ਸਰੋਂ ਹਾੜੀ ਦੀ ਇਕ ਪ੍ਰਮੁੱਖ ਫ਼ਸਲ ਹੈ | ਇਸ ਫ਼ਸਲ ਵਿਚ ਬਿਜਾਈ ਤੋਂ ਲੈ ਕੇ ਕਟਾਈ ਤਕ ਵੱਖ ਵੱਖ ਬਿਮਾਰੀਆਂ ਦਾ ਹਮਲਾ ਹੁੰਦਾ ਹੈ|ਜੇਕਰ ਇਹਨਾਂ ਬਿਮਾਰੀਆਂ ਦੀ ਸਹੀ ਸਮੇ ਰੋਕਥਾਮ ਨਾ ਕੀਤੀ ਜਾਏ ਤਾ ਇਹ ਫ਼ਸਲ ਦੀ ਪੈਦਾਵਾਰ ਨੂੰ ਘਟਾ ਦਿੰਦੀ ਹੈ|ਇਹਨਾਂ ਬਿਮਾਰੀਆਂ ਦੀ ਆਮਦ ਬਾਰੇ ਸਹੀ ਸਮੇ ਤੇ ਜਾਣਕਾਰੀ ਅਤੇ ਪ੍ਰਬੰਧ ਕਰਨ ਨਾਲ ਪੂਰਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ|
ਝੁਲਸ ਰੋਗ :- ਸਰੋਂ ਦੇ ਘੱਟ ਝਾੜ ਦਾ ਇਕ ਮੁਖ ਕਾਰਨ ਝੁਲਸ ਰੋਗ ਹੁੰਦਾ ਹੈ| ਇਹ ਝਾੜ ਵਿਚ 30 -40% ਤਕ ਕਮੀ ਕਰਦੀ ਹੈ|ਇਹ ਤੇਜੀ ਨਾਲ ਹਵਾ ਵਿਚ ਫੈਲਦੀ ਹੈ| ਇਸਦੀ ਸ਼ੁਰੂਆਤ ਦਸੰਬਰ ਮਹੀਨੇ ਦੇ ਮਹੀਨੇ ਤਕ ਹੁੰਦੀ ਹੈ ਪਰ ਫਰਵਰੀ –ਮਾਰਚ ਇਹ ਬਹੁਤ ਤੇਜੀ ਨਾਲ ਵੱਧ ਜਾਂਦਾ ਹੈ|ਇਸਦੀ ਸ਼ੁਰੂਆਤ ਹੇਠਲੇ ਪੱਤਿਆਂ, ਜਿਥੇ ਸਾਰਾ ਦਿਨ ਛਾਂ ਅਤੇ ਨਮੀ ਰਹਿੰਦੀ ਹੈ ਉਪਰ ਛੋਟੇ ਛੋਟੇ ਭੂਰੇ ਕਾਲੇ ਧੱਬਿਆਂ ਦੇ ਰੂਪ ਵਿਚ ਹੁੰਦੀ ਹੈ| ਇਹ ਧੱਬੇ ਵੱਡੇ ਹੋ ਜਾਂਦੇ ਹਨ ਅਤੇ ਇਹਨਾਂ ਉਪਰ ਕਾਲੇ ਰੰਗ ਦੇ ਗੋਲ ਚੱਕਰ ਬਣ ਜਾਂਦੇ ਹਨ ਜੋ ਕਿ ਬਿਮਾਰੀ ਦੇ ਅਸਲ ਕਣ ਹੁੰਦੇ ਹਨ|
ਰੋਕਥਾਮ :- ਇਸਦੀ ਰੋਕਥਾਮ ਦੇ ਲਈ ਸਮੇ ਸਰ ਬਿਜਾਈ ਕਰੋ ਅਤੇ ਖਾਦਾਂ ਦੀ ਸਿਫਾਰਿਸ਼ ਮਾਤਰਾ ਤੋਂ ਵੱਧ ਵਰਤੋਂ ਨਾ ਕਰੋ| ਬਿਜਾਈ ਤੋਂ 25 ਕੁ ਦਿਨਾਂ ਬਾਅਦ ਬੂਟਿਆਂ ਨੂੰ ਵਿਰਲਾ ਕਰੋ ਤਾ ਜੋ ਬੂਟੇ ਤੋਂ ਬੂਟੇ ਦਾ ਫਾਸਲਾ 10 -15 cm ਤੋਂ ਘੱਟ ਨਾ ਹੋਏ , ਕਿਉਕਿ ਸੰਗਣੀ ਫ਼ਸਲ ਤੇ ਬਿਮਾਰੀ ਦਾ ਹਮਲਾ ਜ਼ਿਆਦਾ ਹੁੰਦਾ ਹੈ|ਫ਼ਸਲ ਨੂੰ ਭਰਵਾ ਪਾਣੀ ਨਾ ਦਿਓ| ਫ਼ਸਲ ਕੱਟਣ ਤੋਂ ਬਾਅਦ ਰਹਿੰਦ –ਖੂਹੰਦ ਨਸ਼ਟ ਕਰ ਦੇਣੀ ਚਾਹੀਦੀ ਹੈ ਕਿਉਕਿ ਇਸ ਵਿਚ ਬਿਮਾਰੀ ਦੇ ਕਣ ਹੁੰਦੇ ਹਨ ਜੋ ਕਿ ਅਗਲੇ ਸਾਲ ਬਿਮਾਰੀ ਫੈਲਾਉਣ ਦਾ ਕੰਮ ਕਰਦੇ ਹਨ|
