ਸਾਉਣ ਦਾ ਮਹੀਨਾ-ਰੁੱਖ ਲਾਉਣ ਦਾ ਮਹੀਨਾ

ਸਾਉਣ ਦਾ ਮਹੀਨਾ, ਧਰਤ ਤੇ ਅਜਬ ਜਿਹਾ ਅਹਿਸਾਸ ਲੈ ਕੇ ਆਉਂਦਾ ਹੈ। ਹਾੜ੍ਹ ਮਹੀਨੇ ਦੀ ਕੜਕਦੀ ਧੁੱਪ, ਧਰਤ ਦੀ ਹਿੱਕ ਨੂੰ ਸਾੜ ਕੇ ਰੱਖ ਦਿੰਦੀ ਹੈ ਤਾਂ ਸਾਉਣ ਦੀ ਆਮਦ, ਭਾਵ ਬਰਸਾਤ ਦੀ ਆਮਦ ਹੀ ਸਮਝੀ ਜਾਂਦੀ ਹੈ। ਸਿਰਫ਼ ਮਨੁੱਖ ਹੀ ਨਹੀਂ ਬਲਕਿ ਧਰਤੀ ਤੇ ਵਸਦੇ ਸਭ ਜੀਵ-ਜੰਤੂਆਂ ਤੇ ਰੁੱਖ-ਪੌਦਿਆਂ ਵਿੱਚ ਨਵੀਂ ਜਾਨ ਫੂਕੀ ਜਾਂਦੀ ਹੈ। ਵੈਸੇ ਤਾਂ ਸਾਲ ਦੇ ਕਈ ਮਹੀਨੇ ਨਵੇਂ ਰੁੱਖ-ਪੌਦੇ ਲਾਉਣ ਲਈ ਸਹਾਈ ਹੁੰਦੇ ਹਨ ਪਰੰਤੂ ਸਾਉਣ ਮਹੀਨਾ ਖ਼ਾਸ ਮੰਨਿਆ ਜਾਂਦਾ ਹੈ-

ਆਇਆ! ਸਾਉਣ ਦਾ ਮਹੀਨਾ
ਰੁੱਖ ਲਾਉਣ ਦਾ ਮਹੀਨਾ।

ਹਰ ਦਿਨ ਵੱਧ ਰਹੀਆਂ ਕੁਦਰਤੀ ਆਫ਼ਤਾਂ ਤੇ ਵਾਤਾਵਰਨ ਹਾਲਾਤਾਂ ਸਾਨੂ ਸਿੱਧੇ ਤੌਰ ਸੰਕੇਤ ਦੇ ਰਹੀਆਂ ਹਨ ਕਿ ਅਸੀਂ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹਾਂ। ਹਰੇ-ਭਰੇ ਜੰਗਲਾਂ ਵਿੱਚ ਵਸਣ ਵਾਲਾ ਮਨੁੱਖ ਅੱਜ ਕੰਕਰੀਟ ਦੇ ਜੰਗਲਾਂ ਦਾ ਵਾਸੀ ਹੋ ਗਿਆ ਹੈ। ਰੁੱਖਾਂ-ਬਿਰਖਾਂ ਨਾਲੋਂ ਨਾਤਾ ਤੋੜ ਅਸੀਂ ਇਮਾਰਤੀ ਅਤੇ ਬਨਾਵਟੀ ਮਾਹੌਲ ਨੂੰ ਤਰਜੀਹ ਦੇਣ ਲੱਗੇ ਹਾਂ। ਹਾਲਾਂਕਿ ਸਾਡੇ ਗੁਰੂਆਂ-ਪੀਰਾਂ ਨੇ ਤਾਂ ਸਦੀਆਂ ਪਹਿਲਾਂ ਸਾਨੂੰ ਬਿਰਖਾਂ ਦੀ ਮਨੁੱਖਾਂ ਅਤੇ ਜੀਵ-ਜੰਤੂਆਂ ਵਿਚਲੀ ਸਾਂਝ ਬਾਰੇ ਸੇਧ ਦਿੱਤੀ ਸੀ-

“ਬਿਰਖੇ ਹੇਠ ਸਭ ਜੰਤ ਇਕਠੇ”

