ਆਖ਼ਿਰ ਕਿਉਂ ਕਿਹਾ ਜਾਂਦਾ ਹੈ ਗੁਲਾਬ ਨੂੰ ਫੁੱਲਾਂ ਦਾ ਰਾਜਾ

ਫੁੱਲਾਂ ਦਾ ਰਾਜਾ, ਖੂਬਸੂਰਤੀ ਅਤੇ ਮਹਿਕਾਂ ਦੀ ਹੱਟ, ਪਿਆਰ ਦਾ ਪ੍ਰਤੀਕ ਮੰਨਿਆ ਜਾਣ ਵਾਲਾ ਗੁਲਾਬ ਸ਼ਰਤ ‘ਤੇ ਹਰ ਹਿੱਸੇ, ਹਰ ਦੇਸ਼ ਅਤੇ ਕੌਮ ਦੁਆਰਾ ਪਸੰਦ ਕੀਤਾ ਜਾਂਦਾ ਹੈ। ਹਿੰਦੂ ਮਿਥਹਾਸ ਦੀ ਗੱਲ ਕਰੀਏ ਤਾਂ ਸੁਨਣ ਵਿੱਚ ਆਉਂਦਾ ਹੈ ਕਿ ਬ੍ਰਹਮਾ ਅਤੇ ਵਿਸ਼ਨੂੰ ਇਸ ਗੱਲ ਨੂੰ ਲੈ ਕੇ ਬਹਿਸ ਰਹੇ ਹਨ ਕਿ ਕਮਲ ਦਾ ਫੁੱਲ ਜ਼ਿਆਦਾ ਖ਼ੂਬਸੂਰਤ ਹੈ ਜਾਂ ਫਿਰ ਗੁਲਾਬ ਦਾ। ਵਿਸ਼ਨੂੰ ਗੁਲਾਬ ਨੂੰ ਖ਼ੂਬਸੂਰਤ ਕਹਿ ਰਹੇ ਸਨ ਅਤੇ ਬ੍ਰਹਮਾ ਕਮਲ ਨੂੰ। ਬ੍ਰਹਮਾ ਨੇ ਪਹਿਲਾਂ ਗੁਲਾਬ ਨਹੀਂ ਦੇਖਿਆ ਸੀ ਪਰ ਦੇਖਣ ਉਪਰੰਤ ਵਿਚਾਰ ਤਾਂ ਬਦਲਿਆ ਹੀ ਸਗੋਂ ਵਿਸ਼ਨੂੰ ਖ਼ਾਤਿਰ ਦੁਲਹਨ ਦੀ ਸਿਰਜਣਾ ਕੀਤੀ ਜਿਸਨੂੰ ਉਹਨਾਂ ਨੇ ਲਕਸ਼ਮੀ ਕਿਹਾ ਅਤੇ ਲਕਸ਼ਮੀ ਬਾਰੇ ਖ਼ਾਸੀਅਤ ਇਹ ਸੀ ਕਿ ਉਸਨੂੰ 108 ਵੱਡਿਆਂ ਅਤੇ 1008 ਛੋਟੀਆਂ ਗੁਲਾਬ ਦੀਆਂ ਪੱਤੀਆਂ ਤੋਂ ਸਿਰਜਿਆ ਗਿਆ ਸੀ।