ਚਿੱਟੀ ਕੁੰਗੀ :- ਇਹ ਬਿਮਾਰੀ ਸਿਰਫ ਰਾਇਆ ਕਿਸਮ ਤੇ ਹਮਲਾ ਕਰਦੀ ਹੈ ਅਤੇ ਝਾੜ ਵਿਚ 17 -37% ਤੱਕਦੀ ਕਮੀ ਕਰ ਸਕਦੀ ਹੈ| ਇਸ ਬਿਮਾਰੀ ਦਾ ਹਮਲਾ ਠੰਡੇ ਅਤੇ ਨਮੀ ਵਾਲੇ ਮੌਸਮ ਵਿਚ ਹੁੰਦਾ ਹੈ| ਇਹ ਬਿਮਾਰੀ ਬੀਜ ਅਤੇ ਜਮੀਨ ਤੋਂ ਫੈਲਦਾ ਹੈ|ਇਸ ਬਿਮਾਰੀ ਦੇ ਕਣ ਜਮੀਨ ਅਤੇ ਰਹਿੰਦ ਖੂਹੰਦ ਵਿਚ ਪਏ ਰਹਿੰਦੇ ਹਨ ਜੋ ਢੁਕਵਾਂ ਮੌਸਮ ਆਉਣ ਤੇ ਜੰਮ ਪੈਂਦੇ ਹਨ|ਇਹ ਬਿਮਾਰੀ ਵੀ ਦਸੰਬਰ–ਜਨਵਰੀ ਵਿਚ ਹੀ ਸ਼ੁਰੂ ਹੋ ਜਾਂਦੀ ਹੈ ਪਰ ਜੇ ਸਰਦੀ ਪਹਿਲਾਂ ਸ਼ੁਰੂ ਹੋ ਜਾਏ ਤਾਂ ਇਹ ਬਿਮਾਰੀ ਦਸੰਬਰ ਵਿਚ ਹੀ ਸ਼ੁਰੂ ਹੋ ਜਾਂਦੀ ਹੈ| ਇਸਦੀ ਸ਼ੁਰੁਆਤ ਪੱਤਿਆਂ ਦੇ ਹੇਠਲੇ ਪਾਸੇ ਛੋਟੇ –ਛੋਟੇ ਚਿੱਟੇ ਰੰਗ ਦੇ ਦਾਣਿਆਂ ਦੇ ਰੂਪ ਵਿਚ ਹੁੰਦੀ ਹੈ ਜਿਸ ਕਰਕੇ ਇਹ ਅਕਸਰ ਨਜਰਅੰਦਾਜ ਹੋ ਜਾਂਦੀ ਹੈ| ਹੌਲੀ ਹੌਲੀ ਬਿਮਾਰੀ ਪੌਦਿਆਂ ਦੇ ਉਪਰਲੇ ਹਿੱਸੇ ਤੱਕ ਪਹੁੰਚ ਜਾਂਦੀ ਹੈ| ਫੁੱਲਾਂ ਵਾਲੀਆਂ ਟਾਹਣੀਆਂ ਫੁੱਲ ਕੇ ਮੁੜ ਜਾਂਦੀਆਂ ਹਨ ਅਤੇ ਸਿੰਗਾਂ ਵਾਂਗ ਨਜ਼ਰ ਆਉਂਦੀਆਂ ਹਨ ਅਤੇ ਫਲੀਆਂ ਨਹੀਂ ਬਣਦੀਆਂ|
ਰੋਕਥਾਮ :- ਇਸ ਬਿਮਾਰੀ ਦੀ ਰੋਕਥਾਮ ਦੇ ਲਈ ਮੈਟਾਲੈਕਸਲ ਐਮ 4% + ਮੈਨਕੋਜ਼ਿਬ 64% ਦੇ ਤਿੰਨ ਛਿੜਕਾਅ 250 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲੀਟਰ ਵਿਚ ਘੋਲ ਕੇ ਬਿਜਾਈ ਤੋਂ 60 ਅਤੇ 80 ਦਿਨ ਬਾਅਦ ਕਰੋ| ਲੋੜ ਪੈਣ ਤੇ 20 ਦਿਨਾਂ ਬਾਅਦ ਇਹ ਛਿੜਕਾਅ ਦੁਹਰਾਇਆ ਜਾ ਸਕਦਾ ਹੈ| ਇਸ ਛਿੜਕਾਅ ਨਾਲ ਝੁਲਸ ਰੋਗ ਦੀ ਵੀ ਕੁਛ ਹੱਦ ਤੱਕ ਰੋਕਥਾਮ ਹੋ ਜਾਂਦੀ ਹੈ| ਇਸਤੋਂ ਇਲਾਵਾ ਫ਼ਸਲ ਕੱਟਣ ਤੋਂ ਬਾਅਦ ਰਹਿੰਦ– ਖੂਹੰਦ ਨਸ਼ਟ ਕਰ ਦਿਓ ਤਾਂ ਕਿ ਇਹ ਅਗਲੇ ਸਾਲ ਬਿਮਾਰੀ ਦਾ ਕਾਰਨ ਨਾ ਬਣ ਸਕੇ|
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