ਪਾਰ ਅਫਸੋਸ ਅਸੀਂ ਧਾਰਮਿਕ ਸਥਾਨਾਂ ਤੇ ਮੱਥੇ-ਨੱਕ ਤਾਂ ਰਗੜਦੇ ਹਾਂ ਪਰ ਜੋ ਸਿੱਖਿਆ, ਸੁਨੇਹਾ ਉਹਨਾਂ ਸਾਨੂੰ ਮਨੁੱਖ ਜਾਤੀ ਨੂੰ ਦਿੱਤਾ ਸੀ ਉਸ ਉੱਪਰ ਅਮਲ ਕਰਨ ਬਾਰੇ ਸੋਚਦੇ ਵੀ ਨਹੀਂ। ਸੰਗਮਰਮਰ ਪੱਥਰ ਲਾ-ਲਾ ਕੇ ਅਸੀਂ ਪਤਾ ਨੀ ਕੀ ਸਿੱਧ ਕਰਨਾ ਚਾਹੁੰਦੇ ਹਾਂ।

ਦੋਸਤੋ! ਦੇਰ ਆਏ ਦਰੁਸਤ ਆਏ। ਹਾਲਾਂਕਿ ਅਸੀਂ ਬਹੁਤ ਲੇਟ ਜਾਂ ਪਿੱਛੇ ਰਹਿ ਚੁੱਕੇ ਹਾਂ। ਪਰ ਫਿਰ ਵੀ ਡੁੱਲੇ ਬੇਰਾਂ ਦਾ ਕੁੱਝ ਨੀ ਵਿਗੜਿਆ, ਜੇ ਅਸੀਂ ਆਪਣਾ ਫਰਜ਼ ਪਹਿਚਾਣ ਕੇ ਕਾਰਜ ਸ਼ੁਰੂ ਕਰੀਏ। ਬਰਸਾਤ ਰੁੱਤ ਆ ਚੁੱਕੀ ਹੈ ਇਸਨੂੰ ਰੁੱਖ ਲਾਉਣ ਦੀ ਰੁੱਤ ਵੀ ਕਿਹਾ ਜਾਂਦਾ ਹੈ। ਅਸੀਂ ਸਾਲ ਵਿੱਚ ਅਨੇਕਾਂ ਤਿਉਹਾਰ ਮਨਾਉਂਦੇ ਹਾਂ। ਦੀਵਾਲੀ, ਦੁਸ਼ਹਿਰਾ ਦੀ ਤਰ੍ਹਾਂ ਅੱਜ ਸਾਨੂੰ ਰੁੱਖਾਂ ਦੇ ਤਿਉਹਾਰ ਯਾਨੀ ਵਣ-ਮਹਾਂਉਤਸਵ ਨੂੰ ਵੀ ਉੱਨੀ ਹੀ ਸ਼ਿੱਦਤ ਨਾਲ ਮਨਾਉਣਾ ਪਵੇਗਾ ਜਿੰਨੀ ਸ਼ਿੱਦਤ ਨਾਲ ਅਸੀਂ ਹੋਰ ਤਿਉਹਾਰ ਮਨਾਉਂਦੇ ਹਾਂ, ਜਿਹਨਾਂ ਰੁੱਖਾਂ ਦੁਆਲੇ ਸ੍ਰਿਸ਼ਟੀ ਦਾ ਸਭ ਚੱਕਰ ਚੱਲਦਾ ਹੈ। ਸਾਡੀਆਂ ਹਰ ਲੋੜਾਂ ਦੀ ਪੂਰਤੀ ਇਹ ਕਰਦੇ ਹਨ। ਖ਼ਾਸ ਕਰਕੇ ਹਰ ਪਲ ਜੀਣ ਲਈ ਲੋੜੀਂਦੀ ਆਕਸੀਜਨ ਸਾਨੂੰ ਦਿੰਦੇ ਹਨ ਤਾਂ ਸਾਨੂੰ ਇਹਨਾਂ ਦੇ ਤਿਉਹਾਰ ਮਨਾਉਣ ‘ਚ ਪੂਰਾ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਰੁੱਖ ਵਿਚਾਰੇ ਸਾਡੇ ਜਨਮ ਤੋਂ ਮਰਨ ਤੱਕ ਦੇ ਸਫ਼ਰ ਤੇ ਰੋਜ਼-ਮਰ੍ਹਾ ਦੀ ਜ਼ਿੰਦਗੀ ਵਿੱਚ ਸਵੇਰ ਦੀ ਦਾਤਣ ਤੋਂ ਲੈ ਕੇ ਰਾਤ ਨੂੰ ਸੌਣ ਵਾਲੇ ਮੰਜੇ ਤੱਕ ਸਾਡੀ ਹਰ ਲੋੜ ਦੀ ਪੂਰਤੀ ਬਿਨਾਂ ਕੁੱਝ ਕਹੇ ਸੁਣੇ ਪੂਰੀ ਕਰਦੇ ਹਨ। ਅਸੀਂ ਸਭ ਹਵਾ ‘ਚ ਵੱਖ-ਵੱਖ ਸਾਧਨਾਂ ਰਾਹੀਂ ਜ਼ਹਿਰ ਘੋਲਣ ‘ਤੇ ਲੱਗੇ ਹੋਏ ਹਾਂ ਤੇ ਇਹ ਸੁਰਜੀਤ ਪਾਤਰ ਸਾਹਿਬ ਦੇ ਕਹਿਣ ਅਨੁਸਾਰ-