ਫੁੱਲ ਵੇ ਗੁਲਾਬ ਦਿਆ
ਕਿੱਥੇ ਤੈਨੂੰ ਰੱਖਾਂ ਸਾਂਭ ਕੇ
ਮੇਰੇ ਸੱਜਣਾ ਦੇ ਬਾਗ ਦਿਆ

ਯੂਨਾਨ ਦੇ ਲੋਕ ਰੋਮ ਵਾਸੀਆਂ ਗੁਲਾਬ ਨੂੰ ਬੜੀ ਅਹਮੀਅਤ ਬਕਸ਼ੀ ਹੈ। ਰੋਮ ਦੇ ਲੋਕ ਆਪਣੇ ਭੋਜਨ ਕਰਨ ਵਾਲੇ ਕਮਰੇ ਦੀਆਂ ਛੱਤਾਂ ਗੁਲਾਬ ਨਾਲ ਸਜਾਉਂਦੇ ਹਨ। ਉਹਨਾਂ ਦਾ ਮੰਨਣਾ ਸੀ ਕਿ ਆਏ ਮਹਿਮਾਨ ਗੁਲਾਬ ਦੇ ਫੁੱਲਾਂ ਨੂੰ ਦੇਖ ਕੇ ਇਹ ਯਾਦ ਰੱਖਣ ਕਿ ਖਾਣੇ ਦੌਰਾਨ ਕੀਤੀਆਂ ਗੱਲਾਂ ਦਾ ਭੇਤ ਬਾਹਰ ਜਾ ਕੇ ਨਹੀਂ ਖੋਲ੍ਹਣਾ। ਅਰਬੀ ਲੋਕਾਂ ਦਾ ਮੰਨਣਾ ਤਾਂ ਇਹ ਸੀ ਕਿ ਸਭ ਗੁਲਾਬਾਂ ਦਾ ਰੰਗ ਪਹਿਲਾਂ ਸਫ਼ੇਦ ਹੁੰਦਾ ਸੀ ਪਰ ਇੱਕ ਰਾਤ ਜਦੋਂ ਬੁਲਬੁਲ ਦੀ ਮੁਲਾਕਾਤ ਸਫ਼ੇਦ ਗੁਲਾਬ ਨਾਲ ਹੋਈ ਤਾਂ ਉਹ ਪਿਆਰ ਦੇ ਰੰਗ ਵਿੱਚ ਰੰਗੀ ਗਈ। ਉਸ ਮੁਲਾਕਾਤ ਤੋਂ ਬਾਅਦ ਬੁਲਬੁਲ ਦੀ ਆਵਾਜ਼ ਸੁਰਮਈ ਹੋਈ ਅਤੇ ਇੱਕ ਦਿਨ ਗੁਲਾਬ ਦਾ ਕੰਡਾ ਉਸ ਦੇ ਦਿਲ ਵਿੱਚ ਚੁੱਭ ਗਿਆ ਜਿਸ ਤੋਂ ਬਾਅਦ ਗੁਲਾਬ ਲਾਲ-ਗੁਲਾਬੀ ਹੋ। ਗੁਲਾਬ ਵਿੱਚ ਕੁਦਰਤ ਨੇ ਬੇਸ਼ੁਮਾਰ ਰੰਗ ਭਰੇ ਹਨ। ਨੀਲੇ ਅਤੇ ਕਾਲੇ ਤੋਂ ਬਿਨਾਂ ਕੁੱਝ ਸਾਲ ਪਹਿਲਾਂ ਵਿਗਿਆਨੀਆਂ ਦੀ ਖੋਜ ਸਦਕਾ ਨੀਲਾ ਗੁਲਾਬ ਤਿਆਰ ਕਰ ਲਿਆ ਗਿਆ ਹੈ। ਮਾਰਕੀਟ ਵਿੱਚ ਵਿਕਣ ਵਾਲਾ ਕਾਲਾ ਗੁਲਾਬ ਅਸਲ ਵਿੱਚ ਅਤਿਅੰਤ ਗੂੜ੍ਹਾ ਨਾਭੀ ਰੰਗ ਦਾ ਹੁੰਦਾ ਹੈ। ਅਸਲ ਵਿੱਚ ਕਾਲਾ ਗੁਲਾਬ ਨਹੀਂ ਹੁੰਦਾ ਹੈ ਲੋਕ ਗੀਤ ਦੇ ਬੋਲ ਵੀ ਇਸਦੀ ਹਾਮੀ ਭਰਦੇ ਹਨ:

ਕਾਲੇ ਰੰਗ ਦਾ ਗੁਲਾਬ ਕੋਈ ਨਾ
ਤੇਰੀਆਂ ਕਿਤਾਬਾਂ ਵਿੱਚ ਵੇ
ਮੇਰੀ ਗੱਲ ਦਾ ਜਵਾਬ ਕੋਈ ਨਾ

dark blue rose

ਗੁਲਾਬ ਦੇ ਨਾਲ ਮੌਜੂਦ ਕੰਡਿਆਂ ਬਾਬਤ ਭਾਈ ਵੀਰ ਸਿੰਘ ਨੇ ਆਪਣੀ ਕਵਿਤਾ ਰਾਹੀਂ ਇਉਂ ਬਿਆਨ ਕੀਤਾ ਹੈ:

