਾਂ ਨੂੰ ਤਾਂ ਲੋਕ ਪੁਰਾਣੇ ਖੂਹਾਂ ਜਾਂ ਬੈਠਣ ਲਈ ਫਰਨੀਚਰ ਵਰਗੀਆਂ ਵਸਤਾਂ ਆਦਿ ਤੱਕ ਦੀ ਦਿੱਖ ਦੇ ਲੈਂਦੇ ਹਨ। ਟਾਇਰਾਂ ਤੋਂ ਇਲਾਵਾ ਰਬੜ ਅਤੇ ਚਮੜੇ ਆਦਿ ਦੀਆਂ ਅਨੇਕਾਂ ਵਸਤਾਂ ਵੀ ਅਜਿਹੇ ਕੰਮਾਂ ਵਿੱਚ ਵਰਤੀਆਂ ਜਾਂਦੀਆਂ ਹਨ।

ਲੋਹੇ ਦੇ ਡਰੰਮ-ਡਰੰਮੀਆਂ, ਪੀਪੇ-ਢੌਲ ਆਦਿ ਨੂੰ ਖੂਬ ਸਜਾ ਕੇ ਅਨੇਕਾਂ ਵੰਨਗੀਆਂ ਦੇ ਪੌਦਿਆਂ ਨੂੰ ਲਾਉਣ ਦੇ ਨਾਲ-ਨਾਲ ਸਜਾਵਟ ਵਜੋਂ ਬਾਖ਼ੂਬੀ ਵਰਤਿਆ ਜਾਂਦਾ ਹੈ। ਵੱਡੇ ਡਰੰਮਾਂ ਨੂੰ ਪੇਂਟ ਕਰਕੇ ਪੌਦੇ ਲਾਉਣ ਦੇ ਨਾਲ-ਨਾਲ ਸੋਹਣੀ ਦਿੱਖ ਵੀ ਦਿੱਤੀ ਜਾਂਦੀ ਹੈ। ਲੋਹੇ ਤੋਂ ਇਲਾਵਾ ਟੀਨ ਜਾਂ ਐਲੂਮੀਨੀਅਮ ਵਰਗੀਆਂ ਹੋਰਨਾਂ ਧਾਤਾਂ ਦੇ ਡੱਬਿਆਂ ਨੂੰ ਆਸਾਨੀ ਨਾਲ ਵਰਤਿਆਂ ਜਾਂਦਾ ਹੈ। ਲੋਹੇ ਅਤੇ ਹੋਰਨਾਂ ਧਾਤਾਂ ਨੂੰ ਪਾਣੀ ਨਾਲ ਜੰਗਾਲ ਜਾਂ ਗਲਣ ਤੋਂ ਬਚਾਉਣ ਦਾ ਪ੍ਰਬੰਧ ਕਰਨਾ ਜ਼ਰੂਰੀ ਹੁੰਦਾ ਹੈ। ਧਾਤਾਂ ਤੋਂ ਇਲਾਵਾ ਸਾਡੇ ਆਸ-ਪਾਸ ਕੱਚ ਦੀਆਂ ਅਨੇਕਾਂ ਵਸਤਾਂ ਕਬਾੜ ਵਿੱਚ ਮਿਲ ਜਾਂਦੀਆਂ ਹਨ, ਜਿਸ ਵਿੱਚ ਬੋਤਲਾਂ, ਸ਼ਰਾਬ ਜਾਂ ਬੀਅਰ ਵਾਲੀਆਂ ਬੋਤਲਾਂ, ਅਨੇਕਾਂ ਵੰਨਗੀਆਂ ਦੇ ਜਾਰ ਅਤੇ ਗਲਾਸ ਵਰਗੀਆਂ ਕੱਚ ਦੀਆਂ ਵਸਤਾਂ ਨੂੰ ਪੌਦੇ ਲਾਉਣ ਅਤੇ ਸਜਾਉਣ ਲਈ ਵਰਤਿਆ ਜਾਂਦਾ ਹੈ। ਅਨੇਕਾਂ ਰੰਗਾਂ ਵਿੱਚ ਮਿਲਣ ਵਾਲੀਆਂ ਕੱਚ ਦੀਆਂ ਵਸਤਾਂ ਬਗ਼ੀਚੀ ਵਿੱਚ ਰੰਗ ਭਰਨ ਦਾ ਕੰਮ ਵੀ ਕਰ ਦਿੰਦੀਆਂ ਹਨ।