“ਏਹੋ ਹੈ ਮੇਰੀ ਮੈਅਕਸ਼ੀ, ਐਸੇ ‘ਚ ਮਸਤ ਹਾਂ ,
ਪੌਣਾ ‘ਚੋਂ ਜ਼ਹਿਰ ਪੀ ਰਿਹਾ ਹਾਂ, ਮੈਂ ਦਰਖ਼ੱਤ ਹਾਂ।”

ਸੋ, ਵਣ-ਮਹਾਂਉਤਸਵ ਬਾਰੇ ਵਿਸਥਾਰ ਗੱਲ ਕਰਨੀ ਬਣਦੀ ਹੈ।

ਵਣ-ਮਹਾਂਉਤਸਵ ਨੂੰ ਮਨਾਉਣ ਦੀ ਸ਼ੁਰੂਆਤ ਬਾਰੇ ਗੱਲ ਕਰੀਏ ਤਾਂ ਮੈਂ ਇਹ ਦੱਸਣਾ ਜ਼ਰੂਰੀ ਸਮਝਾਂਗਾ ਕਿ ਸ਼ੁਰੂਆਤੀ ਦਿਨ ਸਮੇਂ ਇਸ ਉਤਸਵ ਦਾ ਨਾਂ ‘ਰੁੱਖ ਉਗਾਓ ਉਤਸਵ’ ਸੀ ਅਤੇ ਸਾਡੇ ਦੇਸ਼ ਵਿੱਚ ਪਹਿਲਾਂ ਰੁੱਖ ਉਗਾਓ ਉਤਸਵ ਸੰਨ 1947 ਦੇ ਜੁਲਾਈ ਮਹੀਨੇ ‘ਰੁੱਖ ਉਗਾਓ-ਸਪਤਾਹ’ ਦੇ ਤੌਰ ‘ਤੇ ਮਨਾਇਆ ਗਿਆ । ਕੁੱਝ ਲੋਕ ਨੇ ਇਸਨੂੰ ‘ਰੁੱਖ ਬੀਜਣ-ਸਪਤਾਹ’ ਵੀ ਕਿਹਾ। ਇਸ ਉਤਸਵ ਦਾ ਆਗਾਜ਼ ਸਾਡੇ ਦੇਸ਼ ਦੇ ਮਹਾਨ ਨੇਤਾਵਾਂ ਪੰਡਿਤ ਜਵਾਹਰ ਲਾਲ ਨਹਿਰੂ, ਡਾਕਟਰ ਰਾਜਿੰਦਰ ਪ੍ਰਸਾਦ ਅਤੇ ਮੌਲਾਨਾ ਅਬਦੁਲ ਕਲਾਮ ਆਜ਼ਾਦ ਵਰਗੀਆਂ ਅਹਿਮ ਸ਼ਖਸ਼ੀਅਤਾਂ ਨੇ ‘ਕਚਨਾਰ’ ਦੇ ਬੂਟੇ ਲਾ ਕੇ ਕੀਤਾ। ਸੰਨ 1950 ਵਿੱਚ ਸ਼੍ਰੀ ਕੇ.