ਫੁੱਲ ਗੁਲਾਬ ਤੋਂ ਕਿਸੇ ਪੁੱਛਿਆ
“ਅਵੈ ਕੋਮਲਤਾ ਦੇ ਸਾਈਂ!
ਇਸ ਸੁਹੱਪਣ ਇਸ ਸੁਹਲ ਸੁਹਜ ਨੂੰ
ਹੈ ਕਿਉਂ ਕੰਡਿਆਂ ਬੀਜ ਲਾਈ?”
ਮਸਤ ਅਲਸਰੀ ਸੁਰ ਵਿੱਚ ਸੁਹਣੇ
ਹੱਸ ਕਿਹਾ: “ਖ਼ਬਰ ਨਹੀਂ ਮੈਨੂੰ
ਤੋੜ ਨਹੀਂ ਦੀ ਫੱਟੀ ਭਾਵੇਂ,
ਮਿਰੇ ਮੌਲਾ ਨੇ ਲਿਖ ਲਾਈ।

ਗੁਲਾਬ ਦਾ ਇਤਿਹਾਸ ਲੱਖਾਂ ਸਾਲ ਪੁਰਾਣਾ ਹੈ। ਦੱਖਣੀ ਸਾਇਬੇਰੀਆ ਦੀ ਸਮਾਧ/ਕਬਰ ਵਿੱਚੋਂ ਇੱਕ ਚਾਂਦੀ ਦਾ ਤਗਮਾ ਮਿਲਿਆ ਜਿਸ ਉੱਪਰ ਗੁਲਾਬ ਦੀ ਤਸਵੀਰ ਉੱਕਰੀ ਹੋਈ ਅਤੇ ਉਹ ਤਗਮਾ 7000 ਸਾਲ ਪੁਰਾਣਾ ਹੈ। ਮੈਸੋਪੋਟੇਮੀਆ ਦੀ ਸੱਭਿਅਤਾ ਤੋਂ ਲੈ ਕੇ ਸੈਕਸ਼ਪੀਅਰ ਦੀਆਂ ਲਿਖਤਾਂ ਤੱਕ ਵਿੱਚ ਗੁਲਾਬ ਦਾ ਜ਼ਿਕਰ ਆਉਂਦਾ ਹੈ। ਨੇਪੋਲੀਅਨ ਦੀ ਪਤਨੀ ਗੁਲਾਬ ਦੀ ਬੜੀ ਦੀਵਾਨੀ ਸੀ। ਪੈਰਿਸ ਵਿੱਚ ਉਸਨੇ ਆਪਣੇ ਬਗ਼ੀਚੇ ਵਿੱਚ ਅਨੇਕਾਂ ਕਿਸਮਾਂ ਲਾਈਆਂ ਹੋਈਆਂ ਸਨ। ਨੇਪੋਲੀਅਨ ਆਪਣੇ ਅਫ਼ਸਰਾਂ ਨੂੰ ਗੁਲਾਬ ਦੇ ਬੋਰੇ ਭਰ ਕੇ ਦਿੰਦਾ ਸੀ ਕਿ ਵਾਈਨ ਵਿੱਚ ਪੱਤੀਆਂ ਉਬਾਲਣ ‘ਤੇ ਇਹ ਗੋਲੀਆਂ ਦੇ ਜ਼ਖਮਾਂ ਨੂੰ ਠੀਕ ਕਰਨ ਵਿੱਚ ਸਹਾਈ ਹੁੰਦੀਆਂ ਹਨ। ਸੋਲ੍ਹਵੀਂ ਸਦੀ ਵਿੱਚ ਜਦੋਂ ਪਹਿਲਾਂ ਮੁਗ਼ਲ ਬਾਦਸ਼ਾਹ ਬਾਬਰ ਭਾਰਤ ਆਇਆ ਤਾਂ ਉਹ ਗੁਲਾਬ ਊਠਾਂ ਉੱਪਰ ਲੱਦ ਕੇ ਲਿਆਇਆ ਸੀ ਅਤੇ ਉਸ ਦੀਆਂ ਚਾਰੋਂ ਬੇਟੀਆਂ ਦੇ ਨਾਮ ਗੁਲਾਬ ਨਾਲ ਸੰਬੰਧਿਤ ਸਨ: ਗੁਲ-ਚੇਹਰਾ, ਗੁਲ-ਰੁੱਖ, ਗੁਲ-ਬਦਨ ਅਤੇ ਗੁਲ-ਰੰਗ। ਮੁਗ਼ਲ ਬਗ਼ੀਚਿਆ ਵਿੱਚ ਚਾਹੇ ਉਹ ਕਸ਼ਮੀਰ ਦਾ ਸ਼ਾਲੀਮਾਰ ਬਾਗ਼ ਹੋਵੇ ਜਾਂ ਫਿਰ ਆਗਰੇ ਦਾ ਤਾਜ ਮਹਿਲ, ਸਭਨਾ ਵਿੱਚ ਗੁਲਾਬ ਨੂੰ ਤਰਜੀਹ ਦਿੱਤੀ ਗਈ। ਮੁਗ਼ਲ ਬਾਦਸ਼ਾਹ ਜਹਾਂਗੀਰ ਦੀ ਪਤਨੀ ਨੂਰਜਹਾਂ ਨੇ ਗੁਲਾਬ ਦੀਆਂ ਪੱਤੀਆਂ ਵਾਲੇ ਪਾਣੀ ਵਿੱਚ ਨਹਾਉਣ ਸਮੇਂ ਪਾਣੀ ਦੀ ਤਹਿ ਉੱਪਰ ਤੇਲ ਦੀਆਂ ਬੂੰਦਾਂ ਵੇਖੀਆਂ ਅਤੇ ਉਸਨੂੰ ਨਿਤਾਰ ਕੇ ਵੱਖ ਕਰ ਲਿਆ। ਬਾਅਦ ਵਿੱਚ ਉਸਨੂੰ ਅਤਰ-ਏ-ਜਹਾਂਗੀਰੀ ਦਾ ਨਾਂ ਦਿੱਤਾ।

