ਫ਼ਸਲ ਚਾਹੇ ਕੋਈ ਵੀ ਹੋਵੇ ਜਦ ਤੱਕ ਉਸਦੀ ਚੰਗੀ ਸਾਂਭ ਸੰਭਾਲ ਨਹੀਂ ਕੀਤੀ ਜਾਂਦੀ, ਉਸ ਦਾ ਚੰਗਾ ਵਿਕਾਸ ਨਹੀਂ ਹੁੰਦਾ ਹੈ ਅਤੇ ਸਾਡੀ ਹੀ ਅਣਗਹਿਲੀ ਨਾਲ ਉਹ ਕਈ ਵਾਰ ਮਰ ਵੀ ਜਾਂਦੀ ਹੈ। ਆਮ ਤੌਰ ‘ਤੇ ਬਾਗਬਾਨ ਫਲਦਾਰ ਬੂਟਿਆਂ ਨੂੰ ਸਰਦੀ ਰੁੱਤ ਵਿੱਚ ਨਜ਼ਰਅੰਦਾਜ਼ ਕਰ ਦਿੰਦੇ ਹਨ, ਜਿਸਦੇ ਸਿੱਟੇ ਵਜੋਂ ਸਰਦ ਰੁੱਤ ਵਿੱਚ ਬੂਟੇ ਕੋਰੇ ਦੇ ਪ੍ਰਭਾਵ ਨਾਲ ਮਰ ਜਾਂਦੇ ਹਨ।
ਪੱਤਝੜੀ ਫਲਦਾਰ ਬੂਟੇ ਜਿਵੇਂ ਕਿ ਨਾਖ, ਆੜੂ, ਅਲੂਚਾ, ਅੰਗੂਰ ਆਦਿ ਸਰਦ ਰੁੱਤ ਵਿੱਚ ਸਥਿੱਲ ਅਵਸਥਾ ਵਿੱਚ ਹੋਣ ਕਰਕੇ ਕੋਰੇ ਦੇ ਪ੍ਰਕੋਪ ਤੋਂ ਬਚ ਜਾਂਦੇ ਹਨ, ਪਰ ਸਦਾਬਹਾਰ ਫਲਦਾਰ ਬੂਟੇ ਜਿਵੇਂ ਕਿ ਅੰਬ, ਲੀਚੀ, ਪਪੀਤਾ,ਅਮਰੂਦ, ਕੇਲਾ, ਆਵਲਾਂ ਅਤੇ ਨਿੰਬੂ ਜਾਤੀ ਦੇ ਫਲ ਇਸ ਦੇ ਪ੍ਰਭਾਵ ਹੇਠਾਂ ਜ਼ਿਆਦਾ ਆਉਂਦੇ ਹਨ। ਫਲਦਾਰ ਬੂਟਿਆਂ ਨੂੰ ਬਚਾਉਣ ਲਈ ਹੇਠ ਲਿਖੇ ਨੁਕਤੇ ਅਪਣਾਉਣੇ ਚਾਹੀਦੇ ਹਨ:
ਸਿੰਚਾਈ : ਕੋਰੇ ਤੋਂ ਬੂਟਿਆਂ ਨੂੰ ਬਚਾਉਣ ਲਈ ਸਰਦ ਰੁੱਤ ਵਿੱਚ ਬਾਗਾਂ ਦੀ ਸਿੰਚਾਈ ਕਰਨ ਨਾਲ ਬਾਗ ਦਾ ਤਾਪਮਾਨ 1-2° C ਤੱਕ ਵਧਾਇਆ ਜਾ ਸਕਦਾ ਹੈ।
ਹਵਾ ਰੋਕੂ ਵਾੜ ਲਗਾਉਣੀ: ਬੂਟਿਆਂ ਨੂੰ ਕੋਰੇ ਤੋਂ ਬਚਾਉਣ ਲਈ ਫਲਦਾਰ ਬੂਟੇ ਲਗਾਉਣ ਤੋਂ ਪਹਿਲਾਂ ਹਵਾ ਰੋਕੂ ਵਾੜ ਲਗਾਓ। ਇਹ ਵਾੜ ਉੱਤਰ–ਪੱਛਮ ਦਿਸ਼ਾ ਵਿਚ ਲਗਾਉਣੀ ਚਾਹੀਦੀ ਹੈ। ਇਸ ਲਈ ਹਮੇਸ਼ਾ ਸਖ਼ਤ ਜਾਂ ਉੱਚੇ ਦਰਖ਼ੱਤ ਚੁਣੋ ਜਿਵੇਂ ਕਿ ਟਾਹਲੀ, ਅਰਜਨ, ਸਫ਼ੇਦਾ, ਅੰਬ, ਤੂਤ ਆਦਿ।