ਐੱਮ. ਮੁਨਸ਼ੀ ਜੋ ਉਸ ਸਮੇਂ ਭਾਰਤ ਦੇ ਖੁਰਾਕ ਅਤੇ ਖੇਤੀਬਾੜੀ ਮੰਤਰੀ ਸਨ, ਨੇ ਇਸਦਾ ਨਾਂ ਬਦਲ ਕੇ ‘ਵਣ-ਮਹਾਂਉਤਸਵ’ ਰੱਖਿਆ। ਮੁਨਸ਼ੀ ਜੀ ਨੇ ਰੁੱਖ ਲਾਉਣ ਦੀ ਲਹਿਰ ਕੌਮੀ ਪੱਧਰ ਤੇ ਚਲਾ ਕੇ ਆਮ ਲੋਕਾਂ ਦਾ ਧਿਆਨ ਵੀ ਇਸ ਵੱਲ ਦਵਾਇਆ। ਉਹਨਾਂ ਦੇ ਕਥਨ ਅਨੁਸਾਰ “ਦੇਸ਼ ਦੀ ਸਧਾਰਨ ਆਰਥਿਕ ਦਸ਼ਾ ਵਿੱਚ ਰੁੱਖਾਂ ਦਾ ਆਪਣਾ ਸਥਾਨ ਹੁੰਦਾ ਹੈ।” ਵਣ ਖੇਤੀਬਾੜੀ ਨਾਲ ਸੰਬੰਧਿਤ ਨਹੀਂ ਹੁੰਦੇ। ਸਾਡੇ ਵਣ ਅਜਿਹਾ ਅਮੁੱਕ ਸੋਮਾ ਹਨ ਜਿਹਨਾਂ ਤੋਂ ਅਸੀਂ ਆਪਣੇ ਲੱਖਾਂ ਦੀ ਗਿਣਤੀ ਵਿੱਚ ਵੱਧ ਰਹੇ ਲੋਕਾਂ ਵਾਸਤੇ ਖਾਧ ਖੁਰਾਕ ਪ੍ਰਾਪਤ ਕਰ ਸਕਦੇ ਹਾਂ। ਰੁੱਖਾਂ ਦੇ ਹੋਣ ਦਾ ਅਰਥ ਹੋਵੇਗਾ ਪਾਣੀ ਦਾ ਹੋਣਾ ਤੇ ਜੇ ਪਾਣੀ ਆਮ ਹੋਵੇ ਤਾਂ ਖੁਰਾਕ ਆਮ ਹੋ ਸਕਦੀ ਹੈ ਤੇ ਖੁਰਾਕ ਹੀ ਜ਼ਿੰਦਗੀ ਨੂੰ ਕਾਇਮ ਰੱਖਣ ਲਈ ਪ੍ਰਥਮ ਆਵਸ਼ਿਕਤਾ ਹੁੰਦੀ ਹੈ।

