ਅੱਜ-ਕੱਲ ਜ਼ਿਆਦਾਤਾਰ ਪਸ਼ੂਆਂ ਨੂੰ ਮਨਸੂਈ ਗਰਭਦਾਨ (AI) ਦੁਆਰਾ ਹੀ ਗੱਭਣ ਕੀਤਾ ਜਾਂਦਾ ਹੈ ਪਰ ਇਸ ਦੀ ਸਫ਼ਲਤਾ ਪਸ਼ੂਆਂ ਦਾ ਹੇਹਾ ਲੱਭਣ ‘ਤੇ ਹੀ ਨਿਰਭਰ ਕਰਦੀ ਹੈ, ਕਿਉਂਕਿ ਟੀਕਾ ਭਰਾਉਣ ਵੇਲੇ ਇਹ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਕਿਸ ਸਮੇਂ ਟੀਕਾ ਭਰਾਇਆ ਜਾ ਰਿਹਾ ਹੈ? ਕਿਉਂਕਿ ਇੱਕ ਖਾਸ ਸਮਾਂ ਹੀ ਹੁੰਦਾ ਹੈ ਪਸ਼ੂਆਂ ਦੇ (AI) ਟੀਕਾ ਭਰਾਉਣ ਲਈ। ਜੇ ਇਹ ਸਮਾਂ ਖੁੰਝ ਜਾਵੇ ਜਾਂ ਫਿਰ ਟੀਕਾ ਸਮੇਂ ਤੋਂ ਪਹਿਲਾਂ ਲੱਗ ਜਾਵੇ ਤਾਂ ਪਸ਼ੂ ਗੱਭਣ ਨਹੀਂ ਹੁੰਦਾ।
ਹੇਹੇ ਦੀਆਂ ਨਿਸ਼ਾਨੀਆਂ:
• ਹੇਹੇ ਵਿੱਚ ਆਏ ਪਸ਼ੂ ਦੀ ਸੂਅ ਸੁੱਜ ਜਾਂਦੀ ਹੈ ਅਤੇ ਪਸ਼ੂ ਬਿਨਾਂ ਕਿਸੇ ਕਾਰਨ ਅੜਿੰਗਦਾ ਹੈ। ਹੇਹੇ ਵਿੱਚ ਆਉਣ ਵੇਲੇ ਦੁੱਧ ਵੀ ਘੱਟ ਜਾਂਦਾ ਹੈ ਅਤੇ ਪਸ਼ੂ ਵਾਰ-ਵਾਰ ਪਿਸ਼ਾਬ ਕਰਦਾ ਹੈ।
• ਹੇਹੇ ਵਿੱਚ ਆਏ ਪਸ਼ੂ ਦੀ ਕਮਰੋੜ ਉੱਤੇ ਜੇ ਹੱਥ ਨਾਲ ਥਾਪੀ ਮਾਰੀ ਜਾਵੇ ਤਾਂ ਉਹ ਬਗੈਰ ਹਿਲੇ-ਜੁਲੇ ਖੜਾ ਰਹੇ ਜਾਂ ਪੂਛ ਨੂੰ ਇੱਕ ਪਾਸੇ ਵੱਲ ਕਰ ਲਵੇ ਤਾਂ ਸਮਝ ਲਓ ਕਿ ਟੀਕਾ ਲਗਾਉਣ ਦਾ ਸਹੀ ਸਮਾਂ ਆ ਗਿਆ ਹੈ। ਇਸ ਵੇਲੇ ਫੌਰਨ ਟੀਕਾ ਭਰਾ ਸਕਦੇ ਹੋਂ।
• ਪਸ਼ੂ ਦੇ ਹੇਹੇ ਵਿੱਚ ਆਉਣ ਵਾਲੀਆਂ ਤਾਰਾਂ ਨੂੰ ਕੱਚ ਦੀ ਸਲਾਈਡ ਉੱਤੇ ਪਾ ਕੇ ਧੁੱਪ ਵਿੱਚ ਸੁਕਾ ਲਓ। ਸੂਰਜ ਦੇ ਸਾਹਮਣੇ ਤੱਕਣ ਨਾਲ ਸਲਾਈਡ ਉੱਤੇ ਇੱਕ ਖਾਸ ਕਿਸਮ ਦਾ ਸਰੀਂਹ ਦੇ ਪੱਤੇ ਵਰਗਾ ਡਿਜ਼ਾਈਨ ਨਜ਼ਰ ਆਉਂਦਾ ਹੈ। ਇਸ ਨੂੰ ਤਿਹਰਾ ਫਰਨ ਪੈਟਰਨ ਕਹਿੰਦੇ ਹਨ। ਜੇਕਰ ਸਰੀਰ ਦੇ ਪੱਤੇ ਵਰਗਾ ਡਿਜ਼ਾਈਨ ਬਣਿਆ ਨਜ਼ਰ ਆਵੇ ਤਾਂ ਇਹ ਟੀਕਾ ਭਰਾਉਣ ਦਾ ਸਹੀ ਸਮਾਂ ਹੁੰਦਾ ਹੈ।
