ਰੂੜੀ ਦੀ ਖਾਦ

ਰੂੜੀ ਦੀ ਖਾਦ ਤਿਆਰ ਕਰਨ ਦਾ ਤਰੀਕਾ

ਰੂੜੀ ਦੀ ਖਾਦ ਤਿਆਰ ਕਰਨ ਦਾ ਤਰੀਕਾ:

ਵਧੀਆ ਰੂੜੀ ਦੀ ਖਾਦ ਤਿਆਰ ਕਰਨ ਲਈ ਖਾਦ ਟੋਇਆਂ ਵਿੱਚ ਹੀ ਤਿਆਰ ਕਰੋ। ਰੂੜੀ ਦੀ ਖਾਦ ਨਿਸ਼ਚਿਤ ਆਕਾਰ ਦੇ ਟੋਇਆਂ ਵਿੱਚ ਤਿਆਰ ਕਰਨੀ ਚਾਹੀਦੀ ਹੈ। ਟੋਇਆਂ ਵਿੱਚ ਰੂੜੀ ਚੰਗੇ ਤਰੀਕੇ ਨਾਲ ਗਲ਼ਦੀ-ਸੜਦੀ ਹੈ ਅਤੇ ਇਸਦੇ ਖੁਰਾਕੀ ਤੱਤਾਂ ਦੀ ਸੰਭਾਲ ਰਹਿੰਦੀ ਹੈ। ਸਹੀ ਤਰੀਕੇ ਨਾਲ ਰੂੜੀ ਦੀ ਖਾਦ ਬਣਾਉਣ ਦਾ ਤਰੀਕਾ ਇਸ ਤਰ੍ਹਾਂ ਹੈ:

ਪਸ਼ੂਆਂ ਦਾ ਮਲ-ਮੂਤਰ ਇਕੱਠਾ ਕਰਨਾ:

ਸਭ ਤੋਂ ਜ਼ਰੂਰੀ ਹੈ ਕਿ ਜਾਨਵਰਾਂ ਦਾ ਪਿਸ਼ਾਬ ਵਿਅਰਥ ਨਾ ਗਵਾ ਕੇ ਉਸਨੂੰ ਗੋਹੇ ਦੇ ਨਾਲ ਹੀ ਇਕੱਠਾ ਕਰਨਾ। ਇਸ ਲਈ ਪਸ਼ੂਆਂ ਦੇ ਹੇਠਾਂ ਰੂੜੀ, ਪਰਾਲੀ, ਫਾਲਤੂ ਚਾਰਾ ਜਾਂ ਫਸਲ ਦਾ ਬਚਿਆ-ਖੁਚਿਆ ਹਿੱਸਾ ਖਿਲਾਰ ਦਿਓ, ਤਾਂ ਕਿ ਪਸ਼ੂਆਂ ਦਾ ਪਿਸ਼ਾਬ ਇਸ ਵਿੱਚ ਸਮਾ ਜਾਵੇ। ਝੋਨੇ ਦੀ ਪਰਾਲੀ ਇਸਦੇ ਲਈ ਢੁੱਕਵੀਂ ਹੈ। ਇੱਕ ਕਿਲੋ ਪਰਾਲੀ ਔਸਤਨ 1.5 ਕਿਲੋ ਪਿਸ਼ਾਬ ਸੋਖ ਲੈਂਦੀ ਹੈ। ਪਿਸ਼ਾਬ ਸੋਖਣ ਨਾਲ ਪਰਾਲੀ ਵਿੱਚ ਕਾਰਬਨ ਅਤੇ ਨਾਈਟ੍ਰੋਜਨ ਦਾ ਅਨੁਪਾਤ ਵੀ ਘੱਟ ਜਾਂਦਾ ਹੈ।, ਜਿਸ ਕਾਰਨ ਪਰਾਲੀ ਜਲਦੀ ਗਲ਼ ਜਾਂਦੀ ਹੈ। ਜੇਕਰ ਪਸ਼ੂਆਂ ਦੇ ਹੇਠਾਂ ਪੱਕਾ ਫਰਸ਼ ਹੈ ਤਾਂ ਲਗਭਗ 50% ਪਿਸ਼ਾਬ ਇਕੱਠਾ ਕੀਤਾ ਜਾ ਸਕਦਾ ਹੈ, ਜਿਸਨੂੰ ਰੂੜੀ ‘ਤੇ ਬਾਲਟੀਆਂ ਨਾਲ ਪਾਇਆ ਜਾ ਸਕਦਾ ਹੈ।

