potato crop

ਆਲੂਆਂ ਦੀ ਖੇਤੀ ਵਿਚ ਸਿੰਚਾਈ ਦਾ ਸਹੀ ਪ੍ਰਬੰਧ

ਆਲੂ ਪੰਜਾਬ ਦੇ ਕਈ ਜ਼ਿਲਿਆ ਵਿਚ ਉਗਾਈ ਜਾਣ ਵਾਲੀ ਫ਼ਸਲ ਹੈ। ਇਸਦੀ ਵੱਧ ਪੈਦਾਵਾਰ ਲੈਣ ਲਈ ਕਈ ਸੁਧਰੀਆਂ ਹੋਇਆਂ ਕਿਸਮਾਂ, ਬੀਜ , ਸੁਚੱਜੀ ਖਾਦ ਅਤੇ ਪਾਣੀ ਦਾ ਪ੍ਰਬੰਧ ਬਹੁਤ ਜ਼ਰੂਰੀ ਹੈ। ਇਸ ਫ਼ਸਲ ਦੀ ਸਭ ਤੋਂ ਪਹਿਲੀ ਅਤੇ ਜ਼ਰੂਰੀ ਲੋੜ ਪਾਣੀ ਦੀ ਹੁੰਦੀ ਹੈ ਅਤੇ ਪਾਣੀ ਦਾ ਵੱਧ ਜਾ ਘੱਟ ਮਾਤਰਾ ਵਿਚ ਮਿਲਣਾ ਦੋਨੋ ਫ਼ਸਲ ਦੇ ਝਾੜ ਵਿਚ ਘਾਟਾ ਕਰਦੇ ਹਨ।  ਪਾਣੀ ਦਾ ਵੱਧ ਮਿਲਣਾ ਜਾ ਘੱਟ ਮਿਲਣਾ ਬੂਟਿਆਂ ਦੇ ਵਿਕਾਸ ਨੂੰ ਰੋਕ ਦਿੰਦਾ ਹੈ।  ਇਸ ਲਈ ਆਲੂਆਂ ਦੀ ਫ਼ਸਲ ਨੂੰ ਸਹੀ ਮਾਤਰਾ ਵਿਚ ਪਾਣੀ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ।

ਕਈ ਵਾਰ ਸਿੰਚਾਈ ਵੇਲੇ ਪਾਣੀ ਵੱਟਾਂ ਵਿਚਕਾਰ ਖੜਾ ਰਹਿੰਦਾ ਹੈ ਜਿਸ ਦਾ ਫ਼ਸਲ ਦੇ ਉਪਰ ਮਾੜਾ ਅਸਰ ਪੈਂਦਾ ਹੈ। ਅਜੇਹੀ ਹਾਲਤ ਵਿਚ ਆਕਸੀਜਨ ਦੀ ਕਮੀ ਹੋਣ ਦੇ ਕਾਰਨ ਫ਼ਸਲ ਦੀਆਂ ਜੜ੍ਹਾਂ ਨੂੰ ਸਾਹ ਲੈਣ ਵਿਚ ਦਿੱਕਤ ਆਉਂਦੀ ਹੈ ਅਤੇ ਫ਼ਸਲ ਸੁੱਕਣਾ ਸ਼ੁਰੂ ਕਰ ਦਿੰਦੀ ਹੈ। ਇਸ ਤੋਂ ਇਲਾਵਾ ਜੜ੍ਹਾਂ ਦੇ ਵਿਚ ਉੱਲੀ ਲੱਗਣੀ ਵੀ ਸ਼ੁਰੂ ਹੋ ਜਾਂਦੀ ਹੈ। ਜ਼ਿਆਦਾ ਨਮੀ ਦੇ ਕਾਰਨ ਫ਼ਸਲ ਬਿਮਾਰੀ ਦੇ ਹਮਲੇ ਹੇਠ ਜ਼ਿਆਦਾ ਆਉਂਦੀ ਹੈ। ਸਿੰਚਾਈ ਦਾ ਸਹੀ ਪ੍ਰਬੰਧ ਕਰਕੇ ਆਲੂਆਂ ਦੀ ਫ਼ਸਲ ਤੋਂ ਵਧੀਆ ਝਾੜ ਲਿਆ ਜਾ ਸਕਦਾ ਹੈ।  ਆਲੂਆਂ ਵਿਚ ਸਿੰਚਾਈ ਦੋ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ :-