• ਦੋਗਲੀਆਂ ਗਾਵਾਂ ਜਿਹਨਾਂ ਵਿੱਚ ਵਲਾਇਤੀ ਗੁਣ 65% ਤੋਂ ਜਿਆਦਾ ਹੁੰਦੇ ਹਨ ਉਹ ਹੇਹਾ ਖਤਮ ਹੋਣ ਤੋਂ ਲਗਭਗ 36-48 ਘੰਟਿਆਂ ਬਾਅਦ ਖੂਨ ਸੁੱਟਦੀਆਂ ਹਨ। ਇਸ ਗੁਣ ਤੋਂ ਵੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਟੀਕਾ ਸਹੀ ਸਮੇਂ ਤੇ ਲੱਗਾ ਹੈ ਜਾਂ ਨਹੀਂ। ਜੇਕਰ ਟੀਕਾ ਲੱਗਣ ਤੋਂ ਕੁੱਝ ਕੁ ਘੰਟਿਆਂ ਅੰਦਰ ਹੀ ਗਾਂ ਖੂਨ ਸੁੱਟਣ ਲੱਗ ਜਾਂਦੀ ਹੈ ਤਾਂ ਟੀਕਾ ਬਹੁਤ ਦੇਰ ਬਾਅਦ ਲੱਗਾ ਹੈ। ਜੇਕਰ ਖੂਨ , ਟੀਕਾ ਲੱਗਣ ਤੋਂ ਕਈ ਦਿਨਾਂ ਬਾਅਦ ਆਉਂਦਾ ਹੈ ਤਾਂ ਟੀਕਾ ਬਹੁਤ ਪਹਿਲਾਂ ਲੱਗ ਗਿਆ ਹੈ। ਦੋਨਾਂ ਹਲਾਤਾਂ ਵਿੱਚ ਗਾਂ ਦੇ ਗੱਭਣ ਰਹਿਣ ਦੀ ਸੰਭਾਵਨਾ ਘੱਟ ਹੋਵੇਗੀ।
• ਅੱਜ-ਕੱਲ੍ਹ ਜ਼ਿਆਦਾਤਾਰ ਗਾਵਾਂ ਨੂੰ ਬੰਨ ਕੇ ਰੱਖਿਆਂ ਜਾਂਦਾ ਹੈ ਉਹਨਾਂ ਵਿੱਚ ਹੇਹੇ ਦੀ ਸ਼ੁਰੂਆਤ ਦਾ ਪਤਾ ਲਗਾਉਣਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ। ਜਦੋਂ ਤਾਰਾਂ ਲੇਸਦਾਰ ਹੋ ਜਾਂਦੀਆਂ ਹਨ ਅਤੇ ਸੂਅ ਵਿੱਚੋਂ ਲਮਕਦੀਆਂ ਨਜ਼ਰ ਆਉਂਦੀਆਂ ਹਨ, ਉਹ ਸਹੀ ਹੇਹੇ ਦੀ ਨਿਸ਼ਾਨੀ ਹੈ। ਇਸ ਸਮੇਂ ਟੀਕਾ ਭਰਾ ਸਕਦੇ ਹੋ।
• ਪਸ਼ੂਆਂ ਦੇ ਹੇਹੇ ਵਿੱਚ ਆਉਣ ਦਾ ਸਮਾਂ, ਪਿਛਲਾ ਟੀਕਾ ਭਰਾਉਣ ਦੀ ਮਿਤੀ, ਸੂਣ ਦੀ ਮਿਤੀ ਆਦਿ ਦਾ ਰਿਕਾਰਡ ਰੱਖਣਾ ਬਹੁਤ ਜ਼ਰੂਰੀ ਹੈ।
• ਜੇਕਰ ਖੁੱਲੇ ਵੱਗ ਦੀ ਗੱਲ ਹੈ ਤਾਂ ਜਿਹੜੀ ਗਾਂ ਦੂਸਰੀਆਂ ਗਾਵਾਂ ਨੂੰ ਆਪਣੇ ਉੱਪਰ ਚੜਨ ਦਿੰਦੀ ਹੈ ਅਸਲ ਵਿੱਚ ਉਹੀ ਗਾਂ ਸਹੀ ਹੇਹੇ ਵਿੱਚ ਹੁੰਦੀ ਹੈ। ਪਰ ਜਿਹੜੀ ਗਾਂ ਉੱਪਰ ਚੜ ਰਹੀ ਹੈ ਉਸਦਾ ਪੱਕਾ ਪਤਾਂ ਨਹੀਂ ਕਿ ਉਹ ਹੇਹੇ ਵਿੱਚ ਹੈ ਜਾਂ ਨਹੀ। ਜਾਂ ਫਿਰ ਜੇਕਰ ਕੋਈ ਗਾਂ ਦੂਸਰੇ ਗਾਂ ਦੇ ਉੱਪਰ ਚੜਨ ਸਮੇਂ ਫੌਰਨ ਅੱਗੇ ਨੂੰ ਤੁਰ ਪਏ ਤਾਂ ਸਹੀ ਹੇਹੇ ਵਿੱਚ ਨਹੀ ਗਿਣੀ ਜਾਂਦੀ।
• ਹੇਹੇ ਦੀ ਤਰੀਖ ਦਾ ਪਤਾ ਹੋਵੇ ਤਾਂ ਅਸੀਂ ਅਗਲੀ ਅੰਦਾਜ਼ਨ ਮਿਤੀ ਵੇਲੇ ਪਸ਼ੂ ਦਾ ਧਿਆਨ ਰੱਖ ਸਕਦੇ ਹਾਂ।
ਸ੍ਰੋਤ : ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ, ਲੁਧਿਆਣਾ
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