rose 1

ਭਾਰਤ ਹੀ ਨਹੀਂ, ਬਲਕਿ ਪੂਰੇ ਵਿਸ਼ਵ ਵਿੱਚ ਰੋਜ਼ ਗਾਰਡਨ ਬੜੀ ਅਹਿਮੀਅਤ ਰੱਖਦੇ ਅਤੇ ਬੜੇ ਸ਼ੋਂਕ ਨਾਲ ਸੰਭਾਲੇ ਤੇ ਵੇਖੇ ਜਾਂਦੇ ਹਨ। ਅਮਰੀਕਾ ਅਤੇ ਇੰਗਲੈਂਡ ਦੇ ਲੋਕਾਂ ਨੇ ਗੁਲਾਬ ਨੂੰ ਰਾਸ਼ਟਰੀ ਫੁੱਲ ਦਾ ਦਰਜ ਦਿੱਤਾ ਹੈ। ਜਰਮਨੀ ਵਿੱਚ ਹਿਲਸ਼ਾਈਮ ਨਾਮੀ ਗਿਰਜਾਘਰ ਦੀ ਕੰਧ ਨਾਲ 1000 ਸਾਲ ਪੁਰਾਣਾ ਪੌਦਾ ਅਜੇ ਵੀ ਲੱਗਿਆ ਹੋਇਆ ਹੈ।

ਅਤਰ ਦੀ ਤਰ੍ਹਾਂ ਅਰਕ, ਗੁਲਕੰਦ ਅਤੇ ਫੁੱਲ ਜਿਹਨਾਂ ਨੂੰ ਗੋਰੇ “ਰੋਜ਼ ਹਿੱਪ” ਦੇ ਨਾਂ ਨਾਲ ਪੁਕਾਰਦੇ ਹਨ; ਵਿਸ਼ਵ ਪ੍ਰਸਿੱਧ ਹੈ। ਰੋਜ਼ ਹਿੱਪ ਵਿੱਚ ਵਿਟਾਮਿਨ-ਸੀ ਦੀ ਮਾਤਰਾ ਬੇਹੱਦ ਜ਼ਿਆਦਾ ਪਾਈ ਜਾਂਦੀ ਹੈ। ਰੋਜ਼ ਆਇਲ ਭਾਵ ਤੇਲ ਦੀ ਮੰਗ ਪੂਰੇ ਵਿਸ਼ਵ ਵਿੱਚ ਬਹੁਤ ਜ਼ਿਆਦਾ ਹੈ। ਗੁਲਾਬ ਅਨੇਕਾਂ ਮਨੁੱਖੀ ਬਿਮਾਰੀਆਂ ਦੇ ਇਲਾਜ਼ ਲਈ ਵਰਤਿਆ ਜਾਂਦਾ ਹੈ। ਕੱਟ ਕੇ ਵਰਤੇ ਜਾਣ ਵਾਲੇ ਗੁਲਾਬ ਦਾ ਵਪਾਰ ਪੂਰੇ ਵਿਸ਼ਵ ਵਿੱਚ ਕਰੋੜਾਂ ਰੁਪਇਆਂ ਵਿੱਚ ਹੁੰਦਾ ਹੈ।