1.ਖਾਲੀਆਂ ਰਾਹੀਂ :- ਇਹ ਇਕ ਰਵਾਇਤੀ ਢੰਗ ਹੈ ਜਿਸ ਦੇ ਵਿਚ ਕਈ ਵਾਰ ਲੋੜ ਤੋਂ ਵੱਧ ਪਾਣੀ ਵੀ ਲੱਗ ਜਾਂਦਾ ਹੈ ਜਿਸਦੇ ਨਾਲ ਫ਼ਸਲ ਦਾ ਨੁਕਸਾਨ ਵੀ ਹੋ ਜਾਂਦਾ ਹੈ। ਆਲੂਆਂ ਨੂੰ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਜਿਸ ਨਾਲ ਫ਼ਸਲ ਸਹੀ ਤਰੀਕੇ ਨਾਲ ਉਗਦੀ ਹੈ। ਆਲੂਆਂ ਨੂੰ ਹਲਕੀ ਸਿੰਚਾਈ ਕਰੋ। ਇਸ ਵਿਧੀ ਦੇ ਨਾਲ ਸਿੰਚਾਈ ਕਾਰਨ ਦਾ ਇਹ ਨੁਕਸਾਨ ਹੁੰਦਾ ਹੈ ਕਿ ਕਈ ਵਾਰ ਪਾਣੀ ਵੱਟਾਂ ਉਪਰ ਦੀ ਵਗ ਜਾਂਦਾ ਹੈ ਜਿਸਦੇ ਨਾਲ ਮਿੱਟੀ ਸਖ਼ਤ ਹੋ ਜਾਂਦੀ ਹੈ ਅਤੇ ਫ਼ਸਲ ਦੇ ਵਾਧੇ ਉਪਰ ਬੁਰਾ ਅਸਰ ਪੈਂਦਾ ਹੈ| ਫ਼ਸਲ ਦੇ ਵਧੀਆ ਝਾੜ ਦੇ ਲਈ 7-8 ਸਿੰਚਾਈਆਂ ਕਰੋ। ਜੇਕਰ ਖੇਤ ਵਿਚ ਬਿਜਾਈ ਤੋਂ ਤੁਰੰਤ ਬਾਅਦ ਝੋਨੇ ਦੀ ਪਰਾਲੀ ਵਿਛਾ ਦਿੱਤੀ ਜਾਏ ਤਾ 2 ਪਾਣੀਆਂ ਦੀ ਬਚਤ ਹੋ ਜਾਂਦੀ ਹੈ।

2. ਤੁਪਕਾ ਸਿੰਚਾਈ ਵਿਧੀ :- ਲੋੜ ਤੋਂ ਵੱਧ ਸਿੰਚਾਈ ਫ਼ਸਲ ਨੂੰ ਨੁਕਸਾਨ ਦਿੰਦੀ ਹੈ ਇਸਦੇ ਨਾਲ ਬੂਟੇ ਦੀਆਂ ਜੜ੍ਹਾਂ ਗੱਲ ਜਾਂਦੀਆਂ ਹਨ।ਫ਼ਸਲ ਨੂੰ ਪਾਣੀ ਓਨਾ ਹੀ ਦਿਓ ਜਿੰਨਾ ਫ਼ਸਲ ਨੂੰ ਲੋੜ ਹੈ। ਆਲੂਆਂ ਵਿਚ ਸਿੰਚਾਈ ਲਈ ਸਭ ਤੋਂ ਵਧੀਆ ਤਰੀਕਾ ਤੁਪਕਾ ਸਿੰਚਾਈ ਹੈ ਜਿਸਦੇ ਨਾਲ ਫ਼ਸਲ ਦਾ ਝਾੜ ਵੀ ਵਧੀਆ ਨਿਕਲਦਾ ਹੈ ਅਤੇ 38 % ਪਾਣੀ ਦੀ ਬਚਤ ਵੀ ਹੁੰਦੀ ਹੈ। ਇਸ ਵਿਧੀ ਦੇ ਨਾਲ ਬੂਟੇ ਨੂੰ ਲੋੜ ਮੁਤਾਬਿਕ ਬੂੰਦ-ਬੂੰਦ ਪਾਣੀ ਸਿਧ ਜੜ੍ਹਾਂ ਵਿਚ ਦਿੱਤਾ ਜਾਂਦਾ ਹੈ। ਇਸ ਵਿਧੀ ਨਾਲ ਸਿੰਚਾਈ ਦੋ ਦਿਨਾਂ ਦੇ ਫਾਸਲੇ ਤੇ ਕੀਤੀ ਜਾਂਦੀ ਹੈ। ਇਸ ਵਿਧੀ ਨਾਲ ਸਿੰਚਾਈ ਕਾਰਨ ਦੇ ਫਾਇਦੇ ਹੇਠਾਂ ਦਿਤੇ ਹਨ :-

• ਪਾਣੀ ਸਿੱਧਾ ਬੂਟਿਆਂ ਦੀਆਂ ਜੜ੍ਹਾਂ ਦੇ ਵਿਚ ਜਾਂਦਾ ਹੈ ਜਿਸ ਨਾਲ ਪਾਣੀ ਦੀ ਸਹੀ ਵਰਤੋਂ ਹੁੰਦੀ ਹੈ।

• ਇਸਦੇ ਨਾਲ ਨਦੀਨ ਵੀ ਖੇਤ ਵਿਚ ਘੱਟ ਉਗਦੇ ਹਨ।

• ਫ਼ਸਲ ਦੇ ਝਾੜ ਵਿਚ ਵਾਧਾ ਹੁੰਦਾ ਹੈ।

• ਆਲੂਆਂ ਨੂੰ ਬਿਮਾਰੀ ਘੱਟ ਪੈਂਦੀ ਹੈ ਜਿਸ ਕਰਕੇ ਸਪਰੇ ਦੀ ਵਰਤੋਂ ਘੱਟ ਹੁੰਦੀ ਹੈ।

• ਇਸ ਵਿਧੀ ਦੇ ਨਾਲ ਫਰਟੀਗੇਸ਼ਨ ਕਾਰਨ ਨਾਲ ਖਾਦਾਂ ਦੀ ਵੀ ਬਚਤ ਹੁੰਦੀ ਹੈ।

• ਇਸ ਵਿਧੀ ਨਾਲ ਆਲੂਆਂ ਦੀ ਪੁਟਾਈ ਦਾ ਸਮਾਂ ਵੀ ਅਗੇਤਾ ਹੋ ਜਾਂਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