‘ਵਣ-ਮਹਾਂਉਤਸਵ’ ਸਾਡੇ ਹੋਰ ਤਿਉਹਾਰਾਂ ਦੀਵਾਲੀ,ਦੁਸਹਿਰਾ ਦੀ ਤਰ੍ਹਾਂ ਨਹੀਂ ਕਿ ਇੱਕ ਦਿਨ ਪਟਾਕੇ ਚਲਾਏ, ਰਾਮ-ਰੌਲਾ ਪਾਇਆ ਤੇ ਫਿਰ ਬੈਠ ਗਏ ਝੱਗ ਤਰ੍ਹਾਂ। ਇਹ ਤਾਂ ਅਜਿਹੇ ਕਾਰਜ, ਨਿਰੰਤਰ ਅੰਦੋਲਨ ਦੀ ਤਰ੍ਹਾਂ ਹੈ ਜੋ ਦਿਨ-ਰਾਤ ਚੱਲਦਾ ਹੈ। ਇਸ ਦਿਨ ਜਾਂ ਮਹੀਨੇ ਰੁੱਖ ਲਾ ਕੇ ਕੰਮ ਖ਼ਤਮ ਨਹੀਂ ਕੀਤਾ ਜਾਂਦਾ ਬਲਕਿ ਸ਼ੁਰੂ ਕੀਤਾ ਜਾਂਦਾ ਹੈ ਜੋ ਕਦੇ ਖਾਦ ਪਾਉਣ, ਪਾਣੀ ਲਾਉਣ, ਪਸ਼ੂ-ਪੰਛੀਆਂ ਤੋਂ ਬਚਾਉਣ, ਸੋਕੇ ਜਾਂ ਹੜ੍ਹਾਂ ਆਦਿ ਦੀ ਸਥਿਤੀ ਤੋਂ ਬਚਾਉਣ ਆਦਿ ਕਰਦਿਆਂ ਫਿਰ ਦੁਬਾਰਾ ਬਰਸਾਤ ਰੁੱਤ ਆ ਜਾਂਦੀ ਹੈ ਅਤੇ ਅਸੀਂ ਲਗਾਤਾਰ ਰੁੱਖਾਂ ਦੇ ਨਾਲ ਹੀ ਚੱਲਦੇ ਰਹਿੰਦੇ ਹਨ। ਜੇਕਰ ਰੁੱਖ ਲਾਉਣਾ ਬਹੁਤ ਮਹਾਨ ਕੰਮ ਹੈ ਤਾਂ ਉਸਨੂੰ ਸੰਭਾਲਣਾ ਉਸਤੋਂ ਵੀ ਵੱਡੀ ਮਹਾਨਤਾ ਹੈ। ਬਲਕਿ ਮੈਂ ਤਾਂ ਇਹ ਸਮਝਦਾ ਹਾਂ ਕਿ ਅੱਜ ਦੀ ਸਥਿਤੀ ਨੂੰ ਮੱਦੇ-ਨਜ਼ਰ ਰੱਖਦੇ ਹੋਏ ਸਾਨੂੰ ਨਵੀਂ ਰੀਤ ‘ਰੁੱਖ ਬਚਾਓ ਅੰਦੋਲਨ’ ਵਰਗਾ ਕੁੱਝ ਕਰਨਾ ਚਾਹੀਦਾ ਹੈ। ਸਾਲਾਂ ਬੱਧੀ ਤਿਆਰ ਰੁੱਖ, ਲੋਕ ਅਨੇਕਾਂ ਤੱਥਾਂ ਦਾ ਸਹਾਰਾ ਲੈ ਕੇ ਖ਼ਤਮ ਕਰ ਰਹੇ ਹਨ। ਖ਼ਤਮ ਹੋ ਰਹੇ ਰੁੱਖਾਂ ਨੂੰ ਬਚਾਉਣ ਕਿਸੇ ਦੈਵੀ ਸ਼ਕਤੀ ਨੇ ਨਹੀਂ ਆਉਣਾ। ਬਲਕਿ ਸਾਨੂੰ ਹੀ ਕੁੱਝ ਕਰਨਾ ਪਵੇਗਾ।