rose garden

ਪੰਜਾਬ ਵਿੱਚ ਗੁਲਾਬ ਖ਼ੂਬ ਵੱਧਦਾ-ਫੁੱਲਦਾ ਹੈ। ਦੇਸੀ ਗੁਲਾਬ ਨੂੰ ਪੁਰਾਣੇ ਸਮਿਆਂ ਤੋਂ ਲਾਇਆ ਜਾਂਦਾ ਰਿਹਾ ਹੈ ਪਰ ਸਮੇਂ ਦੇ ਚੱਲਦਿਆਂ ਹੁਣ ਅਨੇਕਾਂ ਹੀ ਕਿਸਮਾਂ ਵਿਕਸਤ ਹੋ ਚੁੱਕੀਆਂ ਹਨ। ਸਾਡੇ ਵਾਤਾਵਰਣ ਅਨੁਸਾਰ ਅਕਤੂਬਰ ਮਹੀਨੇ ਤੋਂ ਲੈ ਕੇ ਮਾਰਚ ਤੱਕ ਗੁਲਾਬ ਦੇ ਪੌਦੇ ਲਾਏ ਜਾਂਦੇ ਹਨ। ਚੰਗੇ ਫੁਲ ਪ੍ਰਾਪਤ ਕਰਨ ਲਈ ਗੁਲਾਬ ਦੀ ਕਾਂਟ-ਛਾਂਟ ਜ਼ਰੂਰੀ ਹੁੰਦੀ ਹੈ, ਜਿਸਦਾ ਢੁੱਕਵਾਂ ਸਮਾਂ ਸਤੰਬਰ ਤੋਂ ਅਕਤੂਬਰ ਮਹੀਨੇ ਤੱਕ ਹੁੰਦਾ ਹੈ। ਗੁਲਾਬ ਦਾ ਵਾਧਾ ਬੀਜ, ਕਲਮ, ਦਾਬ, ਗੁੱਟੀ, ਪਿਉਂਦ ਆਦਿ ਅਨੇਕਾਂ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਗੁਲਾਬ ਦੀ ਮਹਿਕ ਅਤੇ ਖ਼ੂਬਸੂਰਤੀ ਦਾ ਪੂਰਾ ਜੱਗ ਦੀਵਾਨਾ ਹੈ। ਇਸ ਦੀਆਂ ਖੁਸ਼ਬੋਆਂ/ਮਹਿਕਾਂ ਬਾਰੇ ਪ੍ਰੋ. ਮੋਹਨ ਸਿੰਘ ਨੇ ਬੜਾ ਖ਼ੂਬਸੂਰਤ ਲਿਖਿਆ ਹੈ:

ਇੱਕ ਦਿਨ ਮੈਂ ਫੁਲਵਾੜੀ ਵਿੱਚੋਂ,
ਲੰਘ ਰਿਹਾ ਸਾਂ ਕੱਲਾ,
ਕੰਡੇ ਇੱਕ ਗੁਲਾਬੀ ਫੁੱਲ ਦੇ
ਬਹਿ ਗਏ ਫੜ੍ਹ ਕੇ ਪੱਲਾ।
ਨਾ ਕਰ ਐਡੀ ਕਾਹਲੀ ਰਾਹੀਆਂ
ਪਲ ਦਾ ਪਲ ਖਲੋਵੀਂ
ਖੁਸ਼ਬੂਆਂ ਦੇ ਢੋਏ ਬਾਝੋਂ,
ਅਸਾਂ ਜਾਣ ਨਹੀਂ ਦੇਣਾ ਮੱਲਾ।

ਡਾ. ਬਲਵਿੰਦਰ ਸਿੰਘ ਲੱਖੇਵਾਲੀ
9814239041

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