ਕੁੱਲੀਆਂ ਬੰਨ੍ਹਣੀਆਂ: ਕੁੱਲੀਆਂ ਬੰਨ੍ਹਣ ਲਈ ਪਰਾਲੀ, ਸਰਕੰਡੇ, ਕਮਾਦ ਦੀ ਰਹਿੰਦ–ਖੂਹੰਦ ਦੀ ਵਰਤੋਂ ਕੀਤੀ ਜਾਂਦੀ ਹੈ।ਕੁੱਲੀਆਂ ਘੱਟ ਖਰਚ ਦਾ ਸੌਖਾ ਤਰੀਕਾ ਹੈ, ਜਿਸ ਨਾਲ ਬੂਟਿਆਂ ਨੂੰ ਕੋਰੇ ਤੋਂ ਬਚਾਇਆ ਜਾ ਸਕਦਾ ਹੈ। ਕੁੱਲੀ ਇਸ ਤਰ੍ਹਾਂ ਬਨਾਉਣੀ ਚਾਹੀਦੀ ਹੈ ਕਿ ਉਸਦੇ ਦੱਖਣ ਦਿਸ਼ਾ ਵਾਲੇ ਪਾਸੇ ਰੋਸ਼ਨੀ ਅਤੇ ਹਵਾ ਅੰਦਰ ਜਾ ਸਕੇ ਤਾਂ ਜੋ ਪੌਦੇ ਦੇ ਵਿਕਾਸ ਤੇ ਕੋਈ ਅਸਰ ਨਾ ਪਵੇ।
ਬੂਟਿਆਂ ਦੀ ਸਿਧਾਈ ਅਤੇ ਕਾਂਟ–ਛਾਂਟ : ਫਲਦਾਰ ਬੂਟਿਆਂ ਨੂੰ ਸਿਧਾਈ ਕਰ ਕੇ ਨੀਵੇਂ ਰੱਖੋ। ਛੋਟੇ ਕੱਦ ਵਾਲੇ ਰੁੱਖ ਕੋਰੇ ਦਾ ਵਧੀਆ ਤਰੀਕੇ ਨਾਲ ਸਾਹਮਣਾ ਕਰ ਸਕਦੇ ਹਨ। ਇਸ ਲਈ ਅਤਿ ਜ਼ਰੂਰੀ ਹੈ ਕਿ ਫਲਦਾਰ ਬੂਟਿਆਂ ਦੀ ਛੋਟੀ ਉਮਰ ਵਿਚ ਹੀ ਕਾਂਟ–ਛਾਂਟ ਕੀਤੀ ਜਾਵੇ। ਅਜਿਹੇ ਢੰਗ ਨਾਲ ਇਹਨਾਂ ਨੂੰ ਸਖ਼ਤ ਜਾਨ ਬਣਾਇਆ ਜਾ ਸਕਦਾ ਹੈ ਅਤੇ ਕੋਰੇ ਤੋਂ ਬਚਾਇਆ ਜਾ ਸਕਦਾ ਹੈ।
ਧੂੰਏਂ ਦੇ ਬੱਦਲ ਬਣਾਉਣ: ਇਸ ਤਰੀਕੇ ਵਿੱਚ ਸੁੱਕੀ ਰਹਿੰਦ–ਖੂਹੰਦ, ਘਾਹ, ਸੁੱਕੇ ਪੱਤਿਆਂ ਦੇ ਢੇਰ ਤਿਆਰ ਕੀਤੇ ਜਾਂਦੇ ਹਨ, ਅਤੇ ਸਰਦ ਮੌਸਮ ਵਿਚ ਇਹਨਾਂ ਢੇਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਢੇਰਾਂ ਨੂੰ ਅੱਗ ਲਗਾ ਕੇ ਹੌਲੀ–ਹੌਲੀ ਧੂੰਆਂ ਪੈਦਾ ਕੀਤਾ ਜਾਂਦਾ ਹੈ। ਭਾਵੇਂ ਇਹ ਤਰੀਕਾ ਬਹੁਤ ਪ੍ਰਚਿਲਤ ਨਹੀਂ ਹੈ ਪਰ ਇਸਦੀ ਵਰਤੋਂ ਨਾਲ ਚੰਗੇ ਨਤੀਜੇ ਹਾਸਲ ਹੋ ਜਾਂਦੇ ਹਨ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