ਵਿਸ਼ਵ ਪੱਧਰ ‘ਤੇ ਜੇਕਰ ਵਣ ਮਹਾਂਉਤਸਵ ਦੀ ਗੱਲ ਕਰੀਏ ਤਾਂ ਸਾਨੂੰ ਉਹਨਾਂ ਲੋਕਾਂ ਤੋਂ ਕੁੱਝ ਪ੍ਰੇਰਨਾ ਲੈਣੀ ਚਾਹੀਦੀ ਹੈ। ਕਈ ਦੇਸ਼ ਜੰਗਲਾਂ ਨਾਲ ਭਰੇ ਪਏ ਹਨ ਪਰ ਫਿਰ ਵੀ ਉਹ ਲੋਕ ‘ਰੁੱਖ ਦਿਵਸ’, ‘ਰੁੱਖਾਂ ਦਾ ਮੇਲਾ’ ਅਤੇ ‘ਹਰਿਆਵਲ ਸਪਤਾਹ’ ਆਦਿ ਖੂਬ ਮਨਾਉਂਦੇ ਹਨ। ਕੈਨੇਡਾ ਵਿੱਚ ‘ਵਣ ਰਕਸ਼ ਸਪਤਾਹ’ ਅਨੇਕਾਂ ਅਦਾਰੇ ਮਨਾਉਂਦੇ ਹਨ ਅਤੇ ਆਮ ਲੋਕਾਂ ਨੂੰ ਜੰਗਲਾਂ ਵਿੱਚ ਲੱਗਣ ਵਾਲੀ ਅੱਗ ਤੋਂ ਬਚਾਉਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਂਦਾ ਹੈ। ਆਸਟ੍ਰੇਲੀਆ, ਅਮਰੀਕਾ, ਇਜ਼ਰਾਈਲ ਆਦਿ ਦੇਸ਼ਾਂ ਵਿੱਚ ਵਾਤਾਵਰਣ ਹਾਲਾਤਾਂ ਅਨੁਸਾਰ ਸਾਲ ਦੇ ਕਿਸੇ ਨਾ ਕਿਸੇ ਮਹੀਨੇ ਰੁੱਖਾਂ ਦੀ ਸੰਭਾਲ ਅਤੇ ਬਚਾਉ ਖਾਤਰ ਉਤਸਵ ਮਨਾਏ ਜਾਂਦੇ ਹਨ। ਜਾਪਾਨ ਦੇ ਲੋਕ ਤਾਂ ਅਪ੍ਰੈਲ ਮਹੀਨੇ ਦੇ ਇੱਕ ਹਫ਼ਤੇ ਨੂੰ ਕੌਮੀ ਰੁੱਖ ਤਿਉਹਾਰ ਵਜੋਂ ਮਨਾਉਂਦੇ ਹਨ। ‘ਹਰਿਆਵਲ ਸਪਤਾਹ’ ਨਾਮੀ ਇਸ ਹਫ਼ਤੇ ਨੂੰ ਅੱਗੇ ਦਿਨਾਂ ਦੇ ਹਿਸਾਬ ਨਾਲ ਵੱਖ-ਵੱਖ ਸਥਾਨਾਂ ਅਨੁਸਾਰ ਜਿਵੇਂਕਿ ‘ਮਾਰਗ ਹਰਿਆਵਲ ਦਿਵਸ’, ‘ਗ੍ਰਹਿ ਵਾਟਿਕਾ ਹਰਿਆਵਲ ਦਿਵਸ’ ਅਤੇ ‘ਸਕੂਲ ਹਰਿਆਵਲ ਦਿਵਸ’ ਆਦਿ ਵੰਡ ਕੇ ਰੁੱਖ ਲਾਉਣ ਅਤੇ ਪਾਲਣ-ਪੋਸ਼ਣ ਸੰਬੰਧੀ ਲੋਕਾਂ ਦਾ ਧਿਆਨ ਦਵਾਇਆ ਜਾਂਦਾ ਹੈ। ਦੁਨੀਆਂ ਤੇ ਬੜੇ ਅਜਿਹੇ ਲੋਕ ਵੀ ਹਨ ਜਿਹਨਾਂ ਦਾ ਮੁੱਖ ਮਕਸਦ ਰੋਟੀ ਖਾ ਕੇ ਸੌਣਾ, ਆਉਣ ਵਾਲੀ ਪੀੜ੍ਹੀ ਲਈ ਪੈਸਾ ਅਤੇ ਜ਼ਮੀਨ-ਜਾਇਦਾਦ ਇਕੱਠਾ ਕਰਨ ਦੀ ਬਜਾਏ ਲੋਕ ਭਲਾਈ ਵਾਲੀ ਕੰਮ ਕਰਨਾ ਹੁੰਦਾ ਹੈ। ਜੇਕਰ ਸਾਰਾ ਸੰਸਾਰ ਪੈਸੇ ਅਤੇ ਸ਼ੋਹਰਤ ਖਾਤਰ ਕੁਦਰਤ ਨਾਲ ਇਸੇ ਤਰ੍ਹਾਂ ਖਿਲਵਾੜ ਕਰਦਾ ਗਿਆ ਤਾਂ ਪਰਲੋ ਦੀ ਆਮਦ ਜ਼ਿਆਦਾ ਦੂਰ ਨਹੀਂ।