ਟੋਏ ਪੁੱਟਣਾ:

ਟੋਏ ਦਾ ਆਕਾਰ ਪਸ਼ੂਆਂ ਦੀ ਗਿਣਤੀ ਅਤੇ ਮਲ-ਮੂਤਰ ਦੀ ਮਾਤਰਾ ‘ਤੇ ਨਿਰਭਰ ਕਰਦਾ ਹੈ। ਆਮ ਤੌਰ ‘ਤੇ 3-5 ਪਸ਼ੂਆਂ ਦੇ ਮਲ-ਮੂਤਰ ਲਈ 6-7 ਮੀਟਰ ਲੰਬਾ, 1-1.5 ਮੀਟਰ ਚੌੜਾ ਅਤੇ 3 ਫੁੱਟ ਡੂੰਘਾ ਕਾਫੀ ਹੁੰਦਾ ਹੈ। ਟੋਏ ਦੀ ਡੂੰਘਾਈ ਇੱਕ ਪਾਸੇ ਤੋਂ 3 ਫੁੱਟ ਅਤੇ ਦੂਜੇ ਪਾਸਿਓਂ 3.5 ਫੁੱਟ ਹੋਣੀ ਚਾਹੀਦੀ ਹੈ। ਇੱਕ ਟੋਆ ਅਜਿਹੀ ਜਗ੍ਹਾ ਪੁੱਟੋ, ਜਿੱਥੇ ਮੀਂਹ ਦਾ ਪਾਣੀ ਇਕੱਠਾ ਨਾ ਹੋ ਸਕੇ। ਇਸ ਟੋਏ ਦੇ ਆਲੇ-ਦੁਆਲੇ ਵੱਟਾਂ ਬਣਾ ਦਿਓ।

ਟੋਏ ਦੀ ਭਰਾਈ:

ਟੋਏ ਨੂੰ ਘੱਟ ਡੂੰਘਾਈ ਵਾਲੇ ਪਾਸੇ ਤੋਂ ਭਰਨਾ ਸ਼ੁਰੂ ਕਰੋ ਅਤੇ ਇਸਨੂੰ ਜ਼ਮੀਨ ਤੋਂ ਤਕਰੀਬਨ 1.5 ਫੁੱਟ ਉੱਚਾ ਭਰੋ ਅਤੇ ਉਸ ਤੋਂ ਬਾਅਦ ਉਸ ‘ਤੇ 1.5-2 ਇੰਚ ਮੋਟੀ ਮਿੱਟੀ ਦੀ ਪਰਤ ਬਣਾਓ। ਇਸ ਤਰ੍ਹਾਂ ਕਰਨ ਨਾਲ ਰੂੜੀ ਵਿੱਚ ਮੌਜੂਦ ਨਦੀਨਾਂ ਦੇ ਬੀਜ ਵੀ ਗਲ ਜਾਣਗੇ ਅਤੇ ਖੁਰਾਕੀ ਤੱਤ ਧੁੱਪ ਨਾਲ ਨਸ਼ਟ ਹੋਣ ਤੋਂ ਬਚ ਜਾਣਗੇ।

ਟੋਇਆਂ ਦੀ ਗਿਣਤੀ:

ਹਰ ਕਿਸਾਨ ਕੋਲ ਘੱਟ ਤੋਂ ਘੱਟ 2-3 ਟੋਏ ਹੋਣੇ ਜ਼ਰੂਰੀ ਹਨ ਤਾਂ ਕਿ ਪਹਿਲੇ ਟੋਏ ਨੂੰ ਭਰ ਕੇ ਮਿੱਟੀ ਨਾਲ ਢੱਕ ਦਿੱਤਾ ਜਾਵੇ ਅਤੇ ਫਿਰ ਦੂਜੇ ਟੋਏ ਨੂੰ ਭਰਨਾ ਸ਼ੁਰੂ ਕੀਤਾ ਜਾ ਸਕੇ। ਇਸ ਦੌਰਾਨ ਪਹਿਲੇ ਟੋਏ ਦੀ ਰੂੜੀ ਖੇਤ ਵਿੱਚ ਪਾਉਣ ਲਈ ਤਿਆਰ ਹੋ ਜਾਵੇਗੀ, ਜਿਸਦੀ ਵਰਤੋਂ ਕਰਕੇ ਟੋਆ ਦੋਬਾਰਾ ਵਰਤੋਂ ਲਈ ਖਾਲੀ ਹੋ ਜਾਵੇਗਾ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