ਲੱਕੜ ਦਾ ਬਗ਼ੀਚੀ ਨਾਲ ਬੜਾ ਗੂੜਾ ਸੰਬੰਧ ਵੀ ਹੈ ਅਤੇ ਵਰਤੋਂ ਵੀ ਅਨੇਕਾਂ ਵਿਧੀਆਂ ਰਾਹੀਂ ਕਰ ਲਈ ਜਾਂਦੀ ਹੈ। ਸੁੱਕੇ ਦਰੱਖਤਾਂ ਦੇ ਮੁੱਢ ਤੋਂ ਲੈ ਕੇ ਘਰੇਲੂ ਫਰਨੀਚਰ, ਪੁਰਾਣੇ ਸਾਜ਼-ਪੌੜੀਆਂ ਆਦਿ ਨੂੰ ਬਗ਼ੀਚੀ ਦੇ ਡਿਜ਼ਾਇਨ ਵਿੱਚ ਸਹੀ ਵਿਉਂਤਬੰਦੀ ਨਾਲ ਫਿੱਟ ਕੀਤਾ ਜਾ ਸਕਦਾ ਹੁੰਦਾ ਹੈ। ਦਰਵਾਜੇ ਅਤੇ ਖੇਤੀ ਸੰਦ ਆਦਿ ਜਿਹਨਾਂ ਵਿੱਚ ਪੌਦੇ ਲਾ ਕੇ ਸਜਾ ਲਿਆ ਜਾਂਦਾ ਹੈ। ਸਾਈਕਲ ਦੇ ਚੱਕਿਆਂ ਅਤੇ ਲੱਕੜ ਦੇ ਪਹੀਆਂ ਤੋਂ ਵੀ ਸੋਹਣੇ ਦ੍ਰਿਸ਼ ਸਿਰਜੇ ਜਾ ਸਕਦੇ ਹੁੰਦੇ ਹਨ। ਪੱਥਰਾਂ ਨੂੰ ਵਿਲੱਖਣ ਦਿੱਖ ਅਤੇ ਬੱਜਰੀ ਵੀ ਬਗ਼ੀਚੀ ਦਾ ਅਹਿਮ ਅੰਗ ਹੁੰਦੇ ਹਨ। ਪੱਥਰਾਂ ਨੂੰ ਵਿਲੱਖਣ ਦਿੱਖ ਅਤੇ ਬੱਜਰੀ ਨੂੰ ਰੁੱਖ-ਪੌਦਿਆਂ ਹੇਠ ਡਿਜ਼ਾਈਨ ਵਿੱਚ ਵਰਤ ਲਿਆ ਜਾਂਦਾ ਹੈ। ਪੱਥਰਾਂ ਦੇ ਨਾਲ-ਨਾਲ ਮਿੱਟੀ ਦੇ ਭਾਂਡੇ ਅਤੇ ਹੋਰਨਾਂ ਵਸਤਾਂ ਆਪਣੇ ਰੰਗ ਅਤੇ ਦਿੱਖ ਨਾਲ ਬਗ਼ੀਚੀ ਵਿੱਚ ਯੋਗਦਾਨ ਪਾਉਂਦੇ ਹਨ। ਇਲੈਕਟ੍ਰੋਨਿਕਸ ਦੀਆਂ ਸੀ.ਡੀ.ਵਰਗੀਆਂ ਬੇਕਾਰ ਵਸਤਾਂ ਤੋਂ ਮੋਰ-ਮੱਛੀ ਆਦਿ ਬਣਾਏ ਜਾਂਦੇ ਹਨ।

ਅਜੋਕੇ ਸਮੇਂ ਵਿੱਚ ਵਰਤੀਆਂ ਜਾਣ ਵਾਲੀਆਂ ਬਿਜਲੀ ਦੀਆਂ ਵਸਤਾਂ ਜਿਵੇਂ ਕਿ ਬਲਬ, ਟਿਊਬਾਂ ਆਦਿ ਨੂੰ ਸਜਾਵਟ ਵਿੱਚ ਵਰਤਣ ਦੇ ਨਾਲ-ਨਾਲ ਬਿਜਲੀ ਦੀਆਂ ਵੱਡੀਆਂ-ਮੋਟੀਆਂ ਤਾਰਾਂ ਲਪੇਟਣ ਵਾਲੀਆਂ ਚਕਰੀਆਂ ਨੂੰ ਟੇਬਲ ਜਾਂ ਬੈਠਣ ਲਈ ਮੂੜੇ ਵਾਂਗ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਦਰਅਸਲ ਜੇਕਰ ਵਸਤਾਂ ਦੀ ਗੱਲ ਕਰੀਏ ਤਾਂ ਸੂਚੀ ਨਾ ਮੁੱਕਣ ਵਾਲੀ ਬਣ ਸਕਦੀ ਹੈ, ਕਿਉਂਕਿ ਵਰਤਣ ਵਾਲੇ ਤਾਂ ਪੁਰਾਣੇ ਬੂਟ, ਕੱਪੜੇ, ਬਾਥਰੂਮ ਦੇ ਟੱਬ, ਸ਼ੈਂਨਕ, ਮਸ਼ੀਨਰੀ ਦੇ ਪੁਰਜੇ, ਪੁਰਾਣੇ ਪਿੰਜਰੇ, ਛਤਰੀਆਂ, ਫਲਾਂ ਵਾਲੇ ਕਰੇਟ ਭਾਂਡੇ ਅਤੇ ਅਨੇਕਾਂ ਵਸਤਾਂ ਨੂੰ ਵਰਤ ਲੈਂਦੇ ਹਨ। ਕੁੱਲ ਮਿਲਾ ਕੇ ਵਰਤੀ ਜਾ ਚੁੱਕੀ ਵਸਤੂ ਨੂੰ ਪੁਨਰ ਵਰਤੋਂ ਵਿੱਚ ਲਿਆਉਣ ਖਾਤਿਰ ਤੁਹਾਨੂੰ ਤਕਨੀਕੀ ਜਾਣਕਾਰੀ ਤੇ ਕਲਾ ਦੀ ਸਮਝ ਹੋਣੀ ਲਾਜ਼ਮੀ ਹੁੰਦੀ ਹੈ। ਬੇਕਾਰ ਵਸਤਾਂ ਦੀ ਸਾਡੇ ਆਸ-ਪਾਸ ਕੋਈ ਕਮੀ ਨਹੀਂ, ਬੱਸ ਲੋੜ ਹੈ ਤਾਂ ਸਾਡੇ ਦਿਮਾਗ ਦੀ ਬੱਤੀ ਜਗਾਉਣ ਦੀ।

ਡਾ. ਬਲਵਿੰਦਰ ਸਿੰਘ ਲੱਖੇਵਾਲੀ

+91-98142-39041

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