ਪਹਿਲਾਂ ਲੋਕ ਰੁੱਖਾਂ ਨੂੰ ਹਰ ਸਥਾਨ ਉੱਪਰ ਜਗ੍ਹਾ ਦਿੰਦੇ ਸਨ, ਚਾਹੇ ਉਹ ਘਰ, ਗਲੀ, ਪਿੰਡ, ਸਾਂਝੀਆਂ ਸੰਸਥਾਵਾਂ ਹਰ ਜਗ੍ਹਾ ਰੁੱਖ ਦੀ ਅਹਿਮੀਅਤ ਹੁੰਦੀ ਸੀ। ਲੋਕਾਂ ਦੇ ਘਰਾਂ ਦੀ ਨਿਸ਼ਾਨੀ ਦੀ ਉਦਾਹਰਣ ਇਸ ਤਰ੍ਹਾਂ ਲੋਕ ਗੀਤਾਂ ‘ਚ ਨਜ਼ਰ ਆਉਂਦੀ ਹੈ-

ਬਜ਼ਾਰ ਵਿਕੇਂਦੀ ਤਰ ਵੇ,
ਮੇਰਾ ਸਾਹਮਣੇ ਗਲੀ ਦੇ ਵਿੱਚ ਘਰ ਵੇ,
ਪਿੱਪਲ ਨਿਸ਼ਾਨੀ, ਜੀਵੇ ਢੋਲਾ ਢੋਲ ਜਾਨੀ,
ਸਾਡੀ ਗਲੀ ਆਵੇ, ਤੇਰੀ ਮੇਹਰਬਾਨੀ।

ਪ੍ਰੰਤੂ ਅੱਜ ਸਥਿਤੀ ਬਦਲ ਚੁੱਕੀ ਹੈ। ਸਾਡੇ ਵਣ, ਪੀਲੂ, ਜੰਡ, ਕਰੀਰ, ਲਸੂੜੇ, ਬਰਨੇ ਆਦਿ ਅਨੇਕਾਂ ਰੁੱਖ ਦਿਨ-ਬ-ਦਿਨ ਪੰਜਾਬ ‘ਚੋਂ ਖ਼ਤਮ ਹੋ ਰਹੇ ਹਨ। ਸਾਨੂੰ ਰੁੱਖ ਲਾਉਣ ਵੇਲੇ ਉਹਨਾਂ ਰੁੱਖਾਂ ਨੂੰ ਵੀ ਤਰਜੀਹ ਜ਼ਿਆਦਾ ਦੇਣੀ ਚਾਹੀਦੀ ਹੈ ਜੋ ਅਲੋਪ ਹੋਣ ਦੀ ਸੂਚੀ ਵਿੱਚ ਸ਼ਾਮਿਲ ਹੋ ਚੁੱਕੇ ਹਨ। ਸਮਾਜ ਦੇ ਹਰ ਵਰਗ, ਹਰ ਬੱਚੇ, ਜਵਾਨ, ਬਜ਼ੁਰਗ, ਹਰ ਰਿਸ਼ਤੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪਹਿਲਾਂ ਲਾਏ ਰੁੱਖਾਂ ਨੂੰ ਸੁੱਕਣ/ਮੁੱਕਣ ਤੋਂ ਬਚਾਈਏ ਤੇ ਇਨ੍ਹਾਂ ਲਈ ਫ਼ਿਕਰਮੰਦ ਹੋਈਏ-

ਪੀਲਾਂ ਮੁੱਕੀਆਂ, ਟਾਹਲੀਆਂ ਸੁੱਕੀਆਂ,
ਸੁੱਕ ਜਾਣ ਨਾ ਰੁੱਖ ਹਰਿ ਭਰੇ,
ਆਖ ਨੀ ਨਨਾਣੇ ਤੇਰੇ ਵੀਰ ਨੂੰ,
ਕਦੇ ਤਾਂ ਭੋਰਾ ਫਿਕਰ ਕਰੇ।

ਪ੍ਰੰਤੂ ਖੁਸ਼ੀ ਦੀ ਗੱਲ ਤਾਂ ਇਹ ਹੈ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਅਸੀਂ ਲੋਕ ਰੁੱਖਾਂ ਪ੍ਰਤੀ ਕਾਫੀ ਜਾਗਰੂਕ ਹੋਏ ਹਾਂ। ਅਮਲੀ ਰੂਪ ਵਿੱਚ ਧਰਤ ਉੱਪਰ ਰੁੱਖ ਲੱਗਣੇ ਸ਼ੁਰੂ ਹੋ ਗਏ ਹਨ। ਅਨੇਕਾਂ ਸ਼ਖਸ਼ੀਅਤਾਂ ਅਤੇ ਸੰਸਥਾਵਾਂ ਨੇ ਆਪਣਾ ਕਾਰਜ ਆਰੰਭਿਆ ਹੋਇਆ ਹੈ ਤੇ ਉਹ ਕਾਮਯਾਬ ਵੀ ਹੋ ਰਹੇ ਹਨ। ਸਾਨੂੰ ਸਭ ਨੂੰ ਆਪਣਾ ਫਰਜ਼ ਪਹਿਚਾਣਦੇ ਹੋਏ ਰੁੱਖ ਲਾਉਣ ਅਤੇ ਸੰਭਾਲਣ ਸੰਬੰਧੀ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਪ੍ਰੰਤੂ ਇੱਕ ਗੱਲ ਜ਼ਰੂਰ ਹੈ ਕਿ ਸਾਨੂੰ ਰੁੱਖਾਂ ਦੀ ਗਿਣਤੀ ਵੱਧ ਤੋਂ ਵੱਧ ਲਾ ਕੇ ਸੰਭਾਲ ਨਾ ਕਰਨੀ ਤੇ ਸੁਰਖੀਆ ਵਿੱਚ ਰਹਿਣ ਵਰਗੀ ਆਦਤ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਆਓ ਅਸੀਂ ਸਭ ਰਲ ਕੇ ਇਸ ਵਣ-ਮਹਾਂਉਤਸਵ ਤੇ ਰੁੱਖ ਲਾਉਣ ਅਤੇ ਸੰਭਾਲਣ ਵਾਲੀ ਲਹਿਰ ਵਿੱਚ ਆਪਣਾ ਖੂਬ ਯੋਗਦਾਨ ਪਾ ਕੇ ਸਾਡੀ ਬੰਜਰ ਹੋ ਰਹੀ ਧਰਤ ਨੂੰ ਮੁੜ ਤੋਂ ਰੁੱਖਾਂ ਨਾਲ ਸ਼ਿੰਗਾਰ ਦੇਈਏ ਅਤੇ ਦੁਆ ਕਰੀਏ ਕਿ ਸਾਡੇ ਮਹਾਨ ਸਾਹਿਤਕਾਰਾਂ ਨੂੰ ਨਿਰਾਸ਼ਾ ਦੇ ਆਲਮ ਵਿੱਚ ਜਾ ਕੇ ਇਸ ਤਰ੍ਹਾਂ ਨਾ ਲਿਖਣਾ ਪਵੇ-

ਇੱਥੋਂ ਕੁੱਝ ਪਰਿੰਦੇ ਹੀ ਉੜ ਗਏ
ਇੱਥੇ ਮੇਘ ਆਉਂਦੇ ਵੀ ਮੁੜ ਗਏ
ਇੱਥੇ ਕਰਨ ਅੱਜ-ਕੱਲ੍ਹ ਕੁੱਝ ਬਿਰਖ ਵੀ
ਕੀਤੇ ਹੋਰ ਜਾਣ ਦੇ ਮਸ਼ਵਰੇ।

ਡਾ. ਬਲਵਿੰਦਰ ਸਿੰਘ ਲੱਖੇਵਾਲੀ
98142-39041

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